Thursday, September 28, 2023  

ਲੇਖ

ਨਸ਼ਿਆਂ ਨੇ ਪੱਟ ਤੇ ਪੰਜਾਬੀ ਗੱਭਰੂ

September 17, 2023

ਸੋਹਣੇ ਸੁਨੱਖੇ ਉੱਚੇ ਲੰਬੇ ਪੰਜਾਬੀ ਗੱਭਰੂ ਪੰਜਾਬ ਦੀ ਸ਼ਾਨ ਹੁੰਦੇ ਸਨ ਅਤੇ ਪੰਜਾਬੀ ਗੱਭਰੂਆਂ ਉੱਤੇ ਪੰਜਾਬ ਨੂੰ ਮਾਣ ਹੁੰਦਾ ਸੀ। ਸਾਡੇ ਨੌਜਵਾਨ ਜਿੱਥੇ ਵੀ ਜਾਂਦੇ ਸਨ ਧੂੜਾਂ ਪੱਟ ਦਿੰਦੇ ਸਨ ਅਤੇ ਇਸੇ ਕਰਕੇ ਸਾਡੇ ਪੰਜਾਬ ਨੂੰ ਰੰਗਲਾ ਪੰਜਾਬ ਕਿਹਾ ਜਾਂਦਾ ਸੀ।
ਅੱਜ ਇਹ ਗੱਲਾਂ ਬੀਤੇ ਸਮੇਂ ਦੀਆਂ ਲੱਗਦੀਆਂ ਹਨ। ਅੱਜ ਸਾਡੇ ਰੰਗਲੇ ਪੰਜਾਬ ਨੂੰ ਨਜ਼ਰ ਲੱਗ ਗਈ ਹੈ। ਅੱਜ ਦੇ ਗੱਭਰੂਆਂ ਨੂੰ ਨਸ਼ਿਆਂ ਨੇ ਪੱਟ ਦਿੱਤਾ ਹੈ। ਜਵਾਨੀਆਂ ਗਾਲ ਦਿੱਤੀਆਂ ਹਨ। ਕਈਆਂ ਨੇ ਤਾਂ ਅਜੇ ਜਵਾਨੀ ਦੀ ਦਹਿਲੀਜ ’ਤੇ ਕਦਮ ਰੱਖਿਆ ਵੀ ਨਹੀਂ ਹੁੰਦਾ, ਪਹਿਲਾਂ ਹੀ ਨਸ਼ੇ ਦੀ ਭੇਂਟ ਚੜ੍ਹ ਜਾਂਦੇ ਹਨ।
ਮਾਪਿਆਂ ਦੇ ਇਕਲੌਤੇ ਪੁੱਤਰ ਨਸ਼ਿਆਂ ਨੇ ਖਾ ਲਏ ਹਨ। ਚਾਂਵਾਂ ਨਾਲ ਪਾਲੇ ਪੁੱਤਰਾਂ ਨੂੰ ਨਸ਼ਿਆਂ ਨੇ ਖੋਖਲਾ ਕਰ ਦਿੱਤਾ ਹੈ ਅਤੇ ਉਹ ਕਾਲ ਦੇ ਮੂੰਹ ਵਿੱਚ ਜਾ ਰਹੇ ਹਨ। ਪੰਜਾਬ ਦੇ ਗੱਭਰੂ ਹੀ ਨਹੀਂ ਮੁਟਿਆਰਾਂ ਵੀ ਨਸ਼ਿਆਂ ਦੇ ਸੇਵਨ ਵਿੱਚ ਪਿੱਛੇ ਨਹੀਂ ਰਹੀਆਂ। ਵੱਡੀ ਗਿਣਤੀ ਵਿੱਚ ਮੁਟਿਆਰਾਂ ਨਸ਼ਿਆਂ ਦੇ ਸੇਵਨ ਦੀਆਂ ਆਦੀ ਹੋ ਚੁੱਕੀਆਂ ਹਨ।
ਅੱਜ ਦੇ ਸੋਸ਼ਲ ਮੀਡੀਆ ਯੁਗ ਵਿੱਚ ਹਰ ਨਿੱਕੀ ਮੋਟੀ ਗੱਲ ਦੀ ਵੀਡੀਓ ਬਣ ਜਾਂਦੀ ਹੈ ਅਤੇ ਵਾਇਰਲ ਹੋ ਜਾਂਦੀ ਹੈ। ਨਸ਼ੇ ਵਿੱਚ ਟੱਲੀ ਪੰਜਾਬੀ ਗੱਭਰੂਆਂ ਅਤੇ ਮੁਟਿਆਰਾਂ ਦੀਆਂ ਵੀਡੀਓ ਵੀ ਨਿੱਤ ਆਉਂਦੀਆਂ ਰਹਿੰਦੀਆਂ ਹਨ ਜਿਨ੍ਹਾਂ ਨੂੰ ਵੇਖ ਕੇ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ ਕਿ ਇਹ ਸਾਰਾ ਕੁੱਝ ਸਾਡੇ ਪੰਜਾਬ ਵਿੱਚ ਹੋ ਰਿਹਾ ਹੈ। ਨਸ਼ੇ ਦੇ ਓਵਰਡੋਜ਼ ਨਾਲ ਹਰ ਰੋਜ਼ ਹੀ ਕਈ -ਕਈ ਮੌਤਾਂ ਹੋ ਰਹੀਆਂ ਹਨ।
ਨਸ਼ਿਆਂ ਨੇ ਹੋਰਨਾਂ ਅਪਰਾਧਾਂ ਨੂੰ ਵੀ ਜਨਮ ਦਿੱਤਾ ਹੈ। ਨਸ਼ੇ ਦੇ ਆਦੀ ਹੋ ਚੁੱਕੇ ਨਸ਼ੇੜੀਆਂ ਨੂੰ ਹਰ ਹਾਲ ਵਿੱਚ ਨਸ਼ਾ ਚਾਹੀਦਾ ਹੁੰਦਾ ਹੈ। ਉਸ ਵਾਸਤੇ ਉਹਨਾਂ ਤੋਂ ਜੋ ਬਣਦਾ ਹੈ ਉਹ ਕਰਨ ਵਾਸਤੇ ਤਿਆਰ ਹੋ ਜਾਂਦੇ ਹਨ। ਘਰ ਦਾ ਸਾਮਾਨ ਵੇਚ ਦਿੰਦੇ ਹਨ। ਲੁੱਟਾਂ-ਖੋਹਾਂ, ਚੋਰੀਆਂ-ਚਕਾਰੀਆਂ ਤੇ ਉਤਰ ਜਾਂਦੇ ਹਨ। ਪੰਜਾਬ ਵਿੱਚ ਲੁੱਟਾਂ ਖੋਹਾਂ ਤੇ ਚੋਰੀਆਂ ਦੀਆਂ ਘਟਨਾਵਾਂ ਵਿੱਚ ਵੀ ਬਹੁਤ ਵਾਧਾ ਹੋ ਗਿਆ ਹੈ ਜਿਨਾਂ ’ਤੇ ਨਾ ਤਾਂ ਪੁਲੀਸ ਦਾ ਕੋਈ ਕਾਬੂ ਹੈ ਅਤੇ ਨਾ ਹੀ ਸਰਕਾਰ ਦਾ।
ਨਸ਼ਿਆਂ ਨੇ ਪੰਜਾਬ ਵਿੱਚ ਮਹਾਮਾਰੀ ਦਾ ਰੂਪ ਧਾਰਨ ਕਰ ਲਿਆ ਹੈ। ਬਹੁਤ ਘਰ ਉਜਾੜ ਦਿੱਤੇ ਹਨ। ਮਾਂਵਾਂ ਦੇ ਪੁੱਤਰ ਖੋਹ ਲਏ ਹਨ, ਬੱਚਿਆਂ ਤੋਂ ਪਿਤਾ ਖੋਹ ਲਏ ਹਨ, ਸੁਹਾਗਣਾਂ ਤੋਂ ਸੁਹਾਗ ਖੋਹ ਲਏ ਹਨ। ਪੰਜਾਬ ਦੇ ਕਈ ਖੇਤਰਾਂ ਵਿੱਚ ਨਸ਼ਿਆਂ ਦਾ ਜ਼ਿਆਦਾ ਜ਼ੋਰ ਹੈ। ਕਈ ਪੇਂਡੂ ਇਲਾਕਿਆਂ ਵਿੱਚ ਨੌਜਵਾਨ ਬੁਰੀ ਤਰ੍ਹਾਂ ਨਸ਼ੇ ਨੇ ਜਕੜ ਲਏ ਹਨ।
