Friday, July 19, 2024  

ਲੇਖ

ਪੰਜਾਬ ਵਿੱਚ ਨਸ਼ਿਆਂ ਦੀ ਤ੍ਰਾਸਦੀ

September 17, 2023

ਪਿਛਲੇ ਦਿਨੀਂ ਪੰਜਾਬ ਪੁਲਿਸ ਦੇ ਇੱਕ ਰਿਟਾਇਰਡ ਅਧਿਕਾਰੀ ਵੱਲੋਂ ਨਸ਼ੇ ਨਾਲ ਮਰੇ ਆਪਣੇ ਪੁੱਤਰ ਦੇ ਨਾਂ ਲਿਖੀ ਗਈ ਚਿੱਠੀ ਨੇ ਝੰਜੋੜ ਕੇ ਰੱਖ ਦਿੱਤਾ। ਇਹ ਸੋਚਣ ਲਈ ਹਰ ਬੰਦਾ ਮਜ਼ਬੂਰ ਹੋ ਗਿਆ ਕਿ ਆਖਿਰ ਪੰਜਾਬ ਵਿੱਚ ਹੋ ਕੀ ਰਿਹਾ ਹੈ। ਪੰਜਾਬ ਕੀ ਸੀ ਤੇ ਕੀ ਦਾ ਕੀ ਬਣ ਚੁੱਕਿਆ ਹੈ। ਕਦੇ ਪੰਜਾਬ ਦੇ ਚੰਗੀਆਂ ਖੁਰਾਕਾਂ ਖਾਂਦੇ ਡੀਲ-ਡੌਲ ਗੱਭਰੂਆਂ ਦੀ ਚੜ੍ਹਤ ਦੀ ਗੱਲ ਚਾਰੇ ਪਾਸੇ ਹੁੰਦੀ ਸੀ। ਇਹ ਉਹੀ ਪੰਜਾਬੀ ਹਨ ਜਿਹਨਾਂ ਨੇ ਮੱਧ ਏਸ਼ੀਆ ਤੋਂ ਹਨੇਰੀਆਂ ਵਾਂਗੂੰ ਆਏ ਹਮਲਾਵਰਾਂ ਦਾ ਡਟ ਕੇ ਮੁਕਾਬਲਾ ਕੀਤਾ। ਨਾਦਰ ਸ਼ਾਹ, ਅਹਿਮਦ ਸ਼ਾਹ ਅਬਦਾਲੀ ਅਤੇ ਮੁਗਲਾਂ ਨਾਲ ਟੱਕਰ ਲਈ। ਇਹ ਉਹੀ ਪੰਜਾਬ ਹੈ ਜਿਸਨੂੰ ਕਦੇ ਰਣਜੀਤ ਸਿੰਘ ਦੇ ਸੂਬਾ-ਏ-ਲਾਹੌਰ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਇਹ ਉਹੀ ਪੰਜਾਬੀ ਹਨ ਜਿਨ੍ਹਾਂ ਵਿੱਚ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਵਰਗੇ ਦੇਸ਼ ਭਗਤ ਵੀ ਹੋਏ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਤੇ ਦੇਸ਼ ਦੀ ਆਜ਼ਾਦੀ ਵਿੱਚ ਯੋਗਦਾਨ ਪਾਇਆ। ਫੇਰ ਅੱਜ ਇਹੋ ਜਿਹਾ ਕੀ ਹੈ ਸਰਾਪ ਲੱਗ ਗਿਆ ਕਿ ਨੋਜਵਾਨੀ ਕੁਰਾਹੇ ਪੈ ਚੁੱਕੀ ਹੈ। ਉਸ ਰਾਹ ਤੇ ਤੁਰ ਪਈ ਏ ਨੋਜਵਾਨੀ ਕਿ ਸਾਡਾ ਸੁਨਹਿਰੀ ਇਤਿਹਾਸ ਸ਼ਰਮਸਾਰ ਹੋ ਚੁਕਿਆ। ਸਾਡੀ ਆਬੋ-ਹਵਾ, ਸਾਡੇ ਪਾਣੀ, ਸਾਡੇ ਜੰਗਲ ਤੇ ਆਖਿਰ ਸਾਡਾ ਖੂਨ ਵੀ ਜ਼ਹਿਰੀਲਾ ਹੋ ਚੁਕਿੱਆ ਹੈ। ਨਸ਼ਾਖੋਰੀ ਇੱਕ ਗੰਭੀਰ ਮਾਨਸਿਕ ਬਿਮਾਰੀ ਹੈ ਜੋ ਇੱਕ ਨਸ਼ਾ ਕਰਨ ਵਾਲੇ ਵਿਅਕਤੀ ਦੀ ਮਾਨਸਿਕ, ਸਰੀਰਕ ਅਤੇ ਆਰਥਿਕਤਾ ਤੇ ਬਹੁੱਤ ਬੁਰਾ ਪ੍ਰਭਾਵ ਪਾਉਂਦੀ ਹੈ।
