Thursday, September 28, 2023  

ਅਪਰਾਧ

ਸਾਹਨੇਵਾਲ ਪੁਲਿਸ ਵਲੋਂ ਪੰਜਾਬ ਕਾਂਗਰਸ ਦੇ ਆਗੂ ਲੱਕੀ ਸੰਧੂ ਗਿ੍ਰਫ਼ਤਾਰ

September 17, 2023

ਲੁਧਿਆਣਾ , 17 ਸਤੰਬਰ ( ਕਿਰਨਵੀਰ ਸਿੰਘ ਮਾਂਗਟ ) :  ਗਵਾਹ ਨੂੰ ਕਿਡਨੈਪ ਕਰਕੇ ਉਸ ਦੀ ਗਰਦਨ ਤੇ ਪਿਸਤੌਲ ਰੱਖ ਦੇਣ ਦੇ ਮਾਮਲੇ ਵਿਚ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਯੂਥ ਕਾਂਗਰਸ ਦੇ ਆਗੂ ਸਰਵੋਤਮ ਸਿੰਘ ਉਰਫ ਲੱਕੀ ਸੰਧੂ ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਤਫ਼ਤੀਸ਼ੀ ਅਫ਼ਸਰ ਥਾਣੇਦਾਰ ਹਰਮੀਤ ਸਿੰਘ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਅਮਰਿੰਦਰ ਸਿੰਘ ਸੰਧੂ ਅਤੇ 10 ਤੋਂ 12 ਅਣਪਛਾਤੇ ਵਿਅਕਤੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਸਾਹਨੇਵਾਲ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਸਾਹਨੇਵਾਲ ਦੇ ਵਾਸੀ ਹਰਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਜਾਣਕਾਰ ਬਲਲਜੀਤ ਸਿੰਘ ਨਾਲ ਉਸਦੀ ਬਲੈਰੋ ਗੱਡੀ ਵਿੱਚ ਸਵਾਰ ਹੋ ਕੇ ਜਾ ਰਿਹਾ ਸੀ। ਦੋਵੇਂ ਜਿਵੇਂ ਹੀ ਭਰਾਵਾਂ ਦੇ ਢਾਬੇ ਨੇੜੇ ਪਹੁੰਚੇ ਤਾਂ ਢਾਬੇ ਦੇ ਮਾਲਕ ਲੱਕੀ ਸੰਧੂ ਅਤੇ ਹੋਰ ਵਿਅਕਤੀਆਂ ਨੇ ਉਸ ਨੂੰ ਜਬਰਦਸਤੀ ਗੱਡੀ 'ਚੋ ਉਤਾਰ ਲਿਆ। ਮੁਲਜ਼ਮ ਉਸਨੂੰ ਢਾਬੇ ਦੇ ਅੰਦਰ ਚੁੱਕ ਕੇ ਲੈ ਗਏ। ਹਰਜੀਤ ਸਿੰਘ ਨੇ ਦੱਸਿਆ ਕਿ ਸਰਵੋਤਮ ਸਿੰਘ ਅਤੇ ਬਾਕੀ ਮੁਲਜ਼ਮਾਂ ਨੇ ਉਸਦੀ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ ਅਤੇ ਅਦਾਲਤ ਵਿੱਚ ਗੁਰਵੀਰ ਸਿੰਘ ਗਰਚਾ ਅਤੇ ਸਰਵੋਤਮ ਸਿੰਘ ਦੇ ਵਿਚਕਾਰ ਚੱਲ ਰਹੇ ਕਿ ਕੇਸ ਦੀ ਗਵਾਹੀ ਤੋਂ ਮੁੱਕਰ ਜਾਣ ਦੀਆਂ ਧਮਕੀਆਂ ਦਿੱਤੀਆਂ। ਮੁਲਜ਼ਮ ਸਰਵੋਤਮ ਸਿੰਘ ਨੇ ਉਸਦੀ ਗਰਦਨ 'ਤੇ ਪਿਸਤੌਲ ਰੱਖ ਦਿੱਤਾ। ਮੋਬਾਈਲ ਖੋਹਣ ਅਤੇ ਬੁਰੀ ਤਰ੍ਹਾਂ ਕੁੱਟ ਮਾਰ ਕਰਨ ਤੋਂ ਬਾਅਦ ਮੁਲਜ਼ਮਾਂ ਨੇ ਹਰਜੀਤ ਸਿੰਘ ਨੂੰ ਛੱਡ ਦਿਤਾ। ਇਸ ਮਾਮਲੇ ਵਿੱਚ ਥਾਣੇਦਾਰ ਹਰਮੀਤ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਕਾਰਵਾਈ ਕਰਦਿਆਂ ਮੁਲਜ਼ਮਾਂ ਦੇ ਖਿਲਾਫ ਐਫ਼ ਆਈ ਆਰ ਦਰਜ ਕਰ ਲਈ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਸਰਵੋਤਮ ਸਿੰਘ ਨੂੰ ਹਿਰਾਸਤ ਵਿੱਚ ਲੈ ਕੇ ਬਾਕੀ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