Thursday, September 28, 2023  

ਅਪਰਾਧ

ਲੁਧਿਆਣਾ ਦੇ ਹੌਜ਼ਰੀ ਕਾਰੋਬਾਰੀ ਪਤੀ-ਪਤਨੀ ਨੇ ਭਾਖੜਾ ਨਹਿਰ 'ਚ ਮਾਰੀ ਛਾਲ,ਪਤਨੀ ਦੀ ਮੌਤ ਪਤੀ ਦੀ ਜਾਨ ਬਚੀ

September 17, 2023

ਮਰਨ ਲਈ ਮਜ਼ਬੂਰ ਕਰਨ ਦੇ ਦੋਸ਼ 'ਹੇਠ ਲੁਧਿਆਣਾ ਦੇ ਤਿੰਨ ਫਾਇਨੈਂਸਰਾਂ ਵਿਰੁੱਧ ਕੇਸ ਦਰਜ

ਸ੍ਰੀ ਫ਼ਤਹਿਗੜ੍ਹ ਸਾਹਿਬ, 17 ਸਤੰਬਰ (ਰਵਿੰਦਰ ਸਿੰਘ ਢੀਂਡਸਾ) :  ਲੁਧਿਆਣਾ ਵਿਖੇ ਹੌਜ਼ਰੀ ਦਾ ਕਾਰੋਬਾਰ ਕਰਨ ਵਾਲੇ ਪਤੀ-ਪਤਨੀ ਵੱਲੋਂ ਸਰਹਿੰਦ ਦੀ ਭਾਖੜਾ ਨਹਿਰ 'ਚ ਖੁਦਕਸ਼ੀ ਕਰਨ ਲਈ ਮਾਰੀ ਗਈ ਕਥਿਤ ਛਾਲ ਦੇ ਮਾਮਲੇ 'ਚ ਥਾਣਾ ਸਰਹਿੰਦ ਦੀ ਪੁਲਿਸ ਵੱਲੋਂ ਲੁਧਿਆਣਾ ਦੇ ਤਿੰਨ ਫਾਇਨੈਂਸਰਾਂ ਵਿਰੁੱਧ ਅ/ਧ 306,34 ਆਈ.ਪੀ.ਸੀ. ਤਹਿਤ ਮੁਕੱਦਮਾ ਦਰਜ ਕੀਤੇ ਜਾਣ ਦਾ ਸਮਾਚਾਰ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਲਖਨ ਸ਼ਰਮਾ ਵਾਸੀ ਲੁਧਿਆਣਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਸੀ ਕਿ ਉਸਦੇ ਪਿਤਾ ਆਨੰਦ ਸ਼ਰਮਾ ਅਤੇ ਮਾਤਾ ਕਿਰਨ ਸ਼ਰਮਾ ਦੇ ਨਾਮ 'ਤੇ ਚੱਲ ਰਹੀਆਂ ਦੋ ਕੰਪਨੀਆਂ ਵੱਲੋਂ ਕੱਪੜਾ ਤਿਆਰ ਕੀਤਾ ਜਾਂਦਾ ਹੈ ਤੇ ਉਕਤ ਕਾਰੋਬਾਰ 'ਚ ਘਾਟਾ ਪੈ ਜਾਣ 'ਤੇ ਉਸਦੇ ਪਿਤਾ ਨੇ ਕੰਮ ਚਲਾਉਣ ਲਈ ਲੁਧਿਆਣਾ ਵਿਖੇ ਫਾਈਨੈਂਸ ਦਾ ਕੰਮ ਕਰਨ ਵਾਲੇ ਰੌਸ਼ਨ ਪਾਲ,ਲੱਕੀ ਸਿੰਘ ਅਤੇ ਸੁਨੀਲ ਚੌਧਰੀ ਵਾਸੀ ਹੈਬੋਵਾਲ ਤੋਂ ਕਰੀਬ 4 ਸਾਲ ਪਹਿਲਾਂ ਕਰਜ਼ਾ ਲਿਆ ਸੀ ਜਿਸ 'ਚੋਂ ਕੁਝ ਰਕਮ ਵਿਆਜ਼ ਸਮੇਤ ਉਸਦੇ ਪਿਤਾ ਵੱਲੋਂ ਵਾਪਸ ਕਰ ਦਿੱਤੀ ਗਈ ਜਦੋਂ ਕਿ ਕੁਝ ਰਹਿੰਦੀ ਸੀ ਜਿਸ ਨੂੰ ਲੈ ਕੇ ਉਕਤ ਫਾਇਨੈਸਰਾਂ ਵੱਲੋਂ ਉਸਦੇ ਮਾਤਾ-ਪਿਤਾ ਨੂੰ ਧਮਕਾਇਆ ਜਾਣ ਲੱਗਾ ਕਿ ਤੁਸੀਂ ਰਹਿੰਦੀ ਰਕਮ ਬਦਲੇ ਆਪਣੀ ਜਾਇਦਾਦ ਦੀ ਰਜਿਸਟਰੀ ਸਾਡੇ ਨਾਮ ਕਰਾਵੋ ਨਹੀਂ ਤਾਂ ਤੁਹਾਡੀ ਜਾਇਦਾਦ 'ਤੇ ਅਸੀਂ ਕਬਜ਼ਾ ਕਰ ਲਵਾਂਗੇ ਜਿਸ ਨੂੰ ਲੈ ਕੇ ਉਸਦੇ ਮਾਤਾ ਪਿਤਾ ਬਹੁਤ ਪ੍ਰੇਸ਼ਾਨ ਹੋ ਗਏ ਤੇ ਇੱਕ ਸੁਸਾਈਡ ਨੋਟ ਲਿਖਣ ਉਪਰੰਤ ਉਹ ਦੋਵੇਂ ਕਰੇਟਾ ਕਾਰ ਲੈ ਕੇ ਸਰਹਿੰਦ ਦੀ ਭਾਖੜਾ ਨਹਿਰ ਕੋਲ ਪਹੁੰਚ ਗਏ ਜਿੱਥੇ ਖੜ੍ਹਕੇ ਉਸਦੀ ਮਾਤਾ ਕਿਰਨ ਸ਼ਰਮਾ ਨੇ ਉਸਨੂੰ ਵੀਡੀਓ ਕਾਲ ਕਰਕੇ ਦੱਸਿਆ ਕਿ ਉਹ ਖੁਦਕਸ਼ੀ ਕਰਨ ਲੱਗੇ ਹਨ ਤੇ ਉਹ ਆਪਣੇ ਛੋਟੇ ਭੈਣ ਭਰਾਵਾਂ ਦਾ ਖਿਆਲ ਰੱਖੇ ਜਿਸ ਉਪਰੰਤ ਉਸਦੇ ਮਾਤਾ-ਪਿਤਾ ਨੇ ਨਹਿਰ 'ਚ ਛਾਲ ਮਾਰ ਦਿੱਤੀ ਤੇ ਪਾਣੀ ਦੇ ਤੇਜ਼ ਵਹਾਅ 'ਚ ਉਸਦੀ ਮਾਤਾ ਤਾਂ ਰੁੜ ਗਈ ਪਰ ਉਸਦੇ ਪਿਤਾ ਦਾ ਨਹਿਰ ਕੰਢੇ ਖੜ੍ਹੇ ਛੋਟੇ ਦਰਖਤ ਨੂੰ ਹੱਥ ਪੈ ਗਿਆ ਤੇ ਉਨਾਂ ਦੀ ਜਾਨ ਬਚ ਗਈ ਜਦੋਂ ਕਿ ਉਸਦੀ ਮਾਤਾ ਦੀ ਲਾਸ਼ ਖਨੌਰੀ ਕੋਲੋਂ ਬਰਾਮਦ ਹੋਈ।ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਵਿਅਕਤੀਆਂ ਵੱਲੋਂ ਹੀ ਉਸਦੇ ਮਾਤਾ-ਪਿਤਾ ਨੂੰ ਮਰਨ ਲਈ ਮਜ਼ਬੂਰ ਕੀਤਾ ਗਿਆ ਹੈ।ਸਰਹਿੰਦ ਪੁਲਿਸ ਦੇ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਵੱਲੋਂ ਰੌਸ਼ਨ ਪਾਲ,ਸੁਨੀਲ ਚੌਧਰੀ ਅਤੇ ਲੱਕੀ ਸਿੰਘ ਵਿਰੁੱਧ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