Friday, December 08, 2023  

ਲੇਖ

ਸ਼ੇਖ ਫਰੀਦ ਆਗਮਨ ਪੁਰਬ ਪ੍ਰਤੀ ਲੋਕਾਂ ’ਚ ਭਾਰੀ ਉਤਸ਼ਾਹ

September 20, 2023

ਮਹਾਨ ਸੂਫੀ ਸੰਤ ਸ਼ੇਖ ਫਰੀਦ ਜੀ ਦਾ ਸਮਾਂ ਈਸਾ ਦੀ 12ਵੀਂ ਸਦੀ ਹੈ ਸ਼ੇਖ ਫਰੀਦ ਜੀ ਦਾ ਜਨਮ ਸ਼ੇਖ ਜਮਾਲੁਦੀਨ ਸੁਲੇਮਾਨ ਦੇ ਗ੍ਰਹਿ ਮਾਤਾ ਮਰੀਅਮ ਦੀ ਕੁੱਖ ਤੋਂ ਕੋਠੀਵਾਲ ਪਿੰਡ ਵਿੱਚ ਸੰਮਤ 1230 ਬਿਕਰਮੀ, ਸੰਨ 1173 ਈ. ਨੂੰ ਹੋਇਆ। ਆਪ ਜੀ ਦੀਆਂ ਤਿੰਨ ਪੁੱਤਰੀਆਂ ਤੇ 5 ਪੁੱਤਰ ਸਨ। ਸ਼ੇਖ ਫਰੀਦ ਜੀ 93 ਸਾਲ ਦੀ ਉਮਰ ਬਤੀਤ ਕਰਕੇ ਸੰਮਤ 1323 ਬਿਕਰਮੀ , ਸੰਨ 1266 ਈ ਨੂੰ ਪਾਕਪਟਨ ਵਿੱਚ ਜੋਤੀ ਜੋਤ ਸਮਾ ਗਏ। ਸ਼ੇਖ ਫਰੀਦ ਜੀ ਨੂੰ ਬਾਬਾ ਫਰੀਦ ਜੀ ਵੀ ਕਿਹਾ ਜਾਂਦਾ ਹੈ। ਸ਼ੇਖ ਫਰੀਦ ਜੀ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਉਹ ਪਹਿਲੇ ਕਵੀ ਹਨ ਜਿੰਨ੍ਹਾਂ ਨੇ ਆਪਣੇ ਸਲੋਕ ਪੰਜਾਬੀ ਵਿੱਚ ਲਿਖੇ। ਪੰਜਾਬੀ ਦੇ ਇਸ ਜੇਠੇ ਅਤੇ ਮਹਾਨ ਕਵੀ ਨੇ ਇੱਕ ਨਵੀਂ ਸ਼ੈਲੀ ਤੇ ਸ਼ਬਦਾਵਲੀ ਨੂੰ ਜਨਮ ਦਿੱਤਾ। ਸ਼ੇਖ ਫਰੀਦ ਜੀ ਲਹਿੰਦੇ ਪੰਜਾਬ ਦੇ ਵਾਸੀ ਸਨ ਇਸ ਕਰਕੇ ਇਹਨਾਂ ਦੀ ਭਾਸ਼ਾ ਨੂੰ ਲਹਿੰਦੀ ਕਿਹਾ ਜਾਂਦਾ ਹੈ। ਪਾਕਿਸਤਾਨ ਵਿੱਚ ਸ਼ੇਖ ਫਰੀਦ ਜੀ ਦਾ ਮਕਬਰਾ ਅੱਜ ਵੀ ਕਾਇਮ ਹੈ। ਸ਼ੇਖ ਫਰੀਦ ਜੀ ਖੋਜ ਕਰਦਿਆਂ ਕਰਦਿਆਂ ਮੋਕਲਹਰ ਆ ਗਏ ਜਿਸ ਅਸਥਾਨ ’ਤੇ ਉਹ ਠਹਿਰੇ ਉਸ ਨੂੰ ਅੱਜ ਗੋਦੜੀ ਸਾਹਿਬ ਕਿਹਾ ਜਾਂਦਾ ਹੈ। ਗੁਰਦੁਆਰਾ ਗੋਦੜੀ ਸਾਹਿਬ ਦੇ ਇਤਹਾਸ ਬਾਰੇ ਕਿਹਾ ਜਾਂਦਾ ਹੈ ਕਿ ਬਾਬਾ ਫਰੀਦ ਜੀ 1215 ਈ. ਵਿੱਚ ਜਦੋਂ ਦਿੱਲੀ ਤੋਂ ਪਾਕਪਟਨ ਜਾ ਰਹੇ ਸਨ ਤਾਂ ਇੱਥੇ ਆ ਕੇ ਉਹਨਾਂ ਆਪਣੇ ਗੁਰੂ ਬਖਤਿਆਰ ਕਾਕੀ ਵੱਲੋਂ ਬਖਸ਼ੀ ਹੋਈ ਗੋਦੜੀ ਦਰੱਖਤ ’ਤੇ ਟੰਗ ਦਿੱਤੀ ਤੇ ਆਪ ਖਾਣ-ਪੀਣ ਦਾ ਸਾਮਾਨ ਲੈਣ ਚਲੇ ਗਏ। ਉਸ ਵੇਲੇ ਇਥੋਂ ਦੇ ਰਾਜੇ ਮੋਕਲਹਰ ਵੱਲੋਂ ਕਿਲ੍ਹੇ ਦੀ ਉਸਾਰੀ ਕਰਵਾਈ ਜਾਂ ਰਹੀ ਸੀ। ਰਾਜੇ ਦੇ ਮੁਲਾਜਮਾਂ ਨੇ ਬਾਬਾ ਫਰੀਦ ਜੀ ਨੂੰ ਫੜ ਕੇ ਉਸਾਰੀ ਦੇ ਕੰਮ ਦੀ ਲੇਬਰ ਵਿੱਚ ਲਗਾ ਦਿੱਤਾ । ਜਦੋਂ ਉਹ ਗਾਰੇ ਦੇ ਬੱਠਲ ਚੱਕ ਰਹੇ ਸਨ ਤਾਂ ਅਚਾਨਕ ਰਾਜੇ ਦੀ ਨਿਗ੍ਹਾ ਬਾਬਾ ਫਰੀਦ ਜੀ ਵੱਲ ਪਈ ਕਿ ਜਦੋਂ ਬਾਬਾ ਫਰੀਦ ਜੀ ਭਾਰੀ ਟੋਕਰਾ (ਤਸਲਾ, ਬੱਠਲ) ਚੁੱਕਦੇ ਸਨ ਤਾਂ ਰੱਬੀ ਸ਼ਕਤੀ ਨਾਲ ਟੋਕਰਾ ਉਹਨਾਂ ਦੇ ਸਿਰ ਤੋਂ ਉਪਰ ਹੀ ਰਹਿ ਜਾਂਦਾ ਸੀ ਅਤੇ ਟੋਕਰੇ ਦਾ ਭਾਰ ਉਹਨਾਂ ਦੇ ਸਿਰ ਤੇ ਨਹੀਂ ਆਉਂਦਾ ਸੀ। ਇਹ ਦਿ੍ਰਸ਼ ਦੇਖ ਕੇ ਰਾਜਾ ਸਮਝ ਗਿਆ ਕਿ ਇਹ ਕੋਈ ਫ਼ਕੀਰ ਹਨ। ਉਸਨੇ ਬਾਬਾ ਫਰੀਦ ਜੀ ਦੇ ਚਰਨ ਫੜ੍ਹਕੇ ਮੁਆਫੀ ਮੰਗੀ। ਬਾਬਾ ਫਰੀਦ ਜੀ ਵਗਾਰ ਤੇ ਫੜੇ ਹੋਏ ਗਰੀਬ ਲੋਕਾਂ ਨੂੰ ਰਿਹਾ ਕਰਵਾ ਕੇ ਮੁੜ ਜਦੋਂ ਛਪਰੀ ਦੇ ਕਿਨਾਰੇ ਪਹੁੰਚੇ ਤਾਂ ਕੁਝ ਮੁੰਡੇ ਬਾਬਾ ਜੀ ਦੀ ਗੋਦੜੀ ਦੀ ਖੁੱਦੋ (ਗੇਂਦ) ਬਣਾ ਕੇ ਖੇਡ ਰਹੇ ਸਨ। ਬਾਬਾ ਜੀ ਨੇ ਆਪਣੇ ਗੁਰੂ ਵੱਲੋਂ ਬਖਸ਼ੀ ਗੋਦੜੀ ਤੋਂ ਵੱਖ ਹੋਣ ਦੀ ਭੁੱਲ ਨੂੰ ਬਖਸ਼ਾਉਣ ਲਈ 40 ਦਿਨ ਚਲੀਹਾ ਕੱਟਿਆ। ਬਾਅਦ ਵਿੱਚ ਇਸ ਅਸਥਾਨ ਦਾ ਨਾਂ ‘ਗੋਦੜੀ ਸਾਹਿਬ’ ਪੈ ਗਿਆ। ਜਿੱਥੇ ਲੋਕ ਆਕੇ ਨਤਮਸਤਕ ਹੁੰਦੇ ਹਨ ਇਸ ਪਿਛੋਂ ਰਾਜੇ ਮੋਕਲਹਰ ਨੇ ਆਪਣਾ ਨਾਂ ਹਟਾ ਕੇ ਦਰਵੇਸ਼ ਫਕੀਰ ਸ਼ੇਖ ਫਰੀਦ ਜੀ ਦੇ ਨਾਂ ’ਤੇ ਨਗਰ ਦਾ ਨਾਂ ‘ਫਰੀਦਕੋਟ’ ਰੱਖ ਦਿੱਤਾ। ਫਰੀਦਕੋਟ ਵਿੱਚ ਗੁਰਦੁਆਰਾ ਟਿੱਲਾ ਬਾਬਾ ਸ਼ੇਖ ਫਰੀਦ ਜੀ ਦਾ ਗੁਰਦੁਆਰਾ ਸਾਹਿਬ ਸਥਿਤ ਹੈ ਜੋ ਕਿ ਸੰਸਾਰ ਭਰ ਵਿੱਚ ਪ੍ਰਸਿੱਧ ਹੈ। ਇਸ ਸਥਾਨ ’ਤੇ ਹਰ ਵੀਰਵਾਰ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚ ਕੇ ਨਤਮਸਤਕ ਹੁੰਦੀਆਂ ਹਨ। ਉਹ ਵਣ ਦਾ ਦਰੱਖਤ ਜਿਸ ਨਾਲ ਬਾਬਾ ਫਰੀਦ ਜੀ ਨੇ ਗਾਰੇ ਦੀ ਟੋਕਰੀ ਚੁੱਕਦੇ ਸਮੇਂ ਆਪਣੇ ਗਾਰੇ ਨਾਲ ਲਿੱਬੜੇ ਹੋਏ ਹੱਥ ਪੂੰਝੇ ਸਨ ਉਹ ਵਣ ਬਾਬਾ ਜੀ ਦੇ ਇਸ ਅਸਥਾਨ ਤੇ ਸੈਂਕੜੇ ਸਾਲਾਂ ਤੋਂ ਮੌਜੂਦ ਹੈ ਜਿੱਥੇ ਲਗਾਤਾਰ ਜੋਤ ਜਗਦੀ ਰਹਿੰਦੀ ਹੈ ਅਤੇ ਲੋਕ ਆਕੇ ਦਰਸ਼ਨ ਕਰਦੇ ਹਨ। ਇਸ ਗੁਰਦੁਆਰਾ ਸਾਹਿਬ ਵਿੱਚ ਗੁਰੂ ਕਾ ਲੰਗਰ ਅਟੁੱਟ ਵਰਤਦਾ ਹੈ। ਬਾਬਾ ਸ਼ੇਖ ਫ਼ਰੀਦ ਜੀ ਦੇ ਆਗਮਨ ਪੁਰਬ ਨੂੰ ਹਰ ਸਾਲ ਬੜੀ ਹੀ ਸ਼ਰਧਾ ਪੂਰਵਕ ਤਰੀਕੇ ਨਾਲ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ। ਜ਼ਿਲ੍ਹਾ ਫਰੀਦਕੋਟ ਵਿਖੇ ਪ੍ਰਸ਼ਾਸਨ ਵੱਲੋਂ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਹਰ ਸਾਲ 19 ਤੋਂ 23 ਸਤੰਬਰ ਤੱਕ ਸ਼ੇਖ ਫਰੀਦ ਆਗਮਨ ਪੁਰਬ ਮਨਾਇਆ ਜਾਂਦਾ ਹੈ।
ਇਸ ਬਾਰੇ ਇਹ ਤੱਥ ਸਾਹਮਣੇ ਆਏ ਹਨ ਕਿ ਸੇਵਾਦਾਰਾਂ ਨੂੰ ਇਸ ਸਥਾਨ ਦੀ ਸੇਵਾ ਸ਼ੁਰੂ ਕਰਨ ਤੋਂ ਬਾਅਦ ਇੱਕ ਗੱਲ ਹਮੇਸ਼ਾ ਸੋਚਾਂ ਵਿੱਚ ਡੋਬ ਦਿੰਦੀ ਸੀ ਕਿ ਇਸ ਸ਼ਹਿਰ ਵਿੱਚ ਵਸਣ ਵਾਲੇ ਲੋਕਾਂ ਨੂੰ ਬਾਬਾ ਫ਼ਰੀਦ ਜੀ ਦੇ ਇਤਿਹਾਸ ਅਤੇ ਉਨ੍ਹਾਂ ਦੀ ਬਾਣੀ ਬਾਰੇ ਕਿਵੇਂ ਜਾਣੂੰ ਕਰਵਾਇਆ ਜਾਵੇ। ਇਸ ਗੱਲ ਦਾ ਜਵਾਬ ਕੁਦਰਤ ਵੱਲੋਂ ਪ੍ਰਬੰਧਕਾਂ ਦੇ ਮਨ ਵਿੱਚ ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ਨੂੰ ਮਨਾਉਣ ਦੇ ਰੂਪ ਵਿੱਚ ਸਾਹਮਣੇ ਆਇਆ। ਜ਼ਿਕਰਯੋਗ ਹੈ ਕਿ 1969 ਤੋਂ ਪਹਿਲਾਂ ਫਰੀਦਕੋਟ ਦੇ ਇਲਾਕੇ ਜਾਂ ਪੰਜਾਬ ਵਿੱਚ ਬਾਬਾ ਫ਼ਰੀਦ ਜੀ ਦੀ ਯਾਦ ਵਿੱਚ ਨਾ ਹੀ ਕੋਈ ਆਗਮਨ ਪੁਰਬ ਅਤੇ ਨਾ ਹੀ ਕੋਈ ਮੇਲਾ ਮਨਾਇਆ ਜਾਂਦਾ ਸੀ। ਬਾਬਾ ਫ਼ਰੀਦ ਜੀ ਅਤੇ ਫ਼ਰਦੀਕੋਟ ਸ਼ਹਿਰ ਦੇ ਰਜਵਾੜਾਸ਼ਾਹੀ ਇਤਿਹਾਸ ਦੀ ਘੋਖ ਕਰਨ ਤੋਂ ਬਾਅਦ ਇਤਿਹਾਸਕ ਤੱਥਾਂ ਮੁਤਾਬਿਕ 23 ਸਤੰਬਰ ਨੂੰ ਹਰ ਸਾਲ ਬਾਬਾ ਫ਼ਰੀਦ ਜੀ ਦੇ ਇਸ ਸ਼ਹਿਰ ਵਿੱਚ ਆਗਮਨ ਦੀ ਯਾਦ ਵਿੱਚ ਆਗਮਨ ਪੁਰਬ ਮਨਾਉਣ ਦਾ ਫੈਸਲਾ ਕੀਤਾ ਗਿਆ। ਇਹ ਗੱਲ 1960-61 ਦੀ ਹੈ ਉਸ ਸਮੇਂ ਜੈਨਟ ਲਿਚਟੀ ਤੇ ਮਾਈਕਲ ਐਲਗਜੈਂਡਰ ਜੋ ਵਿਦੇਸ਼ ਤੋਂ ਭਾਰਤ ਘੁੰਮਣ ਲਈ ਆਏ ਸਨ। ਜਦੋਂ ਉਹ ਪੰਜਾਬ ਵਿੱਚ ਫਰੀਦਕੋਟ ਵਿਖੇ ਆਏ ਤਾਂ ਉਹ ਉਸ ਸਮੇਂ ਇੰਦਰਜੀਤ ਸਿੰਘ ਜੀ ਕੋਲ ਰਹੇ। ਉਨ੍ਹਾਂ ਨੂੰ ਜਦੋਂ ਫਰੀਦਕੋਟ ਰਿਆਸਤ ਦੀਆਂ ਇਤਿਹਾਸਕ ਬਿਲਡਿੰਗਾਂ ਦਿਖਾਈਆਂ ਤਾਂ ਇਸ ਦੌਰਾਨ ਸੈਰ ਕਰਦੇ ਹੋਏ ਉਹ ਬਾਬਾ ਫ਼ਰੀਦ ਜੀ ਦੇ ਸਥਾਨ ਨੂੰ ਵੇਖਣ ਲਈ ਗਏ।
ਜਦੋਂ ਵਿਦੇਸ਼ੀ ਸੈਲਾਨੀਆਂ ਨੂੰ ਨਾਲ ਲੈ ਕੇ ਟਿੱਲਾ ਸਾਹਿਬ ਪੁੱਜੇ ਤਾਂ ਵੇਖਿਆ ਕਿ ਸਾਰਾ ਫਰਸ਼ ਕੱਚਾ ਹੈ, ਕੋਈ ਪੱਕੀ ਬਿਲਡਿੰਗ ਨਹੀਂ ਹੈ ਅਤੇ ਉਥੇ ਕੁੱਝ ਕੁੱਤੇ ਅਤੇ ਗਧੇ ਠੰਡੀ ਛਾਂ ਵਿੱਚ ਮੌਜਾਂ ਮਾਣ ਰਹੇ ਸਨ ’ਚੌਗਿਰਦੇ ਦੀਆਂ ਕੰਧਾਂ ਡਿੱਗੀਆਂ ਹੋਈਆਂ ਸਨ। ਉਸ ਸਮੇਂ ਇਸ ਸਥਾਨ ’ਤੇ ਇੱਕ ਗੁੰਬਦ-ਨੁਮਾ ਕਮਰੇ ਵਿੱਚ ਬਾਬਾ ਜੀ ਦੇ ਹੱਥ ਛੋਹ ਵਾਲੀ ਮੁਤਬਰਕ ਵਣ ਦੀ ਲੱਕੜ ਤੋਂ ਇਲਾਵਾ ਕੁਝ ਨਹੀਂ ਸੀ ਤੇ ਇਹ ਗੁੰਬਦ ਖਸਤਾ ਹਾਲਤ ਵਿੱਚ ਸੀ।
ਜ਼ਿਕਰਯੋਗ ਹੈ ਕਿ ਉਸ ਸਮੇਂ ਟਿੱਲਾ ਬਾਬਾ ਫ਼ਰੀਦ ਜੀ ਦੇ ਸਥਾਨ ’ਤੇ ਸਾਰੇ ਇਲਾਕੇ ਵਿੱਚ ਹਰ ਰੋਜ਼ 3 ਤੋਂ 4 ਸ਼ਰਧਾਲੂ ਹੀ ਆਉਂਦੇ ਸਨ ਅਤੇ ਨਾ ਹੀ ਇਸ ਇਲਾਕੇ ਵਿੱਚ ਕਿਸੇ ਨੂੰ ਬਾਬਾ ਫਰੀਦ ਜੀ ਦੇ ਇਤਿਹਾਸ ਜਾਂ ਬਾਣੀ ਬਾਰੇ ਕੋਈ ਜਾਣਕਾਰੀ ਸੀ। ਉਸ ਸਮੇਂ ਖਾਲਸਾ ਜੀ ਵੀ ਫ਼ਰੀਦ ਜੀ ਦੇ ਅਤੇ ਫ਼ਰੀਦਕੋਟ ਦੇ ਇਤਿਹਾਸ ਤੋਂ ਜਾਣੂੰ ਨਹੀਂ ਸਨ। ਇਸ ਲਈ ਵਿਦੇਸ਼ ਤੋਂ ਆਏ ਸੈਲਾਨਿਆਂ ਦੇ ਬਹੁਤੇ ਸਵਾਲਾਂ ਦਾ ਜਵਾਬ ਨਾ ਦੇ ਸਕੇ। ਦਰਸ਼ਨ ਕਰਨ ਤੋਂ ਬਾਅਦ ਜਦੋਂ ਵਿਦੇਸ਼ੀ ਸੈਲਾਨੀ ਬਾਹਰ ਆਏ ਤਾਂ ਜੈਨਟ ਲਿਚਟੀ ਅੰਗਰੇਜ਼ੀ ਵਿੱਚ ਕਹਿਣ ਲੱਗੀ “ਤੁਸੀਂ ਤਾਂ ਕਹਿੰਦੇ ਹੋ ਇਸ ਸੰਤ ਨੂੰ ਸਾਰੇ ਲੋਕ ਮੰਨਦੇ ਹਨ, ਪਰ ਮੈਨੂੰ ਲੱਗਦਾ ਹੈ ਕਿ ਇਸ ਨੂੰ ਮੰਨਣ ਵਾਲੇ ਲੋਕ ਇਸ ਇਲਾਕੇ ਵਿੱਚ ਰਹਿੰਦੇ ਹੀ ਨਹੀਂ।” ਇਹ ਸੁਣਨ ਤੋਂ ਬਾਅਦ ਉਨ੍ਹਾਂ ਦੇ ਨਾਲ ਗਏ ਹੋਏ ਸਾਥੀ ਸ਼ਰਮਸਾਰ ਹੋ ਗਏ ਅਤੇ ਕੋਈ ਜਵਾਬ ਨਾ ਦੇ ਸਕੇ।
ਇਸ ਤੋਂ ਬਾਅਦ ਕੁਦਰਤ ਦੀ ਕਰਨੀ ਕੀ ਹੋਈ ਕਿ 25 ਸਤੰਬਰ 1969 ਨੂੰ ਇਸ ਸਥਾਨ ਦੀ ਸੇਵਾ ਇੰਦਰਜੀਤ ਸਿੰਘ ਖਾਲਸਾ ਨੂੰ ਮਿਲੀ ਅਤੇ ਇਨਾਂ ਦਾ ਸਹਿਯੋਗ ਰਣਜੀਤ ਸਿੰਘ ਵੈਹਣੀਵਾਲ  ਨਾਮਵਰ ਐਡਵੋਕੇਟ ਨੇ ਕੀਤਾ। ਉਸ ਸਮੇਂ ਗੁੰਬਦਨੁਮਾ ਕਮਰਾ ਜਿਸ ਵਿੱਚ ਵਣ ਦੀ ਪਵਿੱਤਰ ਲੱਕੜ ਅਤੇ ਇੱਕ ਨੁੱਕਰ ਵਿੱਚ ਬਣੇ ਛੋਟੇ ਜਿਹੇ ਕਮਰੇ ਦੀ ਅਲਮਾਰੀ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਸਾਹਿਬ ਸੀ, ਪਰ ਮਰਿਯਾਦਾ ਮੁਤਾਬਿਕ ਕੋਈ ਸੰਭਾਲ ਨਹੀ ਸੀ ਹੋ ਰਹੀ ਅਤੇ ਉਸ ਕਮਰੇ ਦੀ ਹਾਲਤ ਬਹੁਤ ਖਸਤਾ ਸੀ। ਜਿਸ ਤੋਂ ਬਾਅਦ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਅਤੇ ਇਸ ਕਮੇਟੀ ਨੂੰ ਰਜਿਸਟਰਡ ਬਾਡੀ ਦੇ ਰੂਪ ਵਿੱਚ ਕਾਨੂੰਨ ਰਾਹੀਂ ਪੱਕਾ ਕੀਤਾ ਅਤੇ ਸੇਵਾ ਸ਼ੁਰੂ ਕੀਤੀ ਗਈ। ਹੌਲੀ ਹੌਲੀ ਇਸ ਪਵਿੱਤਰ ਸਥਾਨ ਦਾ ਸੁੰਦਰ ਰੂਪ ਬਣ ਗਿਆ ਜੋ ਕਿ ਅੱਜ ਸਭ ਦੇ ਸਾਹਮਣੇ ਹੈ।
