ਸ੍ਰੀ ਫ਼ਤਹਿਗੜ੍ਹ ਸਾਹਿਬ/19 ਸਤੰਬਰ:
(ਰਵਿੰਦਰ ਸਿੰਘ ਢੀਂਡਸਾ) :
ਅੱਜ ਨਾਰਦਨ ਰੇਲਵੇ ਮੈਨਸ ਯੂਨੀਅਨ ਦੀ ਸਰਹਿੰਦ ਬ੍ਰਾਂਚ ਵੱਲੋਂ ਸਰਹਿੰਦ ਯੂਨੀਅਨ ਦਫ਼ਤਰ ਵਿਖੇ 19 ਸਤੰਬਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਸਮਾਗਮ ਦੀ ਪ੍ਰਧਾਨਗੀ ਨਾਰਦਨ ਰੇਲਵੇ ਮੈਨਸ ਯੂਨੀਅਨ ਸਰਹਿੰਦ ਬ੍ਰਾਂਚ ਦੇ ਸਕੱਤਰ ਜਗਦੀਪ ਸਿੰਘ ਕਾਹਲੋਂ ਅਤੇ ਪ੍ਰਧਾਨ ਸੰਜੀਵ ਵਰਮਾ ਨੇ ਕੀਤੀ।ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਸਰਹਿੰਦ ਬਰਾਂਚ ਦੇ ਸਕੱਤਰ ਜਗਦੀਪ ਸਿੰਘ ਕਾਹਲੋ ਨੇ ਦੱਸਿਆ ਕਿ 19 ਸਤੰਬਰ 1968 ਨੂੰ ਆਲ ਇੰਡੀਆ ਰੇਲਵੇ ਫੈਡਰੇਸ਼ਨ ਅਤੇ ਨਾਰਦਨ ਰੇਲਵੇ ਮੈਨਸ ਯੂਨੀਅਨ ਦੇ ਜੁਝਾਰੂ ਸਿਪਾਹੀਆਂ ਨੇ ਆਪਣੀਆਂ ਜਾਇਜ਼਼ ਮੰਗਾਂ ਲਈ ਸ਼ਹਾਦਤ ਦਿੱਤੀ ਸੀ ਜਿਨ੍ਹਾਂ ਵੱਲੋਂ ਡੀ.ਏ. ਨੂੰ ਬੇਸਿਕ ਪੇਅ ਵਿੱਚ ਮਰਜ਼ ਕਰਨ, ਕੱਚੀ ਭਰਤੀ ਨੂੰ ਬੰਦ ਕਰ ਕੇ ਕਰਮਚਾਰੀਆਂ ਨੂੰ ਪੱਕੇ ਤੋਰ ਤੇ ਭਰਤੀ ਕਰਨ ਆਦਿ ਮੁੱਦਿਆਂ ਨੂੰ ਲੈ ਕੇ ਇੱਕ ਦਿਨ ਦੀ ਹੜਤਾਲ ਕੀਤੀ ਗਈ ਸੀ ਤੇ ਇਸ ਹੜਤਾਲ ਵਿੱਚ 17 ਕਰਮਚਾਰੀਆਂ ਦੀ ਸ਼ਹਾਦਤ ਹੋ ਗਈ ਸੀ ਅਤੇ 40 ਹਜ਼ਾਰ ਕਰਮਚਾਰੀ ਨੌਕਰੀ ਵਿੱਚੋਂ ਕੱਢ ਦਿੱਤੇ ਗਏ ਸਨ ਤੇ 12 ਹਜ਼ਾਰ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਜਗਦੀਪ ਸਿੰਘ ਕਾਹਲੋ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਸ਼ਹਾਦਤ ਨੂੰ ਹਮੇਸ਼ਾ ਯਾਦ ਰੱਖਣ ਤੇ ਵੱਧ ਤੋਂ ਵੱਧ ਸੰਖਿਆ ਵਿੱਚ ਆਲ ਇੰਡੀਆ ਰੇਲਵੇ ਮੈਨਸ ਫੈਡਰੇਸ਼ਨ ਅਤੇ ਨਾਰਦਨ ਰੇਲਵੇ ਮੈਨਸ ਯੂਨੀਅਨ ਸੰਗਠਨ ਨਾਲ ਜੁੜਨ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਆਪਣੀਆਂ ਜਾਇਜ ਮੰਗਾਂ ਲਈ ਉਹ ਵੀ ਸੰਘਰਸ਼ ਕਰਨ ਦੇ ਸਮਰੱਥ ਹੋ ਸਕਣ। ਇਸ ਮੌਕੇ ਦੋ ਮਿੰਟ ਦਾ ਮੌਨ ਰੱਖ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ। ਇਸ ਮੌਕੇ ਗੁਰਦੀਪ ਸਿੰਘ ਕੈਸ਼ੀਅਰ, ਬਿਕਰਮਜੀਤ ਸ਼ਰਮਾ,ਗਗਨਦੀਪ ਸਿੰਘ, ਜਸਮੇਲ ਸਿੰਘ, ਪ੍ਰਦੀਪ ਸਿੰਘ, ਪਰਮਜੀਤ ਕੌਰ, ਰਾਮ ਸੁਲੇਸ਼ ਮਾਝੀ ਅਤੇ ਵੱਡੀ ਗਿਣਤੀ "ਚ ਰੇਲਵੇ ਕਰਮਚਾਰੀ ਹਾਜ਼ਰ ਸਨ।