ਸਰਕਾਰਾਂ ਬਦਲਦੀਆਂ ਰਹਿੰਦੀਆਂ ਹਨ ਅਤੇ ਜਦੋਂ ਵੀ ਨਵੀਂ ਸਰਕਾਰ ਬਣਦੀ ਹੈ ਪਹਿਲਾ ਮੁੱਦਾ ਨਸ਼ਿਆਂ ਨੂੰ ਹੱਲ ਕਰਨ ਦੇ ਵਾਅਦੇ ਨਾਲ ਬਣਦੀ ਹੈ, ਪਰ ਕਾਰਵਾਈ ਕੋਈ ਨਹੀਂ ਕੀਤੀ ਜਾਂਦੀ। ਜੋ ਜਿਸ ਤਰ੍ਹਾਂ ਚੱਲ ਰਿਹਾ ਹੁੰਦਾ ਹੈ ਉਸੇ ਤਰ੍ਹਾਂ ਚੱਲਦਾ ਰਹਿੰਦਾ ਹੈ। ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਪੁਲੀਸ ਵੱਲੋਂ ਵੱਡੀ ਮਾਤਰਾ ਵਿੱਚ ਨਸ਼ਾ ਬਰਾਮਦ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ। ਫਿਰ ਵੀ ਸਭ ਕੁੱਝ ਉਸੇ ਤਰ੍ਹਾਂ ਚਲਦਾ ਰਹਿੰਦਾ ਹੈ। ਨਸ਼ੇ ਦਾ ਵਪਾਰ ਲਗਾਤਾਰ ਚੱਲ ਰਿਹਾ ਹੈ ਅਤੇ ਉਸ ਤੇ ਕਾਬੂ ਨਹੀਂ ਪਾਇਆ ਜਾ ਰਿਹਾ।
ਜੇਕਰ ਅੱਜ ਇਹ ਹਾਲਾਤ ਹਨ ਤਾਂ ਅੱਗੇ ਜਾ ਕੇ ਇਹ ਹੋਰ ਵੀ ਗੰਭੀਰ ਹੋ ਸਕਦੇ ਹਨ। ਜੇ ਅਸੀਂ ਹੁਣ ਵੀ ਨਾ ਜਾਗੇ ਤਾਂ ਇਸ ਦੇ ਗੰਭੀਰ ਨਤੀਜੇ ਸਾਨੂੰ ਭੁਗਤਣੇ ਪੈਣਗੇ। ਜੇਕਰ ਅਸੀਂ ਆਉਣ ਵਾਲੀ ਪੀੜ੍ਹੀ ਨੂੰ, ਆਪਣੇ ਬੱਚਿਆਂ ਨੂੰ ਸੁਰੱਖਿਅਤ ਰੱਖਣਾ ਹੈ, ਨਸ਼ਿਆਂ ਤੋਂ ਦੂਰ ਰੱਖਣਾ ਹੈ ਤਾਂ ਸਾਨੂੰ ਖੁਦ ਜਾਗਣਾ ਪਵੇਗਾ। ਪੰਜਾਬ ਨੂੰ ਜਾਗਣਾ ਪਵੇਗਾ। ਨਸ਼ਿਆਂ ਦੇ ਖ਼ਿਲਾਫ਼ ਜ਼ੋਰਦਾਰ ਆਵਾਜ਼ ਚੁੱਕਣੀ ਪਵੇਗੀ। ਇੱਕ ਮੁਹਿੰਮ ਚਲਾਉਣੀ ਪਵੇਗੀ। ਸਰਕਾਰ ਨੂੰ ਜਗਾਉਣਾ ਪਵੇਗਾ। ਆਪਣੇ ਬੱਚਿਆਂ ਦੇ ਪਹਿਰੇਦਾਰ ਬਣਨਾ ਪਵੇਗਾ। ਉਹਨਾਂ ਨੂੰ ਜਾਗਰੂਕ ਕਰਨਾ ਪਵੇਗਾ ਤਾਂ ਕਿ ਉਹ ਮਾੜੀ ਸੰਗਤ ਤੋਂ ਬਚ ਸਕਣ। ਜੇ ਅਗਲੀ ਪੀੜ੍ਹੀ ਨਸ਼ਿਆਂ ਤੋਂ ਮੁਕਤ ਹੋਵੇਗੀ ਤਾਂ ਹੀ ਇੱਕ ਸਿਹਤਮੰਦ ਜਿੰਦਗੀ ਜੀਅ ਸਕੇਗੀ।
ਗੁਰਮੀਤ ਕੌਰ
-ਮੋਬਾ: 9041747107

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