ਗੈਂਗਸਟਰਾਂ ਤੇ ਦਹਿਸ਼ਤਗਰਦਾਂ ਦਾ ਨੈਟਵਰਕ ਨਿਸ਼ਾਨੇ ’ਤੇ, ਕਈ ਗ੍ਰਿਫ਼ਤਾਰ
ਚੰਡੀਗੜ੍ਹ, 27 ਸਤੰਬਰ (ਵੀ. ਪੀ. ਸਿੰਘ ਨਾਗਰਾ) : ਕੌਮੀ ਜਾਂਚ ਏਜੰਸੀ (ਐਨਆਈਏ) ਨੇ ਖਾਲਿਸਤਾਨ ਪੱਖੀ ਦਹਿਸ਼ਤਗਰਦਾਂ ਤੇ ਗੈਂਗਸਟਰਾਂ ਦੇ ਗਠਜੋੜ ਖ਼ਿਲਾਫ਼ ਬੁੱਧਵਾਰ ਨੂੰ ਪੰਜਾਬ ਸਣੇ 6 ਰਾਜਾਂ ’ਚ 50 ਤੋਂ ਵਧ ਥਾਵਾਂ ’ਤੇ ਛਾਪੇਮਾਰੀ ਕੀਤੀ ਗਈ।
ਮੀਡੀਆ ਰਿਪੋਰਟਾਂ ਮੁਤਾਬਕ ਲਾਰੈਂਸ ਬਿਸ਼ਨੋਈ, ਬੰਬੀਹਾ, ਅਰਸ਼ ਡੱਲਾ, ਸੁੱਖਾ ਦੁਨੇਕੇ, ਹੈਰੀ ਮੌੜ, ਨਰਿੰਦਰ ਉਰਫ਼ ਲਾਲੀ, ਕਾਲਾ ਜਠੇੜੀ, ਦੀਪਕ ਟੀਨੂ ਗੈਂਗ ਦੇ ਸਾਥੀਆਂ ਦੇ 51 ਤੋਂ ਵੱਧ ਟਿਕਾਣਿਆਂ ’ਤੇ ਛਾਪੇ ਮਾਰੇ ਗਏ ।
ਏਜੰਸੀ ਨੇ ਪੰਜਾਬ ’ਚ 30, ਰਾਜਸਥਾਨ ਵਿੱਚ 13, ਹਰਿਆਣਾ ਵਿੱਚ 10 ਥਾਵਾਂ ’ਤੇ ਛਾਪੇਮਾਰੀ ਕੀਤੀ। ਇਸ ਦੇ ਨਾਲ ਹੀ ਦਿੱਲੀ, ਉਤਰਾਖੰਡ ਤੇ ਉਤਰ ਪ੍ਰਦੇਸ਼ ’ਚ ਵੀ ਐਨਆਈਏ ਵੱਲੋਂ ਤਲਾਸ਼ੀ ਲਈ ਗਈ । ਐਨਆਈਏ ਦੇ ਅਧਿਕਾਰੀ ਨੇ ਕਿਹਾ ਕਿ ਇਸ ਦੌਰਾਨ ਕੁਝ ਸ਼ੱਕੀ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਛਾਪਿਆਂ ਦੌਰਾਨ ਹਥਿਆਰ ਅਤੇ ਇਤਰਾਜ਼ਯੋਗ ਸਮੱਗਰੀ ਜ਼ਬਤ ਕੀਤੀ ਗਈ।