ਪੰਜਾਬ ਵਿੱਚ ਵਗ ਰਹਿ ਨਸ਼ੇ ਦਾ ਦਰਿਆ ਹੁਣ ਹੜ ਦਾ ਰੂਪ ਧਾਰਣ ਕਰ ਚੁੱਕਾ ਹੈ। ਇੱਕ ਅਜਿਹਾ ਹੜ੍ਹ ਜਿਹੜਾ ਹੁਣ ਬੰਨ ਲਗਾਇਆ ਵੀ ਰੁਕ ਨਹੀ ਰਿਹਾ। ਆਖਿਰ ਐਨਾ ਨਸ਼ਾ ਪੰਜਾਬ ਵਿੱਚ ਆ ਕਿੱਥੋਂ ਰਿਹਾ, ਆਖਿਰ ਕੌਣ ਜ਼ਿੰਮੇਵਾਰ ਹੈ ਪੰਜਾਬ ਦੀ ਇਸ ਸਥਿਤੀ ਦਾ? ਇਹਨਾਂ ਸਭ ਪ੍ਰਸ਼ਨਾਂ ਦੀ ਪੜਚੋਣ ਕਰਦੇ ਹੋਏ ਅਸੀ ਕੁਝ ਕੁ ਗੱਲਾਂ ਦੀ ਘੋਖ ਕਰਨ ਦੀ ਕੋਸ਼ਿਸ ਕਰਦੇ ਹਾਂ।ਨਸ਼ੇ ਦੇ ਖਤਰੇ ਦਾ ਪ੍ਰਚਲਨ ਅਤੇ ਫੈਲਣਾ ਇੱਕ ਵਿਸ਼ਵਵਿਆਪੀ ਵਰਤਾਰਾ ਹੈ ਅਤੇ ਇਹ ਸਮਾਜਿਕ-ਸੱਭਿਆਚਾਰਕ ਅਤੇ ਰਾਜਨੀਤਿਕ-ਆਰਥਿਕ ਪ੍ਰਣਾਲੀਆਂ ਵਿੱਚ ਸ਼ਾਮਲ ਹੈ। ਸੋ ਇਹ ਇਕ ਪ੍ਰਣਾਲੀਗਤ ਸਮੱਸਿਆ ਹੈ। ਦੁਨੀਆਂ ਵਿੱਚ ਹੈਰੋਇਨ ਅਤੇ ਕੋਕੀਨ ਦੇ ਤਿੰਨ ਮੁੱਖ ਗਲੋਬਲ ਕੇਂਦਰ ਹਨ- ਸੁਨਹਿਰੀ ਤਿਕੋਣ (ਮਿਆਂਮਾਰ, ਥਾਈਲੈਂਡ, ਲਾਉਸ), ਗੋਲਡਲ ਕ੍ਰੈਸੇਂਟ (ਅਫਗਾਨਿਸਤਾਨ, ਪਾਕਿਸਤਾਨ ਅਤੇ ਇਰਾਨ), ਅਤੇ ਦੱਖਣੀ ਅਮਰੀਕਾ ਅਤੇ ਪੰਜਾਬ ਇੱਕ ਸਰਹੱਦੀ ਖੇਤਰ ਹੋਣ ਦੇ ਨਾਤੇ ਇਹਨਾਂ ਤਿੰਨਾਂ ਹੀ ਉਤਪਾਦਕਾਂ ਲਈ ਖੁੱਲ਼ੀ ਮੰਡੀ ਬਣ ਚੁੱਕਾ ਹੈ। ਇਸ ਨੇ ਨਾਰਕੋ ਅੱਤਵਾਦ ਨੂੰ ਵਿੱਤੀ ਸਹਾਇਤਾ ਅਤੇ ਉਤਸ਼ਾਹਿਤ ਕਰਨ ਦੀ ਅਗਵਾਈ ਕੀਤੀ ਜੋ ਵਿਸ਼ਵ ਸ਼ਾਂਤੀ ਅਤੇ ਸੁਰੱਖਿਆ ਲਈ ਗੰਭੀਰ ਖਤਰਾ ਹੈ।
ਪਹਿਲਾਂ ਤਾਂ ਪੰਜਾਬ ਵਿੱਚ ਡੋਡੇ ਅਤੇ ਅਫੀਮ ਲਾਗਲੇਰਾਜਾਂ ਜਾਂ ਦੇਸ਼ਾਂ ਵਿੱਚੋਂ ਆਉਂਦੇ ਰਹੇਹਨ। ਪਰ ਜਦੋਂ ਦਾ ਨਸ਼ੇ ਦੇ ਸੌਦਾਗਰਾਂ ਹੱਥ ਹੈਰੋਇਨ ਅਤੇ ਕੋਕੀਨਵਰਗਾਂ ਨਾਮੁਰਾਦ ਨਸ਼ਾ ਹੱਥ ਲੱਗਿਆ ਹੈ ਜਿਸ ਵਿੱਚ ਮੁਨਾਫਾ ਵਧੇਰੇ ਦਿਸਿਆ ਤਾਂ ਇਸਦਾ ਕਾਰੋਬਾਰ ਐਨਾ ਫੈਲਾ ਦਿੱਤਾ ਗਿਆ ਕਿ ਇਹ ਖਾਣ ਵਾਲੇ ਤੱਕ ਆਪਣੇ- ਆਪ ਪਤਾ ਨਹੀ ਕਿਹੜੇ ਹੀਲੇ ਵਸੀਲੇ ਪਹੁੰਚ ਜਾਂਦਾ ਹੈ। ਇਸ ਤੋਂ ਬਿਨਾਂ ਸ਼ਰਾਬ ਅਤੇ ਤੰਬਾਕੂ ਮੁੱਖ ਨਸ਼ੀਲੇ ਪਦਾਰਥ ਹਨ ਜੋ ਸ਼ੁਰੂਆਤੀ ਨਸ਼ਾ ਹਨ ਅਤੇ ਫਿਰ ਉਹ ਸਖ਼ਤ ਨਸ਼ਿਆਂ ਵਿੱਚ ਤਬਦੀਲ ਹੋ ਜਾਂਦੇ ਹਨ। ਪ੍ਰਮੁੱਖ ਨਸ਼ੇ ਅਤੇ ਦਵਾਇਆਂ ਹੈਰੋਇਨ (ਚਿੱਟਾ), ਅਫੀਮ, ਟਰਾਮਾਡੋਲ ਦੀਆਂ ਗੋਲੀਆਂ, ਭੁੱਕੀ, ਕੈਨਾਬਿਸ (ਭੰਗ-ਸੁੱਖਾ) ਮਾਰਿਜ਼ੁਆਨਾ (ਗਾਂਜਾ, ਸਮੈਕ) ਹਸ਼ੀਸ਼ (ਚਰਸ) ਅਤੇ ਕੋਕੀਨ ਹਨ। ਹੈਰੋਇਨ (ਚਿੱਟਾ) ਪੰਜਾਬ ਵਿੱਚ ਨੌਜਵਾਨਾਂ ਵਿੱਚ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਨਸ਼ਾ ਹੈ। ਭਾਵੇਂ ਭਾਰਤ ਵਿੱਚ ਇਸ ਮੁੱਦੇ ਨੂੰ ਨਾਰਕੋਟਿਕਸ ਡਰੱਗਸ ਐਂਡ ਸਾਈਕੋਟ੍ਰੋਪਿਕ ਸਬਸਟੈਂਸ (ਐਨਡੀਪੀਐਸ) ਐਕਟ, 1985 ਦੇ ਲਾਗੂ ਹੋਣ ਤੋਂ ਬਾਅਦ ਪ੍ਰਮੁੱਖਤਾ ਪ੍ਰਾਪਤ ਹੋਈ ਹੈ। ਬਹੁੱਤ ਸਾਰੇ ਭਾਰਤੀ ਰਾਜ ਇਸ ਦੇ ਅੰਦਰ ਕਈ ਤਰਾਂ ਦੇ ਕਾਨੂੰਨ ਬਣਾ, ਇਸ ਸਮੱਸਿਆ ਨੂੰ ਕਾਬੂ ਕਰਨ ਦੀ ਕੋਸ਼ਿਸ ਕਰ ਰਹੇ ਹਨ। ਪਰ ਸ਼ਾਇਦ ਹੀ ਠੋਸ ਨੀਤੀਆਂ ਇਸ ਸਮੱਸਿਆ ਨੂੰ ਹੱਲ ਕਰਨ ਲਈ ਬਣੀਆ ਹਨ। ਪੰਜਾਬ ਵਿੱਚ ਤਾਂ ਚਿੱਟੇ ਦੀ ਖਰੀਦ ਇਸ ਕਦਰ ਵੱਧ ਚੁੱਕੀ ਹੈ ਕਿ ਕਈ ਪਿੰਡਾ ਜਾਂ ਸ਼ਹਿਰਾਂ ਵਿੱਚ ਤਾਂ ਇਹ ਆਮ ਵਿਕ ਰਿਹਾ ਹੈ। ਪਿੱਛੇ ਜਿਹੇ ਸੋਸ਼ਲ ਮੀਡੀਆ ਤੋ ਵਾਇਰਲ ਹੋਈ ਇੱਕ ਵੀਡੀਓ ਵਿੱਚ ਇੱਕ ਢਾਬੇ ਵਾਲੀ ਔਰਤ ਅਤੇ ਘਰੋ-ਘਰੀ ਕਈ ਪਰਿਵਾਰ ਵੀ ਚਿੱਟਾ ਵੇਚਦੇ ਫੜੇ ਗਏ ਹਨ।ਪੰਜ-ਪੰਜ, ਛੇ-ਛੇ ਫੁੱਟ ਦੇ ਨੌਜਵਾਨਾਂ ਨੂੰ ਚਿੱਟਾ ਲੈਣ ਕਾਰਨ ਲਾਸ਼ਾਂ ਬਣ ਕਿਸੇ ਖੁੰਝੇ, ਰੂੜੀਆਂ ਜਾਂ ਗੰਦਗੀ ਦੇ ਢੇਰਾਂ ਉੱਤੇ ਡਿੱਗੇ ਦੇਖ ਰੂਹ ਕੰਬ ਜਾਂਦੀ ਹੈ। ਜਦੋਂ ਨੌਜਵਾਨਾਂ ਦੀਆਂ ਸਰਿੰਜਾਂ ਨਾਲ ਵਿੰਨੀਆਂ ਬਾਹਵਾਂ ਦੇਖਦੇ ਹਾਂ ਤਾਂ ਹੂਕ ਨਿਕਲਦੀ ਹੈ ਧੁਰ ਅੰਦਰੋਂ ਕਿ ਹੱਲ ਕੀ ਹੋਵੇਗਾ ਇਸ ਵਿਕਰਾਲ ਸਥਿਤੀ ਦਾ ਹੁਣ। ਕਿਸੇ ਕੋਲ ਉਹਨਾਂ ਵੈਣ ਪਾਉਂਦੀਆਂ ਮਾਵਾਂ ਦੇ , ਉਹਨਾਂ ਭੈਣਾਂ ਦੇ ਕੀਰਨਿਆਂ ਦਾ ਕੋਈ ਜਵਾਬ ਨਹੀ, ਜਿਹਨਾਂ ਦੇ ਇੱਕਲੇ ਪੁੱਤ ਜਾਂ ਇੱਕਲੇ ਭਾਈ ਜਾਂ ਪਰਿਵਾਰਾਂ ਦੇ ਪਰਿਵਾਰ ਇਸ ਅਲਾਮਤ ਕਾਰਣ ਦੀ ਬਲੀ ਚੜ੍ਹੇ ਹਨ। ‘ਰਾਸ਼ਟਰੀ ਕ੍ਰਾਇਮ ਰਿਕਾਰਡ ਬਿਉਰੋ’ ਦੀ ਇੱਕ ਰਿਪੋਰਟ ਅਨੁਸਾਰ ਹਰ ਸਾਲ 7500 ਕਰੋੜ ਰੁਪਏ, ਦੀ ਹੈਰੋਇਨ ਅਤੇ ਕੋਕੀਨ ਦਾ ਕਾਰੋਬਾਰ ਪੰਜਾਬ ਵਿੱਚ ਕੀਤਾ ਜਾਂਦਾ ਹੈ। ਪੰਜਾਬ ਵਿੱਚ ਸਰਹੱਦ ਨਾਲ ਲਗਦੇ ਜਿਲਿਆਂ ਵਿੱਚ ਇਹ ਸਭ ਤੋਂ ਵੱਧ ਮਾਤਰਾ ਵਿੱਚ ਫੜੀ ਗਈ ਹੈ ਅਤੇ ਪੰਜਾਬ ਹੁਣ ਨਸ਼ੇ ਦੇ ਕਾਰੋਬਾਰ ਵਿੱਚ ਤੀਸਰੇ ਨੰਬਰ ਤੇ ਆ ਚੁਕਿੱਆ ਹੈ।
ਚੰਡੀਗੜ ਦੇ ਪੋਸਟ ਰਿਸਰਚ (ਪੀਜੀ. ਆਈ. ਐਮ. ਈ.ਆਈ. ਆਰ) ਦੇ ਕਮਿਉਨਿਟੀ ਮੈਡੀਕਲ ਵਿਭਾਗ ਦੁਆਰਾ ਜਾਰੀ ਕੀਤੀ ਗਈ ਕਿਤਾਬ ‘ਰੋਡਮੈਪ ਫਾਰ ਪ੍ਰੋਵੀਜ਼ਨਲ ਐਂਡ, ਕੰਟਰੋਲ ਆਫ ਸਬਸਟੈਂਸ ਅਬਿਉਜ਼ ਇਨ ਪੰਜਾਬ’ ਦੇ ਦੂਜੇ ਐਡੀਸ਼ਨ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਦੇ ਲਗਭਗ 30 ਲੱਖ(15.4 ਪ੍ਰਤੀਸ਼ਤ) ਨੌਜਵਾਨ ਕਿਸੇ ਵੀ ਤਰ੍ਹਾਂ ਦੇ ਨਸ਼ੇ ਦੇ ਆਦੀ ਹਨ।ਇੱਕਲੇ 200 ਨੌਜ਼ਵਾਨਾਂ ਦੀ ਮੌਤ ਪਿਛਲੇ ਇੱਕ ਸਾਲ ਦੌਰਾਨ ਹੀ ਹੋ ਚੁੱਕੀ ਹੈ। 14-35 ਸਾਲ ਦੇ ਨੌਜਵਾਨ ਇਸ ਵਿੱਚ ਫਸੇ ਹੋਏ ਹਨ। ਬਹੁੱ- ਗਿਣਤੀ ਘੱਟ ਪੜ੍ਹੇ ਲਿੱਖੇ ਪੇਂਡੂ ਨੌਜਵਾਨਾਂ ਦੀ ਹੈ। ਇਵੇਂ ਲੱਗਦਾ ਹੈ ਜਿਵੇਂ ਪੰਜਾਬ ਦੀ ਸਾਰੀ ਨੌਜਵਾਨੀ ਹੀ ਵੈਂਟੀਲੇਟਰ ਤੇ ਆ ਚੁੱਕੀ ਹੈ। ਤੋਲ੍ਹਿਆਂ ਦੇ ਭਾਅ ਵਿਕਣ ਵਾਲਾ ਇਹ ਨਸ਼ਾ ਇੱਕ ਨੌਜਵਾਨ ਨੂੰ ਚੋਰੀਆਂ, ਠੱਗੀਆਂ ਅਤੇ ਖੁਦ ਆਪਣੇ ਘਰਾਂ ਦਾ ਸਮਾਨ ਤੱਕ ਵੇਚਣ ਲਈ ਮਜ਼ਬੂਰ ਕਰ ਦਿੰਦਾ ਹੈ। ਹੁਣ ਪ੍ਰਸ਼ਨ ਉੱਠਦਾ ਹੈ ਕਿ ਹਸਦੇ-ਵਸਦੇ ਪੰਜਾਬ ਨੂੰ ਇਹ ਗ੍ਰਹਿਣ ਆਖਿਰ ਕਿਉਂ, ਕਦੋਂ ਅਤੇ ਕਿਵੇਂ ਲੱਗਾ। ਜੇਕਰ ਸਮੇਂ ਦੀਆਂ ਸਰਕਾਰਾਂ ਦੀ ਗੱਲ ਕਰੀਏ ਤਾਂ ਹਰ ਸਰਕਾਰ ਇੱਕ ਦੂਜੇ ਦੀ ਦੂਸ਼ਣਬਾਜ਼ੀ ਕਰਕੇ ਆਪਣਾ ਪੱਲਾ ਝਾੜ ਸਰਕਾਰਾਂ ਦੀ ਸ਼ਹਿ ਬਿਨਾਂ ਇਹ ਕਿਵੇਂ ਸੰਭਵ ਹੋਇਆ। ਪਿਛਲੇ ਦਸ ਸਾਲਾਂ ਤੋਂ ਇਹ ਸਮੱਸਿਆ ਸ਼ੁਰੂ ਹੋਈ ਤੇ ਹੁੰਦੀ ਹੋਈ ਸਾਡੀ ਨੋਜਵਾਨੀ ਦੇ ਹੱਡਾਂ ਤੇ ਖੂਨ ਵਿੱਚ ਉਤਰ ਗਈ।

ਉਸ ਵੇਲੇ ਦੀ ਅਕਾਲੀ ਸਰਕਾਰ ਤੋਂ ਇਸ ਦੇ ਨਾਮੀ ਮੰਤਰੀਆਂ ਤੇ ਚਿੱਟਾ ਪੰਜਾਬ ਵਿੱਚ ਲਿਆਉਣ ਅਤੇ ਇਸਤੋਂ ਕਮਾਈ ਕਰਨ ਦੇ ਦੋਸ਼ ਲੱਗੇ ਸਨ ਪਰ ਦਲ ਨੇ ਇਸ ਦੋਸ਼ ਨੂੰ ਸਿਰੇ ਤੋਂ ਖਾਰਜ ਕਰਕੇ ਆਪਣਾ ਪੱਲਾ ਝਾੜ ਲਿਆ। ਕਈ ਪੰਜਾਬ ਪੁਲਿਸ ਦੇ ਅਫ਼ਸਰ ਅਤੇ ਨਾਮੀ ਖਿਡਾਰੀ ਵੀ ਇਹਨਾਂ ਕੇਸਾਂ ਵਿੱਚ ਜੇਲਾਂ ਵਿੱਚ ਸਜ਼ਾ ਭੁਗਤ ਰਹੇ ਹਨ ਅਤੇ ਕਈ ਤਾਂ ਡਿਸਮਿਸ ਹੋ ਚੁੱਕੇ ਹਨ।ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਪਏ ਭਾਵ ਜੇਕਰ ਸੁਰੱਖਿਆ ਕਰਨ ਵਾਲੇ ਹੀ ਖੂਹ ਵਿੱਚ ਧੱਕਣ ਲੱਗ ਜਾਣ ਤਾਂ ਫਿਰ ਰੱਬ ਹੀ ਰਾਖਾ। ਬਾਕੀ ਰਹਿੰਦੀ ਗੱਲ਼ ਨੌਜਵਾਨਾਂ ਦੀ ਹੈ। ਹਾਲਾਤ ਇੰਨੇ ਬਦ ਤੋਂ ਬਦਤਰ ਹੋ ਚੁੱਕੇ ਹਨ ਕਿ ਕਈ ਕੁੜੀਆਂ ਦੀਆਂ ਵੀ ਨਸ਼ੇ ਵਿੱਚ ਰੱਜੀਆਂ ਹੋਈਆਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਵਾਇਰਲ ਹੋ ਚੁੱਕੀਆਂ ਹਨ। ਕੀ ਕਾਰਣ ਹੈ, ਨੌਜਵਾਨਾਂ ਦੇ ਨਸ਼ੇ ਤੇ ਲੱਗਣ ਦਾ? ਅੱਲੜ ਉਮਰ, ਦੋਸਤੀਆਂ-ਯਾਰੀਆਂ, ਜੀਭ ਦਾ ਸੁਆਦ, ਕੋਈ ਮਾਨਸਿਕ ਸਮੱਸਿਆ ਜਾਂ ਸਭ ਤੋਂ ਵੱਡੀ ਸੱਮਸਿਆ ਬੇਰੁਜ਼ਗਾਰੀ। ਕਈ ਤਾਂ ਵੱਡੇ ਘਰਾਂ ਦੇ ਕਾਕੇ ਸ਼ੂਗਲ ਵਿੱਚ ਹੀ ਲੱਗ ਜਾਂਦੇ ਹਨ ਕਿਉਕਿ ਚਿੱਟੇ ਨਾਲ ਰਿਲੀਜ਼ ਹੁੰਦਾ 4opemine (ਡੋਪੇਮਾਇਨ ਹਾਰਮੋਨ) ਉਹਨਾਂ ਨੂੰ ਸ਼ਾਇਦ ਸਵਰਗ ਦੀਆਂ ਉਹ ਪੌੜੀਆਂ ਚੜ੍ਹਾ ਦਿੰਦਾ ਹੈ ਜੋ ਆਮ ਬੰਦਾ ਨਹੀਂ ਚੜ੍ਹ ਸਕਦਾ। ਜਾਂ ਫਿਰ ਦੋਸਤਾਂ-ਮਿਤਰਾਂ ਦੇ ਕਹਿਣ ਤੇ ਸੁਆਦ-ਸੁਆਦ ਵਿੱਚ ਹੀ ਉਹ ਨਸ਼ਾ ਕਰਨ ਲੱਗ ਜਾਂਦੇ ਹਨ। ਇੱਕ ਪੱਖ ਇਹ ਵੀ ਹੈ ਸੋਚਣ ਵਾਲਾ ਕੀ ਇਹਨਾਂ ਨੂੰ ਨਤੀਜੇ ਪਤਾ ਹੁੰਦੇ ਹੋਏ ਵੀ ਆਪਣੀਆਂ ਜ਼ਿੰਦਗੀਆਂ ਦੀ ਕੋਈ ਪਰਵਾਹ ਨਹੀਂ, ਉਹਨਾਂ ਨੂੰ ਅਨਮੋਲ ਜ਼ਿੰਦਗੀਆਂ ਦੀ ਕੀਮਤ ਨਹੀਂ ਪਤਾ। ਉਹਨਾਂ ਨੂੰ ਲਗਾਉਣ ਲਈ ਕਿਹਾ ਉਹਨਾਂ ਨਾਲ ਕੋਈ ਧੱਕਾ ਕੀਤਾ ਜਾਂਦਾ ਹੈ। ਜੇਕਰ ਇਹ ਵੀ ਸੋਚਿਆ ਜਾਵੇ ਕਿ ਉਹ ਅੱਲੜ ਉਮਰ ਵਿੱਚ ਹਨ ਤੇ ਉਹਨਾਂ ਨੂੰ ਆਪਣਾ ਭਲਾ- ਬੁਰਾ ਨਹੀਂ ਪਤਾ ਹੁੰਦਾ । ਤਾਂ ਫਿਰ ਇਸਦੀ ਉਦਾਹਰਣ ਇਹ ਹੈ ਕਿ ਜਦੋਂ ਅਸੀਂ ਬਾਰਵੀਂ ਪਾਸ ਧੀਆਂ- ਪੁੱਤਰਾਂ ਨੂੰ ਪੜ੍ਹਨ ਲਈ ਕੈਨੇਡਾ ਭੇਜਦੇ ਹਾਂ ਜਾਂ ਜਦੋਂ ਯੂ. ਪੀ. ,ਬਿਹਾਰ ਦੇ 22-23 ਸਾਲ ਦੇ ਬੱਚਿਆਂ ਨੂੰ ਆਈ.ਏ.ਐਸ, ਆਈ.ਪੀ.ਐਸ ਬਣੇ ਦੇਖਦੇ ਹਾਂ ਤਾਂ ਸਾਡਾ ਦਿਮਾਗ ਇੱਕ ਦਮ ਸੁੰਨ ਹੋ ਜਾਂਦਾ ਹੈ ਕਿ ਉਹਨਾਂ ਦੀ ਅੱਲੜ ਉਮਰ ਅਤੇ ਸਾਡੇ ਬੱਚਿਆਂ ਦੀ ਅੱਲੜ ਉਮਰ ਵਿੱਚ ਫਰਕ ਕੀ ਹੈ। ਕੀ ਕਹੀਏ, ਕੀ ਸਾਡੇ ਬੱਚੇ ਹੁਣ ਕੁਝ ਵੀ ਕਰਨ ਦੇ ਕਾਬਿਲ ਨਹੀਂ ਰਹੇ। ਜੇਕਰ ਜ਼ਿਲ੍ਹੇ ਵਾਇਜ਼ ਦੇਖੀਏ ਤਾਂ ਜ਼ਿਲਾ ਫਿਰੋਜ਼ਪੁਰ ਦੇ ਜ਼ੀਰਾ ਵਿੱਚ ਟਿੱਬਾ ਬਸਤੀ ਅਤੇ ਅਮਿ੍ਰੰਤਸਰ ਦੇ ਮਕਬੂਲਪੁਰਾ ਪਿੰਡ ਵਿੱਚ ਪਿਛਲੇ ਸਮੇਂ ਵਿੱਚ ਨਸ਼ੇ ਦੀ ਓਵਰਡੋਜ਼ ਕਾਰਣ ਸਭ ਤੋਂ ਵੱਧ ਮੌਤਾਂ ਹੋਈਆਂ ਹਨ। ਸ਼ਾਇਦ ਕੋਈ ਹੀ ਦਿਨ ਹੋਵੇ ਜਦੋਂ ਨਸ਼ੇ ਨਾਲ ਹੁੰਦੀ ਮੌਤ ਰਿਪੋਰਟ ਨਾ ਕੀਤੀ ਜਾਂਦੀ ਹੋਵੇ।
