ਕਲਾਨੌਰ. 3 (ਮਹਿੰਦਰ ਜੋਸ਼ੀ) : ਪੁਲਿਸ ਥਾਣਾ ਕੋਟਲੀ ਸੂਰਤ ਮੱਲੀ ਅਧੀਨ ਆਉਂਦੇ ਪਿੰਡ ਅਠਵਾਲ (ਭੁੱਲਰ) ਵਿਖੇ ਬੀਤੀ ਰਾਤ ਸੜਕ ਤੇ ਆ ਰਹੇ ਤਿੰਨ ਦੋਸਤਾਂ ਤੇ ਗੱਡੀ ਚੜ੍ਹਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ ਜਦ ਕਿ ਦੋ ਗੰਭੀਰ ਫੱਟੜ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਅਠਵਾਲ ਦੇ ਹੋਣਹਾਰ ਨੌਜਵਾਨ ਮੁਮਤਾਜ (21) ਪੁੱਤਰ ਹਰਦੇਵ ਮਸੀਹ ਆਪਣੇ ਦੋਸਤ ਅਮਨ ਮਸੀਹ ਤੇ ਦੀਪਕ ਮਸੀਹ ਨਾਲ ਸੋਮਵਾਰ ਦੀ ਰਾਤ ਪਿੰਡ ਅਠਵਾਲ ਤੋਂ ਦੇਹੜ ਫੱਤੂਪੁਰ ਨੂੰ ਜਾਣ ਵਾਲੀ ਸੈਰ ਕਰ ਰਹੇ ਸਨ ਕਿ ਕਲਾਨੌਰ ਵਾਲੇ ਪਾਸੇ ਤੋਂ ਆਈ ਇਕ ਕਾਰ ਨੇ ਉਹਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਜਿਸ ਦੌਰਾਨ ਮੁਮਤਾਜ ਮਸੀਹ ਦੀ ਮੌਕੇ ਤੇ ਮੌਤ ਹੋ ਗਈ ਜਦ ਕਿ ਉਸ ਦੇ ਦੋਸਤ ਅਮਨ ਤੇ ਦੀਪਕ ਵੀ ਗੰਭੀਰ ਜਖਮੀ ਹੋ ਗਏ ਜਿਨਾਂ ਨੂੰ ਵੱਖ ਵੱਖ ਹਸਪਤਾਲਾਂ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ। ਇਸ ਘਟਨਾ ਸਬੰਧੀ ਪੁਲਿਸ ਥਾਣਾ ਕੋਟਲੀ ਸੂਰਤ ਮੱਲੀ ਵਲੋਂ ਅਣਪਛਾਤੇ ਵਾਹਨ ਖਿਲਾਫ ਮਾਮਲਾ ਦਰਜ ਕਰ ਲਿਆ ਹੈ।