Saturday, July 13, 2024  

ਲੇਖ

ਜੀ-20 ਸਿਖਰ ਸੰਮੇਲਨ : ਵਿਕਾਸਸ਼ੀਲ ਦੇਸ਼ਾਂ ਦਾ ਵੱਧ ਰਿਹਾ ਪ੍ਰਭਾਵ

September 17, 2023

ਪਿਛਲੇ ਦਿਨੀਂ ਨਵੀਂ ਦਿੱਲੀ ’ਚ ਦੋ ਦਿਨਾਂ ਜੀ 20 ਦੇਸ਼ਾ ਦਾ ਸ਼ਿੱਖਰ ਸੰਮੇਲ ਸੰਪੰਨ ਹੋਇਆ ਹੈ। ਇਸ ਸਿੱਖਰ ਸੰਮੇਲਨ ’ਚ ਜੋ ਗੱਲਾਂ ਉਭਰ ਕੇ ਆਈਆਂ ਉਨ੍ਹਾਂ ਤੋਂ ਸਮੱਚੇ ਤੌਰ ’ਤੇ ਇਹ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਵਿਸ਼ਵ ਦੇ ਸ਼ਕਤੀ ਸਮੀਕਰਨਾਂ ’ਚ ਵਿਕਾਸਸ਼ੀਲ ਦੇਸ਼, ਜਿਨ੍ਹਾਂ ਨੂੰ ਅੱਜਕੱਲ ਗਲੋਬਲ ਸਾਊਥ ਕਿਹਾ ਜਾਂਦਾ ਹੈ, ਦਾ ਪੱਲੜਾ ਭਾਰਾ ਹੋ ਰਿਹਾ ਹੈ। ਇਕ ਬਹੁਤ ਮਹੱਤਵਪੂਰਣ ਮੱਸਲਾ ਰੂਸ-ਯੂਕਰੇਨ ਯੁਧ ਦਾ ਸੀ, ਆਗਜ਼ੀ ਦੀ ਥਾਂ ’ਤੇ ਸਥਾਈ ਵਿਕਾਸ, ਜਿਸ ਨੂੰ ਅੰਗਰੇਜੀ ’ਚ ਸਸਟੇਨੇਵਬਲ ਡਿਵਲਪਮੈਂਟ ਕਹਿੰਦੇ ਹਨ, ਦੀ ਗੱਲ ਵੀ ਜ਼ੋਰ ਨਾਲ ਕੀਤੀ ਗਈ। ਇਸ ਤੋਂ ਇਲਾਵਾ ਵਾਤਾਵਰਣ ਨੂੰ ਬਚਾਉਣ ਲਈ ਵੀ ਗੰਭੀਰ ਚਰਚਾ ਹੋਈ। ਦਹਿਸ਼ਤਵਾਦ(ਟੈਰਿਰਇਜ਼ਮ) ਨਾਲ ਨਜਿੱਠਣ ਲਈ ਵੀ ਵਿਚਾਰਾਂ ਹੋਈਆਂ।
ਸੱਭ ਤੋਂ ਮੁਸ਼ਕਿਲ ਸਹਿਮਤੀ ਰੂਸ-ਯੂਕਰੇਨ ਦੇ ਯੁੱਧ ਦੇ ਮੱਸਲੇ ’ਤੇ ਹੋਈ। ਇਕ ਸਾਲ ’ਚ ਕਿਨ੍ਹਾਂ ਕੁੱਝ ਇਸ ਮੱਸਲੇ ਬਾਰੇ ਬਦਲ ਗਿਆ ਹੈ, ਇਸ ਦਾ ਅੰਦਾਜ਼ਾ ਨਵੀਂ ਦਿੱਲੀ ’ਚ ਇਸ ਮੱਸਲੇ ਬਾਰੇ ਬਣੀ ਸਹਿਮਤੀ ਦੀ ਤੁਲਨਾ ਪਿੱਛਲੇ ਸਾਲ ਬਾਲੀ, ਇੰਡੋਨੇਸ਼ੀਆ, ’ਚ ਹੋਏ ਸ਼ਿੱਖਰ ਸੰਮੇਲਨ ਨਾਲ ਤੁੱਲਨਾ ਕਰ ਕੇ ਦੇਖਿਆ ਜਾ ਸਕਦਾ ਹੈ। ਬਾਲੀ ਇੰਡੋਨੇਸ਼ੀਆ ’ਚ ਖੁੱਲੇ ਤੌਰ ’ਤੇ ਰੂਸ ਦੀ ਯੂਕਰੇਨ ਤੇ ਹੱਮਲਾਵਰ ਹੋਣ ਲਈ ਨਿੰਦਿਆ ਕੀਤੀ ਗਈ ਸੀ। ਇਸ ਵਾਰੀ ਯੂਕਰੇਨ ਨੂੰ ਸ਼ਾਮਲ ਹੋਣ ਦਾ ਸੱਦਾ ਹੀ ਨਹੀਂ ਦਿੱਤਾ ਗਿਆ। ਰੂਸ ਯੂਕਰੇਨ ਯੁੱਧ ਬਾਰੇ ਰੂਸ ਦਾ ਨਾਂ ਹੀ ਨਹੀਂ ਲਿਆ ਗਿਆ ਤੇ ਨਾਂ ਹੀ ਕਿਸੇ ਨੂੰ ਹੱਮਲਾਵਰ ਕਿਹਾ ਗਿਆ ਸਗੋਂ ਇਹ ਹੀ ਕਿਹਾ ਗਿਆ ਕਿ ਦੇਸ਼ਾਂ ਨੂੰ ਆਪਸੀ ਝਗੜੇ ਸ਼ਾਂਤੀਪੂਰਵਕ ਢੰਗ ਨਾਲ ਨਜਿੱਠਣੇ ਚਾਹੀਦੇ ਹਨ ਤੇ ਕਿਸੇ ਦੇਸ਼ ਨੂੰ ਦੂਜੇ ਦੇਸ਼ ਦੀ ਜ਼ਮੀਨ ’ਤੇ ਕਬਜ਼ਾ ਨਹੀਂ ਕਰਨਾ ਚਾਹੀਦਾ। ਰੂਸ ਨੇ ਇਸ ਮੱਤੇ ਨਾਲ ਸਹਿਮਤੀ ਜਤਾਈ ਪ੍ਰੰਤੂ ਯੂਕਰੇਨ ਨੇ ਇਸ ਦੀ ਬਹੁਤ ਨਿੰਦਿਆ ਕੀਤੀ ਕਿ ਰੂਸ ਨੂੰ ਯੂਕਰੇਨ ’ਤੇ ਹਮਲਾ ਕਰਨ ਅਤੇ ਇਸ ਦੇ ਇਲਾਕੇ ’ਤੇ ਕਬਜ਼ਾ ਕਰਨ ਲਈ ਕਿਊਂ ਨਹੀਂ ਨਿੰਦਿਆ ਗਿਆ। ਯੂਕਰੇਨ ਨੇ ਖੁੱਲ ਕੇ ਇਸ ਬਾਰੇ ਆਪਣੀ ਨਿਰਾਸ਼ਾ ਤੇ ਗੁੱਸੇ ਦਾ ਇਜ਼ਹਾਰ ਕੀਤਾ।
ਸੋਚਣ ਵਾਲੀ ਗੱਲ ਇਹ ਹੈ ਕਿ ਆਖਿਰ ਇੱਕ ਸਾਲ ’ਚ ਹੀ ਰੂਸ ਯੂਕਰੇਨ ਯੁੱਧ ਬਾਰੇ ਸੰਸਾਰ ਦਾ ਨਜ਼ਰੀਆ ਇਨ੍ਹਾਂ ਕਿਉਂ ਬਦਲਿਆ ਹੈ? ਇਸ ਗੱਲ ਦੇ ਕਈ ਕਾਰਨ ਹਨ। ਪਹਿਲਾਂ ਇਹ ਕਿ ਇਸ ਯੁੱਧ ਦਾ ਸੱਚ ਸਾਹਮਣੇ ਆ ਗਿਆ ਹੈ। ਪਹਿਲਾਂ ਆਮ ਤੌਰ ’ਤੇ ਇਹ ਪ੍ਰਭਾਵ ਸੀ ਕਿ ਰੂਸ, ਇੱਕ ਵੱਡੇ ਦੇਸ਼ ਨੇ, ਯੂਕਰੇਨ ਇਕ ਛੋਟੇ ਦੇਸ਼ ’ਤੇ ਹੱਮਲਾ ਕੀਤਾ ਹੈ। ਇਹ ਸੁਭਾਵਿਕ ਹੀ ਹੁੰਦਾ ਹੈ ਕਿ ਬਹੁਤ ਸਾਰੇ ਲੋਕਾਂ ਦੀ ਹਮਦਰਦੀ ਛੋਟੇ ਤੇ ਕਮਜ਼ੋਰ ਨਾਲ ਹੋ ਜਾਂਦੀ ਹੈ, ਪ੍ਰੰਤੂ ਹੁਣ ਇਹ ਸੱਚ ਸਾਮਣੇ ਆਇਆ ਹੈ ਕਿ ਇਹ ਯੁੱਧ ਰੂਸ ਯੂਕਰੇਨ ’ਚ ਨਹੀਂ ਸਕੋਂ ਨਾਟੋ (ਪੱਛਮੀ ਦੇਸ਼ਾਂ ਦਾ ) ਤੇ ਰੂਸ ’ਚ ਹੋ ਰਿਹਾ ਹੈ। ਯੂਕਰੇਨ ਤਾਂ ਸਿਰਫ਼ ਊਨ੍ਹਾਂ ਦਾ ਮੋਹਰਾ ਹੈ। ਅਜਿਹੇ ਯੁੱਧ ਨੂੰ ਅੰਗਰੇਜ਼ੀ ’ਚ ਪਰੋਕਸੀ ਵਾਰ ਕਹਿੰਦੇ ਹਨ। ਇਸ ਲਈ ਬਹੁਤ ਸਾਰੇ ਲੋਕਾਂ ਦੀ ਹਮਦਰਦੀ ਰੂਸ ਨਾਲ ਹੋਈ ਜਾ ਰਹੀ ਹੈ। ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਨਸਕੀ ਦੀ ਪਾਰਟੀ ਦਾ ਇਤਿਹਾਸਿਕ ਤੌਰ ’ਤੇ ਨਾਜ਼ੀਆਂ ਅਤੇ ਫ਼ਾਸੀਵਾਦ ਨਾਲ ਸੰਬੰਧ ਤੇ ਦੂਸਰੇ ਵਿਸ਼ਵ ਯੁੱਧ ’ਚ ਇਨ੍ਹਾਂ ਵੱਲੋਂ ਨਿਭਾਈ ਗਈ ਭੂਮਿਕਾ ਨੇ ਵੀ ਜ਼ੇਲੈਨਸਕੀ ਤੇ ਉਸ ਦੀ ਪਾਰਟੀ ਦਾ ਅਕਸ ਧੁੰਧਲਾ ਕਰ ਦਿੱਤਾ ਹੈ। ਜ਼ੇਲੈਨਸਕੀ ਦੀ ਸਰਕਾਰ ਦੇ ਕਈ ਮੈਂਬਰਾਂ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਹਨ। ਜ਼ੇਲੈਨਸਕੀ ਤੇ ਉਸ ਦੀ ਸਰਕਾਰ ਵੱਲੋਂ ਬੋਲੇ ਗਏ ਬਹੁਤ ਸਾਰੇ ਝੂਠ ਫੜੇ ਗਏ ਹਨ। ਜਰਮਨੀ ਦੀ ਸਾਬਕਾ ਕਾਂਸਲਰ(ਪ੍ਰਧਾਨ) ਐਂਜਲਾ ਮਰਕਲ ਨੇ ਮੰਨਿਆ ਹੈ ਕਿ 2014 ਤੇ 2015 ’ਚ ਯੂਕਰੇਨ ’ਚ ਸ਼ਾਂਤੀ ਕਰਨ ਲਈ ਕੀਤੇ ਗਏ ਸਮਝੌਤਿਆਂ ਲਈ ਪੱਛਮੀ ਦੇਸ਼ ਤੇ ਯੂਕਰੇਨ ਮੁਹਿਰਦ ਨਹੀਂ ਸਨ ਸਗੋਂ ਉਹ ਸਿਰਫ਼ ਇਨ੍ਹਾਂ ਸਮਝੌਤਿਆਂ ਨੂੰ ਲੜਾਈ ਲਈ ਤਿਆਰੀ ਕਰਨ ਲਈ ਹੋਰ ਸਮਾਂ ਲੈਣ ਲਈ ਵਰਤ ਰਹੇ ਸਨ। ਜ਼ਾਹਿਰ ਹੈ ਕਿ ਯੂਕਰੇਨ ਤੇ ਪੱਛਮੀ ਦੇਸ਼ ਰੂਸ ਵਿਰੁੱਧ ਯੁੱਧ ਕਰਨ ਦੀ ਤਿਆਰੀ ਬਹੁਤ ਪਹਿਲਾਂ ਤੋਂ ਕਰ ਰਹੇ ਸਨ। ਜ਼ਾਹਿਰ ਹੈ ਕਿ ਯੁੱਧ ਸ਼ੁਰੂ ਕਰਨ ਲਈ ਰੂਸ ਨੂੰ ਜ਼ਿੰਮੇਵਾਰ ਠਹਿਰਾਉਣਾ ਤੱਥਾਂ ਨਾਲ ਮੇਲ ਨਹੀਂ ਖਾਂਦਾ। ਯੂਕਰੇਨ ਵੱਲੋਂ ਰੂਸ ’ਤੇ ਲਗਾਏ ਗਏ ਅੱਣਮਨੁੱਖੀ ਕਾਰਵਾਈਆਂ ਦੇ ਲੱਗਭੱਗ ਸਾਰੇ ਦੋਸ਼ ਬੇਬੁਨਿਆਦ ਸਾਬਤ ਹੋਏ। ਯੂਕਰੇਨ ਦੀ ਇੱਕ ਮੰਤਰੀ ਨੇ ਦੋਸ਼ ਲਾਇਆ ਸੀ ਕਿ ਰੂਸੀ ਫੌਜ਼ੀਆਂ ਨੇ ਛੋਟੇ-ਛੋਟੇ ਬੱਚਿਆਂ ਦਾ ਰੇਪ ਕੀਤਾ ਹੈ। ਬਾਅਦ ’ਚ ਉਸ ਨੇ ਆਪ ਹੀ ਮੰਨ ਲਿਆ ਕਿ ਇਹ ਦੋਸ਼ ਝੂਠਾ ਹੈ।
ਇਸ ਯੁੱਧ ਬਾਰੇ ਲੋਕਾਂ ਦਾ ਪ੍ਰਭਾਵ ਬਦਲਣ ਦਾ ਇੱਕ ਕਾਰਨ ਇਹ ਵੀ ਹੈ ਕਿ ਇਸ ਯੁੱਧ ਕਾਰਨ ਬਹੁਤ ਸਾਰੇ ਦੇਸ਼ਾਂ ’ਚ ਲੋਕਾਂ ਨੂੰ ਕਠਨਾਈਆਂ ਦਾ ਸਾਮਣਾ ਕਰਨਾ ਪੈ ਰਿਹਾ ਹੈ। ਇਸ ਯੁੱਧ ਨੇ ਆਰਥਿਕ ਤੇ ਹੋਰ ਸੰਕਟ ਡੂੰਘੇ ਕਰ ਦਿੱਤੇ ਹਨ। ਇਸ ਨਾਲ ਬਹੁਤ ਸਾਰੇ ਦੇਸ਼ਾਂ ’ਚ ਲੋਕ ਇਸ ਯੁੱਧ ਤੋਂ ਤੰਗ ਆ ਚੁੱਕੇ ਹਨ।
ਸਸਟੇਬਲ ਡਿਵਲਪਮੈਂਟ ਜਾਂ ਸਥਾਈ ਵਿਕਾਸ ਦੀ ਗੱਲ ਵੀ ਬਹੁਤ ਕੀਤੀ ਗਈ। ਪਹਿਲਾਂ ਵਿਕਾਸ ਲਈ ਸੁਝਾਅ ਥੋੜ ਚਿਰੇ ਹੀ ਹੁੰਦੇੇ ਸਨ(ਜ਼ਿਆਦਾਤਰ), ਇਨ੍ਹਾਂ ਦੇ ਲੰਬੇ ਸਮੇਂ ’ਚ ਪੈਣ ਵਾਲੇ ਪ੍ਰਭਾਵਾਂ ਨੂੰ ਜ਼ਿਆਦਾ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ ਸੀ । ਨਤੀਜਾ ਇਹ ਹੀ ਨਿਕਲਦਾ ਸੀ ਕਿ ਵਿਸ਼ਵ ਵਿਵੱਸਥਾ ’ਚ ਬੁਨਿਆਦੀ ਤਬਦੀਲੀਆਂ ਲਿਆਉਣ ਬਾਰੇ ਘੱਟ ਹੀ ਗੱਲ ਕੀਤੀ ਜਾਂਦੀ ਸੀ । ਪ੍ਰੰਤੂ ਇਸ ਵਾਰੀ ਵਿਸ਼ਵ ਵਿਵੱਸਥਾ ਤੇ ਸੰਸਥਾਵਾਂ ’ਚ ਬੁਨਿਆਦੀ ਤਬਦੀਲੀਆਂ ਲਿਆਉਣ ਦੀ ਗੱਲ ਵੀ ਕੀਤੀ ਗਈ ਤਾਂ ਜੋ ਵਿਕਾਸ ਆਰਜ਼ੀ ਨਹੀਂ ਸਗੋਂ ਸਥਾਈ ਹੋਵੇ।
ਵਾਤਾਵਰਣ ਬਾਰੇ ਵੀ ਗੱਲ ਬਹੁਤ ਗੰਭੀਰਤਾ ਨਾਲ ਕੀਤੀ ਗਈ। ਇਹ ਸੱਚ ਸਾਹਮਣੇ ਲਿਆਉਣ ਦਾ ਯਤਨ ਕੀਤਾ ਗਿਆ ਕਿ ਵਾਤਾਵਰਣ ਨੂੰ ਨੁਕਸਾਨ ਦਾ ਮੁੱਖ ਕਾਰਨ ਕਾਰਬਨ ਤੇ ਹੋਰ ਗੈਂਸਾਂ ਹਨ। ਇਸ ਸੱਥਿਤੀ ਲਈ ਵਿਕਸਿਤ ਦੇਸ਼ ਜ਼ਿਆਦਾ ਜ਼ਿੰਮੇਵਾਰ ਹਨ। ਇਹ ਮੰਗ ਕੀਤੀ ਗਈ ਕਿ ਵਿਕਸਿਤ ਦੇਸ਼ ਇਸ ਸਮੱਸਿਆ ਨੂੰ ਸੁਲਝਾਣ ਲਈ ਕੋਈ ਠੋਸ ਕੱਦਮ ਚੁੱਕਣ। ਇਸੇ ਤਰ੍ਹਾਂ ਦਹਿਸ਼ਤਵਾਦ ਨਾਲ ਜੁੜੇ ਮੱਸਲਿਆਂ ਨੂੰ ਗੰਭੀਰਤਾ ਨਾਲ ਵਿਚਾਰਿਆ ਗਿਆ। ਯੂਨਾਇਟਿਡ ਨੇਸ਼ਨਜ਼ ਦੀ ਸਲਾਮਤੀ ਕੌਂਸਲ ਦਾ ਵਿਸਥਾਰ ਕਰਨ ਦੀ ਗੱਲ ਵੀ ਹੋਈ ਤਾਂ ਜੋ ਦੇਸ਼ਾਂ ਦੀ ਪ੍ਰਤੀਨਿੱਧਤਾ, ਉਨ੍ਹਾਂ ਦੀ ਵਸੋਂ ਦੀ ਪ੍ਰਤੀਨਿੱਧਤਾ ਕਰ ਸਕੇ। ਭਾਰਤ ਕਾਫ਼ੀ ਸਮੇਂ ਤੋਂ ਭਾਰਤ ਨੂੰ ਸਲਾਮਤੀ ਕੌਂਸਲ ਦਾ ਸਥਾਈ ਮੈਂਬਰ ਬਨਾਉਣ ਦੀ ਮੰਗ ਕਰ ਰਿਹਾ ਹੈ।
ਭਾਰਤ ਤੋਂ ਮੱਧ-ਪੂਰਬ ਦੇ ਰਸਤੇ ਯੂਰਪ ਤੱਕ ਇਕ ਗਲਿਆਰਾ ਬਣਾਉਣ ਦੀ ਗੱਲ ਵੀ ਹੋਈ। ਇਸ ਨੂੰ ਚੀਨ ਦੇ ਬੀ ਆਰ ਆਈ(ਬੈਲਟ ਐਂਡ ਰੋਡ ਇਨੀਸ਼ੀਏਟਿਵ), ਅਰਥਾਤ ਚੀਨ ਨੂੰ ਬਾਕੀ ਸੰਸਾਰ ਨਾਲ ਸੜਕ, ਰੇਲ ਤੇ ਸਮੁੰਦਰ ਰਾਹੀਂ ਜੋੜਨ ਵਾਲੇ ਦੇ ਮੁਕਾਬਲੇ ’ਚ ਖੜਾ ਕਰਨ ਦੀ ਨੀਅਤ ਲੱਗਦੀ ਹੈ। ਇਸ ਗੱਲ ’ਚ ਸ਼ੱਕ ਦੀ ਕੋਈ ਜ਼ਿਆਦਾ ਗੁੰਜਾਇਸ਼ ਨਹੀਂ ਕਿ ਅਮਰੀਕਾ ਤੇ ਪੱਛਮੀ ਦੇਸ਼ ਭਾਰਤ ਤੇ ਚੀਨ ਨਾਲ ਲੱਗਦੇ ਹੋਰ ਦੇਸ਼ਾਂ ਨੂੰ ਚੀਨ ਦੇ ਮੁਕਾਬਲੇ ’ਚ ਖੜਾ ਕਰਨਾ ਚਾਹੁੰਦੇ ਹਨ। ਰਾਸ਼ਟਰਪਤੀ ਬਾਈਡਨ, ਇਸ ਸਿੱਖਰ ਸੰਮੇਲਨ ਤੋਂ ਬਾਅਦ ਵੀਤਨਾਮ ਗਏ ਤੇ ਵੀਤਨਾਮ ਨਾਲ ਵੱਡੇ ਸਮਝੌਤੇ ਕੀਤੇ। ਇਸ ਤਰ੍ਹਾਂ ਜਾਪਾਨ ਤੇ ਦੱਖਣੀ ਕੋਰੀਆ ਦੀ ਅਮਰੀਕਾ ’ਚ ਮੀਟਿੰਗ ਕਰਵਾਈ ਜਾ ਰਹੀ ਹੈ। ਅਮਰੀਕਾ ਦਾ ਮੁੱਖ ਉਦੇਸ਼ ਚੀਨ ਨੂੰ ਘੇਰਨਾ ਲੱਗ ਰਿਹਾ ਹੈ।
ਭਾਵੇਂ ਕਿ ਪੱਛਮੀ ਦੇਸ਼ਾਂ ਦੀ ਨੀਤੀ ਸੰਸਾਰ ’ਚ ਰੂਸ ਤੇ ਚੀਨ ਨੂੰ ਅਲੱਗ-ਥਲੱਗ ਕਰਨ ਦੀ ਹੈ। ਇਸ ਲਈ ਜੀ 20 ਦੀ ਭੂਮਿਕਾ, ਬਰਿਕਸ ਜਾਂ ਸ਼ੰਘਾਈ ਕੋਆਪਰੇਸ਼ਨ ਵਰਗੀ ਨਹੀਂ ਹੋ ਸਕਦੀ । ਪ੍ਰੰਤੂ ਫਿਰ ਵੀ ਜੀ 20 ’ਚ ਪੱਛਮੀ ਦੇਸ਼ਾਂ ਨਾਲੋਂ ਤੁਲਨਾਤਮਿਕ ਤੌਰ ’ਤੇ ਗਲੋਬਲ ਸਾਊਥ ਦਾ ਰਸੂਖ ਜ਼ਿਆਦਾ ਵੱਧ ਰਿਹਾ ਹੈ। ਇਸ ਦਾ ਇੱਕ ਵੱਡਾ ਸਬੂਤ ਅਫ਼ਰੀਕਨ ਯੂਨੀਅਨ ਦਾ 21 ਵਾਂ ਮੈਂਬਰ ਬਣਨਾ ਹੈ। ਅਫ਼ਰੀਕਨ ਯੂਨੀਅਨ ’ਚ ਅਫ਼ਰੀਕਾ ਦੇ 55 ਦੇਸ਼ ਹਨ। 