ਇਸਦਾ ਇੱਕ ਮੁੱਖ ਕਾਰਣ ਬੱਚਿਆਂ ਦਾ ਲੋੜ ਤੋਂ ਵੱਧ ਆਸ਼ਾਵਾਦੀ ਹੋਣਾ, ਘੱਟ ਮਿਹਨਤ ਅਤੇ ਘੱਟ ਸਾਲ ਲਗਾ ਕੇ ਰਾਤੋਂ- ਰਾਤ ਅਮੀਰ ਹੋਣਾ ਵੀ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਨਸ਼ਿਆਂ ਦੀ ਦਲਦਲ ਵੱਲ ਧੱਕਦਾ ਹੈ। ਸਾਡੀ ਨੌਜਵਾਨੀ ਫੁੱਕਰ ਪੁਣੇ ਦੇ ਉਸ ਪੜਾਅ ਤੇ ਖੜੀ ਹੈ ਕਿ ਉਹ ਨਾਟਕੀ ਅੰਦਾਜ ਨਾਲ ਗੀਤ ਗਾਉਂਦੇ ਹੋਏ ਗਾਇਕਾਂ ਨੂੰ ਆਪਣੇ ਰੋਲ ਮਾਡਲ ਮੰਨਦੇ ਹਨ। ਸੰਸਾਰ ਐਨਾ ਕੁ ਜ਼ਿਆਦਾ ਖ਼ਪਤਵਾਦੀ ਹੋ ਚੁੱਕਿਆ ਹੈ ਕਿ ਹਰ ਬੰਦਾ, ਹਰ ਵਰਗ ਆਪਣੇ ਸ੍ਰੋਤਾਂ ਜਾਂ ਆਮਦਨ ਤੋਂ ਵੱਧ ਸਹੂਲਤਾਂ ਦੇ ਸੁਪਨੇ ਵੇਖਦਾ ਕਈ ਵਾਰ ਨਿਰਾਸ਼ਾਵਾਦੀ ਰਾਹ ਤੇ ਤੁਰਦੇ ਹੋਏ ਉੱਧਰ ਆ ਜਾਂਦਾ ਹੈ, ਜਿੱਥੋਂ ਬਾਹਰ ਜਾਣ ਦਾ ਰਸਤਾ ਸਿਰਫ ਮੌਤ ਹੈ। ਸਮੇਂ ਦੀਆਂ ਸਰਕਾਰਾਂ ਖਾਸ ਕਰ ਕੈਪਟਨ ਅਮਰਿੰਦਰ ਸਿੰਘ ਦੀ ਕਾਗਰਸ ਸਰਕਾਰ ਜੋ ਇੱਕ ਮਹੀਨੇ ਵਿੱਚ ਨਸ਼ਾ ਖਤਮ ਕਰਨ ਦਾ ਦਾਅਵਾ ਕਰਦੀ ਸੀ, ਇਸਨੂੰ ਖਤਮ ਤਾਂ ਛੱਡੋ ਘਟਾ ਵੀ ਨਹੀਂ ਪਾਈ। ਪੰਜਾਬ ਸਰਕਾਰ ਵੱਲੋਂ 2018 ਵਿੱਚ ਸ਼ੁਰੂ ਕੀਤਾ 3141 (ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਵਿਰੁੱਧ ਵਿਆਪਕ ਕਾਰਵਾਈ ਰੋਕੂ) ਕਾਨੂੰਨ ਮਹਿਜ਼ ਇੱਕ ਕਾਗਜ਼ੀ ਜ਼ਹਾਜ ਤੋਂ ਬਿਨਾਂ ਕੁਝ ਵੀ ਸਾਬਿਤ ਨਹੀਂ ਹੋ ਸਕਿਆ। ਇਸ ਸਾਲ15 ਅਗਸਤ ਤੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੁਆਰਾ ਦਿੱਤਾ ਬਿਆਨ ਕਿ ਅਗਲੀ 15 ਅਗਸਤ ਤੱਕ ਨਸ਼ੇ ਨੂੰ ਖਤਮ ਕਰ ਦਿੱਤਾ ਜਾਵੇਗਾ ਦੀ ਕਾਰਗੁਜ਼ਾਰੀ ਵਕਤ ਹੀ ਤੈਅ ਕਰੇਗਾ।
ਹਾਲ ਹੀ ਵਿੱਚ ‘ਇੰਡੀਅਨ ਕੌਂਸਲ ਆਫ ਸੋਸ਼ਲ ਸਾਇੰਸ ਰਿਸਰਚ’ (93SSR) ਦੁਆਰਾ ਕੀਤੇ ਗਏ ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਰਾਜਨੀਤਿਕ ਨੇਤਾ ਵੀ ਨਸ਼ਾ ਤਸਕਰਾਂ ਦੀ ਸਰਪ੍ਰਸਤੀ ਕਰ ਰਹੇ ਹਨ। ਅਧਿਐਨ ਦਾ ਮੁੱਖ ਕੇਂਦਰ ਪੰਜਾਬ ਹੈ ਪਰ ਹਰਿਆਣਾਂ, ਹਿਮਾਚਲ ਅਤੇ ਜੰਮੂ ਕਸ਼ਮੀਰ ਇਸ ਅਧਿਐਨ ਵਿੱਚ ਸ਼ਾਮਿਲ ਕੀਤੇ ਹਨ। ਇਹ ਅਧਿਐਨ ‘ਭਾਰਤ ਵਿੱਚ ਨਸ਼ਾਖੋਰੀ ਅਤੇ ਦੁਰਵਿਵਹਾਰ ਦੀ ਗਤੀਸ਼ੀਲਤਾਂ –ਰੂਟਲੇਜ਼’ ਯੂ. ਕੇ ਦੇ ਨਾਮ ਨਾਲ ਪ੍ਰਕਾਸ਼ਿਤ ਹੈ। ਇਸ ਅਧਿਐਨ ਦਾ ਮੂਲ ਉਦੇਸ਼ ਨਸ਼ਿਆਂ ਦੀ ਸਮਾਜਿਕ –ਸਭਿਆਚਾਰਕ ਅਤੇ ਰਾਜਨੀਤਿਕ ਆਰਥਿਕ ਗਤੀਸ਼ੀਲਤਾ ਦਾ ਵਿਸ਼ਲੇਸ਼ਣ ਕਰਨਾ ਸੀ।
