ਪਿੰਡ ਦੀਆਂ ਵੱਖ-ਵੱਖ ਸੰਸਥਾਵਾਂ ਨੇ ਕੀਤਾ ਸਨਮਾਨ
ਬਨੂੜ, 25 ਸਤੰਬਰ (ਅਵਤਾਰ ਸਿੰਘ) : ਪਿੰਡ ਬੁੱਢਣਪੁਰ ਦੇ ਵਸਨੀਕ ਅਤੇ ਮੌਲੀ ਬੈਦਵਾਣ ਵਿਖੇ ਮਾਸਟਰ ਭੁਪਿੰਦਰ ਭਿੰਦਾ ਕੁੰਭੜਾ ਤੇ ਮੱਖਣ ਕਜਹੇੜੀ ਵੱਲੋਂ ਚਲਾਈ ਜਾ ਰਹੀ ਬੈਦਵਾਣ ਕਬੱਡੀ ਅਕੈਡਮੀ ਵਿੱਚ ਖੇਡਦੇ ਕੌਮਾਂਤਰੀ ਕਬੱਡੀ ਖਿਡਾਰੀ ਕੀਤੂ ਬੁੱਢਣਪੁਰ ਦਾ ਅੱਜ ਪਿੰਡ ਵਾਸੀਆਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਉਹ ਯੂਰਪ ਦੇ ਪੰਦਰਾਂ ਦੇ ਕਰੀਬ ਦੇਸ਼ਾਂ ਦੇ ਕਬੱਡੀ ਟੂਰਨਾਮੈਂਟਾਂ ਵਿੱਚ ਕਬੱਡੀ ਦਾ ਸ਼ਾਨਦਾਰ ਪ੍ਰਦਰਸ਼ਨ ਕਰਨ ਮਗਰੋਂ ਪਿੰਡ ਵਾਪਿਸ ਪਰਤਿਆ।
ਪਿੰਡ ਬੁੱਢਣਪੁਰ ਦੇ ਸਾਬਕਾ ਸਰਪੰਚ ਜਗਤਾਰ ਸਿੰਘ ਜੌਹਲ, ਧੀਰਾ ਸਿੰਘ ਪੰਚ, ਸਤਿੰਦਰਪਾਲ ਸਿੰਘ, ਜਗਰੂਪ ਸਿੰਘ, ਅਵਤਾਰ ਸਿੰਘ, ਜਸਵੀਰ ਸਿੰਘ ਜੌਹਲ, ਨੈਬ ਸਿੰਘ ਦੀ ਅਗਵਾਈ ਹੇਠ ਇਕੱਤਰ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਨੇ ਕੀਤੂ ਬੁੱਢਣਪੁਰ ਦਾ ਵਿਸ਼ੇਸ ਸਨਮਾਨ ਕੀਤਾ। ਪ੍ਰਾਇਮਰੀ ਸਕੂਲ ਦੇ ਮੁਖੀ ਜਤਿੰਦਰ ਸਿੰਘ ਅਤੇ ਸਤਿੰਦਰ ਸਿੰਘ ਦੀ ਅਗਵਾਈ ਹੇਠ ਵੀ ਕਬੱਡੀ ਖਿਡਾਰੀ ਦਾ ਸਨਮਾਨ ਕੀਤਾ ਗਿਆ। ਕੀਤੂ ਨੇ ਦੱਸਿਆ ਕਿ ਸਾਰੀਆਂ ਥਾਵਾਂ ਉੱਤੇ ਉਨ੍ਹਾਂ ਵਧੀਆ ਖੇਡ ਦਾ ਮੁਜ਼ਾਹਿਰਾ ਕੀਤਾ ਅਤੇ ਬੈਲਜ਼ੀਅਮ ਵਿਖੇ ਉਨ੍ਹਾਂ ਬੈਸਟ ਰੇਡਰ ਦਾ ਖ਼ਿਤਾਬ ਜਿੱਤ ਕੇ ਬੁਲੇਟ ਮੋਟਰਸਾਈਕਲ ਦਾ ਇਨਾਮ ਵੀ ਜਿੱਤਿਆ। ਇਸ ਮੌਕੇ ਕਬੱਡੀ ਖਿਡਾਰੀ ਬਿੱਲਾ ਬੁੱਢਣਪੁਰ, ਬਲਜੀਤ ਖਾੜਕੂ, ਮੇਜਰ ਮੌਲੀ, ਜੱਸੂ ਮੌਲੀ, ਮੰਗੂ ਮੌਲੀ, ਪਵਿੱਤਰ ਮੌਲੀ ਆਦਿ ਵੀ ਹਾਜ਼ਰ ਸਨ।