ਝੋਨੇ ਦੀ ਕਟਾਈ ਦਾ ਸਮਾਂ ਆ ਗਿਆ ਹੈ। ਬਹੁਤੇ ਕਿਸਾਨ ਖੇਤ ਨੂੰ ਵਿਹਲਾ ਕਰਨ ਲਈ ਪਰਾਲੀ ਨੂੰ ਅੱਗ ਲਾ ਕੇ ਖਤਮ ਕਰਦੇ ਹਨ, ਕਿਉਂਕਿ ਖੇਤ ਨੂੰ ਵਿਹਲਾ ਕਰ ਕੇ ਉਸਦੀ ਵਹਾਈ ਕਰਕੇ ਅਗਲੀ ਫਸਲ ਲਈ ਛੇਤੀ ਤੋਂ ਛੇਤੀ ਤਿਆਰ ਕਰਨਾ ਉਹਨਾਂ ਦੀ ਮਜ਼ਬੂਰੀ ਹੁੰਦੀ ਹੈ ਅਤੇ ਉਸ ਕੋਲ ਇੰਨੇ ਸਾਧਨ ਜ਼ਾਂ ਯੋਗ ਸੰਦ ਨਹੀ ਹੁੰਦੇ ਕਿ ਉਹ ਪਰਾਲੀ ਦਾ ਨਿਪਟਾਰਾ ਬਿਨਾਂ ਅੱਗ ਲਾਏ ਕਰ ਸਕਣ। ਯੋਗ ਸਾਧਨ, ਸਮੇਂ ਦੀ ਘਾਟ ਤੇ ਆਰਥਿਕ ਹਾਲਤ ਅਜਿਹੇ ਹੀ ਕਾਰਨ ਹਨ ਜੋ ਕਿ ਪਰਾਲੀ ਨੂੰ ਅੱਗ ਲਾ ਕੇ ਖਤਮ ਕਰਨ ਲਈ ਕਿਸਾਨ ਨੂੰ ਮਜ਼ਬੂਰ ਕਰਦੇ ਹਨ। ਪਰਾਲੀ ਨੂੰ ਅੱਗ ਲਗਾਉਣ ਨਾਲ ਸਾਡੇ ਵਾਤਾਵਰਣ ਦਾ ਬਹੁਤ ਨੁਕਸਾਨ ਹੁੰਦਾ ਹੈ। ਬਹੁਤ ਸਾਰੇ ਪੇੜ ਪੌਦੇ ਅੱਗ ਨਾਲ ਸੜ ਕੇ ਸੁਆਹ ਹੋ ਜਾਂਦੇ ਹਨ । ਪੇੜ ਪੌਦੇ ਘਟਣ ਨਾਲ ਵਾਤਾਵਰਨ ਵਿੱਚ ਆਕਸੀਜਨ ਦੀ ਕਮੀ ਹੋ ਜਾਂਦੀ ਹੈ।
ਪਰਾਲੀ ਦੀ ਅੱਗ ਵਾਤਾਵਰਨ ਦੇ ਨਾਲ-ਨਾਲ ਸਾਡੇ ਜੀਵਾਂ ਨੂੰ ਵੀ ਨਸ਼ਟ ਕਰਦੀ ਹੈ ਬਹੁਤ ਸਾਰੇ ਸਾਡੇ ਮਿੱਤਰ ਕੀੜੇ ਅੱਗ ਦੀ ਭੇਟ ਚੜ੍ਹ ਜਾਂਦੇ ਹਨ ਜਿਸ ਨਾਲ ਜੀਵਾਂ ਦੀਆਂ ਬਹੁਤ ਸਾਰੀਆਂ ਪ੍ਰਜਾਤੀਆਂ ਲੁਪਤ ਹੋ ਰਹੀਆਂ ਹਨ ਜਾਂ ਹੋ ਚੁੱਕੀਆਂ ਹਨ। ਦਰੱਖਤਾਂ ’ਤੇ ਪੰਛੀਆਂ ਦੇ ਆਲ੍ਹਣੇ ਅੱਗ ਦੀ ਲਪੇਟ ਵਿੱਚ ਆ ਸੜ ਜਾਂਦੇ ਹਨ ਤੇ ਉਹਨਾਂ ਵਿੱਚ ਬੈਠੇ ਛੋਟੇ ਬੱਚੇ ਤੇ ਪੰਛੀਆਂ ਦੇ ਆਂਡੇ ਵੀ ਇਸ ਅੱਗ ਦੀ ਭੇਟ ਚੜ੍ਹ ਜਾਂਦੇ ਹਨ। ਹੋਰ ਤਾਂ ਹੋਰ ਬਹੁਤ ਵਾਰੀ ਅਖਬਾਰਾਂ ਵਿੱਚ ਆਇਆ ਹੈ ਕਿ ਸੜਕ ਕਿਨਾਰੇ ਖੇਤਾਂ ਵਿੱਚ ਪਰਾਲੀ ਦੀ ਅੱਗ ਕਾਰਨ ਸੜਕ ਤੇ ਧੂੰਆਂ ਰੋਲ ਹੋਣ ਕਾਰਨ ਦੁਰਘਟਨਾ ਵਾਪਰ ਗਈ। ਅੱਗ ਨਾਲ ਭੂਮੀ ਦੀ ਉੱਪਰਲੀ ਸਤਾ ’ਚ ਮੌਜੂਦ ਮਿੱਤਰ ਜੀਵ ਸੜਨ ਕਾਰਨ ਭੂਮੀ ਦੀ ਉਪਜਾਊ ਸ਼ਕਤੀ ਦਿਨੋ ਦਿਨ ਘਟ ਰਹੀ ਹੈ। ਉਪਜਾਊ ਸ਼ਕਤੀ ਘਟਨ ਨਾਲ ਫਸਲਾਂ ਦੇ ਉਤਪਾਦਨ ’ਚ ਵੀ ਕਮੀ ਆਉਂਦੀ ਹੈ। ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਲਈ ਅਤੇ ਫਸਲਾਂ ਦੇ ਵੱਧ ਝਾੜ ਲਈ ਅਸੀਂ ਰਸਾਇਣਕ ਖਾਦਾਂ ਵੱਲ ਵੱਧਦੇ ਹਾਂ । ਜਿਸ ਦਾ ਸਾਡੀ ਸਿਹਤ ਤੇ ਬਹੁਤ ਬੁਰਾ ਅਸਰ ਪੈਂਦਾ ਹੈ । ਪਰਾਲੀ ਦੇ ਧੂਏ ਨਾਲ ਸਾਨੂੰ ਬਹੁਤ ਸਾਰੀਆਂ ਬਮਿਾਰੀਆਂ ਲੱਗ ਸਕਦੀਆਂ ਹਨ। ਇਸ ਨਾਲ ਚਮੜੀ ਰੋਗ ਹੋ ਜਾਂਦੇ ਹਨ, ਅੱਖਾਂ ਦੀ ਰੋਸ਼ਨੀ ਖ਼ਰਾਬ ਹੁੰਦੀ ਹੈ ਸਾਹ ਅਤੇ ਦਮੇ ਦੇ ਰੋਗ ਲੱਗ ਜਾਂਦੇ ਹਨ ਤੇ ਹੋਰ ਬਹੁਤ ਸਾਰੀਆਂ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਲੱਗਣ ਦਾ ਡਰ ਬਣਿਆ ਰਹਿੰਦਾ ਹੈ।
ਪਰਾਲੀ ਨੂੰ ਅੱਗ ਲਗਾਉਣ ਦੇ ਕਾਰਨਾਂ ਦੇ ਕਈ ਪਹਿਲੂ ਹੋ ਸਕਦੇ ਹਨ। ਇਹਨਾਂ ’ਚ ਇੱਕ ਪਹਿਲੂ ਇਹ ਵੀ ਹੈ ਛੋਟੇ ਕਿਸਾਨਾਂ ਕੋਲ ਇੰਨੀ ਪਹੁੰਚ ਅਤੇ ਪੂੰਜੀ ਨਹੀਂ ਹੁੰਦੀ ਕਿ ਉਹ ਪਰਾਲੀ ਦੇ ਪ੍ਰਬੰਧਨ ਲਈ ਮਹਿੰਗੇ ਭਾਅ ਦੇ ਸੰਦ ਅਤੇ ਵੱਡੇ ਟਰੈਕਟਰ ਖਰੀਦ ਸਕਣ। ਇੱਕ ਕਾਰਨ ਇਹ ਵੀ ਹੋ ਸਕਦਾ ਹੈ ਅੱਜ ਦੇ ਤੇਜੀ ਦੇ ਦੌਰ ’ਚ ਕਿਸਾਨਾਂ ਕੋਲ ਇਨ੍ਹਾਂ ਸਮਾਂ ਨਹੀਂ ਹੁੰਦਾ ਕਿ ਅਗਲੀ ਫਸਲ ਬੀਜਣ ਲਈ ਕੁਝ ਦਿਨ ਇੰਤਜ਼ਾਰ ਕੀਤਾ ਜਾ ਸਕੇ। ਹਰੇਕ ਵਿਅਕਤੀ ਨੂੰ ਇਹੀ ਕਾਹਲੀ ਹੁੰਦੀ ਹੈ ਕਿ ਅਗੇਤੀ ਫਸਲ ਬੀਜ ਕੇ ਵੱਧ ਤੋਂ ਵੱਧ ਮੁਨਾਫਾ ਕਮਾਇਆ ਜਾ ਸਕੇ।