ਪੰਜਾਬ ’ਚ ਪਿਛਲੇ ਲੰਮੇ ਸਮੇਂ ਤੋਂ ਕਿਸਾਨ ਹਰ ਸਾਲ ਕਣਕ ਅਤੇ ਝੋਨੇ ਦੀ ਖੇਤੀ ਕਰਦੇ ਆ ਰਹੇ ਹਨ । ਇੱਕ ਅੰਦਾਜ਼ੇ ਮੁਤਾਬਕ ਪੰਜਾਬ ਵਿੱਚੋਂ ਘੱਟੋ-ਘੱਟ 34 ਲੱਖ ਹੈਕਟੇਅਰ ਜ਼ਮੀਨ ਉੱਪਰ ਕਣਕ ਅਤੇ 25 ਲੱਖ ਹੈਕਟੇਅਰ ਉੱਪਰ ਝੋਨੇ ਦੀ ਕਾਸ਼ਤ ਕੀਤੀ ਜਾਂਦੀ ਹੈ ।
ਇਹ ਕਿ ਪਿਛਲੇ ਦੋ ਢਾਈ ਦਹਾਕਿਆਂ ਤੋਂ ਪੰਜਾਬ ਅੰਦਰ ਉਕਤ ਦੋਵਾਂ ਫ਼ਸਲਾਂ ਦੀ ਕਟਾਈ ਕੰਬਾਈਨਾਂ ਨਾਲ ਕੀਤੀ ਜਾਂਦੀ ਹੈ ਜਿਸ ਦੇ ਚਲਦਿਆਂ ਅਕਸਰ ਖੇਤਾਂ ਚ ਪਰਾਲੀ ਦੀ ਰਹਿੰਦ-ਖੂੰਹਦ ਦੇ ਢੇਰ ਲੱਗ ਜਾਂਦੇ ਹਨ। ਇਸ ਰਹਿੰਦ ਖੂਹੰਦ ਦਾ ਨਿਪਟਾਰਾ ਕਰਨ ਲਈ ਵਧੇਰੇ ਕਰ ਕੇ ਕਿਸਾਨ ਇਸ ਨੂੰ ਅੱਗ ਲਗਾ ਦਿੰਦੇ ਹਨ। ਜਿਸ ਦਾ ਕਿ ਵਾਤਾਵਰਣ ਦੇ ਨਾਲ ਨਾਲ ਮਨੁੱਖਾਂ, ਜੀਵ ਜੰਤੂਆਂ ਤੇ ਪੰਛੀਆਂ ’ਤੇ ਬੇਹੱਦ ਮਾੜਾ ਪ੍ਰਭਾਵ ਪੈਂਦਾ ਹੈ।
ਦੂਜੇ ਪਾਸੇ ਫਸਲਾਂ ਦੀ ਪਰਾਲੀ ਸਾੜਨ ਨਾਲ ਤਾਪਮਾਨ ਵਿੱਚ ਜਿਸ ਕਦਰ ਵਾਧਾ ਹੁੰਦਾ ਹੈ ਉਸ ਦੇ ਅੰਕੜੇ ਵੀ ਹੈਰਾਨ ਕਰਨ ਵਾਲੇ ਹਨ ਇੱਕ ਰਿਪੋਰਟ ਅਨੁਸਾਰ
ਹਰ ਸਾਲ ਲਗਭਗ 18 ਲੱਖ ਟਨ ਕਾਰਬਨ ਡਾਇਆਕਸਾਈਡ ਗੈਸ ਫ਼ਸਲਾਂ ਦੀ ਰਹਿੰਦ ਖੂਹੰਦ ਨੂੰ ਅੱਗ ਲਾਉਣ ਨਾਲ ਹਵਾ ਚ ਫੈਲਦੀ ਹੈ। ਇੱਥੇ ਹੀ ਬਸ ਨਹੀਂ ਸਗੋਂ ਇਹ ਗੈਸ ਸੂਰਜ ਤੋਂ ਆ ਰਹੇ ਇਨਫਰਾ-ਰੈੱਡ ਪ੍ਰਕਾਸ਼ ਨੂੰ ਆਪਣੇ ਅੰਦਰ ਸੋਖ ਲੈਂਦੀ ਹੈ, ਜਿਸ ਕਾਰਨ ਹਵਾ ਦਾ ਤਾਪਮਾਨ ਚ ਚੌਖਾ ਵਾਧਾ ਹੁੰਦਾ ਹੈ ਤੇ ਮੌਸਮ ਵਿੱਚ ਵੀ ਵੱਡੀਆਂ ਤਬਦੀਲੀਆਂ ਵੇਖਣ ਨੂੰ ਮਿਲਦੀਆਂ ਹਨ ।