ਇੰਫਾਲ, 19 ਸਤੰਬਰ (ਏਜੰਸੀ):
ਮੰਗਲਵਾਰ ਨੂੰ ਮਨੀਪੁਰ ਦੇ ਘਾਟੀ ਖੇਤਰਾਂ ਵਿੱਚ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਕਿਉਂਕਿ ਵੱਖ-ਵੱਖ ਸਮਾਜਕ ਸੰਗਠਨਾਂ ਨੇ ਪੰਜ 'ਪਿੰਡ ਸੁਰੱਖਿਆ ਵਾਲੰਟੀਅਰਾਂ' ਦੀ ਬਿਨਾਂ ਸ਼ਰਤ ਰਿਹਾਈ ਦੀ ਮੰਗ ਨੂੰ ਲੈ ਕੇ ਰਾਜ ਭਰ ਵਿੱਚ 48 ਘੰਟੇ ਦੇ ਬੰਦ ਦਾ ਸੱਦਾ ਦਿੱਤਾ ਸੀ।
ਅਧਿਕਾਰੀਆਂ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਮਣੀਪੁਰ ਪੁਲਸ ਨੇ ਸ਼ਨੀਵਾਰ ਨੂੰ 5 ਵਿਅਕਤੀਆਂ ਨੂੰ ਕੈਮੋਫਲੇਜ ਵਰਦੀ 'ਚ ਆਧੁਨਿਕ ਹਥਿਆਰਾਂ ਨਾਲ ਗ੍ਰਿਫਤਾਰ ਕੀਤਾ ਹੈ।
ਇਸ ਗ੍ਰਿਫਤਾਰੀ ਦੇ ਵਿਰੋਧ 'ਚ ਐਤਵਾਰ ਨੂੰ ਵੱਡੀ ਗਿਣਤੀ 'ਚ ਮਰਦ-ਔਰਤਾਂ ਪ੍ਰਦਰਸ਼ਨ ਕਰਨ ਲਈ ਬਾਹਰ ਆ ਗਏ ਅਤੇ ਗ੍ਰਿਫਤਾਰ ਵਿਅਕਤੀਆਂ ਦੀ ਰਿਹਾਈ ਦੀ ਮੰਗ ਕਰਦੇ ਹੋਏ ਇੰਫਾਲ ਪੂਰਬੀ ਜ਼ਿਲੇ ਦੇ ਪੋਰੋਮਪੈਟ ਪੁਲਸ ਸਟੇਸ਼ਨ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ।
ਸੰਯੁਕਤ ਸੁਰੱਖਿਆ ਬਲਾਂ ਨੇ ਅੱਥਰੂ ਗੈਸ ਦੇ ਗੋਲੇ ਛੱਡ ਕੇ ਪੁਲਿਸ ਸਟੇਸ਼ਨ ਦੇ ਹਮਲੇ ਨੂੰ ਖਦੇੜ ਦਿੱਤਾ। ਝਗੜੇ ਵਿੱਚ ਰੈਪਿਡ ਐਕਸ਼ਨ ਫੋਰਸ ਦੇ ਜਵਾਨ ਸਮੇਤ ਕਈ ਮਰਦ ਅਤੇ ਔਰਤਾਂ ਨੂੰ ਮਾਮੂਲੀ ਸੱਟਾਂ ਲੱਗੀਆਂ।
ਪੰਜ ਘਾਟੀ ਜ਼ਿਲ੍ਹਿਆਂ ਵਿੱਚ ਬੰਦ ਦੇ ਮੱਦੇਨਜ਼ਰ ਸੁਰੱਖਿਆ ਬਲਾਂ ਸਮੇਤ ਹਰ ਤਰ੍ਹਾਂ ਦੇ ਵਾਹਨ ਸੜਕਾਂ ਤੋਂ ਦੂਰ ਰਹੇ, ਅੰਤਰ-ਜ਼ਿਲ੍ਹਾ, ਅੰਤਰ-ਰਾਜੀ ਬੱਸਾਂ ਅਤੇ ਟਰੱਕ ਨਹੀਂ ਚੱਲੇ।
ਪੰਜ ਘਾਟੀ ਜ਼ਿਲ੍ਹਿਆਂ ਬਿਸ਼ਨੂਪੁਰ, ਕਾਕਚਿੰਗ, ਥੌਬਲ, ਇੰਫਾਲ ਵੈਸਟ ਅਤੇ ਇੰਫਾਲ ਈਸਟ ਵਿੱਚ ਬਾਜ਼ਾਰ, ਦੁਕਾਨਾਂ, ਵਪਾਰਕ ਅਦਾਰੇ, ਬੈਂਕ, ਸਰਕਾਰੀ ਦਫ਼ਤਰ, ਵਿਦਿਅਕ ਅਦਾਰੇ ਬੰਦ ਰਹੇ।
ਮੰਗਲਵਾਰ ਅਤੇ ਬੁੱਧਵਾਰ ਨੂੰ ਹੋਣ ਵਾਲੀਆਂ ਵੱਖ-ਵੱਖ ਸੰਸਥਾਵਾਂ ਦੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ।
ਕਈ ਥਾਵਾਂ 'ਤੇ ਕੇਂਦਰੀ ਅਤੇ ਰਾਜ ਸੁਰੱਖਿਆ ਬਲਾਂ ਦੀ ਆਵਾਜਾਈ ਵਿਚ ਰੁਕਾਵਟ ਆਈ ਕਿਉਂਕਿ ਅੰਦੋਲਨਕਾਰੀਆਂ ਨੇ ਕਈ ਸੜਕਾਂ ਨੂੰ ਜਾਮ ਕਰ ਦਿੱਤਾ ਸੀ।
ਸਿਵਲ ਸੋਸਾਇਟੀ ਸੰਗਠਨਾਂ ਨੇ ਪਹਿਲਾਂ ਪੰਜ ਨਜ਼ਰਬੰਦਾਂ ਨੂੰ ਰਿਹਾਅ ਕਰਨ ਲਈ ਸਮਾਂ ਸੀਮਾ ਤੈਅ ਕੀਤੀ ਸੀ, ਪਰ ਪੁਲਿਸ ਨੇ ਇਸ ਮੰਗ ਨੂੰ ਰੱਦ ਕਰ ਦਿੱਤਾ ਸੀ।
ਅੰਦੋਲਨਕਾਰੀ ਜਥੇਬੰਦੀਆਂ ਨੇ ਸੋਮਵਾਰ ਅਤੇ ਮੰਗਲਵਾਰ ਦੀ ਦਰਮਿਆਨੀ ਰਾਤ ਤੋਂ ਸ਼ੁਰੂ ਕੀਤੇ ਗਏ 48 ਘੰਟੇ ਦੇ ਬੰਦ ਤੋਂ ਬਾਅਦ ‘ਵਲੰਟੀਅਰਾਂ’ ਨੂੰ ਰਿਹਾਅ ਨਾ ਕਰਨ ਦੀ ਸੂਰਤ ਵਿੱਚ ਆਪਣਾ ਅੰਦੋਲਨ ਹੋਰ ਤੇਜ਼ ਕਰਨ ਦੀ ਧਮਕੀ ਦਿੱਤੀ ਹੈ।
ਸੁਰੱਖਿਆ ਨੂੰ ਹੋਰ ਸਖ਼ਤ ਕਰ ਦਿੱਤਾ ਗਿਆ ਹੈ ਅਤੇ ਸੂਬੇ ਦੇ ਵੱਖ-ਵੱਖ ਨਾਜ਼ੁਕ, ਸੰਵੇਦਨਸ਼ੀਲ ਅਤੇ ਮਿਸ਼ਰਤ ਆਬਾਦੀ ਵਾਲੇ ਖੇਤਰਾਂ ਵਿੱਚ ਵਾਧੂ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ।
ਅੰਦੋਲਨਕਾਰੀ ਸੰਗਠਨਾਂ ਦੇ ਬੁਲਾਰੇ ਐਮ. ਮੇਮਚਾ ਨੇ ਦਾਅਵਾ ਕੀਤਾ ਕਿ ਪਿੰਡ ਸੁਰੱਖਿਆ ਵਾਲੰਟੀਅਰ "ਕੁਕੀ ਆਦਿਵਾਸੀਆਂ ਅਤੇ ਹਥਿਆਰਬੰਦ ਖਾੜਕੂਆਂ ਦੇ ਹਮਲਿਆਂ ਤੋਂ ਮੇਤੇਈ ਪਿੰਡ ਵਾਸੀਆਂ ਦੀ ਰੱਖਿਆ ਕਰ ਰਹੇ ਸਨ"।