ਪੰਜਾਬ ਸਰਕਾਰ ਵੱਲੋਂ ਬਾਬਾ ਫਰੀਦ ਜੀ ਦੀ ਯਾਦ ਵਿੱਚ ਮੇਲਾ 1986 ਵਿੱਚ ਆਰੰਭ ਹੋਇਆ ਜਿਸ ਸਮੇਂ ਪੂਰਾ ਪੰਜਾਬ ਖਾੜਕੂਵਾਦ ਦੇ ਦੌਰ ਵਿਚੋਂ ਲੰਘ ਰਿਹਾ ਸੀ। ਪੰਜਾਬ ਅੰਦਰ ਗਵਰਨਰੀ ਰਾਜ ਸੀ, ਪੰਜਾਬ ਦੇ ਤਤਕਾਲੀ ਰਾਜਪਾਲ ਸਿਧਾਰਥ ਸ਼ੰਕਰ ਰੇਅ ਵੱਲੋਂ ਪੰਜਾਬ ਵਿੱਚ ਭਾਈਚਾਰਕ ਸਾਂਝ ਅਤੇ ਸਦਭਾਵਨਾ ਪੈਦਾ ਕਰਨ ਲਈ ਮੇਲਿਆਂ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਪਹਿਲਾ ਮੇਲਾ ਮਹਾਨ ਸ਼ੂਫੀ ਸੰਤ ਬਾਬਾ ਸ਼ੇਖ ਫਰੀਦ ਜੀ ਜਿੰਨ੍ਹਾਂ ਨੂੰ ਪੰਜਾਬ ਭਾਸ਼ਾ ਦਾ ਪਿਤਾਮਾ ਆਖਿਆ ਜਾਂਦਾ ਹੈ ਉਹਨਾਂ ਦੀ ਯਾਦ ਨੂੰ ਸਮਰਪਿਤ ਕਰਕੇ ਫਰੀਦਕੋਟ ਵਿਖੇ ਸ਼ੁਰੂ ਕੀਤਾ ਗਿਆ।
ਇਸ ਆਗਮਨ ਪੁਰਬ ਮੌਕੇ ਨਗਰ ਕੀਰਤਨ ਸਜਾਏ ਜਾਂਦੇ ਹਨ, ਬਾਣੀ ਦਾ ਪਾਠ, ਸ਼ਬਦ ਕੀਰਤਨ, ਖੇਡਾਂ, ਸੂਫੀ ਪ੍ਰੋਗਰਾਮ, ਸਭਿਆਚਾਰਕ ਮੇਲੇ, ਟੂਰਨਾਮੈਂਟ,ਕੌਮੀ ਲੋਕ ਨਾਚ ਆਦਿ ਬਹੁਤ ਹੀ ਪ੍ਰਭਾਵਸ਼ਾਲੀ ਤਰੀਕੇ ਨਾਲ ਕਰਵਾਏ ਜਾਂਦੇ ਹਨ। ਇਸ ਸਾਲ ਵੀ ਜ਼ਿਲ੍ਹਾ ਪ੍ਰਸਾਸ਼ਨ ਫਰੀਦਕੋਟ ਵੱਲੋਂ ਪੁਸਤਕ ਮੇਲਾ, ਖੇਡ ਮੇਲਾ, ਕਵੀ ਦਰਬਾਰ, ਫੋਟੋਗ੍ਰਾਫ਼ੀ ਅਤੇ ਪੇਂਟਿੰਗ ਪ੍ਰਦਰਸ਼ਨੀ, ਬਾਬਾ ਸ਼ੇਖ ਫਰੀਦ ਡਰਾਮਾ ਫੈਸਟੀਵਲ, ਕੌਮੀ ਲੋਕ ਨਾਚ, ਕਵਾਲੀ ਪ੍ਰੋਗਰਾਮ, ਸੱਭਿਆਚਾਰਕ ਪ੍ਰੋਗਰਾਮ, ਨਗਰ ਕੀਰਤਨ, ਇਨਾਮ ਵੰਡ ਸਮਾਰੋਹ ਆਦਿ ਚੱਲਣਗੇ। ਇਲਾਕੇ ਦੇ ਲੋਕਾਂ ਵਿੱਚ ਇਸ ਮੇਲੇ ਪ੍ਰਤੀ ਪੂਰਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
ਪਰਮੋਦ ਧੀਰ
-ਮੋਬਾ: 98550-31081

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