Friday, December 01, 2023  

ਲੇਖ

ਭਾਈ ਘਨ੍ਹੱਈਆ ਜੀ ਤੇ ਸੇਵਾ-ਭਾਵ

September 20, 2023

‘‘ਨਾਕੋ ਬੈਰੀ ਨਹੀਂ ਬੇਗਾਨਾ” ਦੇ ਸਿਧਾਂਤ ਨੂੰ ਮੰਨਣ ਵਾਲੇ ਸੇਵਾ ਦੇ ਪੁੰਜ ਭਾਈ ਘਨ੍ਹੱਈਆ ਜੀ ਦੀ ਬਰਸੀ ਤੇ ਅੱਜ “ਮੱਲਮ-ਪੱਟੀ ਦਿਹਾੜਾ” ਮਨਾਇਆ ਜਾ ਰਿਹਾ ਹੈ, ਹਰ ਸਾਲ 20 ਸਤੰਬਰ ਨੂੰ ਸਕੂਲਾਂ, ਕਾਲਜਾਂ ਤੇ ਉੱਚ ਸਿੱਖਿਆ ਸੰਸਥਾਵਾਂ ਵਿਚ “ਮਾਨਵ ਸੇਵਾ ਸੰਕਲਪ ਦਿਵਸ” ਤਹਿਤ ਬੱਚਿਆਂ ਅਤੇ ਨੌਜਵਾਨਾਂ ਨੂੰ ਸੇਵਾ ਭਾਵਨਾ ਨਾਲ ਜੋੜਨ ਲਈ ਮੁੱਢਲੀ ਸਹਾਇਤਾ ਨਾਲ ਸਬੰਧਤ ਵੱਖ-ਵੱਖ ਸਰਗਰਮੀਆਂ ਦਾ ਆਯੋਜਨ ਕੀਤਾ ਜਾਂਦਾ ਹੈ ਤਾਂ ਜੋ ਉਹ ਕਿਸੇ ਵੀ ਹਾਦਸੇ ਜਾਂ ਆਫਤ ਮੌਕੇ ਆਪਣਾ ਫ਼ਰਜ਼ ਨਿਭਾਉਣ ।
ਗੁਰਬਾਣੀ ਅਤੇ ਸਿੱਖ ਧਰਮ ਦੇ ਇਤਿਹਾਸ ਮੁਤਾਬਕ ਤਾਂ ਭਾਈ ਘਨ੍ਹੱਈਆ ਜੀ ਮੁੱਢਲੀ ਸਹਾਇਤਾ ਦੇ ਬਾਨੀ ਮੰਨੇ ਜਾਂਦੇ ਹਨ, ਉਹ 1704-05 ’ਚ ਜੰਗਾਂ ਦੌਰਾਨ ਜ਼ਖ਼ਮੀਆਂ ਨੂੰ ਬਿਨਾਂ ਵਿਤਕਰੇ ਪਾਣੀ ਪਿਲਾਉਣ ਦੀ ਸੇਵਾ ਕਰਦੇ ਸਨ। ਸਿੰਘਾਂ ਵੱਲੋਂ ਗੁਰੂ ਜੀ ਨੂੰ ਸ਼ਿਕਾਇਤ ਕੀਤੀ ਗਈ ਤਾਂ ਗੁਰੂੁ ਜੀ ਨੇ ਭਾਈ ਜੀ ਨੂੰ ਪੁੱਛਿਆ, ਕਿ ਸੱਚ ਹੈ ਕਿ ਤੁਸੀ ਦੁਸ਼ਮਣ ਫੌਜਾਂ ਨੂੰ ਵੀ ਪਾਣੀ ਪਿਲਾ ਰਹੇ ਹੋ ਤਾਂ ਭਾਈ ਘਨੱ੍ਹਈਆ ਨੇ ਕਿਹਾ, ਹਾਂ ਜੀ, ਮੇਰੇ ਗੁਰੂ ਜੀ, ਉਹ ਜੋ ਕਹਿੰਦੇ ਹਨ ਉਹ ਸੱਚ ਹੈ, ਪਰ ਮਹਾਰਾਜ, ਮੈਂ ਜੰਗ ਦੇ ਮੈਦਾਨ ਵਿੱਚ ਕੋਈ ਮੁਗਲ ਜਾਂ ਸਿੱਖ ਨਹੀਂ ਦੇਖਿਆ, ਮੈਂ ਸਿਰਫ ਜ਼ਖ਼ਮੀਆਂ ਨੂੰ ਦੇਖਿਆ, ਉਹਨਾਂ ਸਾਰਿਆਂ ਵਿੱਚ ਇੱਕ ਹੀ ਰੱਬ ਦੀ ਆਤਮਾ ਹੈ। ਇਸ ’ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖੁਸ਼ ਹੋ ਕੇ ਮੱਲਮ ਦੀ ਡੱਬੀ ਤੇ ਪੱਟੀ ਵੀ ਨਾਲ ਦੇ ਦਿੱਤੀ ਤੇ ਹੁਕਮ ਕੀਤਾ ਕਿ ਭਾਈ ਘਨੱ੍ਹਈਆ ਜੀ ਅੱਜ ਤੋਂ ਮੱਲਮ-ਪੱਟੀ ਦੀ ਸੇਵਾ ਵੀ ਸੰਭਾਲ ਲਓ ਤੇ ਪਾਣੀ ਪਿਲਾਉਣ ਦੇ ਨਾਲ ਜ਼ਖ਼ਮੀਆਂ ਦੇ ਮਲ੍ਹਮ ਪੱਟੀ ਵੀ ਕਰ ਦਿਆ ਕਰੋ। ਭਾਈ ਘਨੱ੍ਹਈਆ ਜੀ ਵੱਲੋਂ ਜ਼ਖ਼ਮੀਆਂ ਦੀ ਕੀਤੀ ਸੇਵਾ ਇਸੇ ਸੇਵਾ ਨੂੰ ਸਮਰਪਿਤ “ਮੱਲਮ-ਪੱਟੀ ਦਿਹਾੜਾ” ਮਨਾਇਆ ਜਾਂਦਾ ਹੈ।
ਅਜੋਕੇ ਸਮੇਂ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਹਾਦਸੇ ਤੇ ਦੁਰਘਟਨਾਵਾਂ ਜੀਵਨ ਦਾ ਹਿੱਸਾ ਬਣਦੇ ਜਾ ਰਹੇ ਹਨ। ਦੁਰਘਟਨਾ ਗ੍ਰਸਤ ਹੋਏ ਵਿਅਕਤੀ ਨੂੰ ਮੌਕੇ ’ਤੇ ਮੱਲਮ-ਪੱਟੀ ਮੁੱਢਲੀ ਸਹਾਇਤਾ ਦੇਣ ਦੇ ਗੁਰਾਂ ਤੋਂ ਚੰਗੀ ਤਰ੍ਹਾਂ ਜਾਣੂ ਹੋਣਾ ਬਹੁਤ ਜ਼ਰੂਰੀ ਹੈ ਮੁੱਢਲੀ ਸਹਾਇਤਾ ਦੇ ਉਦੇਸ਼:- ਮੁੱਢਲੀ ਸਹਾਇਤਾ-ਫਸਟ ਏਡ ਕਿਸੇ ਮਾਮੂਲੀ ਜਾਂ ਗ਼ੰਭੀਰ ਬਿਮਾਰੀ ਜਾਂ ਸੱਟ ਤੋਂ ਪੀੜ੍ਹਤ ਕਿਸੇ ਵੀ ਵਿਅਕਤੀ ਨੂੰ ਦਿੱਤੀ ਜਾਣ ਵਾਲੀ ਪਹਿਲੀ ਅਤੇ ਤੁਰੰਤ ਸਹਾਇਤਾ ਹੈ, ਜਿਸ ਦੀ ਦੇਖ-ਭਾਲ ਜੀਵਨ ਨੂੰ ਸੁਰੱਖਿਅਤ ਰੱਖਣ, ਸਥਿਤੀ ਨੂੰ ਵਿਗੜਨ ਤੋਂ ਰੋਕਣ, ਜਾਂ ਰਿਕਵਰੀ ਨੂੰ ਉਤਸ਼ਾਹਿਤ ਕਰਨ ਲਈ ਪ੍ਰਦਾਨ ਕੀਤੀ ਜਾਂਦੀ ਹੈ। ਫਸਟ-ਏਡ ਦਾ ਉਦੇਸ਼ ਕਿਸੇ ਯੋਗ ਮੈਡੀਕਲ ਮਾਹਿਰ ਦੇ ਪਹੁੰਚਣ ਤੋਂ ਪਹਿਲਾਂ ਮਰੀਜ਼ ਦੀ ਜਾਨ ਬਚਾਉਣਾ, ਦਰਦ ਨੂੰ ਘਟਾਉਣ ਲਈ ਕੋਸ਼ਿਸ਼ ਕਰਨਾ, ਜਲਦੀ ਸਿਹਤ ਨੂੰ ਮੁੜ ਵਾਪਸ ਪਾਉਣ ਵਿੱਚ ਮਦਦ ਕਰਨਾ ਅਤੇ ਹਾਲਤ ਹੋਰ ਖਰਾਬ ਹੋਣ ਤੋਂ ਬਚਾਉਣਾ ਆਦਿ ਹੁੰਦਾ ਹੈ। ਜਦੋਂ ਕੋਈ ਦੁਰਘਟਨਾ ਵਾਪਰਦੀ ਹੈ ਅਤੇ ਕੋਈ ਜ਼ਖ਼ਮੀ ਹੋ ਜਾਂਦਾ ਹੈ, ਤਾਂ ਸਾਨੂੰ ਸ਼ਾਂਤ ਰਹਿ ਕੇ ਅਤੇ ਜ਼ਖ਼ਮੀ ਵਿਅਕਤੀ ਦੀ ਮਦਦ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਮੁੱਢਲੀ ਸਹਾਇਤਾ ਦੇ ਨਿਯਮ:-
ਵੇਖੋ : ਪਤਾ ਕਰੋ ਕਿ ਕੀ ਵਾਪਰਿਆ ਹੈ ਅਤੇ ਵੇਖੋ ਕਿ ਵਿਅਕਤੀ ਨੂੰ ਕੀ ਹੋਇਆ ਹੈ। ਜ਼ਖ਼ਮੀ ਨੂੰ ਆਰਾਮ ਨਾਲ ਤਸੱਲੀ ਦਿਓ ਅਤੇ ਉਸ ਨੂੰ ਸੰਭਾਲੋ, ਬੁਲਾਓ ਅਤੇ ਆਰਾਮ ਲਈ ਜਗ੍ਹਾਂ ਦਾ ਪ੍ਰਬੰਧ ਕਰੋ।
ਬੁਲਾਓ : ਮੈਡੀਕਲ ਸਹਾਇਤਾ ਲਈ ਕਿਸੇ ਡਾਕਟਰ ਜਾਂ ਪੇਸ਼ੇਵਰ ਦਾ ਪ੍ਰਬੰਧ ਕਰੋ, ਕਿਸੇ ਨੇੜੇ ਦੇ ਹਸਪਤਾਲ ਜਾਂ ਐਮਰਜੈਂਸੀ ਨੰਬਰ ’ਤੇ ਸਪੰਰਕ ਕਰੋ।
ਸੰਭਾਲੋ : ਮਰੀਜ਼ ਦੀ ਮਦਦ ਕਰੋ ਤੇ ਉਸ ਨੂੰ ਘੱਟ ਤੋਂ ਘੱਟ ਹਿਲਾਓ, ਉਸ ਦੇ ਆਲੇ-ਦੁਆਲੇ ਭੀੜ ਇਕੱਠੀ ਨਾ ਹੋਣ ਦੇਵੋ।
ਮੁੱਢਲੀ ਸਹਾਇਤਾ ਦਾ ਖੇਤਰ:-ਮੁੱਢਲੀ ਸਹਾਇਤਾ ਦੇਣ ਮੌਕੇ ਵੱਖਰੇ-ਵੱਖਰੇ ਐਮਰਜੈਂਸੀ ਹਾਲਾਤ ਹੋ ਸਕਦੇ ਹਨ, ਜਿਵੇਂ ਕਰੰਟ ਲੱਗਣਾ, ਸੱਪ ਦਾ ਡੱਸਣਾ, ਮਿਰਗੀ ਦਾ ਦੌਰਾ, ਜਲਣਾ, ਸੱਟ-ਫੇਟ, ਖ਼ੂਨ ਵਹਿਣਾ, ਹੱਡੀ ਟੁੱਟਣਾ, ਦਿਲ ਦਾ ਦੌਰਾ ਤੇ ਸਾਹ ਔਖਾ ਆਉਣਾ ਆਦਿ ਹੋ ਸਕਦੇ ਹਨ।
ਮੁੱਢਲੀ ਸਹਾਇਤਾ ਕਿੱਟ:-ਇਹ ਸਮਝਣਾ ਮਹੱਤਵਪੂਰਨ ਹੈ ਕਿ ਮੁੱਢਲੀ ਸਹਾਇਤਾ-ਫਸਟ-ਏਡ ਕੀ ਹੈ ਅਤੇ ਤੁਹਾਨੂੰ ਫਸਟ ਏਡ ਲਈ ਕੀ ਚਾਹੀਦਾ ਹੈ, ਤਾਂ ਜੋ ਤੁਸੀਂ ਤੁਰੰਤ ਕਿਸੇ ਜ਼ਖ਼ਮੀ ਵਿਅਕਤੀ ਨੂੰ ਮੁੱਢਲੀ ਸਹਾਇਤਾ ਪ੍ਰਦਾਨ ਕਰ ਸਕੋ। ਮੁੱਢਲੀ ਸਹਾਇਤਾ ਇੱਕ ਬਿਮਾਰ ਅਤੇ ਜ਼ਖ਼ਮੀ ਵਿਅਕਤੀ ਨੂੰ ਡਾਕਟਰੀ ਸਹਾਇਤਾ ਪ੍ਰਾਪਤ ਕਰਨ ਤੋਂ ਪਹਿਲਾਂ ਦਿੱਤੀ ਜਾਂਦੀ ਹੈ। ਇਸ ਦੇ ਲਈ ਤੁਹਾਡੀ ਫਸਟ ਏਡ ਕਿੱਟ ਜੋ ਤੁਹਾਡੇ ਵੀਹਕਲ ਵਿੱਚ ਹਮੇਸ਼ਾ ਹੋਣੀ ਚਾਹੀਦੀ ਹੈ। ਕਿੱਟ ਵਿੱਚ ਜਿਵੇਂ ਤੁਹਾਡੇ ਕੋਲ ਜ਼ਖ਼ਮ ਨੂੰ ਸਾਫ਼ ਕਰਨ ਲਈ ਡੈਟੋਲ, ਰੂੰ ਅਤੇ ਪੱਟੀਆਂ ਹੋਣੀਆਂ ਚਾਹੀਦੀਆਂ ਹਨ। ਕੈਂਚੀ, ਡਾਕਟਰੀ ਤੌਰ ’ਤੇ ਮਨਜ਼ੂਰ ਰੱਖਣਯੋਗ ਕਰੀਮਾਂ, ਹੈਂਡ ਸੈਨੀਟਾਈਜ਼ਰ ਅਤੇ ਦਰਦ ਨਿਵਾਰਕ ਸਪਰੇਅ ਆਦਿ ਵੀ ਉਪਲੱਬਧ ਹੋਣੇ ਚਾਹੀਦੇ ਹਨ।
