Friday, December 01, 2023  

ਲੇਖ

ਸ਼ਹਿਰ-ਸ਼ਹਿਰ ਥਾਂ-ਥਾਂ ਵਧ ਰਹੀ ਕਚਰੇ ਦੀ ਸਮੱਸਿਆ

October 03, 2023

ਅੱਜ-ਕੱਲ੍ਹ ਪੰਜਾਬ ਦੇ ਲਗਭਗ ਸਾਰੇ ਹੀ ਸ਼ਹਿਰਾਂ ਵਿੱਚ ਕਚਰੇ ਦੀ ਸਮੱਸਿਆ ਦਿਨ-ਬ-ਦਿਨ ਡਰਾਉਣਾ ਰੂਪ ਧਾਰਨ ਕਰਦੀ ਜਾ ਰਹੀ ਹੈ ਅਤੇ ਇਹ ਸਮੱਸਿਆ ਸਵੱਛ ਭਾਰਤ ਅਭਿਆਨ ਅਤੇ ਹੋਰ ਸਫ਼ਾਈ ਮੁਹਿੰਮਾਂ ਦਾ ਵੀ ਮੂੰਹ ਚਿੜਾ ਰਹੀ ਹੈ।
ਸ਼ਾਇਦ ਹੀ ਕੋਈ ਅਜਿਹਾ ਸ਼ਹਿਰ ਹੋਵੇਗਾ, ਜਿੱਥੇ ਇਹ ਸਮੱਸਿਆ ਪ੍ਰਸ਼ਾਸਨ ਸਾਹਮਣੇ ਇੱਕ ਚੁਣੌਤੀ ਦੇ ਰੂਪ ਵਿੱਚ ਨਾ ਖਲੋਤੀ ਹੋਵੇ। ਅਕਸਰ ਇਹ ਵੇਖਿਆ ਜਾਂਦਾ ਹੈ ਕਿ ਸ਼ਹਿਰਾਂ ਦੇ ਮੁਹਾਣਿਆਂ ’ਤੇ ਜਾਂ ਸੜਕਾਂ ਦੇ ਕੰਢਿਆ ’ਤੇ ਕੂੜੇ ਕਚਰੇ ਦੇ ਵੱਡੇ-ਵੱਡੇ ਢੇਰ ਉਸਰੇ ਨਜ਼ਰ ਆਉਂਦੇ ਹਨ। ਇਨ੍ਹਾਂ ਢੇਰਾਂ ’ਤੇ ਪਸ਼ੂ ਅਤੇ ਪੰਛੀ ਇਨ੍ਹਾਂ ਨੂੰ ਫਰੋਲਦੇ ਬਹੁਤ ਘਿਨਾਉਣਾ ਦਿ੍ਰਸ਼ ਸਿਰਜਦੇ ਹਨ। ਇਨ੍ਹਾਂ ਕੋਲੋਂ ਲੰਘਣ ਵਾਲੇ ਲੋਕਾਂ ਨੂੰ ਇਸ ਕਚਰੇ ਤੋਂ ਆ ਰਹੀ ਬਦਬੂ ਤੋਂ ਬਚਣ ਲਈ ਆਪਣਾ ਨੱਕ ਮੂੰਹ ਢੱਕ ਕੇ ਤੇਜ਼ ਕਦਮਾਂ ਨਾਲੋਂ ਇਸ ਗੰਦ ਸਾਗਰ ਕੋਲੋਂ ਦੀ ਲੰਘਣਾ ਪੈਂਦਾ ਹੈ।
ਛੋਟੇ ਸ਼ਹਿਰਾਂ ਤੋਂ ਲੈ ਕੇ ਰਾਜ ਦੀ ਰਾਜਧਾਨੀ ਚੰਡੀਗੜ੍ਹ ਤੱਕ ਇਹੋ ਵਰਤਾਰਾ ਨਜ਼ਰ ਆਉਂਦਾ ਹੈ। ਚੰਡੀਗੜ੍ਹ ਵੜਦਿਆਂ ਹੀ ਡੱਡੂ ਮਾਜਰਾ ਕੋਲ ਤਾਂ ਕੂੜੇ ਦੇ ਪਹਾੜ ਹੀ ਉਸਰੇ ਹੋਏ ਹਨ ਜਿਨ੍ਹਾਂ ਤੋਂ ਆ ਰਹੀ ਬਦਬੂ ਨੇ ਨੇੜੇ-ਨੇੜੇ ਦੇ ਪਿੰਡਾਂ ਵਿੱਚ ਰਹਿਣ ਵਾਲੇ ਲੋਕਾਂ ਦਾ ਜਿਉਣਾ ਹੀ ਦੁੱਭਰ ਕੀਤਾ ਹੋਇਆ ਹੈ। ਤੁਸੀਂ ਕਹਿ ਸਕਦੇ ਹੋ ਕਿ ਪੰਜਾਬ ਦੀ ਰਾਜਧਾਨੀ ਹੀ ਨਹੀਂ ਬਲਕਿ ਦੇਸ਼ ਦੀ ਰਾਜਧਾਨੀ , ਦਿੱਲੀ ਵਿੱਚ ਵੀ ਤਾਂ ਕਚਰੇ ਦੇ ਪਹਾੜ ਹੀ ਤੁਹਾਡਾ ਸੁਆਗਤ ਕਰਦੇ ਹਨ। ਦੇਸ਼ ਦੇ ਬਾਕੀ ਸ਼ਹਿਰਾਂ ਵਿੱਚ ਵੀ ਸਥਿਤੀ ਬਹੁਤੀ ਭਿੰਨ ਨਹੀਂ।
ਚੰਡੀਗੜ੍ਹ ਦੀ ਜੂਹ ਵਿੱਚ ਨਿਰਮਾਣ ਅਧੀਨ ਸੈਕਟਰ123 ਨਿਊ ਸੰਨੀ ਐਨਕਲੇਵ ਵਿੱਚ ਵੜਦਿਆਂ ਹੀ 200 ਫੁੱਟੀ ਸੜਕ ਦੇ ਦੋਹੀਂ ਪਾਸੇ ਸਰਵਿਸ ਰੋਡ ’ਤੇ ਫੈਲੇ ਕਚਰੇ ਨੇ ਇੱਥੋਂ ਦੇ ਰਹਿਣ ਵਾਲੇ ਲੋਕਾਂ ਦੀ ਨੀਂਦ ਹਰਾਮ ਕੀਤੀ ਹੋਈ ਹੈ। ਜਿਨ੍ਹਾਂ ਲੋਕਾ ਨੇ ਤਿਜ਼ਾਰਤੀ ਮੰਤਵ ਲਈ ਸੜਕ ਦੇ ਨਾਲ-ਨਾਲ ਜ਼ਮੀਨ ਖਰੀਦੀ ਹੋਈ ਹੈ। ਗੱਲ ਸਹੇ ਦੀ ਨਹੀਂ ਪਹੇ ਦੀ ਹੈ, ਖਦਸ਼ਾ ਤਾਂ ਇਸ ਗੱਲ ਦਾ ਹੈ ਕਿ ਜੇਕਰ ਇਸ ਥਾਂ ’ਤੇ ਕਚਰਾ ਸੁੱਟਣ ’ਤੇ ਰੋਕ ਨਾ ਲੱਗੀ ਤਾਂ ਉਹ ਦਿਨ ਦੂਰ ਨਹੀਂ ਜਦੋ ਇੱਥੇ ਵੀ ਡੱਡੂ ਮਾਜਰਾ ਵਰਗੀ ਸਥਿਤੀ ਬਣ ਜਾਵੇਗੀ। ਕਈ ਵਾਰ ਇਸ ਕਚਰੇ ਨੂੰ ਅੱਗ ਲਾ ਦਿੱਤੀ ਜਾਂਦੀ ਹੈ ਅਤੇ ਕਈ ਕਈ ਦਿਨ ਗੰਦਾ ਧੂੰਆ ਵਾਤਾਵਰਣ ਨੂੰ ਦੂਸ਼ਿਤ ਕਰਦਾ ਰਹਿੰਦਾ ਹੈ। ਜਿਉਂ-ਜਿਉਂ ਸਮਾਂ ਗੁਜ਼ਰ ਰਿਹਾ ਹੈ, ਇਹ ਸਮੱਸਿਆ ਖਤਰਨਾਕ ਰੂਪ ਅਖਤਿਆਰ ਕਰਦੀ ਨਜ਼ਰ ਆ ਰਹੀ ਹੈ। ਇਸ ਤੱਥ ਤੋਂ ਤਾਂ ਪ੍ਰਸ਼ਾਸਨ ਵੀ ਅਣਜਾਣ ਨਹੀਂ ਪਰ ਪਤਾ ਨਹੀਂ ਕਿਉਂ ਉਹ ਇਸ ਵੱਲ ਗੰਭੀਰਤਾ ਨਾਲ ਨਹੀਂ ਸੋਚ ਰਿਹਾ।
