ਸ੍ਰੀ ਫ਼ਤਹਿਗੜ੍ਹ ਸਾਹਿਬ/ 3 ਅਕਤੂਬਰ:
(ਰਵਿੰਦਰ ਸਿੰਘ ਢੀਂਡਸਾ)
ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਯੋਗ ਅਗਵਾਈ ’ਚ ਡਾਇਰੈਕਟਰੋਟ ਆਫ ਐਜੂਕੇਸ਼ਨ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਸ੍ਰੀ ਫਤਹਿਗੜ੍ਹ ਸਾਹਿਬ ਦੇ ਗਿਆਨੀ ਦਿੱਤ ਸਿੰਘ ਆਡੀਟੋਰੀਅਮ ਵਿਖੇ ਉਚੇਰੀ ਸਿੱਖਿਆ ਦੀ ਅਜੌਕੀ ਸਥਿਤੀ, ਮੌਜੂਦਾ ਸਮੱਸਿਆਵਾਂ ਅਤੇ ਸੰਭਾਵੀ ਹੱਲ ਵਿਸ਼ੇ ਕਰਵਾਈ ਜਾ ਰਹੀ ਦੋ ਰੋਜਾ ਕਾਨਫਰੰਸ ਦੇ ਦੂਜੇ ਤੇ ਆਖਰੀ ਦਿਨ ਦੇ ਸੈਸ਼ਨ ਦੀ ਆਰੰਭਤਾ ਸਿੱਖਿਆ ਸਕੱਤਰ ਸੁਖਮਿੰਦਰ ਸਿੰਘ ਦੇ ਪ੍ਰਧਾਨਗੀ ਭਾਸ਼ਣ ਨਾਲ ਹੋਈ। ਕਾਨਫਰੰਸ ਦੌਰਾਨ ਅੰਤਿ੍ਰੰਗ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਤੁਗਲਵਾਲ ਸਮੇਤ ਪ੍ਰੋਫੈਸਰ ਸਾਹਿਬਾਨ ਪ੍ਰਮੁੱਖ ਸਖਸ਼ੀਅਤਾਂ ’ਚ ਡਾ. ਕੰਵਲਜੀਤ ਸਿੰਘ, ਡਾ. ਸਿਕੰਦਰ ਸਿੰਘ, ਹਰਮੀਤ ਵਿਦਿਆਰਥੀ, ਡਾ. ਖੁਸ਼ਵਿੰਦਰ ਕੁਮਾਰ, ਡਾ. ਜੋਗਾ ਸਿੰਘ ਆਦਿ ਉਚੇਚੇ ਤੌਰ ’ਤੇ ਪੁੱਜੇ ਹੋਏ ਸਨ।ਕਾਨਫਰੰਸ ਸੈਸ਼ਨ ਦੇ ਪ੍ਰਧਾਨਗੀ ਭਾਸ਼ਣ ’ਚ ਸਿੱਖਿਆ ਸਕੱਤਰ ਸੁਖਮਿੰਦਰ ਸਿੰਘ ਨੇ ਜਿਥੇ ਪੁੱਜੀਆਂ ਸਖਸ਼ੀਅਤਾਂ ਨੂੰ ਆਇਆ ਆਖਿਆ, ਉਥੇ ਹੀ ਸਿੱਖਿਆ ਖੇਤਰ ’ਚ ਆਈ ਖੜੌਤ ’ਤੇ ਚੋਟ ਕਰਦਿਆਂ ਕਿਹਾ ਕਿ ਸਿੱਖਿਆ ਦਾ ਖੁਦਮੁਖਤਿਆਰ ਹੋਣਾ ਅੱਜ ਸਮੇਂ ਦੀ ਵੱਡੀ ਲੋੜ ਇਸ ਕਰਕੇ ਹੈ ਕਿ ਸਰਕਾਰੀਕਰਨ ਦੀ ਕਵਾਇਦ ਅਤੇ ਗਲਤ ਨੀਤੀਆਂ ਕਾਰਨ ਜਿਥੇ ਸਿੱਖਿਆ ਸੰਸਥਾਵਾਂ ਤੋਂ ਉਨ੍ਹਾਂ ਦੇ ਵਸੀਲੇ ਖੋਹੇ ਜਾ ਰਹੇ ਹਨ, ਉਥੇ ਹੀ ਸਰਕਾਰਾਂ ਵੱਲੋਂ ਲੁਕਵੇਂ ਢੰਗ ਨਾਲ ਲਏ ਜਾਂਦੇ ਫੈਸਲਿਆਂ ਨੇ ਸਿੱਖਿਆ ਖੇਤਰ ਦੀ ਖੁਦਮੁਖਤਿਆਰੀ ਖੋਹ ਲਈ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਖੇਤਰ ਵਿਚ ਬੇਲੋੜੀ ਸਰਕਾਰੀ ਦਖਲਅੰਦਾਜੀ ਠੀਕ ਨਹੀਂ ਹੈ ਇਸ ਕਰਕੇ ਸਿੱਖਿਆ ਖੇਤਰ ’ਚ ਆਈ ਖੜੌਤ ਨੂੰ ਤੋੜਨ ਲਈ ਅਜਿਹੀ ਲੋਕ ਸਿਰਜਣ ਹੋਵੇਗੀ ਅਤੇ ਕਾਨਫਰੰਸਾਂ ਰਾਹੀਂ ਸੰਵਾਦ ਨਾਲ ਅਜਿਹੀ ਲੋਕ ਲਹਿਰ ਸਿਰਜਣੀ ਹੋਵੇਗੀ। ਸਿੱਖਿਆ ਸਕੱਤਰ ਨੇ ਕਿਹਾ ਕਿ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਿਆ ਦੇ ਖੇਤਰ ਵਿਚ ਨਵੇਂ ਕੀਰਤੀਮਾਨ ਸਿਰਜਣ ਲਈ ਵਚਨਬੱਧ ਹੈ।
ਇਸ ਉਪਰੰਤ ਡਾ. ਸਿਕੰਦਰ ਸਿੰਘ ਨੇ ਉਚੇਰੀ ਸਿੱਖਿਆ ’ਚ ਨਿੱਜੀ ਸੰਸਥਾਵਾਂ ਦੀ ਭੂਮਿਕਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਿੱਖਿਆ ਨਿੱਜੀਕਰਨ ਦੇ ਮਸਲੇ ’ਤੇ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਸਮਾਜ ਦੀ ਉਹ ਚੂਲ ਹੈ, ਜਿਸ ਨੂੰ ਨਿੱਜੀਕਰਨ ਰਾਹੀਂ ਹਿਲਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਡਾ. ਸਿਕੰਦਰ ਸਿੰਘ ਨੇ ਕਿਹਾ ਕਿ ਵਿੱਦਿਅਕ ਖੇਤਰ ਵਿਚ ਸਰਕਾਰਾਂ ਵੱਲੋਂ ਬਦਲੀਆਂ ਜਾ ਰਹੀਆਂ ਨੀਤੀਆਂ ਕਾਰਨ ਸਿੱਖਿਆ ਦਾ ਏਨਾ ਵਿਕਾਸ ਹੋਇਆ ਹੈ ਕਿ ਵਿਦਿਆਰਥੀ ਖਰੀਦਣੇ ਤੇ ਲੱਭਣੇ ਪੈ ਰਹੇ ਹਨ ਅਤੇ ਅਜਿਹੀਆਂ ਚਿੰਤਾਵਾਂ ਦੇ ਚੱਲਦਿਆਂ ਵਿਦਿਆਰਥੀ ਆਪਣੇ ਮੂਲਪਾਠ ਕ੍ਰਮ ਤੋਂ ਦੂਰ ਹੁੰਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਯੂਜੀਸੀ ਰਾਹੀਂ ਇਹ ਨਿਰਧਾਰਤ ਕੀਤਾ ਜਾ ਰਿਹਾ ਹੈ ਕਿ ਕਿਵੇਂ ਪੜ੍ਹਾਉਣਾ ਅਤੇ ਅਜਿਹਾ ਸਿਲੇਬਸ ਨਿਸ਼ਚਿਤ ਕੀਤਾ ਜਾ ਰਿਹਾ ਹੈ, ਜਿਸ ਨਾਲ ਵਿਦਿਆਰਥੀਆਂ ਅੱਗੇ ਚੁਣੌਤੀਆਂ ਦਰਪੇਸ਼ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਮਾਰੂ ਨੀਤੀਆਂ ਪ੍ਰਤੀ ਸਾਰਿਆਂ ਨੂੰ ਸੰਜੀਦਾ ਰਹਿਣਾ ਹੋਵੇਗਾ ਅਤੇ ਸਾਰਥਕ ਕਦਮ ਚੁੱਕਣੇ ਹੀ ਪੈਣਗੇ।ਇਸ ਮੌਕੇ ਡਾ. ਕੰਵਲਜੀਤ ਸਿੰਘ ਨੇ ਸਿੱਖਿਆ ’ਤੇ ਪਰਵਾਸ ਦਾ ਪ੍ਰਭਾਵ ਵਿਸ਼ੇ ’ਤੇ ਚਰਚਾ ਕਰਦਿਆਂ ਕਿਹਾ ਕਿ ਪਰਵਾਸੀ ਦੀ ਪਿੱਠ ਭੂਮੀ ਨੂੰ ਵੇਖੀਏ ਤਾਂ ਪੰਜਾਬ ਆਪਣੀ ਕੁਸ਼ਲਤਾ ਗੁਆ ਬੈਠਾ। ਉਨ੍ਹਾਂ ਕਿਹਾ ਕਿ ਪੰਜਾਬ ’ਚ ਕਾਲੇ ਦੌਰ ਦੌਰਾਨ ਸਾਡੀ ਜਵਾਨੀ ਨੇ ਅਜਿਹ ਸੰਤਾਪ ਹੰਢਾਇਆ ਕਿ ਉਨ੍ਹਾਂ ਨੂੰ ਪਰਵਾਸ ਕਰਨ ਲਈ ਮਜਬੂਰ ਕੀਤਾ ਗਿਆ, ਜਿਸ ਲਈ ਸਾਡਾ ਮਾੜਾ ਸਿਸਟਮ ਤੇ ਸਰਕਾਰਾਂ ਜ਼ਿੰਮੇਵਾਰ ਰਹੀਆਂ। ਡਾ. ਕੰਵਲਜੀਤ ਸਿੰਘ ਨੇ ਕਿਹਾ ਕਿ ਪਰਵਾਸ ਦੇ ਰੁਝਾਨ ਕਾਰਨ ਪੱਛਮੀ ਪ੍ਰਭਾਵ ਦੀ ਰੌਸ਼ਨੀ ਦੇ ਸਰਕਾਰਾਂ ਨਾਲ ਜੁੜਨ ਕਾਰਨ ਸਾਡੀ ਹੋਂਦ ਨੂੰ ਖਤਰਾ ਬਣਿਆ। ਉਨ੍ਹਾਂ ਕਿਹਾ ਕਿ ਪਰਵਾਸ ਦੇ ਵਰਤਮਾਨ ਹਾਲਾਤਾਂ ਬਾਰੇ ਗੰਭੀਰ ਹੋਣਾ ਹੋਵੇਗਾ। ਉਨ੍ਹਾਂ ਕਿਹਾ ਕਿ ਪਰਵਾਸ ’ਚੋਂ ਵਿਖਾਈ ਦੇ ਰਿਹਾ ਹੈ ਕਿ ਸਾਡੇ ਵਿਦਿਆਰਥੀਆਂ ਦਾ ਸਿੱਖਿਆ ਪੱਧਰ ਵੀ ਸੁੰਗੜ ਰਿਹਾ ਹੈ, ਜੋ ਫੇਰ ਗੁਲਾਮੀ ਵੱਲ ਲਿਜਾਣ ਵਾਲਾ ਕਦਮ ਹੈ। ਉਨ੍ਹਾਂ ਕਿਹਾ ਕਿ ਗੈਰਤ ਅਤੇ ਜੁਰਅੱਤ ਨਾਲ ਹੰਭਲਾ ਮਾਰਨਾ ਹੋਵੇਗਾ।