ਐਨਆਈਏ ਨੇ ਜਗਰਾਉਂ, ਲੁਧਿਆਣਾ ’ਚ ਇਕ ਮਸ਼ਹੂਰ ਮਨੀ ਐਕਸਚੇਂਜਰ ਦੀ ਦੁਕਾਨ ਤੇ ਘਰ ’ਚ ਵੀ ਛਾਪੇਮਾਰੀ ਕੀਤੀ ਤੇ ਕਈ ਤਰ੍ਹਾਂ ਦੇ ਲੈਣ-ਦੇਣ ਬਾਰੇ ਜਾਣਕਾਰੀ ਹਾਸਲ ਕੀਤੀ । ਇਸੇ ਤਰ੍ਹਾਂ ਬਰਨਾਲਾ ’ਚ ਬਦਨਾਮ ਅਪਰਾਧੀ ਗਿਆਨੀ ਸੰਘੇੜਾ ਦੇ ਪਿਤਾ ਦਰਸ਼ਨ ਸਿੰਘ ਦੇ ਘਰ ਵੀ ਛਾਪਾ ਮਾਰਿਆ । ਦਰਸ਼ਨ ਸਿੰਘ ਪਿੰਡ ਦੇ ਇਕ ਗੁਰਦੁਆਰੇ ’ਚ ਗ੍ਰੰਥੀ ਸੀ । ਅੱਜ ਕੱਲ੍ਹ ਉਹ ਵਿਦੇਸ਼ ’ਚ ਰਹਿ ਰਿਹਾ ਹੈ । ਫਿਲਹਾਲ ਐਨਆਈਏ ਨੇ ਇਸ ਮਾਮਲੇ ’ਤੇ ਅਧਿਕਾਰਤ ਤੌਰ ’ਤੇ ਕੋਈ ਟਿੱਪਣੀ ਨਹੀਂ ਕੀਤੀ ਹੈ ।
ਸੂਤਰਾਂ ਨੇ ਦੱਸਿਆ ਕਿ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਇਸ ਤੋਂ ਪਹਿਲਾਂ ਬਿ੍ਰਟੇਨ, ਅਮਰੀਕਾ, ਕੈਨੇਡਾ, ਦੁਬਈ, ਪਾਕਿਸਤਾਨ ਅਤੇ ਹੋਰ ਦੇਸ਼ਾਂ ’ਚ ਰਹਿ ਰਹੇ 19 ਭਗੌੜੇ ਖਾਲਿਸਤਾਨੀ ਵੱਖਵਾਦੀਆਂ ਦੀ ਸੂਚੀ ਤਿਆਰ ਕੀਤੀ ਸੀ, ਜਿਨ੍ਹਾਂ ਦੀਆਂ ਜਾਇਦਾਦਾਂ ਜ਼ਬਤ ਕੀਤੇ ਜਾਣ ਦੀ ਸੰਭਾਵਨਾ ਹੈ ।
ਰਿਪੋਰਟਾਂ ਮੁਤਾਬਕ ਇਨ੍ਹਾਂ 19 ਭਗੌੜਿਆਂ ਖਿਲਾਫ਼ ਦਹਿਸ਼ਤਵਾਦ ਵਿਰੋਧੀ ਕਾਨੂੰਨ ਯੂਏਪੀਏ ਤਹਿਤ ਕਾਰਵਾਈ ਕੀਤੀ ਜਾਵੇਗੀ । ਇਨ੍ਹਾਂ ’ਤੇ ਵਿਦੇਸ਼ਾਂ ਤੋਂ ਭਾਰਤ ਵਿਰੋਧੀ ਪ੍ਰਚਾਰ ਚਲਾਉਣ ਦਾ ਦੋਸ਼ ਹੈ ।
ਫ਼ਿਰੋਜ਼ਪੁਰ ’ਚ ਕੌਮੀ ਜਾਂਚ ਏਜੰਸੀ ਨੇ ਅੱਜ ਤੜਕਸਾਰ ਸ਼ਹਿਰ ਵਿਚ ਸਥਿਤ ਮੱਛੀ ਮੰਡੀ ਵਾਸੀ ਜੋਰਾ ਉਰਫ਼ ਜੋਨਸ (28) ਨੂੰ ਹਿਰਾਸਤ ’ਚ ਲੈ ਲਿਆ ਹੈ । ਸਥਾਨਕ ਪੁਲਿਸ ਦੇ ਨਾਲ ਮਿਲ ਕੇ ਕੀਤੀ ਛਾਪੇਮਾਰੀ ਦੌਰਾਨ ਜੋਰਾ ਨੂੰ ਉਸ ਦੇ ਘਰ ਤੋਂ ਹੀ ਹਿਰਾਸਤ ਲਿਆ ਗਿਆ ਹੈ । ਜੋਰਾ ਉਰਫ਼ ਜੋਨਸ ਗੈਂਗਸਟਰ ਅਰਸ਼ ਡੱਲਾ ਦਾ ਸਾਥੀ ਦੱਸਿਆ ਜਾਂਦਾ ਹੈ । ਪੁਲਿਸ ਨੇ ਦੱਸਿਆ ਕਿ ਐਨਆਈਏ ਟੀਮ ਕੋਲ ਜੋਰਾ ਅਤੇ ਅਰਸ਼ ਡੱਲਾ ਵਿਚਕਾਰ ਸਬੰਧ ਹੋਣ ਦੇ ਪੁਖ਼ਤਾ ਸਬੂਤ ਮੌਜੂਦ ਸਨ, ਜਿਸ ਦੇ ਅਧਾਰ ’ਤੇ ਜੋਰਾ ਨੂੰ ਹਿਰਾਸਤ ਵਿਚ ਲਿਆ ਗਿਆ ਹੈ । ਹਾਲੇ ਤੱਕ ਜੋਰਾ ਦਾ ਕੋਈ ਅਪਰਾਧਿਕ ਰਿਕਾਰਡ ਸਾਹਮਣੇ ਨਹੀਂ ਆਇਆ ਹੈ । ਜੋਰਾ ਨੂੰ ਹਿਰਾਸਤ ਵਿਚ ਲੈਣ ਤੋਂ ਬਾਅਦ ਐੱਨਆਈਏ ਦੀ ਟੀਮ ਉਸ ਨੂੰ ਆਪਣੇ ਨਾਲ ਲੈ ਗਈ ਹੈ । ਸਲਮ ਬਸਤੀ ਮੱਛੀ ਮੰਡੀ ਦਾ ਰਹਿਣ ਵਾਲਾ ਜੋਰਾ ਮਜ਼ਦੂਰੀ ਕਰਦਾ ਹੈ ।
ਇਸੇ ਤਰ੍ਹਾਂ ਐਨਆਈਏ ਨੇ ਬਠਿੰਡਾ ਦੇ ਪਿੰਡ ਜੇਠੂਕੇ ਵਿੱਚ ਗੁਰਪ੍ਰੀਤ ਸਿੰਘ ਉਰਫ਼ ਗੁਰੀ ਦੇ ਘਰ ਛਾਪਾ ਮਾਰਿਆ । ਗੁਰਪ੍ਰੀਤ ਸਿੰਘ ਗੁਰੀ ਬਠਿੰਡਾ ਪੁਲਿਸ ਨੂੰ ਕਤਲ ਸਮੇਤ ਕਈ ਮਾਮਲਿਆਂ ਵਿੱਚ ਲੋੜੀਂਦਾ ਮੁਲਜ਼ਮ ਹੈ । ਜਲੰਧਰ ਵਿੱਚ ਇਸ ਦੇ ਖਿਲਾਫ਼ ਧਾਰਾ 302 ਦੇ ਤਹਿਤ ਵੀ ਪਰਚਾ ਦਰਜ ਹੈ ।
ਐਨਆਈਏ ਦੀ ਇੱਕ ਦੀ ਟੀਮ ਹੈਰੀ ਮੋਰ ਦੇ ਘਰ ਵੀ ਪਹੁੰਚੀ ਹੈ । ਹੈਰੀ ਦਾ ਵੀ ਕਈ ਵੱਖ-ਵੱਖ ਮਾਮਲਿਆਂ ਵਿੱਚ ਨਾਮ ਹੈ ।
ਇਸੇ ਦੌਰਾਨ ਪਟਿਆਲਾ ਜ਼ਿਲ੍ਹੇ ਦੇ ਪਿੰਡ ਖੈਰਪੁਰ ਜੱਟਾਂ ਵਿਖੇ ਅੱਜ ਤੜਕੇ ਐਨਆਈਏ ਦੀ ਟੀਮ ਵੱਲੋਂ ਮਾਰੇ ਗਏ ਛਾਪੇ ਉਪਰੰਤ ਤਲਾਸ਼ੀ ਮੁਹਿੰਮ ਖਤਮ ਕਰ ਦਿੱਤੀ ਗਈ ਹੈ ਤੇ ਟੀਮ ਵਾਪਸ ਚਲੀ ਗਈ । ਉਨ੍ਹਾਂ ਦਾ ਨਿਸ਼ਾਨਾ ਦੱਸੇ ਜਾਂਦੇ ਇਸ ਪਿੰਡ ਦੇ ਨੰਬਰਦਾਰ ਦੇ ਪੁੱਤ ਜਗਜੋਤ ਸਿੰਘ ਨੂੰ ਵੀ ਟੀਮ ਨਾਲ ਨਹੀਂ ਲੈ ਕੇ ਗਈ ।
ਸ਼ੇਰਪੁਰ ’ਚ ਇਸ ਬਲਾਕ ਦੇ ਪਿੰਡ ਮੂਲੋਵਾਲ ’ਚ ਵੀ ਐੱਨਆਈਏ ਨੇ ਛਾਪਾ ਮਾਰਿਆ । ਮੋਗਾ ’ਚ ਵੀ ਏਜੰਸੀ ਨੇ ਪਿੰਡ ਤਖਤੂਪੁਰਾ ਵਿਚ ਛਾਪੇਮਾਰੀ ਕੀਤੀ।
ਉਧਰ ਹਰਿਆਣਾ ’ਚ ਸਿਰਸਾ ਦੇ ਪਿੰਡ ਭੀਮਾ ’ਚ ਬੁੱਧਵਾਰ ਸਵੇਰੇ ਐਨਆਈਏ ਦੀ ਟੀਮ ਨੇ ਯਾਦਵਿੰਦਰ ਉਰਫ ਜਸ਼ਨਦੀਪ ਦੇ ਘਰ ਛਾਪਾ ਮਾਰਿਆ । ਪ੍ਰਾਪਤ ਜਾਣਕਾਰੀ ਅਨੁਸਾਰ ਐਨਆਈਏ ਦੀ ਟੀਮ ਨੇ ਕਈ ਘੰਟੇ ਜਸ਼ਨਦੀਪ ਤੇ ਉਸ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛ ਪੜਤਾਲ ਕੀਤੀ ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਵੀ ਐਨਆਈਏ ਨੇ ਪੰਜਾਬ ਵਿੱਚ ਵੱਡੀ ਕਾਰਵਾਈ ਕੀਤੀ ਸੀ । ਕੁਝ ਦਿਨ ਪਹਿਲਾਂ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਕੈਨੇਡਾ ’ਚ ਮਾਰੇ ਗਏ ਵੱਖ਼ਵਾਦੀ ਹਰਦੀਪ ਸਿੰਘ ਨਿੱਝਰ ਦੇ ਜਲੰਧਰ ਸਥਿਤ ਘਰ ’ਤੇ ਜਾਇਦਾਦ ਜ਼ਬਤ ਕਰਨ ਦਾ ਨੋਟਿਸ ਚਿਪਕਾਇਆ ਸੀ । ਨਿੱਝਰ ਦਾ ਘਰ ਜਲੰਧਰ ਦੇ ਪਿੰਡ ਭਾਰਸਿੰਘਪੁਰਾ (ਫਿਲੌਰ) ਵਿੱਚ ਹੈ, ਜਿਸ ਨੂੰ ਪਿਛਲੇ ਡੇਢ ਸਾਲ ਤੋਂ ਤਾਲਾ ਲੱਗਿਆ ਹੋਇਆ ਹੈ । ਐਨਆਈਏ ਦੀ ਟੀਮ ਸ਼ਨੀਵਾਰ ਨੂੰ ਇੱਥੇ ਪਹੁੰਚੀ ਸੀ ।