ਦਿਲ ਦੇ ਦੌਰੇ ਜਾਂ ਸਟ੍ਰੋਕ ਦੀ ਸਥਿਤੀ ਵਿੱਚ ਸੀ.ਪੀ.ਆਰ ਤਕਨੀਕ ਅਤੇ ਮਰੀਜ਼ ਦਾ ਸਾਹ ਰੁਕਣ ’ਤੇ ਬਣਾਉਟੀ ਸਾਹ ਦੇਣ ਦੀ ਮੁਕੰਮਲ ਜਾਣਕਾਰੀ ਵੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਤੁਹਾਡੇ ਕੋਲ ਹਸਪਤਾਲ ਦਾ ਐਮਰਜੈਂਸੀ ਫੋਨ ਨੰਬਰ, ਸੜਕ ਸੁਰੱਖਿਆ ਦਸਤੇ ਦਾ ਨੰਬਰ ਅਤੇ ਪੁਲਿਸ ਹੈਲਪ ਲਾਈਨ ਨੰਬਰ ਵੀ ਹੋਣਾ ਚਾਹੀਦਾ ਹੈ। ਅੱਜ ਦੇ ਦਿਹਾੜੇ ਨੂੰ “ਮਾਨਵ ਸੇਵਾ ਸੰਕਲਪ ਦਿਵਸ” ਵਜੋਂ ਮਨਾਉਣ ਦਾ ਮਕਸਦ ਵੀ ਇਹੀ ਹੈ ਕਿ ਹਰੇਕ ਨਾਗਰਿਕ ਨੂੰ ਮੁੱਢਲੀ ਸਹਾਇਤਾ ਦੇ ਗੁਰ ਸਿੱਖ ਕਿ ਜਾਤ-ਪਾਤ ਅਤੇ ਧਰਮ ਦੀ ਪਰਵਾਹ ਕੀਤੇ ਬਿਨਾਂ ਸੇਵਾ ਕਾਰਜ ਲਈ ਤਿਆਰ ਰਹਿਣਾ ਚਾਹੀਦਾ ਹੈ, ਮਾਨਵ ਜਾਤੀ ਦੀ ਸੇਵਾ ਕਰਨੀ ਮਾਨਵੀ ਗੁਣਾਂ ਦੀ ਨਿਸ਼ਾਨੀ ਹੈ। ਸੇਵਾ ਕਾਰਜ ਹੀ ਹੈ ਜੋ ਮਨੁੱਖੀ ਮਨ ਨੂੰ ਆਤਮਕ ਪੱਖੋਂ ਖੁਸ਼ਹਾਲ ਬਣਾਉਂਦਾ ਹੈ, ਸਾਨੂੰ ਸਾਰਿਆਂ ਨੂੰ ਵੀ ਭਾਈ ਘਨ੍ਹੱਈਆ ਜੀ ਦੇ ਪਾਏ ਹੋਏ ਪੂਰਨਿਆਂ ’ਤੇ ਚੱਲ ਕੇ ਸੇਵਾ ਕਰਨ ਦੇ ਮਿਲੇ ਮੌਕਿਆਂ ਨੂੰ ਪੂਰੀ ਲਗਨ ਅਤੇ ਮਿਹਨਤ ਨਾਲ ਨਿਭਾਉਣਾ ਚਾਹੀਦਾ ਹੈ।
ਡਾ. ਪ੍ਰਭਦੀਪ ਸਿੰਘ ਚਾਵਲਾ
-ਮੋਬਾ : 98146-56257

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