ਸਾਹ ਲੈਣ ਵਿਚ ਔਖਿਆਈ ਆਉਂਦੀ ਹੈ । ਇਸ ਦੇ ਨਾਲ ਨਾਲ ਤਾਪਮਾਨ ਚ ਵਾਧਾ ਹੋਣ ਦੇ ਚਲਦਿਆਂ ਪਹਾੜਾਂ ’ਤੇ ਬਰਫ਼ ਤੇਜ਼ੀ ਨਾਲ ਪਿਘਲਦੀ ਹੈ ਤੇ ਸਮੁੰਦਰੀ ਤਲ ਚ ਵਾਧਾ ਹੋ ਰਿਹਾ ਹੈ। ਵੱਧ ਤਾਪਮਾਨ ਨਾਲ ਫ਼ਸਲ ਛੇਤੀ ਪੱਕ ਜਾਂਦੀ ਹੈ। ਇਸ ਤੋਂ ਇਲਾਵਾ ਇਸ ਦੇ ਨਤੀਜੇ ਵਜੋਂ ਸਲਫ਼ਰ ਡਾਇਆਕਸਾਈਡ ਅਤੇ ਨਾਈਟਰੋਜਨ ਡਾਇਆਕਸਾਈਡ ਗੈਸਾਂ ਬਣਦੀਆਂ ਹਨ । ਇਹ ਗੈਸਾਂ ਪਾਣੀ ਨਾਲ ਮਿਲ ਕੇ ਤੇਜ਼ਾਬ ਬਣਾ ਦਿੰਦੀਆਂ ਹਨ ਤੇ ਨਾਲ ਹੀ ਸਲਫ਼ਰ ਡਾਇਆਕਸਾਈਡ ਦੀ ਜ਼ਿਆਦਾ ਮਾਤਰਾ ਨਾਲ ਪੌਦਿਆਂ ਦੇ ਪੱਤਿਆਂ ਨੂੰ ਕਲੋਰੋਸਿਸ ਨਾਂਅ ਦੀ ਬਿਮਾਰੀ ਹੋ ਜਾਂਦੀ ਹੈ। ਨਾਈਟ੍ਰੋਜਨ ਡਾਇਆਕਸਾਈਡ ਨਾਲ ਪੱਤੇ ’ਤੇ ਧੱਬੇ ਪੈ ਜਾਂਦੇ ਹਨ ਅਤੇ ਇਨ੍ਹਾਂ ਵਿੱਚ ਸੁੰਗੜਨ ਪੈਦਾ ਕਰਦੀ ਹੈ ।ਮਨੁੱਖ ਵਿੱਚ ਨਾਈਟਰੋਜਨ ਡਾਇਆਕਸਾਈਡ ਨਾਲ ਸਾਹ ਅਤੇ ਲਹੂ ਵਹਿਣ ਦੀ ਬਿਮਾਰੀ ਹੋ ਜਾਂਦੀ ਹੈ ।ਅੱਖਾਂ ਦੀਆਂ ਬਿਮਾਰੀਆਂ ਹੋ ਜਾਂਦੀਆਂ ਹਨ ।ਗਲੇ ਵਿੱਚ ਖਾਰਸ਼ ਹੋਣ ਲੱਗ ਜਾਂਦੀ ਹੈ।
