ਮਮਦੋਟ, 3 ਅਕਤੂਬਰ ( ਜੋਗਿੰਦਰ ਸਿੰਘ ਭੋਲਾ ) : ਪੁਲਿਸ ਥਾਨਾ ਮਮਦੋਟ ਅਧੀਨ ਆਉਦੇ ਸਰਹੱਦੀ ਪਿੰਡ ਚੱਕ ਭੱਗੇ ਵਾਲਾ ਵਿਖੇ ਬੀਤੇ ਕੱਲ ਇੱਕ ਕਿਸਾਨ ਆਗੂ ਦੇ ਘਰ ਸੁੱਟੇ ਗਏ ਹੇਰੋਇਨ ਦੇ ਪੈਕਟ ਦੇ ਮਾਮਲੇ ਵਿਚ ਪੁਲਿਸ ਵੱਲੋਂ ਅਣਪਛਾਤਿਆਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ।ਜਾਣਕਾਰੀ ਦਿੰਦਿਆਂ ਸਹਾਇਕ ਸਬ ਇੰਸਪੈਕਟਰ ਹਰਮੀਤ ਚੰਦ ਨੇ ਦੱਸਿਆ ਕਿ ਸੂਚਨਾ ਮਿਲਣ ਤੇ ਜਦੋਂ ਉਹ ਪੁਲਿਸ ਪਾਰਟੀ ਸਮੇਤ ਪਿੰਡ ਚੱਕ ਭੰਗੇ ਵਾਲਾ ਵਿਖੇ ਜੁਗਰਾਜ ਸਿੰਘ ਪੁਤਰ ਟਹਿਲ ਸਿੰਘ ਦੇ ਘਰ ਪੁੱਜੇ ਤਾਂ ਬੀ.ਐਸ.ਐਫ ਦੇ ਅਧਿਕਾਰੀ ਗੋਬਿੰਦ ਬਾਲਾ ਨੇ ਦੱਸਿਆਂ ਕਿ ਕਿਸਾਨ ਜੁਗਰਾਜ ਸਿੰਘ ਦੇ ਘਰ ਕੋਈ ਅਣਪਛਾਤਾ ਵਿਅਕਤੀ ਪੈਕਟ ਸੁੱਟ ਗਿਆ ਹੈ, ਜਿਸਦੀ ਸੂਚਨਾ ਕਿਸਾਨ ਵੱਲੋਂ ਬੀ.ਐਸ.ਐਫ ਨੂੰ ਦਿੱਤੀ ਗਈ ਹੈ।ਸਹਾਇਕ ਥਾਨੇਦਾਰ ਨੇ ਦੱਸਿਆਂ ਜਦੋਂ ਉਹਨਾਂ ਵੱਲੋਂ ਪੈਕਟ ਖੋਲ ਕੇ ਦੇਖਿਆ ਗਿਆ ਤਾਂ ਉਸ ਵਿਚੋਂ 3 ਕਿਲੋ ਹੈਰੋਇਨ ਬਰਾਮਦ ਹੋਈ।ਉਹਨਾਂ ਦੱਸਿਆਂ ਕਿ ਰਾਨਾ ਮਮਦੋਟ ਵਿਖੇ ਅਣਪਛਾਤੇ ਵਿਅਕਤੀ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ।