Thursday, September 28, 2023  

ਅਪਰਾਧ

ਮਾਨਸਾ ਜਿਲੇ ਵਿੱਚ ਲਗਾਤਾਰ ਤੀਜੇ ਦਿਨ ਨੌਜਵਾਨ ਕਰਜ਼ੇ ਨੇ ਨਿਗਲਿਆ

September 17, 2023

ਕਰਜ਼ੇ ਦੇ ਦੈਂਤ ਨੇ ਲਈ ਨੌਜਵਾਨ ਦੀ ਜਾਨ

ਮਾਨਸਾ, 17 ਸਤੰਬਰ (ਸੁਖਪਾਲ ਸਿੰਘ ਭਾਈ ਦੇਸਾ ) :  ਪੂਰੇ ਪੰਜਾਬ ਵਿੱਚ ਲਗਾਤਾਰ ਫ਼ਸਲੀ ਬਰਬਾਦੀ ਅਤੇ ਸਰਕਾਰ ਵੱਲੋਂ ਕੋਈ ਢਾਰਸ ਨਾ ਬਣਨ ਕਾਰਨ ਖ਼ੁਦਕੁਸ਼ੀਆਂ ਦਾ ਦੌਰ ਵੱਧ ਰਿਹਾ ਹੈ । ਅੱਜ ਬਲਾਕ ਮਾਨਸਾ ਦੇ ਪਿੰਡ ਬੁਰਜ ਢਿੱਲਵਾਂ ਵਿੱਚ ਉਸ ਵਕਤ ਸੋਗ ਦੀ ਲਹਿਰ ਫੈਲ ਗਈ ਜਦ ਲਗਾਤਾਰ ਤੀਜੇ ਦਿਨ ਇੱਕ ਹੋਰ ਨੌਜਵਾਨ ਨੂੰ ਕਰਜ਼ੇ ਦੇ ਦੈਂਤ ਨੇ ਨਿਗਲ ਲਿਆ । ਮੌਕੇ ‘ਤੇ ਪਹੁੰਚੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਧਨੇਰ ਦੇ ਸੂਬਾ ਕਮੇਟੀ ਮੈਂਬਰ ਮੱਖਣ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ 24 ਸਾਲਾ ਨੌਜਵਾਨ ਮਿੰਟੂ ਸਿੰਘ ਪੁੱਤਰ ਸੁਖਦੇਵ ਸਿੰਘ ਜੋ ਕਿ ਮਜ਼ਦੂਰ ਭਾਈਚਾਰੇ ਨਾਲ ਸਬੰਧਤ ਸੀ ।ਪਰਿਵਾਰ ਬੇ-ਜ਼ਮੀਨਾਂ ਹੋਣ ਕਰਕੇ ਠੇਕੇ ‘ਤੇ ਜ਼ਮੀਨ ਲੈ ਕੇ ਖੇਤੀ ਕਰਨ ਦੇ ਨਾਲ-ਨਾਲ ਪ੍ਰਾਈਵੇਟ ਨੌਕਰੀ ਵੀ ਕਰਦਾ ਸੀ । ਨੌਜਵਾਨ ਨੇ ਘਰ ਦੀ ਆਰਥਿਕ ਤੰਗੀ ਕਾਰਨ ਅਜੇ ਵਿਆਹ ਨਹੀਂ ਕਰਵਾਇਆ ਸੀ । ਪਰ ਇੱਕ ਵਾਰ ਫਿਰ ਤੋਂ ਫ਼ਸਲੀ ਬਰਬਾਦੀ ਹੋਣ ਕਾਰਨ ਆਰਥਿਕ ਅਤੇ ਮਾਨਸਿਕ ਤੌਰ ‘ਤੇ ਟੁੱਟ ਜਾਣ ਕਾਰਨ ਪਰਿਵਾਰ ਦੇ ਸਿਰ ਕਰੀਬ 4 ਲੱਖ ਦਾ ਕਰਜ਼ਾ ਛੱਡ ਕੇ ਅਖੀਰ ਨੌਜਵਾਨ ਵੱਲੋਂ ਅੱਜ ਸਲਫਾਸ ਦੀਆਂ ਗੋਲੀਆਂ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਲਈ । ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਕਿਸਾਨਾਂ-ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ ਵਿੱਚ ਕਮੀਂ ਆਉਣ ਦੀ ਬਜਾਏ ਵਾਧਾ ਹੋਇਆ ਹੈ ਕਿਉਂਕਿ ਸੱਤਾ ਵਿੱਚ ਆਉਣ ਤੋਂ ਬਾਅਦ ਲਗਾਤਾਰ ਤਿੰਨ ਫ਼ਸਲਾਂ ਬਰਬਾਦ ਹੋਣ, ਲੰਪੀ ਸਕਿੰਨ, ਬਾਰਿਸ਼ ਅਤੇ ਹੜ੍ਹਾਂ ਨਾਲ ਹੋਏ ਘਰਾਂ ਦੇ ਨੁਕਸਾਨ ਹੋ ਚੁੱਕਾ ਹੈ ਪਰ ਸਰਕਾਰ ਵੱਲੋਂ ਵਾਰ-ਵਾਰ ਐਲਾਨ ਕਰਨ ਤੋਂ ਬਾਅਦ ਵੀ ਮਾਲੀ ਮੱਦਦ ਦੀ ਹਾਲੇ ਫੁੱਟੀ ਕੌਡੀ ਤੱਕ ਨਹੀ ਆਈ । ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਨੂੰ ਲਗਾਤਾਰ ਕਰਜ਼ੇ ਦੇ ਬੋਝ ਹੇਠ ਦਬ ਰਹੇ ਪਰਿਵਾਰਾਂ ਦਾ ਸਹਾਰਾ ਬਣਨਾ ਚਾਹੀਦਾ ਹੈ ਅਤੇ ਪਰਿਵਾਰ ਦਾ ਆਮਦਨ ਦਾ ਵਸੀਲਾ ਖਤਮ ਹੋਣ ਕਾਰਨ ਸਾਰਾ ਕਰਜ਼ਾ ਰੱਦ ਕੀਤਾ ਜਾਵੇ ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