ਇੱਕ ਰਿਪੋਰਟ ਅਨੁਸਾਰ ਪੰਜਾਬ ਵਿਚ ਝੋਨੇ ਦੀ ਬਿਜਾਈ ਵਾਲੇ ਖੇਤਰ ਦੀ ਜੇਕਰ ਗੱਲ ਕਰੀਏ ਤਾਂ ਇੱਕ ਅੰਦਾਜ਼ੇ ਮੁਤਾਬਿਕ ਸੂਬੇ ਵਿਚ ਲਗਭਗ 65 ਲੱਖ ਏਕੜ ਰਕਬੇ ਵਿੱਚ ਝੋਨੇ ਦੀ ਕਾਸ਼ਤ ਹੁੰਦੀ ਹੈ। ਝੋਨੇ ਦੀ ਫਸਲ ਦੀ ਪਰਾਪਤੀ ਉਪਰੰਤ ਜਦ ਖੇਤਾਂ ਵਿਚਲੀ ਪਰਾਲੀ ਦੀ ਰਹਿੰਦ ਖੂਹੰਦ ਨੂੰ ਅੱਗ ਲਾ ਕੇ ਸਾੜਿਆ ਜਾਂਦਾ ਹੈ ਤਾਂ ਇਸ ਨਾਲ ਜੋ ਸਾਡਾ ਡਾਢਾ ਨੁਕਸਾਨ ਹੁੰਦਾ ਹੈ। ਭਾਵੇਂ ਪਿਛਲੇ ਕੁਝ ਸਾਲਾਂ ਤੋਂ ਕਿਸਾਨ ਵੀਰਾਂ ਵਿਚ ਜਾਗਰੂਕਤਾ ਆਈ ਹੈ ਅਤੇ ਉਹ ਪਰਾਲੀ ਨੂੰ ਸਾੜਨ ਬੰਦ ਕਰ ਰਹੇ ਹਨ।
ਪਰ ਫਿਰ ਵੀ ਇਸ ਪਰਾਲੀ ਸਾੜਨ ਦੇ ਰੁਝਾਨ ਵਿੱਚ ਜੋ ਕਮੀ ਆਉਣੀ ਚਾਹੀਦੀ ਸੀ ਉਹ ਹਾਲੇ ਤੱਕ ਵੇਖਣ ਨੂੰ ਨਹੀਂ ਮਿਲੀ। ਉਸਦੇ ਤੱਥ ਯਕੀਨਨ ਚਿੰਤਾ ਜਨਕ ਹਨ। ਇਕ ਰਿਪੋਰਟ ਅਨੁਸਾਰ ਇਕ ਕਿੱਲੇ ਵਿਚ 2.5 ਤੋਂ ਲੈ ਕੇ 3 ਟਨ ਪਰਾਲੀ ਦੀ ਪੈਦਾਵਾਰ ਹੁੰਦੀ ਹੈ ਜਿਸ ਦੇ ਸਾੜਨ ਦੇ ਫਲਸਰੂਪ ਤਕਰੀਬਨ 32 ਕਿਲੋ ਯੂਰੀਆ, 5.5 ਕਿਲੋ ਡੀ.ਏ.ਪੀ. ਅਤੇ 51 ਕਿਲੋ ਪੁਟਾਸ਼ ਸੜ ਕੇ ਸੁਆਹ ਹੋ ਜਾਂਦੀ ਹੈ। ਇਸ ਦੇ ਨਾਲ ਹੀ ਕਾਸ਼ਤਕਾਰੀ ਲਈ ਸਹਾਇਕ ਮਿੱਤਰ ਕੀੜੇ ਵੀ ਮਰ ਜਾਂਦੇ ਹਨ, ਜਿਸ ਨਾਲ ਧਰਤੀ ਦੀ ਉਪਜਾਊ ਸ਼ਕਤੀ ਵਿੱਚ ਬੇ-ਤਹਾਸ਼ਾ ਕਮੀ ਆਉਂਦੀ ਹੈ। ਇਕ ਅੰਦਾਜ਼ੇ ਮੁਤਾਬਿਕ ਪਰਾਲੀ ਦੇ ਸਾੜਨ ਨਾਲ ਫਸਲਾਂ ਦੇ ਵਧੇਰੇ ਵਧਣ ਫੁੱਲਣ ਲਈ ਜ਼ਰੂਰੀ ਤੱਤਾਂ ਦੇ ਨਾਲ ਨਾਲ ਲਗਭਗ 38 ਲੱਖ ਟਨ ਆਰਗੇਨਿਕ ਕਾਰਬਨ ਸੜ ਜਾਂਦੇ ਹਨ, ਜਿਸਦੇ ਕਾਰਨ ਧਰਤੀ ਦੀ ਜ਼ਰਖੇਜ਼ੀ ਭਾਵ ਉਪਜਾਊ ਸ਼ਕਤੀ ਵਿਚ ਕਮੀ ਆਊਂਦੀ ਹੈ। ਇਸ ਤੋਂ ਇਲਾਵਾ ਸੜਕਾਂ ਕਿਨਾਰੇ ਲੱਗੇ ਕਿੰਨੇ ਹੀ ਦਰਖਤ ਪਰਾਲੀ ਨੂੰ ਲਗਾਈ ਅੱਗ ਦੀ ਭੇਂਟ ਚੜ੍ਹ ਜਾਂਦੇ ਹਨ। ਪਹਿਲੇ ਸਮਿਆਂ ਵਿੱਚ ਛੋਟੀ ਮੱਖੀ ਦਾ ਸ਼ਹਿਦ ਆਮ ਮਿਲ ਜਾਇਆ ਕਰਦਾ ਸੀ, ਲੇਕਿਨ ਜਦ ਤੋਂ ਪਰਾਲੀ ਨੂੰ ਸਾੜਨ ਦੀ ਪਿਰਤ ਪਈ ਹੈ, ਉਦੋਂ ਤੋਂ ਸ਼ਹਿਦ ਦੀਆਂ ਅਣਗਿਣਤ ਮੱਖੀਆਂ ਮਰ ਚੁੱਕੀਆਂ ਹਨ। ਅੱਜ ਸ਼ੁੱਧ ਸ਼ਹਿਦ ਮਿਲਣਾ ਬਹੁਤ ਮੁਸ਼ਕਿਲ ਹੋ ਗਿਆ ਹੈ। ਇਸ ਤੋਂ ਇਲਾਵਾ ਛੋਟੇ ਛੋਟੇ ਪੰਛੀ ਜਿਵੇਂ ਕਿ ਚਿੜੀਆਂ ਆਦਿ ਸਾਡੇ ਪੰਜਾਬ ਵਿੱਚੋਂ ਅਲੋਪ ਹੁੰਦੀਆਂ ਜਾ ਰਹੀਆਂ ਹਨ ਅਤੇ ਬਹੁਤ ਸਾਰੇ ਪੰਛੀਆਂ ਅਤੇ ਜੀਵ ਜੰਤੂਆਂ ਦੀ ਮੌਤ ਵੀ ਹੋ ਜਾਂਦੀ ਹੈ।
ਦੂਸਰੇ ਪਾਸੇ ਪਰਾਲੀ ਸਾੜਨ ਕਰਕੇ ਜ਼ਹਿਰੀਲੀਆਂ ਗੈਸਾਂ, ਕਾਰਬਨ ਮੋਨੋਅਕਸਾਈਡ, ਲਾਲ ਕਣਾਂ ਨਾਲ ਕਿਰਿਆ ਕਰਕੇ ਖੂਨ ਦੀ ਆਕਸੀਜ਼ਨ ਲੈ ਜਾਣ ਦੀ ਸਮਰਥਾ ਘਟਾਉਂਦੀ ਹੈ ਇਸ ਦੇ ਨਾਲ ਹੀ ਕਾਰਬਨ ਡਾਇਔਕਸਈਡ ਅੱਖਾਂ ਅਤੇ ਸਾਹ ਦੀ ਨਾਲੀ ਵਿੱਚ ਜਲਣ ਪੈਦਾ ਕਰਦੀ ਹੈ। ਇਸ ਤੋਂ ਇਲਾਵਾ ਸਲਫਰ ਔਕਸਾਈਡ ਅਤੇ ਨਾਈਟਰੋਜਨ ਔਕਸਾਈਡ ਫੇਫੜਿਆਂ, ਖੂਨ, ਚਮੜੀ ਅਤੇ ਸਾਹ ਕਿਰਿਆ ਉੱਤੇ ਸਿੱਧਾ ਅਸਰ ਕਰਦੇ ਹਨ ਜੋ ਕਿ ਕੈਂਸਰ ਵਰਗੀਆਂ ਮੂਜ਼ੀ-ਬਿਮਾਰੀਆਂ ਨੂੰ ਸੱਦਾ ਦਿੰਦੇ ਹਨ। ਉਕਤ ਜ਼ਹਿਰੀਲੀਆਂ ਗੈਸਾਂ ਦੇ ਪਰਕੋਪ ਦਾ ਸ਼ਿਕਾਰ ਸਭ ਨਾਲੋਂ ਜ਼ਿਆਦਾ ਬੱਚੇ ਹੁੰਦੇ ਹਨ, ਕਿਉਂਕਿ ਬੱਚਿਆਂ ਵਿੱਚ ਮੈਟਾਬੋਲਿਕ ਐਕਟਿਵਿਟੀ ਹੋਣ ਕਾਰਨ, ਉਨ੍ਹਾਂ ਵਿਚ ਗੈਸ ਨੂੰ ਸਮੋਹਣ ਦੀ ਸਮੱਰਥਾ ਵਧੇਰੇ ਹੁੰਦੀ ਹੈ। ਉਕਤ ਗੈਸਾਂ ਗਰਭਵਤੀ ਔਰਤਾਂ ਉੱਤੇ ਵੀ ਬਹੁਤ ਮਾੜਾ ਪਰਭਾਵ ਪਾਉਂਦੀਆਂ ਹਨ। ਇਸ ਤੋਂ ਇਲਾਵਾ ਹਰ ਪ੍ਰਕਾਰ ਦਾ ਪ੍ਰਦੂਸ਼ਣ ਸਾਡੀ ਧਰਤੀ ਦੁਆਲੇ ਘੇਰਾ ਪਾਈ ਬੈਠੀ ਓਜ਼ੋਨ ਪਰਤ ਵਿਚਕਾਰ ਸੁਰਾਖ ਕਰਦਾ ਹੈ, ਜਿਸਦਾ ਨਤੀਜਾ ਇਹ ਹੁੰਦਾ ਹੈ ਕਿ ਸੂਰਜੀ ਕਿਰਨਾਂ ਓ-ਜ਼ੌਨ ਪਰਤ ਵਿੱਚੋਂ ਦੀ ਪੁਣ ਪੁਣ ਕੇ ਸਾਡੇ ਜ਼ਮੀਨ ਰੁਸ਼ਨਾਉਂਦੀਆਂ ਹਨ ਅਤੇ ਸਾਨੂੰ ਵਿਟਾਮਿਨ ਡੀ ਪ੍ਰਦਾਨ ਕਰਦੀਆਂ ਹਨ, ਉਹ ਸਿੱਧੇ ਰੂਪ ਵਿਚ ਧਰਤੀ ਤੇ ਪੈਣ ਲੱਗਦੀਆਂ ਹਨ ਜਿਸਦਾ ਮਨੁੱਖ ਜ਼ਾਤੀ ਦੇ ਨਾਲ ਸਾਡੇ ਪਸ਼ੂਆਂ ਅਤੇ ਪੰਛੀਆਂ ਨੂੰ ਵੀ ਖਤਰਨਾਕ ਹੱਦ ਤੱਕ ਨੁਕਸਾਨ ਪੁੱਜਦਾ ਹੈ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਪਰਾਲੀ ਸਾੜਨ ਦੀ ਸਮੱਸਿਆਵਾਂ ਨਾਲ ਨਜਿੱਠਣਾ ਇਕੱਲੀ ਪ੍ਰਦੇਸ਼ ਸਰਕਾਰ ਦੇ ਵੱਸ ਦੀ ਗੱਲ ਨਹੀਂ, ਸਗੋਂ ਇਹ ਸਮੁੱਚੇ ਦੇਸ ਲਈ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਸ ਦੇ ਹੱਲ ਲਈ ਸੂਬਾਈ ਅਤੇ ਕੇਂਦਰੀ ਸਰਕਾਰ, ਦੋਵਾਂ ਨੂੰ ਹੀ ਸਾਂਝੇ ਰੂਪ ਵਿਚ ਆਪਸ ਵਿਚ ਮਿਲਜੁਲ ਕੇ ਕੰਮ ਕਰਨ ਦੀ ਲੋੜ ਹੈ ਅਤੇ ਨਾਲ ਹੀ ਦੋਵਾਂ ਸਰਕਾਰਾਂ ਨੂੰ ਕਿਸਾਨਾਂ ਦੇ ਤਮਾਮ ਹਿਤਾਂ ਨੂੰ ਧਿਆਨ ਵਿਚ ਰੱਖਦਿਆਂ ਸੁਚਾਰੂ ਅਤੇ ਯੋਗ ਹੱਲ ਲੱਭਣੇ ਚਾਹੀਦੇ ਹਨ। ਸਾਨੂੰ ਸਭ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਹੈ ਕਿ ਜਿਸ ਧਰਤੀ ’ਤੇ ਅਸੀਂ ਰਹਿੰਦੇ ਹਾਂ, ਇਸਦੇ ਚੌਗਿਰਦੇ ਤੇ ਵਾਤਾਵਰਣ ਦੀ ਸਾਂਭ ਸੰਭਾਲ ਕਰਨਾ ਇਕੱਲੀਆਂ ਸਰਕਾਰਾਂ ਦਾ ਕੰਮ ਨਹੀਂ ਹੈ, ਇਸ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਹੀ ਉਪਰਾਲੇ ਕਰ ਕੇ ਆਪਣਾ ਯੋਗਦਾਨ ਪਾਉਣ ਦੀ ਲੋੜ ਹੈ।
ਹਰ ਸਾਲ ਸਰਕਾਰਾਂ ਆਪਣੇ ਵੱਖ ਵੱਖ ਸਾਧਨਾਂ ਰਾਹੀਂ ਕਿਸਾਨ ਵੀਰਾਂ ਨੂੰ ਪਰਾਲੀ ਨੂੰ ਨਾ ਸਾੜਨ ਦੀ ਪ੍ਰੇਰਿਤ ਕਰਨ ਲਈ ਬਹੁਤ ਸਾਰੀਆ ਕੋਸ਼ਿਸ਼ਾਂ ਅਤੇ ਉਪਰਾਲੇ ਕਰਦੀਆਂ ਹਨ।
ਇਸੇ ਕੜੀ ਤਹਿਤ ਪਿਛਲੇ ਦਿਨੀਂ ਡਿਪਟੀ ਕਮਿਸ਼ਨਰ ਜਿਲ੍ਹਾ ਮਲੇਰਕੋਟਲਾ ਡਾ.ਪੱਲਵੀ ਨੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਝੋਨੇ ਦੀ ਪਰਾਲੀ ਨੂੰ ਬਿਨਾਂ ਸਾੜੇ ਅਤੇ ਬਿਨਾਂ ਵਾਹੇ, ਖੇਤਾਂ ਵਿੱਚ ਹੀ ਰੱਖ ਕੇ ਘੱਟ ਖ਼ਰਚੇ ਨਾਲ ਕਣਕ ਦੀ ਬਿਜਾਈ ਕਰਨ ਲਈ ਸਰਫੇਸ ਸੀਡਰ ਨਾਂਅ ਦੀ ਲਾਹੇਵੰਦ ਮਸ਼ੀਨ ਐਜਾਦ ਕੀਤੀ ਗਈ ਹੈ ।
