ਮੁੱਲਾਂਪੁਰ ਦਾਖਾ, 22 ਸਤੰਬਰ (ਸਤਿਨਾਮ ਬੜੈਚ ) : ਅੱਜ ਜਦੋਂ ਜਿਆਦਾਤਰ ਲੋਕ ਪੈਸੇ ਅਤੇ ਦੁਨਿਆਵੀ ਵਸਤਾਂ ਪਿੱਛੇ ਸਭ ਕੁੱਝ ਭੁੱਲ ਜਾਂਦੇ ਹਨ, ਉਥੇ ਕੁਝ ਅਜਿਹੇ ਇਨਸਾਨ ਵੀ ਹਨ ਜੋ ਆਪਣੀ ਕਿਰਤ ਅਤੇ ਰੱਬ ਨੂੰ ਸਭ ਕੁਝ ਮੰਨ ਕੇ ਇਮਾਨਦਾਰੀ ਨੂੰ ਜ਼ਿੰਦਾ ਰੱਖਣ ਲਈ ਆਪਣਾ ਸਭ ਕੁਝ ਨਿਛਾਵਰ ਕਰਨ ਦਾ ਜ਼ੇਰਾ ਰੱਖਦੇ ਹਨ। ਅਜਿਹੀ ਹੀ ਮਿਸਾਲ ਪੇਸ਼ ਕੀਤੀ ਹੈ ਫਿਰੋਜ਼ਪੁਰ - ਲੁਧਿਆਣਾ ਸੜਕ ਉੱਤੇ ਪੈਂਦੀ ਹਵੇਲੀ ਦੇ ਸਟਾਫ਼ ਨੇ। ਹੋਇਆ ਇਸ ਤਰ੍ਹਾਂ ਕਿ ਅੱਜ ਜ਼ਿਲ੍ਹਾ ਮੋਗਾ ਅਤੇ ਮਲੇਰਕੋਟਲਾ ਦੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ੍ਰ ਪ੍ਰਭਦੀਪ ਸਿੰਘ ਨੱਥੋਵਾਲ ਆਪਣੇ ਪਰਿਵਾਰ ਸਮੇਤ ਭਨੋਹੜ ਹਵੇਲੀ ਵਿੱਚ ਖਾਣਾ ਖਾਣ ਲਈ ਰੁਕੇ ਸਨ ਤਾਂ ਉਹ ਉਥੇ ਆਪਣੀ ਘੜੀ ਇਥੇ ਹੀ ਭੁੱਲ ਗਏ। ਉਹਨਾਂ ਨੂੰ ਲੁਧਿਆਣਾ ਪਹੁੰਚ ਕੇ ਕਰੀਬ ਅੱਧਾ ਘੰਟਾ ਬਾਅਦ ਘੜ੍ਹੀ ਗੁੰਮ ਹੋਣ ਬਾਰੇ ਯਾਦ ਆਇਆ। ਬੇਉਮੀਦੇ ਹੋਣ ਦੇ ਬਾਵਜ਼ੂਦ ਉਹਨਾਂ ਨੇ ਹਵੇਲੀ ਪ੍ਰਬੰਧਕਾਂ ਨੂੰ ਘੜੀ ਬਾਰੇ ਫੋਨ ਕਰਕੇ ਪੁੱਛਿਆ ਤਾਂ ਉਹਨਾਂ ਨੇ ਕੁਝ ਸਮੇਂ ਬਾਅਦ ਖੁਦ ਫੋਨ ਕਰਕੇ ਘੜੀ ਉਹਨਾਂ ਕੋਲ ਹੋਣ ਬਾਰੇ ਦੱਸਿਆ। ਪ੍ਰਭਦੀਪ ਸਿੰਘ ਨੱਥੋਵਾਲ ਨੇ ਇਹ ਘੜੀ ਪ੍ਰਾਪਤ ਕਰਕੇ ਹਵੇਲੀ ਸਟਾਫ਼ ਅਤੇ ਮਾਲਕ ਦਾ ਧੰਨਵਾਦ ਕੀਤਾ। ਨੱਥੋਵਾਲ ਨੇ ਦੱਸਿਆ ਕਿ ਭਾਵੇਂ ਕਿ ਉਹਨਾਂ ਲਈ ਇਹ ਘੜੀ ਜਿਆਦਾ ਕੀਮਤੀ ਨਹੀਂ ਸੀ ਪਰ ਹਵੇਲੀ ਦੇ ਵੇਟਰ ਲਈ ਇਹ ਕਾਫ਼ੀ ਮਾਅਨੇ ਰੱਖਦੀ ਸੀ। ਪਰ ਉਸਨੇ ਇਮਾਨਦਾਰੀ ਨੂੰ ਜ਼ਿੰਦਾ ਰੱਖਣ ਲਈ ਇਹ ਘੜੀ ਆਪਣੇ ਮਾਲਕ ਨੂੰ ਮੋੜ ਦਿੱਤੀ ਸੀ। ਉਹਨਾਂ ਦੱਸਿਆ ਕਿ ਅੱਜ ਲੋੜ ਹੈ ਕਿ ਇਸ ਦੁਨੀਆਦਾਰੀ ਨੂੰ ਸਹੀ ਤਰੀਕੇ ਨਾਲ ਚਲਾਉਣ ਲਈ ਇਮਾਨਦਾਰੀ ਨੂੰ ਇਸੇ ਤਰੀਕੇ ਨਾਲ ਜ਼ਿੰਦਾ ਰੱਖਿਆ ਜਾਵੇ। ਇਸ ਨਾਲ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਸਿੱਖ ਮਿਲੇਗੀ।