Friday, December 08, 2023  

ਲੇਖ

ਬੁਢਾਪੇ ਦਾ ਪਰੇਸ਼ਾਨਕੁਨ-ਰੋਗ ਅਲਜ਼ਾਇਮਰ

September 20, 2023

ਬਚਪਨ ਅਤੇ ਜਵਾਨੀ ਦੀ ਤਰ੍ਹਾਂ ਬੁਢਾਪਾ ਵੀ ਮਨੁੱਖੀ ਜੀਵਨ ਦੀ ਇੱਕ ਮਹੱਤਵਪੂਰਨ ਅਵਸਥਾ ਹੈ। ਜੇਕਰ ਕਿਸੇ ਮਨੁੱਖ ਨੇ ਆਪਣਾ ਜਵਾਨੀ ਦਾ ਕਾਲ ਬੇਪਰਵਾਹੀ ਅਤੇ ਲਾਪਰਵਾਹੀ ਨਾਲ ਬਿਤਾਇਆ ਹੈ ਤਾਂ ਉਸਨੂੰ ਬੁਢਾਪੇ ਵਿੱਚ ਵੱਡੀਆਂ ਸ਼ਰੀਰਕ ਤੇ ਮਾਨਸਿਕ ਪ੍ਰੇਸ਼ਾਨੀਆਂ ਜਾਂ ਰੋਗਾਂ ਨਾਲ ਦੋ-ਚਾਰ ਹੋਣਾ ਪੈ ਸਕਦਾ ਹੈ ਪਰ ਜੇਕਰ ਬੁਢਾਪੇ ਤੋਂ ਪਹਿਲਾਂ ਦਾ ਜੀਵਨ ਸਾਦਾ, ਸੁੱਚਾ, ੳੁੱਚੇ ਵਿਚਾਰਾਂ ਵਾਲਾ ਤੇ ਸਾਦੇ ਭੋਜਨ ਅਤੇ ਕਸਰਤ ਆਦਿ ਵਾਲਾ ਹੈ ਤਾਂ ਬੁਢਾਪਾ ਘੱਟ ਦੁਸ਼ਵਾਰੀਆਂ ਭਰਿਆ ਹੋਣ ਦੇ ਆਸਾਰ ਹੁੰਦੇ ਹਨ। ਉਕਤ ਦੋਵਾਂ ਹਕੀਕਤਾਂ ਦੇ ਬਾਵਜੂਦ ਇਹ ਵੀ ਸੱਚ ਹੈ ਕਿ ਜਦੋਂ ਮਨੁੱਖ ਬਹੁਤ ਹੀ ਵਡੇਰੀ ਉਮਰ ਦੇ ਗੇੜ ਵਿੱਚ ਪੈਰ ਜਾ ਪਾਉਂਦਾ ਹੈ ਤਾਂ ਅਲਜ਼ਾਈਮਰ ਦਾ ਰੋਗ ਉਸਨੂੰ ਆ ਹੀ ਘੇਰਦਾ ਹੈ ਤੇ ਨਾ ਕੇਵਲ ਉਸਦੇ ਖ਼ੁਦ ਦੇ ਲਈ ਸਗੋਂ ਉਸਨੂੰ ਸਾਂਭਣ ਵਾਲਿਆਂ ਲਈ ਵੀ ਵੱਡੀ ਪ੍ਰੇਸ਼ਾਨੀ ਦਾ ਸਬੱਬ ਬਣਦਾ ਹੈ।
ਐਲਜ਼ਾਈਮਰ ਰੋਗ ਵਿੱਚ ਵਡੇਰੀ ਉਮਰ ਕਰਕੇ ਸ਼ਰੀਰ ਦੇ ਬਾਹਰੀ ਅੰਗਾਂ ਦੀ ਤਰ੍ਹਾਂ ਅੰਦਰੂਨੀ ਨਾੜੀ ਤੰਤਰ ਵੀ ਕਮਜ਼ੋਰ ਪੈ ਜਾਂਦਾ ਹੈ ਤੇ ਦਿਮਾਗ ਦਾ ਯਾਦਸ਼ਕਤੀ ਵਾਲਾ ਖਿੱਤਾ ਕਮਜ਼ੋਰੀ ਦੇ ਲੱਛਣ ਵਿਖਾਉਂਦਿਆਂ ਹੋÇਂੲਆਂ ਬਜ਼ੁਰਗਾਂ ਨੂੰ ਅਤਿ ਦਰਜੇ ਦੇ ਭੁਲੱਕੜ ਬਣਾ ਦਿੰਦਾ ਹੈ। ਬਜ਼ੁਰਗਾਂ ਦੇ ਵਿਹਾਰ ਵਿੱਚ ਵੀ ਤਬਦੀਲੀ ਆ ਜਾਂਦੀ ਹੈ ਤੇ ਗੱਲਾਂ ਅਤੇ ਚੀਜ਼ਾਂ ਨੂੰ ਭੁੱਲਣ ਵਾਲੇ ਬਜ਼ੁਰਗ ਦੇ ਕੇਅਰਟੇਕਰ ਤੰਗ ਹੋਣੇ ਸ਼ੁਰੂ ਹੋ ਜਾਂਦੇ ਹਨ। ਕੁਝ ਬਜ਼ੁਰਗ ਤਾਂ ਆਪਣੀ ਭੁੱਲਣ ਦੀ ਆਦਤ ਕਰਕੇ ਘਰੋਂ ਨਿਕਲਣਾ ਬੰਦ ਕਰ ਦਿੰਦੇ ਹਨ ਤੇ ਕੁਝ ਮਾਮਲਿਆਂ ਵਿੱਚ ਮਰੀਜ਼ ਦੇ ਘਰ ਦੇ ਜੀਅ ਉਸਨੂੰ ਘਰੋਂ ਹੀ ਨਹੀਂ ਨਿਕਲਣ ਦਿੰਦੇ ਹਨ ਜਿਸ ਕਰਕੇ ਆਪਣੇ ਮਿੱਤਰਾਂ ਅਤੇ ਗੁਆਂਢੀਆਂ ਦਾ ਸਾਥ ਛੁੱਟਣ ਅਤੇ ਘਰ ’ਚ ਇਕੱਲੇ ਅਤੇ ਅੰਦਰ ਵੜ੍ਹ ਕੇ ਰਹਿਣ ਕਰਕੇ ਬਜ਼ੁਰਗ ਦੀ ਦਿਮਾਗੀ ਪ੍ਰੇਸ਼ਾਨੀ ਹੋਰ ਵਧ ਜਾਂਦੀ ਹੈ ਤੇ ਪ੍ਰੇਸ਼ਾਨੀ ਦੇ ਦਬਾਅ ਹੇਠ ਉਹ ਹੋਰ ਭੁਲੱਕੜ ਬਣ ਜਾਂਦਾ ਹੈ ਅਤੇ ਉਸਦੀ ਹਾਲਤ ਬਦ ਤੋਂ ਬਦਤਰ ਵਾਲੇ ਪਾਸੇ ਚਲੀ ਜਾਂਦੀ ਹੈ।
ਦਰਅਸਲ ਸੰਨ 1901 ਵਿੱਚ ਜਰਮਨੀ ਦੇ ਇੱਕ ਡਾਕਟਰ ਐਲੋਇਸ ਐਲਜ਼ਾਈਮਰ ਨੇ ਇੱਕ 50 ਸਾਲਾ ਔਰਤ ਦਾ ਇਲਾਜ ਕਰਦਿਆਂ ਪਹਿਲੀ ਵਾਰ ਇਸ ਬਿਮਾਰੀ ਦੇ ਲੱਛਣ ਪਛਾਣੇ ਸਨ ਤੇ ਨੋਟ ਕੀਤੇ ਸਨ। ਉਸ ਵੱਲੋਂ ਕੀਤੀ ਇਸ ਬਿਮਾਰੀ ਦੀ ਖੋਜ ਨੂੰ ਉਸਦੇ ਨਾਂ ‘ਤੇ ਹੀ ਦਰਜ ਕਰ ਦਿੱਤਾ ਗਿਆ ਸੀ ਇਸ ਲਈ ਇਸ ਰੋਗ ਨੂੰ ਅਜੱਕੱਲ ਵੀ ‘ਐਲਜ਼ਾਈਮਰ ਰੋਗ’ ਹੀ ਕਿਹਾ ਜਾਂਦਾ ਹੈ। ਸੰਨ 1984 ਵਿੱਚ ਕੌਮਾਂਤਰੀ ਪੱਧਰ ’ਤੇ ‘ਐਲਜ਼ਾਈਮਰ ਡਿਜ਼ੀਜ਼ ਇੰਟਰਨੈਸ਼ਨਲ’ ਨਾਮਕ ਸੰਸਥਾ ਦੀ ਸਥਾਪਨਾ ਕੀਤੀ ਗਈ ਸੀ ਤੇ ਸੰਨ 1994 ਵਿੱਚ ਇਸ ਸੰਸਥਾ ਨੇ 21 ਸਤੰਬਰ ਦੇ ਦਿਨ ‘ਵਿਸ਼ਵ ਐਲਜ਼ਾਈਮਰ ਦਿਵਸ’ ਮਨਾਉਣ ਦਾ ਐਲਾਨ ਕੀਤਾ ਸੀ। ਇਸ ਦਿਨ ਨੂੰ ਮਨਾਉਣ ਦਾ ਮੁੱਖ ਮਕਸਦ ਆਮ ਲੋਕਾਂ ਅੰਦਰ ਇਸ ਰੋਗ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਅਤੇ ਐਲਜ਼ਾਈਮਰ ਰੋਗੀਆਂ ਨਾਲ ਹਮਦਰਦੀ ਤੇ ਪਿਆਰ ਨਾਲ ਪੇਸ਼ ਆਉਣ ਪ੍ਰਤੀ ਲੋਕਾਂ ਨੂੰ ਤਿਆਰ ਕਰਨਾ ਸੀ ਤੇ ਅੱਜ ਵੀ ਇਸ ਦਿਨ ਨੂੰ ਮਨਾਉਣ ਦਾ ਮੁੱਖ ਮੰਤਵ ਇਹ ਹੀ ਹੈ।
ਇਹ ਮੰਨਿਆ ਜਾਂਦਾ ਹੈ ਕਿ ਵਧੇਰੇ ਕਰਕੇ ਇਹ ਰੋਗ 65 ਸਾਲ ਦੀ ਉਮਰ ਤੋਂ ਵੱਧ ਉਮਰ ਵਾਲੇ ਬਜ਼ੁਰਗਾਂ ਨੂੰ ਘੇਰਦਾ ਹੈ ਕਿਉਂਕਿ ਇਸ ਉਮਰ ਵਿੱਚ ਬ੍ਰੇਨ ਸੈੱਲ ਕਮਜ਼ੋਰ ਪੈ ਜਾਂਦੇ ਹਨ। ਜੇਕਰ ਪਰਿਵਾਰ ਵਿੱਚ ਕੋਈ ਐਲਜ਼ਾਈਮਰ ਦਾ ਮਰੀਜ਼ ਹੈ ਤਾਂ ਉਸਦੇ ਕਿਸੇ ਹੋਰ ਪਰਿਵਾਰਕ ਮੈਂਬਰ ਦੇ ਇਸ ਰੋਗ ਨਾਲ ਪੀੜਿਤ ਹੋਣ ਦਾ ਖ਼ਦਸ਼ਾ ਜ਼ਿਆਦਾ ਹੁੰਦਾ ਹੈ। ਇਸ ਤੋਂ ਇਲਾਵਾ ਕਿਸੇ ਦੁਰਘਟਨਾ ਵਿੱਚ ਲੱਗੀ ਸਿਰ ਦੀ ਸੱਟ ਵੀ ਇਸ ਰੋਗ ਦਾ ਕਾਰਨ ਬਣ ਸਕਦੀ ਹੈ। ਕੁਝ ਖੋਜਾਂ ਵਿੱਚ ਇਹ ਪਤਾ ਲੱਗਾ ਹੈ ਕਿ ਦਿਮਾਗ ਅੰਦਰ ‘ਐਫ਼-ਐਕਟਿਨ’ ਨਾਮਕ ਇੱਕ ਪ੍ਰੋਟੀਨ ਦਾ ਖੰਡਿਤ ਹੋ ਜਾਣਾ ਨਾੜੀ ਤੰਤੂਆਂ ਦੀ ਵਿਵਸਥਾ ਨੂੰ ਗੜਬੜਾ ਦਿੰਦਾ ਹੈ।
ਇਸ ਰੋਗ ਸਬੰਧੀ ਕੁਝ ਅਤਿ ਮਹੱਤਵਪੂਰਨ ਅਤੇ ਯਾਦ ਰੱਖਣਯੋਗ ਤੱਥ ਇਹ ਹਨ ਕਿ ਜੋ ਨੌਜਵਾਨ ਹਵਾ ਪ੍ਰਦੂਸ਼ਣ ਵਾਲੇ ਖੇਤਰ ਵਿੱਚ ਅਧਿਕਤਰ ਸਮਾਂ ਕੰਮ ਕਰਦੇ ਹਨ ,ਉਨ੍ਹਾ ਦੀ ਇਸ ਰੋਗ ਨਾਲ ਗ੍ਰਸੇ ਜਾਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ੳੱੁਤਰੀ ਭਾਰਤ ਅੰਦਰ ਸਰਦੀਆਂ ਦੇ ਮੌਸਮ ਵਿੱਚ ਪਰਾਲੀ ਨੂੰ ਲਗਾਈ ਅੱਗ ਅਤੇ ਪਟਾਕਿਆਂ ਦਾ ਜ਼ਹਿਰੀਲਾ ਧੂੰਆਂ ਇਸ ਰੋਗ ਦੀ ਤੀਬਰਤਾ ਵਿੱਚ ਵਾਧਾ ਕਰਦਾ ਹੈ। ਜ਼ਿਆਦਾ ਸ਼ਰਾਬ ਪੀਣਾ ਵੀ ਐਲਜ਼ਾਈਮਰ ਨੂੰ ਸੱਦਾ ਦੇਣ ਦਾ ਕੰਮ ਕਰਦਾ ਹੈ। ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਵਰਤਮਾਨ ਹਾਲਾਤ ਸੰਕੇਤ ਦੇ ਰਹੇ ਹਨ ਕਿ ਸੰਨ 2050 ਵਿੱਚ ਐਲਜ਼ਾਈਮਰ ਰੋਗ ਤੋਂ ਪੀੜਤ ਵਿਅਕਤੀਆਂ ਦੀ ਗਿਣਤੀ ਰੋਗੀਆਂ ਦੀ ਵਰਤਮਾਨ ਗਿਣਤੀ ਤੋਂ ਤਿੰਨ ਗੁਣਾ ਵਧ ਜਾਵੇਗੀ। ਇੱਕ ਵਿਸ਼ੇਸ਼ ਪ੍ਰਕਾਰ ਦੀ ਐਮ.ਆਰ.ਆਈ.ਅਤੇ ਕੁਝ ਹੋਰ ਟੈਸਟ ਇਸ ਗੱਲ ਨੂੰ ਯਕੀਨੀ ਬਣਾ ਸਕਦੇ ਹਨ ਕਿ ਕੋਈ ਵਿਅਕਤੀ ਆਉਣ ਵਾਲੇ ਸਾਲਾਂ ਵਿੱਚ ਇਸ ਰੋਗ ਤੋਂ ਗ੍ਰਸਤ ਹੋਵੇਗਾ ਜਾਂ ਨਹੀਂ। ਮਹੱਤਵਪੂਰਨ ਗੱਲ ਇਹ ਵੀ ਹੈ ਕਿ ਹਰ ਰੋਜ਼ ਇੱਕ ਸੇਬ ਖਾਣ ਵਾਲੇ ਵਿਅਕਤੀ ਨੂੰ ਬੁਢਾਪੇ ਵਿੱਚ ਇਹ ਰੋਗ ਲੱਗਣ ਦੀ ਸੰਭਾਵਨਾ ਬਹੁਤ ਹੀ ਘੱਟ ਹੈ। ਉਂਜ ਸਮੇਂ ਸਿਰ ਇਸ ਰੋਗ ਦੀ ਤਸਦੀਕ ਹੋ ਜਾਣਾ, ਇਲਾਜ ਸ਼ੁਰੂ ਹੋ ਜਾਣਾ ਅਤੇ ਮਰੀਜ਼ ਨੂੰ ਸਾਂਭਣ ਵਾਲਿਆਂ ਦਾ ਇਸ ਰੋਗ ਦੇ ਲੱਛਣਾਂ ਪ੍ਰਤੀ ਜਾਗਰੂਕ ਹੋ ਕੇ ਮਰੀਜ਼ ਪ੍ਰਤੀ ਆਪਣੀ ਸੋਚ ਅਤ ਵਰਤੋਂ ਵਿਹਾਰ ਵਿੱਚ ਲੋੜੀਂਦੇ ਪਰਿਵਰਤਨ ਲੈ ਆਉਣਾ ਇਸ ਰੋਗ ਤੋਂ ਪੀੜਤ ਸ਼ਖ਼ਸ ਦੀਆਂ ਪ੍ਰੇਸ਼ਾਨੀਆਂ ਨੂੰ ਕਾਫੀ ਹੱਦ ਤੱਕ ਘਟਾ ਸਕਦਾ ਹੈ।
ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
-ਮੋਬਾ: 97816-46008

 

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