ਸ੍ਰੀ ਫ਼ਤਹਿਗੜ੍ਹ ਸਾਹਿਬ/23 ਸਤੰਬਰ:
(ਰਵਿੰਦਰ ਸਿੰਘ ਢੀਂਡਸਾ)
ਮਾਤਾ ਗੁਜਰੀ ਕਾਲਜ ਦੀ ਇੰਗਲਿਸ਼ ਲਿਟਰੇਰੀ ਸੁਸਾਇਟੀ ਵੱਲੋਂ ਪੋਸਟ ਗ੍ਰੈਜੂਏਟ ਅੰਗਰੇਜ਼ੀ ਵਿਭਾਗ ਦੀ ਯੋਗ ਅਗਵਾਈ ਹੇਠ ਵਿਭਾਗ ਦੇ ਅੰਡਰ ਗਰੈਜੂਏਟ ਅਤੇ ਪੋਸਟ ਗ੍ਰੈਜੂਏਟ ਕਲਾਸਾਂ ਵਿੱਚ ਦਾਖਲ ਹੋਏ ਪਹਿਲੇ ਸਾਲ ਦੇ ਵਿਦਿਆਰਥੀਆਂ ਦੇ ਸਵਾਗਤ ਲਈ ਵਿਸ਼ੇਸ਼ ਪ੍ਰੋਗਰਾਮ ਰਾਨਡਿਵੂ 2023-24 ਦਾ ਆਯੋਜਨ ਕੀਤਾ ਗਿਆ।ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਦਾ ਆਤਮ ਵਿਸ਼ਵਾਸ ਵਧਾਉਣ ਅਤੇ ਉਨ੍ਹਾਂ ਦੀ ਸ਼ਖ਼ਸੀਅਤ ਨਿਖਾਰਨ ਲਈ ਅਜਿਹੇ ਪ੍ਰੋਗਰਾਮ ਬਹੁਤ ਲਾਹੇਵੰਦ ਸਾਬਤ ਹੁੰਦੇ ਹਨ।ਪੋਸਟ ਗ੍ਰੈਜੂਏਟ ਅੰਗਰੇਜ਼ੀ ਵਿਭਾਗ ਦੀ ਮੁਖੀ ਡਾ. ਹਰਵੀਨ ਕੌਰ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਇਹ ਸਮਾਗਮ ਤਿੰਨ ਭਾਗਾਂ - ਜਾਣ-ਪਛਾਣ ਦੌਰ, ਪ੍ਰਤਿਭਾ ਦੌਰ ਅਤੇ ਪ੍ਰਸ਼ਨ-ਉੱਤਰ ਦੌਰ ਵਿੱਚ ਆਯੋਜਿਤ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਵਿੱਚ ਵਿਦਿਆਰਥੀਆਂ ਵੱਲੋਂ ਗੀਤ ਗਾਇਨ, ਨਾਚ, ਸਾਜ਼ ਸੰਗੀਤ, ਕਵਿਤਾ ਉਚਾਰਨ ਆਦਿ ਗਤੀਵਿਧੀਆਂ ਦੁਆਰਾ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ।ਸਮਾਗਮ ਦੌਰਾਨ ਆਯੋਜਿਤ ਮੁਕਾਬਲਿਆਂ ਵਿੱਚ ਬੀ.ਏ. ਭਾਗ ਪਹਿਲਾ ਦੀ ਮਿਲਨਦੀਪ ਕੌਰ ਨੂੰ ਮਿਸ ਬੇਲੇ ਦਾ ਖਿਤਾਬ ਮਿਲਿਆ ਅਤੇ ਐਮ.ਏ. ਭਾਗ ਪਹਿਲਾ ਦੇ ਅਰਵਿੰਦਰ ਸੰਧੂ ਨੂੰ ਮਿਸਟਰ ਬੀਊ ਚੁਣਿਆ ਗਿਆ। ਮਿਸ ਟੈਲੇਂਟ ਦਾ ਖਿਤਾਬ ਐਮ.ਏ. ਭਾਗ ਪਹਿਲਾ ਦੀ ਸਹਿਜਪ੍ਰੀਤ ਕੌਰ ਨੇ ਜਿੱਤਿਆ ਅਤੇ ਮਿਸਟਰ ਟੈਲੇਂਟ ਦਾ ਖਿਤਾਬ ਬੀ.ਏ. ਭਾਗ ਪਹਿਲਾ ਦੇ ਸ਼ਰੁਣ ਅਤੇ ਏਮਨ ਨੇ ਹਾਸਲ ਕੀਤਾ। ਇਸੇ ਪ੍ਰਕਾਰ ਬੀ.ਏ. ਭਾਗ ਪਹਿਲਾ ਦੀ ਗੁਰਸ਼ਰਨ ਕੌਰ ਨੇ ਮਿਸ ਕਨਜੇਨੈਲਿਟੀ ਦਾ ਖਿਤਾਬ ਜਿੱਤਿਆ ਅਤੇ ਬੀ.ਏ. ਭਾਗ ਪਹਿਲਾ ਦੇ ਸਹਿਜਪ੍ਰੀਤ ਸਿੰਘ ਨੂੰ ਮਿਸਟਰ ਪਰਸਨੈਲਿਟੀ ਚੁਣਿਆ ਗਿਆ। ਇਸ ਮੌਕੇ ਕੰਪਿਊਟਰ ਸਾਇੰਸ ਵਿਭਾਗ ਦੇ ਡਾ. ਨਵਦੀਪ ਸਿੰਘ ਅਤੇ ਕੈਮਿਸਟਰੀ ਵਿਭਾਗ ਦੇ ਡਾ. ਕੁਲਦੀਪ ਕੌਰ ਨੇ ਜੱਜ ਸਹਿਬਾਨ ਦੀ ਭੂਮਿਕਾ ਨਿਭਾਈ। ਸਮਾਗਮ ਦੇ ਅਖੀਰ ਵਿੱਚ ਇੰਗਲਿਸ਼ ਲਿਟਰੇਰੀ ਸੁਸਾਇਟੀ ਦੇ ਕਨਵੀਨਰ ਡਾ. ਮਨਿੰਦਰ ਕੈਂਥ ਨੇ ਸਮਾਗਮ ਨੂੰ ਸਫਲ ਬਣਾਉਣ ਲਈ ਪ੍ਰਬੰਧਕੀ ਟੀਮ ਅਤੇ ਸਾਰੇ ਪ੍ਰਤੀਭਾਗੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਵਿਭਾਗ ਦੇ ਸਮੂਹ ਫੈਕਲਟੀ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।