ਸ੍ਰੀ ਫ਼ਤਹਿਗੜ੍ਹ ਸਾਹਿਬ/ 18 ਸਤੰਬਰ:
(ਰਵਿੰਦਰ ਸਿੰਘ ਢੀਂਡਸਾ) :
ਮਾਤਾ ਗੁਜਰੀ ਕਾਲਜ ਦੇ ਕੈਮਿਸਟਰੀ ਵਿਭਾਗ ਵੱਲੋਂ ਵਿਭਾਗ ਦੇ ਵਿਦਿਆਰਥੀਆਂ ਦਾ ਨੈਸ਼ਨਲ ਇੰਸਟੀਚਿਊਟ ਆਫ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ ਮੋਹਾਲੀ ਦਾ ਅਕਾਦਮਿਕ ਦੌਰਾ ਆਯੋਜਿਤ ਕਰਵਾਇਆ ਗਿਆ। ਇਸ ਦੌਰੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਰਾਸ਼ਟਰੀ ਮਹੱਤਵ ਵਾਲੀਆਂ ਸੰਸਥਾਵਾਂ ਵਿੱਚ ਕੀਤੀਆਂ ਜਾ ਰਹੀਆਂ ਨਵੀਨਤਮ ਖੋਜਾਂ ਦਾ ਮੁਲਾਂਕਣ ਕਰਨਾ ਅਤੇ ਜਮਾਤ ਤੋਂ ਬਾਹਰੀ ਵਿਹਾਰਕ ਅਤੇ ਅਨੁਭਵੀ ਸਿੱਖਿਆ ਨੂੰ ਉਤਸ਼ਾਹਿਤ ਕਰਨਾ ਸੀ। ਇਸ ਮੌਕੇ ਵਿਦਿਆਰਥੀਆਂ ਨੂੰ ਖੋਜ ਸੰਸਥਾਨ ਵਿੱਚ ਕਾਰਜਸ਼ੀਲ ਵਿਗਿਆਨੀਆਂ ਵੱਲੋਂ ਕੀਤੇ ਜਾ ਰਹੇ ਖੋਜ ਕਾਰਜਾਂ ਬਾਰੇ ਲਾਹੇਵੰਦ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ ਨੂੰ ਵੱਖ-ਵੱਖ ਵਿਸ਼ਲੇਸ਼ਣਾਤਮਕ ਯੰਤਰਾਂ ਦਾ ਵਿਸ਼ੇਸ਼ ਪ੍ਰਦਰਸ਼ਨ ਵੀ ਦਿੱਤਾ ਗਿਆ। ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਡਰੱਗ ਡਿਸਕਵਰੀ ਲੈਬ ਦਾ ਵੀ ਦੌਰਾ ਕੀਤਾ ਜਿੱਥੇ ਉਨ੍ਹਾਂ ਨੂੰ ਆਧੁਨਿਕ ਡਰੱਗ ਖੋਜ ਦੀ ਪ੍ਰਕਿਰਿਆ, ਡਰੱਗ ਸਕ੍ਰੀਨਿੰਗ ਅਤੇ ਕੰਪਿਊਟੇਸ਼ਨਲ ਸੌਫਟਵੇਅਰਾਂ ਦੀ ਸਹੀ ਵਰਤੋਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ।ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਕਿਹਾ ਕਿ ਅਜਿਹੇ ਵਿੱਦਿਅਕ ਦੌਰੇ ਵਿਦਿਆਰਥੀਆਂ ਵਿੱਚ ਵਿਗਿਆਨਕ, ਵਿਹਾਰਕ ਅਤੇ ਵਿਵਹਾਰਕ ਚੇਤਨਾ ਨੂੰ ਪ੍ਰਫੁੱਲਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਕੈਮਿਸਟਰੀ ਵਿਭਾਗ ਦੇ ਮੁਖੀ ਡਾ. ਕਮਲਪ੍ਰੀਤ ਕੌਰ ਨੇ ਦੱਸਿਆ ਕਿ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਜਾਗਰੂਕਤਾ ਪ੍ਰਦਾਨ ਕਰਨ ਲਈ ਲਗਾਤਾਰ ਅਜਿਹੀਆਂ ਉਸਾਰੂ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਦੌਰੇ ਦੇ ਇੰਚਾਰਜ ਡਾ. ਕੁਲਦੀਪ ਕੌਰ ਨੇ ਦੱਸਿਆ ਕਿ ਬੀ.ਐਸਸੀ. ਆਨਰਜ਼ ਕੈਮਿਸਟਰੀ ਅਤੇ ਐਮ.ਐਸਸੀ. ਕੈਮਿਸਟਰੀ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਇਸ ਦੌਰੇ ਵਿੱਚ ਭਾਗ ਲਿਆ ਜੋ ਉਨ੍ਹਾਂ ਦੇ ਸਰਬਪੱਖੀ ਵਿਕਾਸ ਲਈ ਲਾਹੇਵੰਦ ਸਾਬਤ ਹੋਵੇਗਾ। ਇਸ ਦੌਰੇ ਦੌਰਾਨ ਵਿਦਿਆਰਥੀਆਂ ਨਾਲ ਪ੍ਰੋ. ਸਿਮਰਤ ਕੌਰ ਅਤੇ ਪ੍ਰੋ. ਸੀਮਾ ਮਹੇਸ਼ਵਰੀ ਵੀ ਮੌਜੂਦ ਸਨ।