Saturday, July 27, 2024  

ਲੇਖ

ਪੰਜਾਬੀ ਸਿਨੇਮਾ ਦੀ ਚੜ੍ਹਾਈ

September 25, 2023

ਵੱਖੋ ਵੱਖ ਭਾਸ਼ਾਵਾਂ ’ਚ ਬਣਨ ਵਾਲੀਆਂ ਫਿਲਮਾਂ ਆਪੋ ਆਪਣੇ ਮੁਲਕਾਂ ਅਤੇ ਖੇਤਰਾਂ ਚ ਵਸਣ ਵਾਲੇ ਲੋਕਾਂ ਦੇ ਰਹਿਣ -ਸਹਿਣ, ਖਾਣ - ਪੀਣ, ਸਭਿਆਚਾਰ, ਸੰਸਕ੍ਰਿਤੀ ਅਤੇ ਰੀਤੀ-ਰਿਵਾਜ਼ਾਂ ਨੂੰ ਪਰਦੇ ਤੇ ਦਰਸਾਉਂਦੀਆਂ ਹਨ । ਸਮੱਸਿਆਵਾਂ ਅਤੇ ਘਟਨਾਵਾਂ ਨੂੰ ਰੋਮਾਂਚਕਾਰੀ ਤਰੀਕੇ ਨਾਲ ਦੁਨੀਆਂ ਸਾਹਮਣੇ ਪੇਸ਼ ਕਰਦੀਆਂ ਹਨ । ਭਾਵ ਸਮਾਜ ਵਿੱਚ ਜੋ ਕੁੱਝ ਵਾਪਰਦਾ ਹੈ ਉਹ ਸਭ ਸਾਨੂੰ ਪਰਦੇ ’ਤੇ ਇੱਕ ਵੱਖਰੇ ਅੰਦਾਜ਼ ਵਿੱਚ ਦੇਖਣ ਨੂੰ ਮਿਲਦਾ ਹੈ । ਰੋਮਾਂਟਿਕ , ਕਾਮੇਡੀ ਅਤੇ ਐਕਸ਼ਨ ਭਰਪੂਰ ਫਿਲਮਾ ਜਿੱਥੇ ਸਾਡਾ ਮਨੋਰੰਜਨ ਕਰਦੀਆਂ ਹਨ ਉੱਥੇ ਹੀ ਵਿਗਿਆਨ , ਭੂਗੋਲ ਅਤੇ ਇਤਿਹਾਸ ਤੇ ਆਧਾਰਿਤ ਫਿਲਮਾ ਸਾਡੇ ਗਿਆਨ ਵਿੱਚ ਵਾਧਾ ਕਰਦੀਆਂ ਹਨ । ਜਦਕਿ ਧਰਮ ਅਤੇ ਦੇਸ਼-ਭਗਤੀ ਤੇ ਬਣਨ ਵਾਲੀਆਂ ਫਿਲਮਾ ਮੰਨ ਅੰਦਰ ਚੇਤਨਾ ਅਤੇ ਦੇਸ਼ ਪ੍ਰਤੀ ਪ੍ਰੇਮ ਪੈਦਾ ਕਰਦੀਆਂ ਹਨ । ਬਾਕੀ ਇਸ ਵਿੱਚ ਵੀ ਕੋਈ ਦੋ ਰਾਏ ਨਹੀ ਹੈ ਕਿ ਫਿਲਮਾਂ ਸਮਾਜ ਅੰਦਰ ਲੱਚਰਤਾ ਅਤੇ ਵਿਵਾਦ ਫੈਲਾਉਣ ਵਿੱਚ ਵੀ ਕੋਈ ਕਸਰ ਨਹੀਂ ਛੱਡਦੀਆਂ । ਮਨੋਰੰਜਨ ਦੇ ਨਾਲ ਨਾਲ ਫਿਲਮਾਂ ਰੁਜ਼ਗਾਰ ਦਾ ਵੀ ਵਧੀਆ ਸਾਧਨ ਹਨ । ਪਹਿਲਾਂ ਫਿਲਮਾਂ ਘੱਟ ਬਜਟ ਵਿੱਚ ਬਣਕੇ ਤਿਆਰ ਹੋ ਜਾਦੀਆਂ ਸਨ । ਲੇਕਿਨ ਅੱਜ ਇੱਕ ਫਿਲਮਾਂ ਦਾ ਨਿਰਮਾਣ ਕਰਨਾ ਬਹੁਤ ਜੋਖਿਮ ਭਰਿਆ ਕੰਮ ਹੈ । ਊਚ ਤਕਨੀਕ ਦੇ ਇਸਤੇਮਾਲ ਕਾਰਨ ਲਾਗਤ ਅਤੇ ਕਮਾਈ ਅਰਬਾਂ ਰੁਪਏ ਤਕ ਪਹੁੰਚ ਜਾਂਦੀ ਹੈ । ਜਿਸ ਕਰਕੇ ਫਿਲਮ ਜਗਤ ਅੱਜਕਲ੍ਹ ਬਹੁਤ ਵੱਡਾ ਵਪਾਰ ਬਣ ਗਿਆ ਹੈ । ਬੌਲੀਵੁੱਡ ਇੰਡਸਟਰੀ ਦੁਨੀਆਂ ਦੀ ਮੰਨੀ ਪ੍ਰਮੰਨੀ ਫਿਲਮ ਇੰਡਸਟ੍ਰੀ ਹੈ ਅਤੇ ਸਾਡੇ ਦੇਸ਼ ਵਿੱਚ ਹਿੰਦੀ ਫਿਲਮਾਂ ਦਾ ਜਿਆਦਾ ਬੋਲਬਾਲਾ ਹੈ । ਕਿੰਤੂ ਹੁਣ ਸਾਡੀ ਪੌਲੀਵੁਡ ਫਿਲਮ ਇੰਡਸਟ੍ਰੀ ਵੀ ਪਿੱਛੇ ਨਹੀਂ ਰਹੀ ਹੈ । ਇੱਕ ਚੰਗੀ ਫਿਲਮ ਬਣਾਉਣ ਵਾਲੇ ਸਾਰੇ ਸਾਧਨ ਸਾਡੇ ਕੋਲ ਮੌਜੂਦ ਹਨ । ਇੱਕ ਸਮਾਂ ਸੀ ਜਦੋਂ ਪੰਜਾਬੀ ਫਿਲਮਾਂ ਲੱਗਭਗ ਪੰਜਾਬ ਦੇ ਲੋਕਾਂ ਤਕ ਸੀਮਤ ਸਨ । ਪਰ ਅੱਜ ਪੰਜਾਬੀ ਫਿਲਮਾਂ ਪੰਜਾਬ ਦੇ ਨਾਲ ਨਾਲ ਪੂਰੀ ਦੁਨੀਆਂ ਵਿੱਚ ਦੇਖਿਆ ਜਾਦੀਆਂ ਹਨ । ਵਿਦੇਸ਼ੀ ਧਰਤੀ ਤੇ ਬਣਾਇਆ ਜਾਂਦੀਆਂ ਹਨ । ਅੱਜ ਪੌਲੀਵੁਡ ਸਿਨੇਮਾ ਸਿਖ਼ਰਾਂ ਤੇ ਹੈ । ਸਾਡੀ ਮਾਂ ਬੋਲੀ ਅਤੇ ਸਾਡੀ ਪੰਜਾਬੀਅਤ ਨੂੰ ਦੁਨੀਆਂ ਦੇ ਕੋਨੇ ਕੋਨੇ ਤਕ ਪਹੁੰਚਾ ਰਿਹਾ ਹੈ । ਜੋ ਕਿ ਸਾਡੇ ਲਈ ਬੜੇ ਮਾਣ ਦੀ ਗੱਲ ਹੈ ਅਤੇ ਇਸ ਸਭ ਦਾ ਸ਼੍ਰੇਅ ਸਾਡੇ ਅਨੁਭਵੀ ਕਲਾਕਾਰਾਂ , ਸੁਲਝੇ ਹੋਏ ਕਹਾਣੀਕਾਰਾਂ , ਸੂਝਵਾਨ ਨਿਰਦੇਸ਼ਕਾਂ ਅਤੇ ਉਨ੍ਹਾ ਨਿਰਮਾਤਾਵਾਂ ਨੂੰ ਜਾਂਦਾ ਹੈ ਜਿਹੜੇ ਫਿਲਮ ਬਣਾਉਣ ਸਮੇਂ ਦਿਲ ਖੋਲ੍ਹ ਕੇ ਪੈਸਾ ਖਰਚ ਕਰਦੇ ਹਨ । ਕਲਪਨਿਕ ਫਿਲਮਾਂ ਦੇ ਨਾਲ ਨਾਲ ਗੰਭੀਰ ਅਤੇ ਭਾਵਨਾਤਮਕ ਵਿਸ਼ੇ ਵਾਲੀਆਂ ਫਿਲਮਾ ਬਣਾਉਣ ਨੂੰ ਵੀ ਜਿਹੜੇ ਤਰਜ਼ੀਹ ਦੇ ਰਹੇ ਹਨ । ਇਸਦੀ ਤਾਜਾ ਉਦਾਹਰਣ ਹੈ , ਪਿੱਛਲੇ ਦਿਨੀ ਰਲੀਜ਼ ਹੋਈ ਫਿਲਮ ਮਸਤਾਨੇ ਜੋ ਕਿ ਇੱਕ ਖੂਬਸੂਰਤ ਅਤੇ ਸਾਫ ਸੁਥਰੀ ਫਿਲਮ ਹੈ । ਇਸ ਤਰਾਂ ਦੀ ਬੇਮਿਸਾਲ ਫਿਲਮ ਬਣਾਉਣ ਲਈ , ਇਸ ਫਿਲਮ ਨਾਲ ਜੁੜਿਆ ਹਰ ਬੰਦਾ ਵਧਾਈ ਦਾ ਪਾਤਰ ਹੈ । ਇਕ ਚੰਗੀ ਕਹਾਣੀ ਵਾਲੀ ਫਿਲਮ ਜਿੱਥੇ ਹਮੇਸ਼ਾ ਲਈ ਦਰਸ਼ਕਾਂ ਦੇ ਦਿਲਾਂ ਵਿੱਚ ਵਸ ਜਾਂਦੀ ਹੈ ਉੱਥੇ ਹੀ ਵਧੀਆ ਕਲਾਕਾਰ ਦੁਆਰਾ ਨਿਭਾਈ ਗਈ ਚੰਗੀ ਭੂਮਿਕਾ ਵੀ ਉਸਨੂੰ ਅਮਰ ਬਣਾ ਦਿੰਦੀ ਹੈ । ਮਸਤਾਨੇ ਫਿਲਮ ਵਿੱਚ ਵੀ ਹਰ ਅਭਿਨੇਤਾ ਨੇ ਆਪਣਾ ਰੋਲ ਬਾਖ਼ੂਬੀ ਨਿਭਾਇਆ ਹੈ , ਖਾਸਕਰ ਗੁਰਪ੍ਰੀਤ ਘੁੱਗੀ ਜੀ , ਜਿਨ੍ਹਾ ਨੇ ਆਪਣੇ ਕਿਰਦਾਰ ਰਾਹੀ ਇਸ ਫਿਲਮ ਵਿੱਚ ਜਾਨ ਪਾ ਦਿੱਤੀ ਹੈ । ਨਿਹਸੰਕੋਚ ਇਹ ਫਿਲਮ ਪੰਜਾਬੀ ਫਿਲਮ ਇੰਡਸਟ੍ਰੀ ਨੂੰ ਇੱਕ ਨਵੀਂ ਦਿਸ਼ਾ ਪ੍ਰਦਾਨ ਕਰੇਗੀ । ਮਸਤਾਨੇ ਫਿਲਮ ਸਾਨੂੰ ਸਾਡੇ ਇਤਿਹਾਸ ਨਾਲ ਰੂਬਰੂ ਕਰਵਾਉਂਦੀ ਹੈ । ਮੈ ਆਪਣੀ ਪੜ੍ਹਾਈ ਦੌੋਰਾਨ ਅਤੇ ਪੜ੍ਹਾਈ ਤੋਂ ਬਾਅਦ ਵੀ ਕਈ ਫਿਲਮਾਂ ਸਿਨੇਮਾਘਰ ਵਿੱਚ ਦੇਖਿਆ ਹਨ । ਜਿੰਨ੍ਹਾ ਵਿੱਚ ਹਿੰਦੀ , ਪੰਜਾਬੀ , ਅੰਗਰੇਜੀ ਅਤੇ ਸਾਊਥ ਦੀਆਂ ਫਿਲਮਾਂ ਵੀ ਸ਼ਾਮਲ ਹਨ । ਜਿੰਨ੍ਹਾ ਵਿਚੋੰ ਕੁੱਝ ਫਿਲਮਾ ਹਿੱਟ ਅਤੇ ਕੁੱਝ ਸੁਪਰ ਹਿੱਟ ਸਨ । ਪਰ ਮੈਂ ਅਜਿਹਾ ਨਜ਼ਾਰਾ ਪਹਿਲੀ ਮਰਤਬਾ ਵੇਖਿਆ ਜਦ ਕਿਸੇ ਫਿਲਮ ਲਈ ਲੋਕਾਂ ਦੇ ਮੰਨ ਚ ਸ਼ਰਦਾ ਅਤੇ ਭਾਵਨਾ ਸੀ । ਅਰਥਾਤ ਜਦੋਂ ਫਿਲਮ ਵਿੱਚ ਗੁਰਪ੍ਰੀਤ ਘੁੱਗੀ ਜੀ , ਜੋ ਕਿ ਇਸ ਫਿਲਮ ਵਿੱਚ ਕਲੰਦਰ ਦੀ ਭੂਮਿਕਾ ਨਿਭਾ ਰਹੇ ਹਨ ਅਤੇ ਮੈਦਾਨ ਵਿੱਚ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਜਦ ਉਹ ਅਰਦਾਸ ਕਰਦੇ ਹਨ ਤਾਂ ਸਿਨੇਮਾ ਹਾਲ ਵਿੱਚ ਬੈਠੇ ਸਾਰੇ ਦਰਸ਼ਕ ਹੱਥ ਜੋੜ ਕੇ ਖੜ੍ਹੇ ਹੋ ਜਾਂਦੇ ਹਨ । ਏਥੋ ਤਕ ਜੰਗ ਵਾਲੇ ਦਿ੍ਰਸ਼ ਇਸ ਢੰਗ ਨਾਲ ਫਿਲਮਾਏ ਗਏ ਹਨ ਕਿ ਦੇਖਣ ਵਾਲਿਆਂ ਦੇ ਰੋਂਗਟੇ ਖੜ੍ਹੇ ਹੋ ਜਾਂਦੇ ਹਨ । ਜਿਹੜੇ ਮਾਪੇ ਸ਼ਾਇਦ ਆਪਣੇ ਬੱਚਿਆਂ ਨੂੰ ਸਿਨੇਮਾ ਦੇਖਣ ਤੋਂ ਰੋਕਦੇ ਹੋਣਗੇ ਉਹ ਵੀ ਪਰਿਵਾਰ ਸਮੇਤ ਫਿਲਮ ਦੇਖਣ ਲਈ ਆ ਰਹੇ ਹਨ । ਬੇੱਸ਼ਕ ਫਿਲਮ ਇਤਿਹਾਸ ਦੇ ਭੂਲੇ ਵਿਸਰੇ ਪੰਨਿਆ ਨੂੰ ਫਰੋਲਦੀ ਹੈ , ਅਰਥਾਤ ਫਿਲਮ ਚਾਹੇ ਸਿੱਖੀ ਨਾਲ ਸੰਬੰਧਤ ਹੈ । ਪਰ ਇਸਤੋਂ ਪਤਾ ਲੱਗਦਾ ਹੈ ਕਿ ਸਮਾਜ ਚ ਰਹਿਣ ਵਾਲਾ ਹਰ ਬੰਦਾ ਸਾਰੇ ਧਰਮਾਂ ਦਾ ਦਿਲੋਂ ਸਤਿਕਾਰ ਕਰਦਾ ਹੈ । ਬਿਨਾਂ ਸ਼ੱਕ ਸਾਡੀਆਂ ਫਿਲਮਾਂ ਏਕਤਾ ਅਤੇ ਆਪਸੀ ਭਾਈਚਾਰੇ ਦਾ ਪ੍ਰਤੀਕ ਹਨ । ਕਹਿੰਦੇ ਹਨ ਕਿ ਸਿਨੇਮਾ ਸਮਾਜ ਦਾ ਦਰਪਣ ਹੁੰਦਾ ਹੈ । ਵਰਤਮਾਨ ਚ ਸਾਡੇ ਸਮਾਜ ਨੂੰ ਅਜਿਹੀਆਂ ਫਿਲਮਾਂ ਦੀ ਬਹੁਤ ਲੋੜ ਹੈ , ਜਿਹੜੀਆਂ ਸਾਨੂੰ ਚੰਗਿਆਈ ਅਤੇ ਸਾਡੇ ਵਿਰਸੇ ਨਾਲ ਜੋੜਨ । ਕਿਉਂਕਿ ਫਿਲਮਾਂ ਤੋਂ ਲੋਕ ਬਹੁਤ ਕੁੱਝ ਸਿੱਖਦੇ ਹਨ । ਫਿਲਮਾਂ ਦਾ ਲੋਕਾਂ ਦੇ ਜੀਵਨ ਅਤੇ ਆਚਰਣ ਤੇ ਗਹਿਰਾ ਪ੍ਰਭਾਵ ਪੈਂਦਾ ਹੈ ।
ਗੋਪਾਲ ਸ਼ਰਮਾ
-ਮੋਬਾ: 98564-50006

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