ਇਸ ਦੌਰਾਨ ਹਰਮੀਤ ਵਿਦਿਆਰਥੀ ਨੇ ਸਰਕਾਰਾਂ ਦੇ ਸੁਭਾਅ ’ਤੇ ਚੋਟ ਕਰਦਿਆਂ ਕਿਹਾ ਕਿ ਸਿੱਖਿਆ ਖੇਤਰ ਵਿਚ ਕ੍ਰਾਂਤੀ ਲਿਆਉਣ ਵਾਲੀਆਂ ਸਰਕਾਰਾਂ ਨੇ ਉਜਾੜਨ ਤੋਂ ਵੱਧ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਸਰਕਾਰਾਂ ਦੀ ਕਾਰਜਸ਼ੈਲੀ ਦੀ ਆਲੋਚਨਾ ਕੀਤੀ ਤੇ ਕਿਹਾ ਕਿ ਸਿੱਖਿਆ ਦੇ ਖੇਤਰ ਵਿਚ ਵੱਡਾ ਨੈਕਸਸ ਚੱਲ ਰਿਹਾ, ਜਿਸ ਨੇ ਪੰਜਾਬ ਦੀ ਉਚੇਰੀ ਸਿੱਖਿਆ ਨੂੰ ਲੀਹ ਤੋਂ ਲਾਹੁਣ ਦਾ ਕੰਮ ਕੀਤਾ। ਉਨ੍ਹਾਂ ਕਿਹਾ ਕਿ ਸਾਡੀਆਂ ਸਿੱਖਿਆ ਸੰਸਥਾਵਾਂ ਪ੍ਰਤੀ ਰਕਾਰਾਂ ਆਪਣੀ ਜ਼ਿੰਮੇਵਾਰੀ ਅਤੇ ਦਿਲਚਸਪੀ ਵਿਖਾਉਣ ਤੋਂ ਭੱਜ ਗਈਆਂ ਹਨ ਅਤੇ ਹੁਣ ਤਾਂ ਪੰਜਾਬ ਨੂੰ ਇਹ ਸੋਚਣਾ ਹੋਵੇਗਾ ਕਿ ਸਿੱਖਿਆ ਦੇ ਖੇਤਰ ਵਿਚ ਕਿਹੜਾ ਰਾਹ ਫੜ੍ਹਨਾ ਹੈ।ਇਸ ਮੌਕੇ ਡਾ. ਖੁਸ਼ਵਿੰਦਰ ਕੁਮਾਰ ਨੇ ਨਵੀਂ ਸਿੱਖਿਆ 2020 ਦੀ ਰੌਸ਼ਨੀ ’ਚ ਜਾਣੂੰ ਕਰਵਾਇਆ ਕਿ ਸਰਕਾਰਾਂ ਵੱਲੋਂ ਸਿੱਖਿਆ ਨੀਤੀਆਂ ਰਾਹੀਂ ਅਜਿਹਾ ਡਾਟਾ ਸਾਡੇ ਸਾਹਮਣੇ ਰੱਖਿਆ ਜਾ ਰਿਹਾ ਹੈ, ਜਿਸ ਨੂੰ ਅਸੀਂ ਕਦੇ ਵੀ ਘੋਖਣ ਦਾ ਯਤਨ ਹੀ ਨਹੀਂ ਕੀਤਾ ਇਸ ਕਰਕੇ ਅਸੀਂ ਵਿਦਿਆਰਥੀਆਂ ਦਾ ਸਹੀ ਦਿਸ਼ਾ ਵੱਲ ਮਾਰਗ ਦਰਸ਼ਨ ਹੀ ਨਹੀਂ ਕਰ ਸਕੇ। ਉਨ੍ਹਾਂ ਕਿਹਾ ਕਿ ਸਾਡੀ ਦਾਖਲਾ ਪ੍ਰਕਿਰਿਆ ਵੀ ਸਰਕਾਰਾਂ ਨੇ ਫਲਾਪ ਕਰਨੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਵਿਦਿਆ ਤਾਂ ਹੀ ਪਰਉਪਕਾਰੀ ਹੋ ਸਕਦੀ, ਜੋ ਆਪਾਂ ਸਾਰੇ ਨਿੱਜੀਵਾਦ ਤੋਂ ਉਪਰ ਉਠ ਕੇ ਯਤਨਸ਼ੀਲ ਹੋਈਏ। ਇਸ ਦੌਰਾਨ ਡਾ. ਜੋਗਾ ਸਿੰਘ ਨੇ ਭਾਸ਼ਾ ਦੀ ਮਹੱਤਤਾ ਬਾਰੇ ਦੱਸਿਆ ਕਿ ਭਾਸ਼ਾ ਤੋਂ ਬਗੈਰ ਸਮਾਜ ਦੀ ਹੋਂਦ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਭਾਸ਼ਾ ਹੈ ਤਾਂ ਸੱਭਿਆਚਾਰ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਸਾਨੂੰ ਸਾਡੀ ਭਾਸ਼ਾ ਤੋਂ ਬਾਹਰ ਕਰਕੇ ਸਿੱਖਿਆ ਨੂੰ ਵੀ ਊਣਾ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰਾਂ ਰਾਜਸੀ ਹਥਿਆਰ ਨਾਲ ਸਾਡੇ ਕੋਲੋਂ ਭਾਸ਼ਾ ਤੇ ਸੱਭਿਆਚਾਰ ਨੂੰ ਖੋਹਣ ਦਾ ਕੰਮ ਕਰ ਰਹੀਆਂ ਹਨ। ਡਾ. ਜੋਗਾ ਸਿੰਘ ਨੇ ਜੋਰ ਦਿੱਤਾ ਕਿ ਉਚੇਰੀ ਸਿੱਖਿਆ ਵਿਚ ਭਾਸ਼ਾ ਨੂੰ ਅਹਿਮ ਸਥਾਨ ਦਿਵਾਉਣਾ ਹੋਵੇਗਾ, ਜਿਸ ਨਾਲ ਰੁਜ਼ਗਾਰ ਦੇ ਰਾਹ ਮਾਰਗ ਆਪੇ ਖੁੱਲ੍ਹ ਜਾਣਗੇ। ਇਸ ਦੌਰਾਨ ਸਾਰਾਸ਼ ਭਾਸ਼ਣ ਵਿਚ ਡਾ. ਮਦਨਜੀਤ ਸਹੋਤਾ ਵੱਲੋਂ ਵੀ ਉਚੇਰੀ ਸਿੱਖਿਆ ਦੇ ਖੇਤਰ ਵਿਚ ਆਈ ਗਿਰਾਵਟ ਨੂੰ ਦੂਰ ਕਰਨ ਦੀ ਰੌਸ਼ਨੀ ਵਿਚ ਆਪਣੇ ਵਿਚਾਰਾਂ ਦੀ ਸਾਂਝ ਪਾਈ ਗਈ। ਅੰਤ ਵਿਚ ਸਿੱਖਿਆ ਸਕੱਤਰ ਸ. ਸੁਖਮਿੰਦਰ ਸਿੰਘ ਨੇ ਪੁੱਜੀਆਂ ਹਾਜ਼ਰੀਨ ਪ੍ਰਮੁੱਖ ਸਖਸ਼ੀਅਤਾਂ ਤੋਂ ਇਲਾਵਾ ਵੱਖ ਵੱਖ ਕਾਲਜਾਂ ਦੇ ਪਿ੍ਰੰਸੀਪਲ ਸਾਹਿਬਾਨ ਦਾ ਦੋ ਰੋਜਾ ਕਾਨਫਰੰਸ ਨੂੰ ਸਫਲ ਬਣਾਉਣ ’ਤੇ ਧੰਨਵਾਦ ਵੀ ਕੀਤਾ। ਦੋ ਰੋਜਾ ਕਾਨਫਰੰਸ ਵਿਚ ਹੋਰਨਾਂ ਤੋਂ ਇਲਾਵਾ ਸਾਬਕਾ ਡਿਪਟੀ ਕਮਿਸ਼ਨਰ ਕੁਲਬੀਰ ਸਿੰਘ ਸਿੱਧੂ, ਸੁਰਜੀਤ ਸਿੰਘ ਕਹਾਣੀਕਾਰ, ਡਾ. ਗੁਰਭਗਤ ਸਿੰਘ, ਲਾਭ ਸਿੰਘ ਤੋਂ ਇਲਾਵਾ ਸਾਬਕਾ ਡਾਇਰੈਕਟਰ ਤੇਜਿੰਦਰ ਕੌਰ ਧਾਲੀਵਾਲ, ਪਿ੍ਰੰਸੀਪਲ ਲਖਬੀਰ ਸਿੰਘ, ਡਾ. ਰਾਜਿੰਦਰ ਕੌਰ, ਡਾ. ਕਮਲਪ੍ਰੀਤ ਕੌਰ, ਡਾ. ਜਸਬੀਰ ਸਿੰਘ ਆਦਿ ਸ਼ਾਮਲ ਸਨ।