Friday, December 01, 2023  

ਸੰਪਾਦਕੀ

ਕੇਲਾ ਚੋਰੀ ਕਰਨ ਲਈ ਗ਼ਰੀਬ ਦੀ ਕਰੂਰ ਹੱਤਿਆ

October 03, 2023

ਭਾਰਤ ’ਚ ਅਜਿਹੀਆਂ ਮੰਦਭਾਗੀਆਂ ਅਤੇ ਖ਼ੌਫ਼ਨਾਕ ਘਟਨਾਵਾਂ ਵਾਪਰਦੀਆਂ ਹੀ ਰਹਿੰਦੀਆਂ ਹਨ, ਜਿਹੜੀਆਂ ਹੁਕਮਰਾਨਾਂ ਦੁਆਰਾ ਕੀਤੇ ਜਾ ਰਹੇ ਦੇਸ਼ ਦੇ ਤਰੱਕੀ ਦੇ ਦਾਅਵਿਆਂ ਨੂੰ ਪਲਾਂ ’ਚ ਹੀ ਰੋਲ ਦਿੰਦੀਆਂ ਹਨ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੁਆਰਾ ਦੇਸ਼ ਨੂੰ ਜਲਦ ਹੀ ਇੱਕ ਵਿਕਸਤ ਦੇਸ਼ ਬਣਾ ਦੇਣ ਦਾ ਸੁਫ਼ਨਾ ਦਿਖਾਇਆ ਜਾ ਰਿਹਾ ਹੈ ਅਤੇ ਇਹ ਦਾਅਵਾ ਵੀ ਬਾਰ-ਬਾਰ ਦੁਹਰਾਇਆ ਜਾ ਰਿਹਾ ਹੈ ਕਿ ਭਾਰਤ ਜਲਦ ਹੀ ਮਹਾਂ ਸ਼ਕਤੀ ਬਣਨ ਜਾ ਰਿਹਾ ਹੈ। ਭਾਰਤ ਨੂੰ ‘ਅਮੀਰਾਂ’ ਦਾ ਦੇਸ਼ ਬਣਾਉਣ ਲਈ ਕੇਂਦਰ ਦੀ ਸਰਕਾਰ ਨੇ ਜਿਹੜੀਆਂ ਨੀਤੀਆਂ ਅਖ਼ਤਿਆਰ ਕੀਤੀਆਂ ਹੋਈਆਂ ਹਨ, ਉਨ੍ਹਾਂ ਨੇ ਦੇਸ਼ ਵਿੱਚ ਆਰਥਿਕ ਨਾ-ਬਰਾਬਰੀ ਨੂੰ ਵਧਾਉਣ ਦਾ ਨਤੀਜਾ ਕੱਢਿਆ ਹੈ ਅਤੇ ਗ਼ਰੀਬੀ ਹੋਰ ਭਿਆਨਕ ਗ਼ਰੀਬੀ ’ਚ ਬਦਲ ਚੁੱਕੀ ਹੈ। ਨੌਜਵਾਨਾਂ ’ਚ ਬੇਰੁਜ਼ਗਾਰੀ ਸਿਖਰਾਂ ’ਤੇ ਪਹੁੰਚੀ ਹੋਈ ਹੈ, ਜਦੋਂ ਕਿ ਨੌਜਵਾਨਾਂ ਨੂੰ ਆਦਰਯੋਗ ਰੁਜ਼ਗਾਰ ਦੇਣਾ ਦੇਸ਼ ਨੂੰ ਵਿਕਸਤ ਬਣਾਉਣ ਵੱਲ ਕਦਮ ਪੁੱਟਣਾ ਹੈ। ਇਸ ਵਿੱਚ ਸ਼ੱਕ ਨਹੀਂ ਹੈ ਕਿ ਸਰਕਾਰ ਜੋ ਦਾਅਵੇ ਜਤਾਉਂਦੀ ਰਹਿੰਦੀ ਹੈ, ਉਹ ਹਕੀਕਤ ਨਾਲ ਮੇਲ ਨਹੀਂ ਖਾਂਦੇ, ਉਲਟਾ ਹੁਕਮਰਾਨ ਭਾਰਤੀ ਜਨਤਾ ਪਾਰਟੀ ਤੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸਮਰਥਕ ਦੇਸ਼ ਦੇ ਹੀ ਲੋਕਾਂ ਨੂੰ ਹੀ ਦਰੜ ਦੇਣ ਦੀ ਤਿਆਰੀ ’ਚ ਰਹਿੰਦੇ ਹਨ ਅਤੇ ਵਿੱਚ-ਵਿੱਚ ਅਜਿਹੀ ਘਟਨਾ ਸਾਹਮਣੇ ਆਉਂਦੀ ਹੈ, ਜੋ ਦਰਸਾਉਂਦੀ ਹੈ ਕਿ ਦੇਸ਼, ਵਿਕਸਤ ਦੇਸ਼ ਬਣਨ ਵੱਲ ਵੱਧਣ ਦੀ ਥਾਂ ਜਾਂਗਲੀਪੁਣੇ ਵੱਲ ਵੱਧ ਰਿਹਾ ਹੈ।
ਦਿੱਲੀ ’ਚ ਪਿਛਲੇ ਦਿਨੀਂ ਅਜਿਹੀ ਹੀ ਇੱਕ ਘਟਨਾ ਵਾਪਰੀ ਹੈ, ਜਿਸ ਤੋਂ ਲੱਗਦਾ ਹੈ ਕਿ ਸਾਡੇ ਦੇਸ਼ ’ਚ ਕਿਸੇ ਵਿਅਕਤੀ ਨੂੰ ਕੁੱਟ-ਕੁੱਟ ਕੇ ਮਾਰ ਦੇਣਾ ਗ਼ੈਰ-ਮਾਮੂਲੀ ਨਹੀਂ ਰਿਹਾ ਹੈ। ਦਿੱਲੀ ਦੇ ਸੁੰਦਰ ਨਗਰੀ ਇਲਾਕੇ ’ਚ ਇੱਕ 26 ਸਾਲਾ ਵਿਅਕਤੀ ਨੂੰ ਗਣੇਸ਼ ਉਤਸਵ ਮੌਕੇ ਮੰਦਰ ’ਚੋਂ ‘ਪ੍ਰਸ਼ਾਦ’ ਚੋਰੀ ਕਰਨ ਦੇ ਦੋਸ਼ ਤਹਿਤ ਜਾਨੋਂ ਮਾਰ ਦਿੱਤਾ ਗਿਆ ਹੈ। ਦਿੱਲੀ ਦੀ ਪੁਲਿਸ ਅਨੁਸਾਰ ਇਸ ਵਿਅਕਤੀ ਨੂੰ ਬਿਜਲੀ ਦੇ ਖੰਭੇ ਨਾਲ ਬੰਨ੍ਹ ਕੇ ਤਦ ਤੱਕ ਕੁੱਟਿਆ-ਮਾਰਿਆ ਗਿਆ, ਜਦੋਂ ਤੱਕ ਕਿ ਉਸ ਦੀ ਜਾਨ ਨਹੀਂ ਚਲੀ ਗਈ। ਮਾਰੇ ਗਏ ਵਿਅਕਤੀ ਦੇ ਪਰਿਵਾਰ ਅਨੁਸਾਰ ਮਰਨ ਵਾਲੇ ਦਾ ਨਾਂ ਮੁਹੰਮਦ ਈਸਰ ਹੈ। ਸਥਾਨਕ ਪੁਲਿਸ ਨੇ ਦੱਸਿਆ ਕਿ ਮੁਹੰਮਦ ਈਸਰ ਨੂੰ ਇੱਕ ਕੇਲਾ ਚੋਰੀ ਕਰਦਿਆਂ ਫੜਿਆ ਗਿਆ ਸੀ। ਈਸਰ ਨੂੰ ਮਾਰਨ ਵਾਲੇ ਵਿਅਕਤੀਆਂ ਨੇ ਮਾਮਲੇ ਨੂੰ ਹੋਰ ਰੰਗ ਦੇਣ ਲਈ ਹੀ ਪ੍ਰਸ਼ਾਦ ਸ਼ਬਦ ਦੀ ਵਰਤੋਂ ਕੀਤੀ । ਈਸਰ ਦਾ ਪਰਿਵਾਰ ਪੁੱਛ ਰਿਹਾ ਹੈ ਕਿ ਕੋਈ ਵੀ ਕਿਸੇ ਨੂੰ ਇੱਕ ਖੰਭੇ ਨਾਲ ਬੰਨ੍ਹ ਕੇ ਕਿਵੇਂ ਕੁੱਟ-ਕੁੱਟ ਕੇ ਮਾਰ ਸਕਦਾ ਹੈ। ਆਲੇ-ਦੁਆਲੇ ਦੇ ਲੋਕਾਂ ਦਾ ਕਹਿਣਾ ਹੈ ਕਿ ਮੁਹੰਮਦ ਈਸਰ ਇੱਕ ਦਿਹਾੜੀਦਾਰ ਸੀ ਜੋ ਛੋਟੇ-ਮੋਟੇ ਕੰਮ ਕਰਕੇ ਰੋਜ਼ਾਨਾ 20-50 ਰੁਪਏ ਕਮਾ ਲੈਂਦਾ ਸੀ।
ਦਿੱਲੀ ਪੁਲਿਸ ਨੇ ਆਪਣੀ ਕਾਰਵਾਈ ਕਰਦੇ ਹੋਏ ਲਾਸ਼ ਨੂੰ ਗੁਰੂ ਤੇਗ ਬਹਾਦਰ ਹਸਪਤਾਲ ਭੇਜ ਦਿੱਤਾ ਤੇ ਅਗਲੇ ਦਿਨ ਉਸ ਦਾ ਪੋਸਟ-ਮਾਰਟਮ ਕਰ ਦਿੱਤਾ ਗਿਆ। ਪੁਲਿਸ ਨੇ ਧਾਰਾ-302 ਅਧੀਨ ਮਾਮਲਾ ਦਰਜ ਕਰ ਲਿਆ ਹੈ ਅਤੇ ਤਹਿਕੀਕਾਤ ਚੱਲ ਰਹੀ ਹੈ। ਇੱਕ ਜੀਵਨ ਸਮਾਪਤ ਹੋ ਗਿਆ ਹੈ। ਮੁਹੰਮਦ ਈਸਰ ਦੀ ਮੌਤ ਕਈ ਸਵਾਲ ਪਿੱਛੇ ਛੱਡ ਗਈ ਹੈ। ਪੁੱਛਿਆ ਜਾ ਸਕਦਾ ਹੈ ਕਿ ਇਹ ਕੌਣ ਲੋਕ ਹਨ, ਜਿਹੜੇ 2014 ’ਚ ਮੋਦੀ ਸਰਕਾਰ ਆਉਣ ਤੋਂ ਬਾਅਦ ਮੁਸਲਿਮ ਘੱਟ ਗਿਣਤੀ ਦੇ ਲੋਕਾਂ ਦੀ Çਲੰਚਿੰਗ ਕਰ ਰਹੇ ਹਨ? ਸਵਾਲ ਖੜ੍ਹਾ ਹੁੰਦਾ ਹੈ ਕਿ ਵਿਕਸਤ ਭਾਰਤ ਬਣਾਉਣ ਦਾ ਦਾਅਵਾ ਕਰ ਰਹੀ ਸਰਕਾਰ ਸਮਾਜ ਵਿੱਚੋਂ ਅਜਿਹੀ ਕਰੂਰਤਾ ਤੇ ਜ਼ਾਲਮਪੁਣਾ ਖ਼ਤਮ ਕਰਨ ਲਈ ਸਰਗਰਮ ਕਿਉਂ ਨਹੀਂ ਹੋ ਰਹੀ? ਇਹ ਕੈਸਾ ਨਵਾਂ ਭਾਰਤ ਹੈ ਜਿਸ ਵਿੱਚ ਇੱਕ ਕੇਲਾ ਚੋਰੀ ਕਰਨ ਲਈ ਕੁੱਟ-ਕੁੱਟ ਕੇ ਇੱਕ ਗ਼ਰੀਬ ਵਿਅਕਤੀ ਨੂੰ ਖ਼ਤਮ ਕੀਤਾ ਜਾ ਸਕਦਾ ਹੈ? ਅਜਿਹੀ ਘਟਨਾ ਦੇਸ਼ ਦੇ ਹਾਕਮਾਂ ਨੂੰ ਸ਼ਰਮਸਾਰ ਕਰਨ ਲਈ ਕਾਫੀ ਹੋਣੀ ਚਾਹੀਦੀ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