ਇੱਥੇ ਜਿਕਰਯੋਗ ਹੈ ਕਿ ਕਿਸਾਨਾਂ ਨੂੰ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਦੀ ਬਜਾਏ, ਇਸ ਦੇ ਪ੍ਰਬੰਧਨ ਲਈ ਸੁਚੱਜੀ ਵਿਧੀ ਅਪਣਾਉਣ ਲਈ ਪ੍ਰੇਰਿਤ ਕਰਨ ਵਾਸਤੇ, ਪੰਜਾਬ ਸਰਕਾਰ ਵੱਲੋਂ ਖੇਤਾਂ ਵਿੱਚ ਹੀ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਲਈ ਕਿਸਾਨਾਂ ਨੂੰ ਰਿਆਇਤੀ ਦਰਾਂ ’ਤੇ ਸਰਫੇਸ ਸੀਡਰ ਮਸ਼ੀਨਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ । ਸਰਫੇਸ ਸੀਡਰ ਮਸ਼ੀਨਾਂ ਦੀ ਕੀਮਤ ਕਰੀਬ 80 ਹਜ਼ਾਰ ਰੁਪਏ ਹੈ। ਜਿਸ ’ਤੇ ਖੇਤੀਬਾੜੀ ਵਿਭਾਗ ਵੱਲੋਂ ਵਿਅਕਤੀਗਤ ਤੌਰ ਤੇ ਸਰਫੇਸ ਸੀਡਰ ਖ਼ਰੀਦਣ ’ਤੇ 50 ਫ਼ੀਸਦੀ ਸਬਸਿਡੀ ਭਾਵ 40 ਹਜ਼ਾਰ ਰੁਪਏ ਅਤੇ ਸਹਿਕਾਰੀ ਸਭਾਵਾਂ (ਕਸਟਮਰ ਹਾਇਰਿੰਗ ਸੈਂਟਰ) ਲਈ ਖ਼ਰੀਦਣ ’ਤੇ 80 ਫ਼ੀਸਦੀ ਸਬਸਿਡੀ ਭਾਵ 64 ਹਜ਼ਾਰ ਰੁਪਏ ਸਬਸਿਡੀ ਦਿੱਤੀ ਜਾਵੇਗੀ ।
ਉਧਰ ਖੇਤੀਬਾੜੀ ਵਿਕਾਸ ਅਫ਼ਸਰ ਡਾ. ਨਵਦੀਪ ਸਿੰਘ ਨੇ ਦੱਸਿਆ ਕਿ ਇਹ ਮਸ਼ੀਨ ਕੰਬਾਈਨ ਨਾਲ ਕੱਟੇ ਝੋਨੇ ਦੇ ਖੇਤ ਵਿੱਚ ਇੱਕੋ ਸਮੇਂ ਬੀਜ ਅਤੇ ਖਾਦ ਪਾ ਦਿੰਦੀ ਹੈ ਅਤੇ ਨਾਲੋਂ-ਨਾਲ ਝੋਨੇ ਦੇ ਖੜੇ ਕਰਚੇ ਕੱਟਕੇ ਇਕਸਾਰ ਖਿਲਾਰ ਦਿੰਦੀ ਹੈ । ਕੱਟਿਆ ਹੋਇਆ ਪਰਾਲ ਬੀਜ ਨੂੰ ਢੱਕ ਲੈਂਦਾ ਹੈ ਜੋ ਕਿ ਬਾਅਦ ਵਿੱਚ ਮਲਚ ਦਾ ਕੰਮ ਕਰਦਾ ਹੈ, ਜਿਸ ਨਾਲ ਨਦੀਨ ਘੱਟ ਹੁੰਦੇ ਹਨ ਅਤੇ ਜ਼ਮੀਨ ਦਾ ਤਾਪਮਾਨ ਵੀ ਅਨੁਕੂਲ ਬਣਿਆ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਇਹ ਵੀ ਦੇਖਣ ਵਿੱਚ ਆਇਆ ਹੈ ਕਿ ਇਸ ਤਕਨੀਕ ਨਾਲ ਬੀਜੀ ਹੋਈ ਕਣਕ ਘੱਟ ਡਿੱਗਦੀ ਹੈ ਅਤੇ ਪਰਾਲੀ ਖੇਤ ਵਿੱਚ ਰਹਿਣ ਕਰਕੇ ਜ਼ਮੀਨ ਦੀ ਸਿਹਤ ਦਾ ਸੁਧਾਰ ਹੁੰਦਾ ਹੈ। ਇਸ ਮਸ਼ੀਨ ਨਾਲ ਕਣਕ ਦੀ ਬਿਜਾਈ ਕਰਨ ਤੇ ਲਗਭਗ 700-800 ਰੁਪਏ ਪ੍ਰਤੀ ਏਕੜ ਖਰਚਾ ਆਉਂਦਾ ਹੈ। ਇਹ ਮਸ਼ੀਨ 35-40 ਹਾਰਸਪਾਵਰ ਵਾਲੇ ਟਰੈਕਟਰ ਨਾਲ ਚੱਲ ਸਕਦੀ ਹੈ।
ਡਾ ਨਵਦੀਪ ਸਿੰਘ ਨੇ ਦੱਸਿਆ ਕਿ ਝੋਨੇ ਦੀ ਕਟਾਈ ਅਤੇ ਕਣਕ ਦੀ ਬਿਜਾਈ ਵਿਚਕਾਰ ਘੱਟ ਸਮਾਂ ਹੋਣ ਕਾਰਨ ਸਰਫੇਸ ਸੀਡਰ ਮਸ਼ੀਨ ਦੀ ਵਰਤੋਂ ਨਾਲ ਝੋਨੇ ਦੀ ਕਟਾਈ ਤੋਂ ਤੁਰੰਤ ਬਾਅਦ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ । ਇਸ ਮਸ਼ੀਨ ਦੀ ਵਰਤੋਂ ਨਾਲ ਕਿਸਾਨ 14-16 ਏਕੜ ਰਕਬੇ ਵਿੱਚ ਪ੍ਰਤੀ ਦਿਨ ਬਿਜਾਈ ਕਰ ਸਕਦਾ ਹੈ ਜਦੋਂ ਕਿ ਸੁਪਰ ਸੀਡਰ ਮਸ਼ੀਨ ਨਾਲ 5-8 ਏਕੜ ਵਿੱਚ ਬਿਜਾਈ ਕੀਤੀ ਜਾ ਸਕਦੀ ਹੈ ।
ਚਲੋ ਆਓ ਅੱਜ ਅਸੀਂ ਇਹ ਦਿ੍ਰੜ ਸੰਕਲਪ ਲਈਏ ਕਿ ਝੋਨੇ ਦੀ ਪਰਾਲੀ ਨੂੰ ਕਦੇ ਅੱਗ ਨਾ ਲਾਈਏ ਤੇ ਵਾਤਾਵਰਣ ਹਮੇਸ਼ਾ ਸ਼ੁੱਧ ਬਣਾਈਏ।
ਮੁਹੰਮਦ ਅੱਬਾਸ ਧਾਲੀਵਾਲ
-ਮੋਬਾ: 98552 59650