2024 ’ਚ ਬਰਾਜ਼ੀਲ ਜੀ 20 ਦਾ ਪ੍ਰਧਾਨ ਹੋਵੇਗਾ ਤੇ 2025 ’ਚ ਦੱਖਣੀ ਅਫ਼ਰੀਕਾ ਪ੍ਰਧਾਨ ਹੋਵੇਗਾ। ਇਹ ਦੋਨੋ ਦੇਸ਼ ਭਾਰਤ ਦੀ ਤੁਲਨਾ ’ਚ ਚੀਨ ਦੇ ਜ਼ਿਆਦਾ ਨੇੜੇ ਹਨ, ਭਾਵੇਂ ਕਿ ਭਾਰਤ ਨੂੰ ਇਹ ਅਹਿਸਾਸ ਹੋ ਰਿਹਾ ਹੈ ਕਿ ਉਸ ਦੇ ਬੁਨਿਆਦੀ ਹਿੱਤ ਗਲੋਬਲ ਸਾਊਥ ਨਾਲ ਜ਼ਿਆਦਾ ਮਿਲਦੇ ਹਨ, ਪ੍ਰੰਤੂ ਭਾਰਤ ਦਾ ਝੁਕਾਅ ਪੱਛਮ ਵੱਲ ਵੀ ਹੈ। ਸ਼ਾਇਦ ਚੀਨ ਦੇ ਪ੍ਰਧਾਨ ਸ਼ੀ ਜਿਨਪਿੰਗ ਤੇ ਰੂਸ ਦੇ ਪ੍ਰਧਾਨ ਪੁਤਿਨ ਦਾ ਸਿੱਖਰ ਸੰਮੇਲਨ ’ਚ ਨਾ ਸ਼ਾਮਲ ਹੋਣ ਦਾ ਇਹ ਕਾਰਨ ਹੋਵੇ। ਅਸੀਂ ਦੱਖਣੀ ਅਫ਼ਰੀਕਾ ’ਚ ਹੋਈ ਬਰਿਕਸ ਤੇ ਭਾਰਤ ’ਚ ਹੋਈ ਜੀ 20 ਦੇਸ਼ਾਂ ਦੀ ਮੀਟਿੰਗ ’ਚ ਇਹ ਬੁਨਿਆਦੀ ਫਰਕ ਦੇਖ ਸਕਦੇ ਹਾਂ। ਬਰਿਕਸ ਦੀ ਮੀਟਿੰਗ ’ਚ ਪੱਛਮ ਵਿਰੋਧੀ ਸੁਰ ਜ਼ਿਆਦਾ ਤਿੱਖੀ ਸੀ ਜਦੋਂ ਕਿ ਭਾਰਤ ਦਾ ਜ਼ਿਆਦਾ ਜ਼ੋਰ ਸਾਂਝ ’ਤੇ ਸੀ। ਇਸ ਲਈ ਵਾਸੂਦੇਵ ਕਟੰਬਕਸ ਅਰਥਾਤ ਸਾਰਾ ਵਿਸ਼ਵ ਇਕ ਭਾਈਚਾਰਾ ਹੈ ਦਾ ਸੰਕਲਪ ਇਸ ਸ਼ਿੱਖਰ ਸੰਮੇਲਨ ਦੀ ਮੂਲ ਭਾਵਨਾ ਸੀ। ਸਿੱਖਰ ਸੰਮੇਲਨ ਦਾ ਥੀਮ(ਵਿਸ਼ਾ) ਵਨ ਅਰਥ ਵਨ ਫੈਮਿਲੀ(ਇਕ ਧਰਤੀ, ਇਕ ਪਵਿਾਰ ਤੇ ਇਕ ਭਵਿੱਖ) ਭਾਰਤ ਦਾ ਇਹ ਸਟੈਂਡ ਭਾਰਤ ਦੀ ਰਵਾਇਤੀ ਗੁੱਟਾਂ ਤੋਂ ਨਿਰਲੇਪਤਾ(ਨਾਲ ਅਲਸਟੀਜੜ) ਨੀਤੀ ਦੇ ਅਨੁਕੂਲ ਲੱਗਦੀ ਹੈ। ਪ੍ਰੰਤੂ ਗਲੋਬਲ ਸਾਊਥ ਦੇ ਕਈ ਮੈਂਬਰ ਦੇਸ਼ ਖਾਸ ਕਰਕੇ ਅਫਰੀਕਾ ਤੇ ਲਾਤੀਨੀ ਅਮਰੀਕਾ ਦੇ ਦੇਸ਼ ਪੱਛਮੀ ਚੌਧਰ(ਹੇਜਮਨੀ) ਵਿਰੁੱਧ ਤਿੱਖੀ ਭਾਵਨਾ ਰੱਖਦੇ ਹਨ।
ਡਾ. ਸਵਰਾਜ ਸਿੰਘ
-ਮੋਬਾ: 98153 08460

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