ਨਸ਼ਿਆਂ ਦੀ ਵੱਧ ਰਹੀ ਤਸਕਰੀ ਦੀ ਮਾਤਰਾ ਨੇ ਇਸਨੂੰ ਭਾਰਤ ਦੇ ਦੂਜੇ ਰਾਜਾਂ ਦੇ ਮੁਕਾਬਲੇ ਸਭ ਤੋਂ ਵੱਧ ਕਰਨ ਵਾਲਾ ਬਦਨਾਮ ਸੂਬਾ ਬਣਾ ਦਿੱਤਾ ਹੈ। ਪੰਜਾਬ ਵਿੱਚ ਨਸ਼ਾਖੋਰੀ ਤੇ ਖੁੱਲੀ ਸਿਆਸਤ 2013 ਸਮੇਂ ਸ਼ੁਰੂ ਹੋਈ ਜਿਸ ਵਿੱਚ ਪੰਜਾਬ-ਪੁਲਿਸ ਦੇ ਬਰਖਾਸਤ ਡੀ. ਐਸ. ਪੀ. ਜਗਦੀਸ਼ ਸਿੰਘ ਭੋਲਾ ਦੀ ਕਰੋੜਾਂ ਦੇ ਡਰੱਗ ਰੈਕੇਟ ਵਿੱਚ ਗਿ੍ਰਫਤਾਰੀ ਹੋਈ ਸੀ। ਫਿਰ 2016 ਵਿੱਚ, 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰਿਲੀਜ਼ ਹੋਈ ਫਿਲਮ ‘ਉੜਤਾ ਪੰਜਾਬ’ ਨੇ ਪੰਜਾਬ ਨੂੰ ਰਾਸ਼ਟਰੀ ਪੱਧਰ ਤੇ ਬਦਨਾਮ ਕਰਨ ਦੀ ਕੋਈ ਕਸਰ ਨਾ ਛੱਡੀ। 2017 ਦੀਆਂ ਚੋਣਾਂ ਵਿੱਚ ਹਰ ਰਾਜਨੀਤਿਕ ਦਲ ਦੇ ਚੋਣ ਮੈਨੀਫੈਸਟੋ ਵਿੱਚ ਇਹ ਮੁੱਦਾ ਉਭਾਰਿਆ ਗਿਆ ਹੈ ਪਰ ਠੋਸ ਕਦਮ ਚੁੱਕਣ ਦੀ ਕਮੀ ਹੀ ਰਹੀ।
ਹੁਣ ਸੋਚੀਏ ਕਿ ਇਸਨੂੰ ਬੰਨ ਲਾ- ਕੇ ਰੋਕਣ ਦਾ ਕੰਮ ਸਿਵਲ ਸੁਸਾਇਟੀ ਸੰਸਥਾਵਾਂ , ਐਨ.ਜੀ.ਓ, ਧਾਰਮਿਕ ਸੰਸਥਾਵਾਂ, ਲੋਕਾਂ ਅਤੇ ਨੌਜ਼ਵਾਨਾਂ ਨੂੰ ਖੁਦ ਰਲ ਕੇ ਕਰਨਾ ਹੋਵੇਗਾ। ਉਹਨਾਂ ਲੱਖਾਂ ਫੁੱਟ ਦੀਆਂ ਕੰਰੂਬਲਾਂ ਨੂੰ ਫੁੱਲ ਬਣਨ ਤੋਂ ਕੋਈ ਰੋਕ ਨਾ ਸਕੇ। ਪਿੰਡਾਂ ਵਿੱਚ ਲੱਗ ਰਹੇ ਠੀਕਰੀ ਪਹਿਰੇ, ਖਾਸ ਕਰ ਬਠਿੰਡੇ ਦੇ ਕਈ ਪਿੰਡਾਂ ਵਿੱਚ ਖ਼ੁਦ ਜ਼ਨਾਨੀਆਂ ਦੁਆਰਾ ਰਾਤਾਂ ਨੂੰ ਦਿੱਤੇ ਜਾ ਰਹੇ ਠੀਕਰੀ ਪਹਿਰੇ ਪਿੰਡਾਂ ਦੇ ਲੋਕਾਂ ਦੀ ਆਪਣੇ ਜਵਾਨ ਪੁੱਤਰਾਂ ਨੂੰ ਬਚਾਉਣ ਲਈ ਤਲਬ ਦਾ ਇੱਕ ਜਿਉਂਦਾ ਜਾਗਦਾ ਸਬੂਤ ਹੈ। ਲੋਕਾਂ ਨੂੰ ਖੁਦ ਅੱਗੇ ਆ ਕੇ ਨਸ਼ਾ ਵੇਚਣ ਵਾਲੇ ਲੋਕਾਂ ਨੂੰ ਕਾਨੂੰਨ ਆਪਣੇ ਹੱਥਾਂ ਵਿੱਚ ਨਾ ਲੈ ਕੇ ਪੁਲਿਸ ਹਵਾਲੇ ਕਰਨਾ ਚਾਹੀਦਾ ਹੈ।ਚੜਦੀ ਉਮਰ ਦੇ ਪਾੜੇ ਨੌਜ਼ਵਾਨਾਂ ਜਾਂ ਬੇਰੁਜ਼ਗਾਰ ਨੌਜ਼ਵਾਨਾਂ ਲਈ ਜਾਗਰੂਕਤਾ ਕੈਂਪ ਲਗਾਉਣੇ ਚਾਹੀਦੇ ਹਨ। ਇਸ ਕੰਮ ਲਈ ਵੱਧ ਤੋਂ ਵੱਧ ਸਾਈਕੌਲੋਜ਼ੀ ਗ੍ਰੈਜੂਏਟ ਜਾਂ ਪੋਸਟ ਗ੍ਰੈਜੂਏਟ ਪ੍ਰੀਖਿਆਰਥੀ ਹਾਇਰ ਕਰਕੇ ਵੱਧ ਤੋਂ ਵੱਧ ਨਸ਼ਾ ਛੱਡਣ ਦੇ ਚਾਹਵਾਨਾਂ ਨੂੰ ਨਸ਼ਾ ਛਡਾਓ ਕੇਂਦਰ ਅਤੇ ਕਾਊਂਸਲਿੰਗ ਸੈਂਟਰ ਖੋਲਣੇ ਚਾਹੀਦੇ ਹਨ। ਸਰਕਾਰ ਨੂੰ ਇਹਨਾਂ ਕੇਂਦਰਾ ਵਾਸਤੇ ਅਲੱਗ ਤੋਂ ਦਵਾਈਆਂ ਅਤੇ ਖੁਰਾਕ ਲਈ ਫੰਡ ਦੇਣੇ ਚਾਹੀਦੇ ਹਨ। ਨੌਜ਼ਵਾਨਾਂ ਲਈ ਖੇਡਾਂ ਦਾ ਸਾਜ਼ਗਰ ਮਾਹੌਲ ਮੁੱਹਈਆਂ ਕਰਵਾਇਆ ਜਾਵੇ ਅਤੇ ਖਿਡਾਰੀਆਂ ਨੂੰ ਉਤਸਾਹਿਤ ਕਰਨ ਲਈ ਉਹਨਾਂ ਨੂੰ ਚੰਗੀਆਂ ਨੌਕਰੀਆਂ ਅਤੇ ਹੋਰ ਸਹੂਲਤਾਂ ਮੁੱਹਈਆਂ ਕਰਵਾਈਆਂ ਜਾਣ। ਸਾਡਾ ਗੁਆਂਢੀ ਸੂਬਾ ਹਰਿਆਣਾ ਇੱਕ ਖੇਡਾਂ ਅਤੇ ਨੌਜ਼ਵਾਨੀ ਦੇ ਚੰਗੇ ਗੁਣਾਂ ਕਾਰਣ ਹੀ ਕਈ ਪੱਖਾਂ ਵਿੱਚ ਸਾਡੇ ਤੋਂ ਅੱਗੇ ਨਿਕਲ ਚੁੱਕਾ ਹੈ। ਬਾਕੀ ਕਿਤੇ ਨਾ ਕਿਤੇ ਪੜੀ-ਲਿਖੀ ਬੇਰੁਜ਼ਗਾਰ ਨੌਜ਼ਵਾਨੀ ਵੀ ਇਸ ਬਿਮਾਰੀ ਦੀ ਸ਼ਿਕਾਰ ਹੋਈ ਹੈ। 2.1, 2.“ech, 231, Ph.d ਕਰਕੇ ਵੀ ਨੌਕਰੀਆਂ ਨਹੀਂ ਮਿਲਦੀਆਂ। ਖੇਤੀਬਾੜੀ ਆਧਾਰਿਤ ਸੂਬਾ ਹੋਣ ਕਾਰਣ ਇੰਡਸਟਰੀ ਬਹੁਤੀ ਹੈ ਨਹੀਂ, ਪਰ ਖੇਤੀ ਆਧਾਰਿਤ ਇੰਡਸਟਰੀ ਨੂੰ ਬੜਾਵਾ ਦੇ ਕੇ ਨੌਜ਼ਵਾਨਾਂ ਨੂੰ ਉੱਥੇ ਨੌਕਰੀਆਂ ਦੇਣੀਆਂ ਚਾਹੀਦੀਆਂ ਹਨ। ਪ੍ਰਾਈਵੇਟ ਇਨਵੈਸਟਮੈਟ ਤਹਿਤ ਰੁਜ਼ਗਾਰ ਦੇ ਮੌਕੇ ਪੈਂਦਾ ਕੀਤੇ ਜਾ ਸਕਦੇ ਹਨ। ਸਕੂਲਾਂ- ਕਾਲਜ਼ਾਂ ਵਿੱਚ ਨੌਕਰੀ ਪੇਸ਼ਾ ਨਹੀਂ ਸਗੋਂ ਕਿੱਤਾ- ਮੁੱਖੀ ਕੋਰਸਾਂ ਨੂੰ ਅਪਣਾਉਣਾਂ ਚਾਹੀਦਾ ਹੈ। ‘ਨਸ਼ਾ-ਰੋਕੂ ਮਿੱਤਰ’ ਵਰਗੇ ਅਹੁਦੇ ਸ਼ੁਰੂ ਕਰਕੇ ਪਿੰਡ- ਪਿੰਡ ਪ੍ਰਚਾਰ ਕਮੇਟੀਆਂ ਬਣਾਈਆਂ ਜਾਣ। ਸਕੂਲਾਂ-ਕਾਲਜਾਂ ਵਿੱਚ ਨੌਜ਼ਵਾਨਾਂ ਨੂੰ ਜਾਗਰੂਕ ਕੀਤਾ ਜਾਵੇ। ਬਾਕੀ ਸਭ ਤੋਂ ਵੱਧ ਜਿੰਮੇਵਾਰੀ ਮਾਪਿਆਂ ਦੀ ਹੋਵੇ ਕਿ ਉਹ ਆਪਣੇ ਬੱਚੇ ਦੀ ਅੱਲੜ ਉਮਰ ਸਾਧਾਰਣ ਸੁਭਾਅ ਵਿੱਚ ਆ ਰਹੇ ਵਰਤਾਰੇ ਦੀ ਪਛਾਣ ਕਰ ਸਕਣ।
ਸਮੇਂ ਦੀ ਸਰਕਾਰ ਦੁਆਰਾ ਠੋਸ ਅਤੇ ਸਖ਼ਤ ਕਾਨੂੰਨ ਬਣਾਏ ਜਾਣ, ਸਖ਼ਤ ਸਜ਼ਾਵਾ ਜਾਂ ਸਖ਼ਤ ਜੁਰਮਾਨੇ ਕੀਤੇ ਜਾਣ, ਮੈਡੀਕਲ ਸਟੋਰਾਂ ਦੇ ਲਾਇਸੈਂਸ ਰੱਦ ਕੀਤੇ ਜਾਣ ਆਦਿ। ਆਪਣੇ ਨਾਗਰਿਕਾਂ ਨੂੰ ਬਚਾਉਣ ਲਈ ਕਾਨੂੰਨਾਂ ਦਾ ਸਖ਼ਤੀ ਨਾਲ ਪਾਲਣ ਜ਼ਰੂਰੀ ਹੈ ਤਾਂ ਕਿ ਨਸ਼ੇ ਵੇਚਣ ਵਾਲਿਆਂ ਵਿੱਚ ਭੈਅ ਪੈਦਾ ਹੋ ਸਕੇ । ਸੋ ਸਭ ਦੇ ਰਲੇ ਮਿਲੇ ਯਤਨਾਂ ਸਦਕਾ ਅਸੀਂ ਨਸ਼ੇ ਰੂਪੀ ਕੋਹੜ ਨੂੰ ਖਤਮ ਕਰ ਸਕਾਂਗੇ।ਪਰ ਸਰਕਾਰ ਹੀ ਹੈ ਜੋ ਇਨ੍ਹਾਂ ਯਤਨਾਂ ਨੂੰ ਸਾਰਥਕ ਬਣਾ ਸਕਦੀ ਹੈ।
-ਮੋਬਾ: 98145 48018
ਡਾ. ਸੁਖਚੈਨ ਸਿੰਘ ਬਲਿਆਲ

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