ਸ੍ਰੀ ਫ਼ਤਹਿਗੜ੍ਹ ਸਾਹਿਬ, 17 ਸਤੰਬਰ (ਰਵਿੰਦਰ ਸਿੰਘ ਢੀਂਡਸਾ) : ਪਸ਼ੂ ਚੋਰ ਗਰੋਹ ਵੱਲੋਂ ਬੀਤੇ ਕਰੀਬ ਇੱਕ/ਡੇਢ ਸਾਲ ਤੋਂ ਫ਼ਤਹਿਗੜ੍ਹ ਸਾਹਿਬ ਦੇ ਪਿੰਡਾਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਿਸ ਕਾਰਨ ਇਲਾਕੇ ਦੇ ਪਸ਼ੂ ਪਾਲਕਾਂ 'ਚ ਡਰ ਦਾ ਮਾਹੌਲ ਹੈ।ਚੰਗੀ ਨਸਲ ਦੀ ਇੱਕ ਦੁਧਾਰੂ ਮੱਝ ਅਤੇ ਗਾਂ ਦੀ ਬਾਜ਼ਾਰੂ ਕੀਮਤ ਲੱਖ ਤੋਂ ਡੇਢ ਲੱਖ ਦਰਮਿਆਨ ਹੋਣ ਕਾਰਨ ਨਿਸ਼ਾਨਾ ਬਣਾਏ ਗਏ ਜ਼ਿਆਦਾਤਰ ਪਸ਼ੂ ਪਾਲਕਾਂ ਦਾ ਨੁਕਸਾਨ ਲੱਖਾਂ ਰੁਪਏ 'ਚ ਹੋਣ ਦਾ ਅਨੁਮਾਨ ਹੈ।ਅਜਿਹਾ ਹੀ ਇੱਕ ਤਾਜ਼ਾ ਮਾਮਲਾ ਸਰਹਿੰਦ ਨੇੜਲੇ ਪਿੰਡ ਮਲਕਪੁਰ ਵਿਖੇ ਸਾਹਮਣੇ ਆਇਆ ਜਿੱਥੇ ਪਸ਼ੂ ਚੋਰ ਗਰੋਹ ਵੱਲੋਂ ਕਥਿਤ ਤੌਰ 'ਤੇ ਇੱਕੋ ਪਸ਼ੂ ਪਾਲਕ ਨੂੰ ਪੰਜ ਸਾਲਾਂ ਬਾਅਦ ਦੁਬਾਰਾ ਨਿਸ਼ਾਨਾ ਬਣਾਏ ਜਾਣ ਦਾ ਸਮਾਚਾਰ ਹੈ।ਪਸ਼ੂ ਪਾਲਕ ਮਨਪ੍ਰੀਤ ਸਿੰਘ ਵਾਸੀ ਪਿੰਡ ਮਲਕਪੁਰ ਨੇ ਦੱਸਿਆ ਕਿ ਕਰੀਬ ਪੰਜ ਸਾਲ ਪਹਿਲਾਂ ਚੋਰ ਪਿੰਡੋਂ ਉਸਦੇ 12 ਪਸ਼ੂ ਚੋਰੀ ਕਰਕੇ ਲੈ ਗਏ ਸਨ ਜਿਸ ਸਬੰਧੀ ਸਬੰਧਿਤ ਥਾਣੇ ਨੂੰ ਸ਼ਿਕਾਇਤ ਦਿੱਤੇ ਜਾਣ ਤੋਂ ਇਲਾਵਾ ਉਨਾਂ ਨੇ ਖੁਦ ਵੀ ਚੋਰੀ ਹੋਏ ਪਸ਼ੂਆਂ ਦੀ ਕਾਫੀ ਭਾਲ ਕੀਤੀ ਪਰ ਕੁਝ ਨਹੀਂ ਪਤਾ ਪੱਲੇ ਪਿਆ।ਮਨ੍ਰਪੀਤ ਸਿੰਘ ਨੇ ਦੱਸਿਆ ਕਿ ਬੀਤੀ 12 ਸਤੰਬਰ ਨੂੰ ਤੜਕੇ ਪਸ਼ੂ ਚੋਰਾਂ ਵੱਲੋਂ ਪਿੰਡ ਮਲਕਪੁਰ ਵਿਚਲੇ ਉਸਦੇ ਘਰ ਨੇੜਲੇ ਪਸ਼ੂਆਂ ਵਾਲੇ ਬਾੜੇ ਨੂੰ ਫਿਰ ਨਿਸ਼ਾਨਾ ਬਣਾਇਆ ਗਿਆ ਜੋ ਕਿ ਇਸ ਵਾਰ ਉਸ ਦੀਆਂ ਦੋ ਮੱਝਾਂ ਚੋਰੀ ਕਰਕੇ ਲੈ ਗਏ ਜਿਸ ਬਾਰੇ ਪਤਾ ਲੱਗਣ 'ਤੇ ਜਦੋਂ ਉਸਨੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ਼ ਚੈੱਕ ਕੀਤੀ ਤਾਂ ਉਸ ਵਿੱਚ ਤਿੰਨ ਵਿਅਕਤੀ ਬੋਲੈਰੋ ਗੱਡੀ 'ਚ ਮੱਝਾਂ ਲੱਦ ਕੇ ਲਿਜਾਂਦੇ ਦਿਖਾਈ ਦਿੱਤੇ।ਮਨਪ੍ਰੀਤ ਸਿੰਘ ਨੇ ਕਿਹਾ ਕਿ ਚੋਰ ਸ਼ਾਇਦ ਦੋ ਮੱਝਾਂ ਤਾਂ ਲੈ ਕੇ ਗਏ ਕਿਉਂਕਿ ਉਨਾਂ ਕੋਲ ਗੱਡੀ ਛੋਟੀ ਸੀ ਨਹੀਂ ਤਾਂ ਨੁਕਸਾਨ ਹੋਰ ਵੀ ਜ਼ਿਆਦਾ ਹੋ ਸਕਦਾ ਸੀ।ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਥਾਣਾ ਸਰਹਿੰਦ ਵਿਖੇ ਅ/ਧ 457,380 ਆਈ.ਪੀ.ਸੀ. ਤਹਿਤ ਅਣਪਛਾਤਿਆਂ ਵਿਰੁੱਧ ਮੁਕੱਦਮਾ ਦਰਜ ਕਰਕੇ ਸਹਾਇਕ ਥਾਣੇਦਾਰ ਤਿਲਕ ਰਾਜ ਵੱਲੋਂ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।