ਅਕਸਰ ਦੇਖਣ ਅਤੇ ਸੁਣਨ ਵਿੱਚ ਆਉਂਦਾ ਰਹਿੰਦਾ ਹੈ ਕਿ ਲੋਕ ਖੇਤਾਂ ਦੇ ਵੱਟ ਬੰਨਿ੍ਹਆਂ, ਗਲੀਆਂ, ਰਾਹਾਂ ਅਤੇ ਹੋਰ ਨਿੱਕੇ ਮੋਟੇ ਝਗੜੇ ਨੂੰ ਲੈ ਕੇ ਇੱਕ ਦੂਜੇ ਨਾਲ ਗਾਲ੍ਹੀ ਗਲੋਚ, ਹੱਥੋਂ ਪਾਈ ਹੁੰਦੇ ਰਹਿੰਦੇ ਹਨ । ਕਈ ਵਾਰ ਤਾਂ ਇਹ ਝਗੜੇ ਪਿੰਡ ਪੱਧਰ ’ਤੇ ਮੋਹਤਬਰਾਂ ਦੀ ਹਾਜ਼ਰੀ ਵਿੱਚ ਨਿਪਟਾ ਲੈ ਜਾਂਦੇ ਹਨ ਪਰ ਕਦੇ ਕਦੇ ਇਹੇ ਝਗੜੇ ਮਾਮੂਲੀ ਗੱਲ ਤੋਂ ਵੱਧ ਕੇ ਕਤਲਾਂ ਤੱਕ ਵੀ ਪਹੁੰਚ ਜਾਂਦੇ ਹਨ ।
ਇਹਨਾਂ ਲੜਾਈ ਝਗੜਿਆਂ ਵਿੱਚ ਦੋਹਾਂ ਧਿਰਾਂ ਵੱਲੋਂ ਹੀ ਇੱਕ ਦੂਜੇ ਦੇ ਨਜ਼ਦੀਕੀ ਰਿਸ਼ਤੇਦਾਰਾਂ ਦੇ ਜਾਂ ਫਿਰ ਸਕੂਲ, ਕਾਲਜਾਂ ਵਿੱਚ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਦੇ ਨਾਮ ਵੀ ਜਾਣ ਬੁੱਝ ਕੇ ਕੇਸਾਂ ਵਿੱਚ ਪਵਾ ਦਿੱਤੇ ਜਾਂਦੇ ਹਨ । ਹਾਲੇ ਕਿ ਲੜਾਈ ਵਾਲੇ ਦਿਨ ਉਹ ਵਿਦਿਆਰਥੀ ਜਿਹਨਾਂ ਦੇ ਨਾਮ ਕੇਸਾਂ ਵਿੱਚ ਨਾਮਜ਼ਦ ਕਰਵਾਏ ਜਾਂਦੇ ਹਨ ਉਹ ਉਸ ਦਿਨ ਉਸ ਲੜਾਈ ਵਾਲੀ ਵਾਲੀ ਜਗ੍ਹਾ ਤੇ ਵੀ ਨਹੀਂ ਹੁੰਦੇ । ਇਸ ਦਾ ਇੱਕੋ ਹੀ ਕਾਰਨ ਹੁੰਦਾ ਹੈ ਕਿ ਦੂਜੀ ਧਿਰ ਉੱਤੇ ਆਪਣਾ ਦਬਾਅ ਬਣਾਉਣ ਲਈ ਇਹੇ ਸਾਜਿਸ਼ ਘੜ ਲਈ ਜਾਂਦੀ ਹੈ । ਲੜਾਈ ਵਾਲੀਆਂ ਦੋਵੇਂ ਧਿਰਾਂ ਵੱਲੋਂ ਹੀ ਨਾਬਾਲਗ ਅਤੇ ਵਿਦਿਆਰਥੀਆਂ ਦੇ ਨਾਮ ਇਸ ਕਰਕੇ ਵੀ ਕੇਸਾਂ ਵਿੱਚ ਪਵਾ ਦਿੱਤੇ ਜਾਂਦੇ ਹਨ ਤਾਂ ਜੋ ਅੱਗੇ ਜਾ ਕੇ ਰਾਜ਼ੀਨਾਮੇ ਦੀਆਂ ਸੰਭਾਵਨਾਵਾਂ ਵੱਧ ਜਾਣਾ । ਕੇਸਾਂ ਵਿੱਚ ਵਿਦਿਆਰਥੀਆਂ ਦੇ ਨਾਮ ਪੁਲਿਸ ਦੀ ਮਿਲੀਭੁਗਤ ਤੋਂ ਬਿਨਾਂ ਸੰਭਵ ਨਹੀਂ ਹੁੰਦੇ । ਕੁਝ ਕੇਸਾਂ ਵਿੱਚ ਤਾਂ ਜਿਸ ਤਰ੍ਹਾਂ ਪੈਸੇ ਦੇ ਜ਼ੋਰ ਨਾਲ ਨਾਮ ਪਵਾਏ ਜਾਂਦੇ ਹਨ ਫਿਰ ਉਹ ਵਿਧੀ ਦੂਜੀ ਧਿਰ ਵੱਲੋਂ ਵਰਤ ਕੇ ਨਾਮ ਪਰਚੇ ਵਿੱਚੋ ਬਾਹਰ ਵੀ ਕੱਢਵਾ ਲਏ ਜਾਂਦੇ ਹਨ । ਹਰ ਕਿਸੇ ਦੇ ਮਾਤਾ ਪਿਤਾ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹਨੇ ਦੇ ਪੜ੍ਹਾਈ ਕਰਦੇ ਪੁੱਤ ਦਾ ਨਾਮ ਪਰਚੇ ਵਿੱਚ ਨਾ ਆਵੇ ਤਾਂ ਜੋ ਉਸ ਨੂੰ ਅੱਗੇ ਜਾ ਕੇ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
ਬਹੁਤੇ ਕੇਸਾਂ ਵਿੱਚ ਭਾਵੇਂ ਕਿ ਕਿਸੇ ਵਿਦਿਆਰਥੀ ਨੂੰ ਕੇਸ ਵਿੱਚ ਝੂਠਾ ਹੀ ਫਸਾਇਆ ਹੁੰਦਾ ਪਰ ਅਦਾਲਤ ਵੱਲੋਂ ਮਿਲੀ ਹੋਈ ਸਜ਼ਾ ਕਰਕੇ ਉਸ ਦਾ ਪੂਰਾ ਕੈਰੀਅਰ ਹੀ ਖ਼ਤਮ ਹੋ ਜਾਂਦਾ ਹੈ। ਇਹ ਵਰਤਾਰਾ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਵੀ ਵਰਤਦਾ ਹੈ । ਹਰੇਕ ਧਿਰ ਆਪਣਾ ਹੱਥ ਉੱਪਰ ਰੱਖਣ ਦੇ ਲਾਲਚ ਵਿੱਚ ਬਹੁਤ ਵਾਰ ਬੇਕਸੂਰ ਵਿਦਿਆਰਥੀਆਂ ਦੇ ਨਾਮ ਲੜਾਈ ਵਾਲੇ ਕੇਸਾਂ ਵਿੱਚ ਪਵਾ ਦਿੰਦੀ ਹੈ। ਜਿਹਨਾਂ ਵਿਦਿਆਰਥੀਆਂ ਨੂੰ ਇਹਨਾਂ ਕੇਸਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਦੀ ਜ਼ਿੰਦਗੀ ਦਾ ਕਾਫੀ ਹਿੱਸਾ ਮੁਕੱਦਮਿਆਂ ਵਿੱਚ ਹੀ ਖ਼ਰਾਬ ਹੋ ਜਾਂਦਾ ਹੈ ਅਤੇ ਜ਼ਿੰਦਗੀ ਵਿੱਚ ਪੜ੍ਹਾਈ ਕਰਨ ਵਾਲੇ ਦਿਨ ਉਹਨਾਂ ਦੇ ਕਚਹਿਰੀਆਂ ਦੀਆਂ ਬਰੂਹਾਂ ਅੱਗੇ ਹਾਜ਼ਰੀ ਲਗਵਾਉਦਿਆ ਹੀ ਲੰਘ ਜਾਂਦੇ ਹਨ । ਸਕੂਲ ਪੱਧਰ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਦੇ ਕੁਝ ਮਾਪਿਆਂ ਨੂੰ ਅਣਪੜ੍ਹ ਹੋਣ ਕਰਕੇ ਅਤੇ ਚਾਣਚੱਕ ਬਣੀ ਇਸ ਮੁਸੀਬਤ ਵਿੱਚੋ ਵਿਦਿਆਰਥੀ ਨੂੰ ਕਿਵੇਂ ਰਾਹਤ ਮਿਲ ਸਕਦੀ ਹੈ ਕੁਝ ਨਹੀਂ ਸੁਝਦਾ। ਉਹਨਾਂ ਨੂੰ ਮੁਫ਼ਤ ਦੇ ਵਕੀਲਾਂ ਦੀਆਂ ਸਲਾਹਾਂ ਹੀ ਕਿਸੇ ਪਾਸੇ ਨਹੀਂ ਲੱਗਣ ਦਿੰਦੀਆਂ। ਕਈ ਵਾਰ ਜੋ ਕੇਸ ਬੜੀ ਆਸਾਨੀ ਨਾਲ ਹੱਲ ਹੋ ਜਾਣਾ ਹੁੰਦਾ ਪਿੰਡਾਂ ਜਾਂ ਮੁਹੱਲਿਆਂ ਵਾਲੇ ਮੁਫ਼ਤ ਦੇ ਵਕੀਲ ਸਾਰੀ ਖੇਡ ਹੀ ਖ਼ਰਾਬ ਕਰ ਦਿੰਦੇ ਹਨ । ਹਾਲਾਂ ਕਿ ਬਹੁਤ ਕੇਸਾਂ ਵਿੱਚ ਵਿਦਿਆਰਥੀਆਂ ਨੂੰ ਅਦਾਲਤ ਵੱਲੋਂ ਬਹੁਤ ਵੱਡੀ ਰਾਹਤ ਮਿਲ ਜਾਂਦੀ ਹੈ ਤਾਂ ਜੋ ਉਹਨਾਂ ਦੀ ਪੜ੍ਹਾਈ ਤੇ ਕੋਈ ਅਸਰ ਨਾ ਪਵੇ।
ਸ਼ਾਇਦ ਇਸੇ ਡਰ ਕਾਰਨ ਹੀ ਹੁਣ ਵਿਦੇਸ਼ ਵਿੱਚ ਪੜ੍ਹਾਈ ਕਰਨ ਜਾ ਰਹੇ ਵਿਦਿਆਰਥੀਆਂ ਦੇ ਮਾਪੇ ਵੀ ਕਿਸੇ ਕੋਲ ਇਸ ਗੱਲ ਦਾ ਜ਼ਿਕਰ ਹੀ ਨਹੀਂ ਕਰਦੇ ਕਿ ਉਹਨਾਂ ਦਾ ਪੁੱਤ ਵਿਦੇਸ਼ ਜਾ ਰਿਹਾ ਹੈ । ਉਹਨਾਂ ਨੂੰ ਇੱਕੋ ਗੱਲ ਦਾ ਡਰ ਹੁੰਦਾ ਹੈ ਕਿ ਕਿਤੇ ਕੋਈ ਸ਼ਰਾਰਤ ਨਾਲ ਉਹਨਾਂ ਦੇ ਪੁੱਤ ਨੂੰ ਕਿਸੇ ਕੇਸ ਵਿੱਚ ਨਾ ਲਿਖਵਾ ਦੇਵੇ । ਸ਼ਾਇਦ ਇਸੇ ਕਰਕੇ ਹੀ ਅੱਜਕਲ੍ਹ ਵਿਦੇਸ਼ ਪੜ੍ਹਨ ਜਾਣ ਵਾਲੇ ਵਿਦਿਆਰਥੀ ਜਹਾਜ਼ ਚੜ੍ਹ ਕੇ ਹੀ ਆਪਣੀ ਫੋਟੋ ਹੋਰਾਂ ਨਾਲ ਸਾਂਝੀ ਕਰਦੇ ਹਨ ।
ਪੁਲਿਸ ਪ੍ਰਸ਼ਾਸਨ ਨੂੰ ਵੀ ਇਸ ਪਾਸੇ ਵੱਲ ਖਾਸ ਧਿਆਨ ਦੇ ਕੇ ਜਲਦ ਬਾਜ਼ੀ ਵਿੱਚ ਕੋਈ ਐਸੀ ਕਾਰਵਾਈ ਨਹੀਂ ਕਰਨੀ ਚਾਹੀਦੀ ਜਿਸ ਨਾਲ ਕਿਸੇ ਵਿਦਿਆਰਥੀ ਦੀ ਪੜ੍ਹਾਈ ਵਾਲੀ ਉਮਰ ਕੇਸਾਂ ਵਿੱਚ ਉਲਝ ਜਾਵੇ ਅਤੇ ਉਹ ਆਪਣੇ ਨਾਲ ਹੋਏ ਕਿਸੇ ਅਨਿਆਂ ਕਾਰਨ ਪ੍ਰਸ਼ਾਸਨ ਪ੍ਰਤੀ ਆਪਣੇ ਦਿਲ ਵਿੱਚ ਨਫ਼ਰਤ ਰੱਖ ਕੇ ਸਦਾ ਲਈ ਕਿਤੇ ਜੁਰਮ ਦੀ ਦੁਨੀਆਂ ਵਿੱਚ ਨਾ ਚਲਾ ਜਾਵੇ।
ਹਰਭਿੰਦਰ ਸਿੰਘ ਸੰਧੂ
-ਮੋਬਾ: 9781081888