ਸਾਡੀਆਂ ਸਰਕਾਰਾਂ ਵੱਲੋਂ ਵੀ ਪਰਾਲੀ ਦੇ ਪ੍ਰਬੰਧ ਲਈ ਕੋਈ ਵਿਸ਼ੇਸ਼ ਉਪਰਾਲੇ ਨਹੀਂ ਕੀਤੇ ਜਾ ਰਹੇ। ਕੇਂਦਰ ਅਤੇ ਰਾਜ ਸਰਕਾਰਾਂ ਵੀ ਇੱਕ ਦੂਜੇ ’ਤੇ ਦੋਸ਼ ਮੜਨ ਤੱਕ ਹੀ ਸੀਮਤ ਹਨ। ਸਰਕਾਰਾਂ ਵੱਲੋਂ ਝੋਨੇ ਦੇ ਬਦਲਵੇਂ ਪ੍ਰਬੰਧ ਲਈ ਕੋਈ ਵਿਸ਼ੇਸ਼ ਯਤਨ ਨਹੀਂ ਕੀਤੇ ਜਾ ਰਹੇ। ਹੁਣ ਲੋੜ ਇਸ ਗੱਲ ਦੀ ਹੈ ਕਿ ਪਰਾਲੀ ਦੇ ਨਿਪਟਾਰੇ ਬਾਰੇ ਕੁਝ ਸੋਚਿਆ ਜਾਵੇ ਇਕੱਲੀਆਂ ਸਰਕਾਰਾਂ ਦੇ ਪਾਲੇ ’ਚ ਗੇਂਦ ਸੁੱਟਣ ਨਾਲ ਕੁਝ ਨਹੀਂ ਹੋਣ ਲੱਗਾ। ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਬਾਰੇ ਸੋਚਣਾ ਪਵੇਗਾ ਅਤੇ ਮਿਲ ਕੇ ਕੰਮ ਕਰਨਾ ਪਵੇਗਾ ਤਾਂ ਹੀ ਪਰਾਲੀ ਦੇ ਧੂੲਂੇ ਦੇ ਹਾਨੀਕਾਰਕ ਪਰਭਾਵਾਂ ਤੋਂ ਬਚਿਆ ਜਾ ਸਕਦਾ ਹੈ । ਸਾਨੂੰ ਵੱਧ ਮੁਨਾਫ਼ਾ ਲੈਣ ਅਤੇ ਪੈਸੇ ਦੀ ਦੌੜ ਵਿਚੋਂ ਪਿਛੇ ਹੱਟਣਾ ਪਵੇਗਾ ਤਾਂ ਜੋ ਸਿਹਤਮੰਦ ਅਤੇ ਨਿਰੋਗ ਸਮਾਜ ਦੀ ਸਿਰਜਣਾ ਵਾਸਤੇ ਚੰਗਾ ਵਾਤਾਵਰਨ ਪੈਦਾ ਕੀਤਾ ਜਾ ਸਕੇ।
ਕੁਦਰਤ ਨਾਲ ਮਿਲ ਕੇ ਕੁਦਰਤੀ ਤਰੀਕੇ ਅਪਣਾ ਕੇ ਹੀ ਅਸੀ ਆਪਣੀ ਧਰਤੀ ਮਾਂ ਨੂੰ ਸਾਫ ਅਤੇ ਸੁਰੱਖਿਅਤ ਰੱਖ ਸਕਦੇ ਹਾਂ। ਲੋੜ ਹੈ ਕਿ ਅਜਿਹੇ ਤਰੀਕੇ ਅਪਣਾਏ ਜਾਣ ਕਿ ਜਿਸ ਨਾਲ ਖੇਤੀ ਨੂੰ ਰਹਿੰਦ ਖੂੰਹਦ ਨੂੰ ਨਸ਼ਟ ਕਰਨ ਨਾਲ ਧਰਤੀ ਨੂੰ ਕੋਈ ਨੁਕਸਾਨ ਨਾ ਹੋਵੇ ਬਲਕਿ ਇਸਦੀ ਸ਼ਕਤੀ ਵਿੱਚ ਵਾਧਾ ਕਰੇ ਤਾਂ ਕਿ ਅਸੀ ਆਪਣੀ ਫਸਲ ਗੁਣਵੱਤਾ ਵਿੱਚ ਵਾਧਾ ਕਰਕੇ ਵੱਧ ਤੋ ਵੱਧ ਝਾੜ ਪ੍ਰਾਪਤ ਕਰ ਸਕੀਏ।
ਆਓ ਵਾਤਾਵਰਨ ਨੂੰ ਬਚਾਉਣ ਦੀ ਪਹਿਲ ਕਰੀਏ।
ਕੁਲਬੀਰ ਜੋਸ਼ੀ
-ਮੋਬਾ: 9915928866