ਮੋਹਾਲੀ ਤੋਂ ਨਿਊ ਚੰਡੀਗੜ੍ਹ ਵੱਲ ਜਾਂਦੀ ਇਸ ਸੜਕ ਨੂੰ ਬਣਾਉਣ ਲਈ ਅਤੇ ਇਸ ਸੜਕ ਦੇ ਸੁੰਦਰੀਕਰਨ ਕਰਨ ਲਈ ਨੈਸ਼ਨਲ ਹਾਈ ਵੇ ਅਥਾਰਟੀ ਵਿਸ਼ੇਸ਼ ਧਿਆਨ ਦੇ ਰਹੀ ਹੈ ਪਰ ਇਸ ਸਮੱਸਿਆ ਵੱਲ ਉਸ ਦਾ ਵੀ ਧਿਆਨ ਨਹੀਂ ਜਾ ਰਿਹਾ। ਆਉਣ ਵਾਲੇ ਸਮੇਂ ਵਿੱਚ ਆਧੁਨਿਕ ਕ੍ਰਿਕਟ ਸਟੇਡੀਅਮ ਮੁਲਾਂਪੁਰ ਵਿਖੇ ਅੰਤਰਰਾਸ਼ਟਰੀ ਕ੍ਰਿਕਟ ਮੈਚ ਵੀ ਹੋਣੇ ਹਨ। ਕ੍ਰਿਕਟ ਸਟੇਡੀਅਮ ਤੱਕ ਪਹੁੰਚਾਉਣ ਵਾਲੀ ਇਹੋ ਇੱਕ ਅਹਿਮ ਸੜਕ ਹੈ ਜੋ ਏਅਰਪੋਰਟ ਤੋਂ ਆਉਂਦੀ ਹੈ ਅਤੇ ਨਿਊ ਚੰਡੀਗੜ੍ਹ ਨੂੰ ਵੀ ਮਿਲਦੀ ਹੈ। ਜੇਕਰ ਇਸ ਕਚਰੇ ਦੀ ਸਮੱਸਿਆ ਨੂੰ ਸ਼ੁਰੂ ਵਿੱਚ ਹੀ ਨਾ ਰੋਕਿਆ ਗਿਆ ਤਾਂ ਅਸੀਂ ਅੰਤਰ ਰਾਸ਼ਟਰੀ ਮਹਿਮਾਨਾਂ ਨੂੰ ਆਪਣੇ ਸੁੰਦਰ ਸ਼ਹਿਰ ਚੰਡੀਗੜ੍ਹ ਬਾਰੇ ਕੀ ਦੱਸਣਾ ਚਾਹਾਂਗੇ। ਜੇਕਰ ਸਰਕਾਰ ਨੇ ਇਸ ਸਮੱਸਿਆ ਪ੍ਰਤੀ ਗੰਭੀਰਤਾ ਨਾ ਵਿਖਾਈ ਤਾਂ ਅਗਾਮੀ ਸਵੱਛਤਾ ਪ੍ਰੋਗਰਾਮ ਸਫਲ ਨਹੀਂ ਹੋ ਸਕੇਗਾ।
ਇਹ ਸਮੱਸਿਆ ਸਿਰਫ ਮੋਹਾਲੀ ਜਾਂ ਚੰਡੀਗੜ੍ਹ ਤੱਕ ਹੀ ਸੀਮਤ ਨਹੀਂ ਬਲਕਿ ਇਹ ਸਮੁੱਚੇ ਰਾਜ ਦੀ ਸਮੱਸਿਆ ਹੈ। ਇਸ ਲਈ ਪੰਜਾਬ ਸਰਕਾਰ ਨੂੰ ਕਚਰੇ ਨੂੰ ਸਮੇਟਣ ਲਈ ਕੋਈ ਪੁਖਤਾ ਪ੍ਰਯੋਜਨਾ ਤਿਆਰ ਕਰਨੀ ਪਵੇਗੀ ਵਰਨਾ ਭਵਿੱਖ ਵਿੱਚ ਇਸ ਦੇ ਸਿੱਟੇ ਚੰਗੇ ਨਹੀਂ ਹੋਣਗੇ।
ਸੰਤਵੀਰ
-ਮੋਬਾ : 98149-52967

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