ਕੋਟ ਈਸੇ ਖਾਂ, 27 ਸਤੰਬਰ (ਜੀਤਾ ਸਿੰਘ ਨਾਰੰਗ) : ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਮੁਤਾਬਕ ਅਤੇ ਸਿਵਲ ਸਰਜਨ ਮੋਗਾ ਡਾਕਟਰ ਰਾਜੇਸ਼ ਅਤਰੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇਥੋਂ ਦੇ ਸਰਕਾਰੀ ਹਸਪਤਾਲ ਵਿਖੇ ਐਸਐਮਓ ਡਾਕਟਰ ਸੰਦੀਪ ਸਿੰਘ ਦੀ ਰਹਿਨਮਾਈ ਹੇਠ ਇਕ ਸਿਹਤ ਮੇਲਾ ਲਗਾਇਆ ਗਿਆ ਜਿਸ ਦੀ ਸ਼ੁਰੂਆਤ ਮੌਕੇ ਸ਼ਹਿਰ ਦੇ ਮੋਹਤਬਾਰ ਵਿਅਕਤੀਆਂ ਜਿਨਾਂ ਵਿੱਚ ਸਾਬਕਾ ਚੇਅਰਮੈਨ ਅਤੇ ਸੀਨੀਅਰ ਰਾਜਨੀਤੀਵਾਨ ਸ੍ਰੀ ਵਿਜੇ ਕੁਮਾਰ ਧੀਰ, ਸੀਨੀਅਰ ਆਪ ਆਗੂ ਗੁਰਪ੍ਰਤਾਪ ਸਿੰਘ ਖੋਸਾ,ਨਗਰ ਪੰਚਾਇਤ ਪ੍ਰਧਾਨ ਦੇ ਪਤੀ ਪ੍ਰਕਾਸ਼ ਰਾਜਪੂਤ ਅਤੇ ਬੱਗੜ ਸਿੰਘ ਕੌਂਸਲਰ ਤੋਂ ਇਲਾਵਾ ਡਾਕਟਰ ਸਮਰਪ੍ਰੀਤ ਕੌਰ ਸੋਢੀ, ਡਾਕਟਰ ਹਰਜੋਤ ਕੰਬੋਜ, ਡਾਕਟਰ ਮਨਿੰਦਰ ਬਾਵਾ,ਡਾਕਟਰ ਰਣਜੀਤ ਥਿੰਦ, ਡਾਕਟਰ ਕੇਵਲ ਕ੍ਰਿਸ਼ਨ, ਚੀਫ਼ ਫਾਰਮੇਸੀ ਅਫਸਰ ਗੁਰਬਿੰਦਰ ਸਿੰਘ,ਬੀ ਈ ਜਤਿੰਦਰ ਸੂਦ, ਫਾਰਮੇਸੀ ਅਫ਼ਸਰ ਗੁਰਜਸਪ੍ਰੀਤ ਸਿੰਘ, ਸੀਨੀਅਰ ਸਟਾਫ਼ ਨਰਸ ਸਿਮਰਜੀਤ ਕੌਰ, ਅਤੇ ਐਮ .ਪੀ. ਐਚ. ਡਬਲਯੂ ਜਗਮੀਤ ਸਿੰਘ ਵੀ ਹਾਜ਼ਰ ਸਨ । ਇਸ ਮੇਲੇ ਵਿੱਚ ਜਿੱਥੇ ਖੂਨ ਦਾਨੀਆਂ ਵੱਲੋਂ ਖੂਨ ਦਾਨ ਕੀਤਾ ਗਿਆ ਉੱਥੇ ਦੰਦਾਂ, ਅੱਖਾਂ ਅਤੇ ਹੋਰ ਬਿਮਾਰੀ ਦੇ ਮਰੀਜ਼ਾਂ ਦਾ ਫਰੀ ਵਿੱਚ ਚੈੱਕ ਅਪ ਕਰਦੇ ਹੋਏ ਲੋੜੀਂਦੀਆਂ ਦੁਵਾਈਆ ਵੀ ਮੁਹਈਆ ਕੀਤੀਆਂ ਗਈਆਂ। ਇਸ ਸਮੇਂ ਡਾਕਟਰ ਮਨਿੰਦਰ ਬਾਵਾ ਜੀ ਨੇ ਦੱਸਿਆ ਕਿ ਜਿਆਦਾ ਮਰੀਜ਼ ਅੱਖਾਂ ਨਾਲ ਸਬੰਧਤ ਹੋਣ ਕਾਰਨ ਉਹਨਾਂ ਕੋਲ ਕਾਫੀ ਰਸ਼ ਰਿਹਾ ਪ੍ਰੰਤੂ ਉਹਨਾਂ ਹਰ ਇੱਕ ਮਰੀਜ਼ ਨੂੰ ਪੂਰਾ ਸਮਾਂ ਦਿੰਦੇ ਹੋਏ ਉਹਨਾਂ ਨੂੰ ਤਸੱਲੀ ਅਤੇ ਰੀਝ ਨਾਲ ਚੈੱਕ ਕੀਤਾ। ਸਿਹਤ ਮੇਲੇ ਦੀ ਸਫਲਤਾ ਸਬੰਧੀ ਐਸਐਮਓ ਸੰਦੀਪ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਹਰੇਕ ਵਰਗ ਨੂੰ ਸਿਹਤ ਸਹੂਲਤਾਂ ਦੇਣ ਲਈ ਹਰ ਪ੍ਰਕਾਰ ਦੇ ਸਿਰਤੋੜ ਸੰਭਵ ਯਤਨ ਕਰ ਰਹੀ ਹੈ ਅਤੇ ਅੱਜ ਦੇ ਇਸ ਸਿਹਤ ਮੇਲੇ ਬਾਰੇ ਉਹਨਾਂ ਕਿਹਾ ਕਿ ਅੱਜ ਕੋਈ 300 ਤੋਂ ਉੱਪਰ ਵਿਅਕਤੀਆਂ ਨੇ ਚਾਰ ਘੰਟਿਆਂ ਦੇ ਵਕਫੇ ਦੌਰਾਨ ਆਪਣੀ ਸਿਹਤ ਸਬੰਧੀ ਚੈਕ ਅਪ ਕਰਵਾਇਆ।