ਸੰਘੋਲ ਦਾਣਾ ਮੰਡੀ 'ਚ ਫੜ੍ਹ 'ਤੇ ਕਰੇਟ ਲਗਾਉਣ ਨੂੰ ਲੈ ਕੇ ਦੋ ਆੜ੍ਹਤੀਆਂ ਦੀ ਲੇਬਰ ਦਰਮਿਆਨ ਹੋਈ ਸੀ ਤਕਰਾਰ
ਸ੍ਰੀ ਫ਼ਤਹਿਗੜ੍ਹ ਸਾਹਿਬ/ 3 ਅਕਤੂਬਰ (ਰਵਿੰਦਰ ਸਿੰਘ ਢੀਂਡਸਾ) : ਸੰਘੋਲ ਦਾਣਾ ਮੰਡੀ ਵਿਖੇ ਦੋ ਆੜ੍ਹਤੀਆਂ ਦਰਮਿਆਨ ਫੜ੍ਹ ਨੂੰ ਲੈ ਕੇ ਹੋਈ ਤਕਰਾਰ ਦੌਰਾਨ ਇੱਕ ਆੜ੍ਹਤੀ ਵੱਲੋਂ ਹਵਾਈ ਫਾਇਰ ਕਰ ਦੇਣ ਤੇ ਦੂਸਰੀ ਧਿਰ ਵੱਲੋਂ ਉਸਦਾ ਲਾਇਸੰਸੀ ਰਿਵਾਲਵਰ ਖੋਹ ਲੈ ਜਾਣ ਦਾ ਸਮਾਚਾਰ ਹੈ।ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਸੰਘੋਲ ਦਾਣੀ ਮੰਡੀ ਵਿਖੇ ਲਖਵੀਰ ਸਿੰਘ ਉਰਫ ਲੱਖੀ ਵਾਸੀ ਪਿੰਡ ਹਰਗਣਾ ਅਤੇ ਕੁਲਵੀਰ ਸਿੰਘ ਵਾਸੀ ਪਿੰਡ ਮੋਹਣਮਾਜਰਾ ਨਾਮਕ ਦੋ ਆੜ੍ਹਤੀਆਂ ਦਰਮਿਆਨ ਅਲਾਟ ਹੋਈ ਫੜ੍ਹ ਵਾਲੀ ਜਗ੍ਹਾ 'ਤੇ ਜ਼ੀਰੀ ਦੀਆਂ ਬੋਰੀਆਂ ਲਈ ਕਰੇਟ ਲਗਾਉਣ ਨੂੰ ਲੈ ਕੇ ਦੋਵਾਂ ਧਿਰਾਂ ਦੇ ਵਿਅਕਤੀਆਂ ਦੀ ਆਪਸ 'ਚ ਤਕਰਾਰ ਹੋ ਗਈ ਜਿਸ 'ਤੇ ਇੱਕ ਧਿਰ ਦੇ ਵਿਅਕਤੀ ਨੇ ਦੂਸਰੀ ਧਿਰ ਦੇ ਵਿਅਕਤੀਆਂ ਨੂੰ ਭਾਰੀ ਪੈਂਦੇ ਦੇਖ ਆਪਣੇ 32 ਬੋਰ ਦੇ ਲਾਇਸੰਸੀ ਰਿਵਾਲਵਰ ਨਾਲ ਹਵਾਈ ਫਾਇਰ ਕਰ ਦਿੱਤਾ ਜਿਸ 'ਤੇ ਦੂਸਰੀ ਧਿਰ ਦਾ ਇੱਕ ਵਿਅਕਤੀ ਉਸਦੇ ਹੱਥ 'ਚੋਂ ਰਿਵਾਲਵਰ ਹੀ ਖੋਹ ਕੇ ਭੱਜ ਗਿਆ।ਸੰਘੋਲ ਚੌਂਕੀ ਦੀ ਪੁਲਿਸ ਨੇ ਮਾਮਲੇ 'ਚ ਕਰਾਸ ਪਰਚਾ ਦਰਜ ਕਰਦੇ ਹੋਏ ਲਖਵੀਰ ਸਿੰਘ ਅਤੇ ਕੁਲਵੀਰ ਸਿੰਘ ਦੋਵਾਂ ਨੂੰ ਕਾਬੂ ਕਰਕੇ ਖੋਹਿਆ ਹੋਇਆ ਰਿਵਾਲਵਰ ਬਰਾਮਦ ਕਰ ਲਿਆ ਹੈ ਤੇ ਸਹਾਇਕ ਥਾਣੇਦਾਰ ਰਣਜੀਤ ਵੱਲੋਂ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।