Sunday, May 26, 2024  

ਲੇਖ

ਮਹਾਨ ਕ੍ਰਾਂਤੀਕਾਰੀ ਮਦਨ ਲਾਲ ਢੀਂਗਰਾ ਨੂੰ ਯਾਦ ਕਰਦਿਆਂ...

September 17, 2023

ਭਾਰਤ ਦੇਸ਼ ਨੂੰ ਆਜ਼ਾਦ ਕਰਾਉਣ ਲਈ ਜੇ ਇਤਹਾਸ ਦੇ ਪੰਨੇ ਫਰੋਲੀਏ ਤਾਂ ਕਈ ਮਹਾਨ ਇਨਕਲਾਬੀਆਂ ਤੇ ਦੇਸ਼ ਭਗਤਾਂ ਦੇ ਨਾਂਅ ਸਾਹਮਣੇ ਆਉਣਗੇ। ਇਹਨਾਂ ਮਹਾਨ ਦੇਸ਼ ਭਗਤਾਂ ਨੇ ਭਾਰਤ ਮਾਂ ਦੇ ਗਲੋਂ ਗੁਲਾਮੀ ਦਾ ਜੂਲਾ ਲਾਹੁਂਣ ਲਈ ਹੱਸ-ਹੱਸ ਫਾਂਸੀਆਂ ਦੇ ਰੱਸੇ ਚੁੰਮੇ ਪਰ ਰਤੀ ਭਰ ਵੀ ਡੋਲੇ ਨਹੀ। ਇਸੇ ਲੜੀ ਤਹਿਤ ਮਹਾਨ ਸ਼ਹੀਦ ਦੇਸ਼ ਭਗਤ ਹੋਏ ਹਨ ਜਿੰਨ੍ਹਾਂ ਦਾ ਨਾਂਅ ਹੈ ਸ਼ਹੀਦ ਮਦਨ ਲਾਲ ਢੀਂਗਰਾਂ। ਦੇਸ਼ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਵਿੱਚ ਜਕੜਿਆ ਦੇਖ ਮਨ ਵਿੱਚ ਦਰਦ ਸ਼ੁਰੂ ਹੋਇਆ ਅਤੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਮਨ ਵਿੱਚ ਧਾਰ ਲਈ।
ਮਦਨ ਲਾਲ ਢੀਂਗਰਾ ਦਾ ਜਨਮ 18 ਸਤੰਬਰ 1883 ਨੂੰ ਪੰਜਾਬ ਦੇ ਇੱਕ ਅਮੀਰ ਹਿੰਦੂ ਪਰਿਵਾਰ ਵਿੱਚ ਹੋਇਆ ਸੀ। ਉਸ ਦਾ ਪਿਤਾ ਸਿਵਲ ਸਰਜਨ ਸੀ ਅਤੇ ਪੂਰੀ ਤਰ੍ਹਾਂ ਅੰਗਰੇਜ਼ੀ ਬੋਲਦਾ ਸੀ। ਪਰ ਮਾਂ ਬਹੁਤ ਧਾਰਮਿਕ ਔਰਤ ਸੀ ਅਤੇ ਭਾਰਤੀ ਕਦਰਾਂ-ਕੀਮਤਾਂ ਨਾਲ ਭਰਪੂਰ ਸੀ।ਆਪ ਜੀ ਪੜ੍ਹਾਈ ਕਰਨ ਲਈ ਪਹਿਲਾਂ ਅੰਮ੍ਰਿਤਸਰ ਤੇ ਬਾਅਦ ਵਿੱਚ ਬੀ.ਐਸ.ਸੀ ਕਰਨ ਲਈ ਲਾਹੌਰ ਚਲੇ ਗਏ ਜਿੱਥੇ ਪੜ੍ਹਾਈ ਦੌਰਾਨ ਹੀ ਆਪ ਨੂੰ ਦੇਸ਼ ਭਗਤੀ ਦੀ ਲਗਨ ਲੱਗੀ। 1906 ਵਿੱਚ ਆਪ ਆਪਣੇ ਵੱਡੇ ਭਰਾ ਡਾ. ਬਿਹਾਰੀ ਲਾਲ ਢੀਂਗਰਾ ਨਾਲ ਇੰਜ਼ੀਨੀਅਰਿੰਗ ਦੀ ਪੜ੍ਹਾਈ ਲਈ ਲੰਡਨ ਚਲੇ ਗਏ।
ਬਰਤਾਨੀਆ ਹਕੂਮਤ ਦਾ ਆਲ੍ਹਾ ਦਰਜੇ ਦਾ ਫੌਜੀ ਅਫ਼ਸਰ ਕਰਜਨ ਵਾਇਲੀ ਅਤੇ ਆਪ ਦੇ ਪਿਤਾ ਵਿੱਚ ਗੂੜ੍ਹੀ ਦੋਸਤੀ ਸੀ। ਯੂਨੀਵਰਸਿਟੀ ਵਿੱਚ ਪੜ੍ਹਦਿਆਂ ਜੋ ਅੰਗਰੇਜ਼ਾਂ ਵੱਲੋਂ ਭਾਰਤੀਆਂ ਨਾਲ ਭੈੜਾ ਸਲੂਕ ਕੀਤਾ ਜਾਂਦਾ ਸੀ, ਉਸ ਦਾ ਅਸਰ ਮਦਨ ਦੇ ਮਨ ਉੱਤੇ ਬਹੁਤ ਹੋਇਆ। ਉਹ ਇਸ ਦਾ ਬਦਲਾ ਲੈਣਾ ਚਾਹੁੰਦਾ ਸੀ। ਲੰਡਨ ਵਿੱਚ ਉਹ ਵਿਨਾਇਕ ਦਾਮੋਦਰ ਸਾਵਰਕਰ ਅਤੇ ਸ਼ਿਆਮ ਜੀ ਕ੍ਰਿਸ਼ਨ ਵਰਮਾ ਵਰਗੇ ਕੱਟੜ ਦੇਸ਼ ਭਗਤਾਂ ਦੇ ਸੰਪਰਕ ਵਿੱਚ ਆਇਆ। ਸਾਵਰਕਰ ਨੇ ਉਸ ਨੂੰ ਹਥਿਆਰ ਵਰਤਣ ਦੀ ਸਿਖਲਾਈ ਦਿੱਤੀ। ‘ਅਭਿਨਵ ਭਾਰਤ ਮੰਡਲ’ ਦੇ ਮੈਂਬਰ ਹੋਣ ਤੋਂ ਇਲਾਵਾ, ਢੀਂਗਰਾ ‘ਇੰਡੀਆ ਹਾਊਸ’ ਨਾਂ ਦੀ ਇਕ ਸੰਸਥਾ ਵਿਚ ਵੀ ਸ਼ਾਮਲ ਹੋ ਗਏ ਜੋ ਭਾਰਤੀ ਵਿਦਿਆਰਥੀਆਂ ਲਈ ਸਿਆਸੀ ਗਤੀਵਿਧੀਆਂ ਦਾ ਆਧਾਰ ਸੀ। ਇੰਡੀਆ ਹਾਊਸ ਵਿੱਚ ਹੀ ਭਾਰਤੀਆਂ ਨੂੰ ਕ੍ਰਾਂਤੀਕਾਰੀ ਵਿਚਾਰਾਂ ਨਾਲ ਜੋੜਿਆ ਜਾਂਦਾ ਸੀ। ਇੰਡੀਆ ਹਾਊਸ ਮਹਾਨ ਕ੍ਰਾਂਤੀਕਾਰੀ ਸ਼ਿਆਮ ਜੀ ਕ੍ਰਿਸ਼ਨ ਵਰਮਾ ਨੇ ਸਥਾਪਤ ਕੀਤਾ ਸੀ। ਇਸ ਸਮੇਂ ਦੌਰਾਨ ਸਾਵਰਕਰ ਅਤੇ ਢੀਂਗਰਾ ਤੋਂ ਇਲਾਵਾ ਬਰਤਾਨੀਆ ਵਿੱਚ ਪੜ੍ਹਦੇ ਹੋਰ ਵੀ ਬਹੁਤ ਸਾਰੇ ਭਾਰਤੀ ਵਿਦਿਆਰਥੀ ਖੁਦੀਰਾਮ ਬੋਸ, ਕਨਾਨੀ ਦੱਤ, ਸਤਿੰਦਰ ਪਾਲ ਅਤੇ ਕਾਂਸ਼ੀ ਰਾਮ ਵਰਗੇ ਦੇਸ਼ ਭਗਤਾਂ ਨੂੰ ਫਾਂਸੀ ਦੇਣ ਦੀਆਂ ਘਟਨਾਵਾਂ ਤੋਂ ਹੈਰਾਨ ਰਹਿ ਗਏ ਅਤੇ ਉਨ੍ਹਾਂ ਨੇ ਬਦਲਾ ਲੈਣ ਦਾ ਫੈਸਲਾ ਕੀਤਾ।
ਕਰਜਨ ਵਾਇਲੀ ਰਾਜਨੀਤੀ ਵਿੱਚ ਨਿਪੁੰਨ ਆਦਮੀ ਸੀ ਪਰੰਤੂ ਉਹਦੇ ਮਨ ਵਿੱਚ ਭਾਰਤੀਆਂ ਪ੍ਰਤੀ ਈਰਖਾ ਸੀ। ਉਸ ਦਾ ਭਾਰਤੀਆਂ ਪ੍ਰਤੀ ਵਤੀਰਾ ਬਹੁਤ ਮਾੜਾ ਸੀ ਅਤੇ ਉਹ ਭਾਰਤੀ ਵਿਦਿਆਰਥੀਆਂ ਉੱਤੇ ਸਖ਼ਤ ਨਜ਼ਰ ਰੱਖਦਾ ਸੀ। ਕ੍ਰਾਂਤੀਕਾਰੀ ਉਸ ਤੋਂ ਔਖੇ ਸਨ ਅਤੇ ਆਪਣੇ ਰਸਤੇ ਨੂੰ ਸਾਫ ਕਰਨਾ ਚਾਹੁੰਦੇ ਸਨ।
1 ਜੁਲਾਈ 1909 ਨੂੰ, ਬਹੁਤ ਸਾਰੇ ਭਾਰਤੀ ਅਤੇ ਬਿ੍ਰਟਿਸ਼ ਲੰਡਨ ਵਿੱਚ ਇੰਡੀਅਨ ਨੈਸ਼ਨਲ ਐਸੋਸੀਏਸ਼ਨ ਦੇ ਸਾਲਾਨਾ ਦਿਵਸ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਇਕੱਠੇ ਹੋਏ ਸਨ। ਢੀਂਗਰਾ ਅੰਗਰੇਜ਼ਾਂ ਨੂੰ ਸਬਕ ਸਿਖਾਉਣ ਦੇ ਮਕਸਦ ਨਾਲ ਇਸ ਸਮਾਗਮ ਵਿੱਚ ਗਏ ਸਨ। ਜਿਵੇਂ ਹੀ ਅੰਗਰੇਜ਼ਾਂ ਲਈ ਭਾਰਤੀਆਂ ਦੀ ਜਾਸੂਸੀ ਕਰਨ ਵਾਲਾ ਬਰਤਾਨਵੀ ਅਫ਼ਸਰ ਸਰ ਕਰਜ਼ਨ ਵਾਈਲੀ ਹਾਲ ਵਿੱਚ ਦਾਖ਼ਲ ਹੋਇਆ ਤਾਂ ਢੀਂਗਰਾ ਨੇ ਆਪਣੇ ਰਿਵਾਲਵਰ ਵਿੱਚੋਂ ਚਾਰ ਗੋਲੀਆਂ ਦਾਗ਼ ਦਿੱਤੀਆਂ। ਕਰਜ਼ਨ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਵਾਲਾ ਪਾਰਸੀ ਡਾਕਟਰ ਕੋਵਾਸੀ ਲਾਲਕਾਕਾ ਵੀ ਢੀਂਗਰਾ ਦੀਆਂ ਗੋਲੀਆਂ ਨਾਲ ਮਾਰਿਆ ਗਿਆ ਸੀ।ਗੋਲੀਆਂ ਦਾ ਖੜਕਾ ਸੁਣ ਕੇ ਹਾਲ ਵਿੱਚ ਭਾਜੜ ਪੈ ਗਈ। ਝੱਟ ਹੀ ਪੁਲਿਸ ਨੇ ਮਦਨ ਲਾਲ ਢੀਂਗਰਾ ਨੂੰ ਫੜ ਲਿਆ। ਲੰਡਨ ਵਿੱਚ ਹੀ ਮਦਨ ਲਾਲ ਢੀਂਗਰਾ ’ਤੇ ਮੁਕੱਦਮਾ ਚਲਾਇਆ ਗਿਆ। 23 ਜੁਲਾਈ ਨੂੰ ਢੀਂਗਰਾ ਦੇ ਕੇਸ ਦੀ ਸੁਣਵਾਈ ਓਲਡ ਬੇਲੀ ਕੋਰਟ, ਲੰਡਨ ਵਿੱਚ ਹੋਈ। ਉਸਨੂੰ ਫਾਂਸੀ ਦੀ ਸਜ਼ਾ ਸੁਣਾਈ। ਫ਼ੈਸਲੇ ਨੂੰ ਸਵੀਕਾਰ ਕਰਦਿਆਂ ਮਦਨ ਲਾਲ ਢੀਂਗਰਾ ਨੇ ਛਾਤੀ ਤਾਣ ਕੇ ਕਿਹਾ,
‘‘ਮੈਨੂੰ ਫਖ਼ਰ ਹੈ ਕਿ ਮੈਂ ਆਪਣੇ ਦੇਸ਼ ਵਾਸਤੇ ਜਾਨ ਵਾਰ ਰਿਹਾ ਹਾਂ ਪਰ ਯਾਦ ਰੱਖੋ ਜਲਦੀ ਹੀ ਸਾਡੇ ਦਿਨ ਵੀ ਆਉਣ ਵਾਲੇ ਹਨ।’’ ਅੰਤ ਵਿੱਚ 17 ਅਗਸਤ 1909 ਨੂੰ ਫਾਂਸੀ ਦਿੱਤੀ ਗਈ। ਅਮਰ ਸ਼ਹੀਦ ਮਦਨ ਲਾਲ ਢੀਂਗਰਾ ਪਹਿਲਾ ਭਾਰਤੀ ਆਜ਼ਾਦੀ ਘੁਲਾਟੀਆ ਹੈ ਜਿਸਨੂੰ 17 ਅਗਸਤ 1909 ਨੂੰ ਪੈਨਟਿਨਵਿਲ ਜੇਲ੍ਹ ਲੰਡਨ ਵਿਖੇ ਫਾਂਸੀ ਦਿੱਤੀ ਗਈ। ਇਸ ਲਾਸਾਨੀ ਕੁਰਬਾਨੀ ਨੇ ਭਾਰਤੀਆਂ ਅੰਦਰ ਰੋਹ ਭਰ ਦਿੱਤਾ।
ਲਲਿਤ ਗੁਪਤਾ
-ਮੋਬਾ: 9781590500

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