Wednesday, December 06, 2023  

ਲੇਖ

ਖ਼ੁਰਾਕੀ ਵਸਤਾਂ ’ਚ ਹੋ ਰਹੀ ਮਿਲਾਵਟ ਵਿਰੁੱਧ ਸਰਕਾਰ ਸਖ਼ਤ ਕਦਮ ਚੁੱਕੇ

November 07, 2023

ਪਿਛਲੇ ਸਮੇਂ ਦੌਰਾਨ ਸਰਕਾਰ ਦਾ ਇਹ ਹੁਕਮ ਸੀ ਕਿ ਖਾਣ-ਪੀਣ ਵਾਲੀਆਂ ਚੀਜ਼ਾਂ ਵਿੱਚ ਮਿਲਾਵਟ ਕਰਨੀ ਬਹੁਤ ਮਹਿੰਗੀ ਪਏਗੀ। ਦੁਕਾਨਦਾਰ ਤਿਉਹਾਰਾਂ ਦੇ ਦਿਨਾਂ ’ਚ ਨਕਲੀ ਮਿਲਾਵਟ ਵਾਲੀਆਂ ਮਠਿਆਈਆਂ ਵੇਚਣ ਤੋਂ ਬਾਜ਼ ਨਹੀ ਆਉਦੇ। ਹਰ ਖਾਣ-ਪੀਣ ਦਾ ਸਾਮਾਨ ਵੇਚਣ ਵਾਲੇ ਦੀ ਦੁਕਾਨ ਵਾਲੇ ਲਈ ਸਰਕਾਰ ਨੇ ਇੱਕ ਹੁਕਮ ਜਾਰੀ ਕੀਤਾ ਹੈ ਕਿ ਨਕਲੀ ਜਾਂ ਮਿਆਰ ’ਤੇ ਖ਼ਰੇ ਨਾ ਉਤਰਦੇ ਸੌਦੇ ਫੜੇ ਜਾਣ ਤੇ ਦੁਕਾਨਦਾਰਾਂ ਨੂੰ ਦਸ ਲੱਖ ਤੱਕ ਦਾ ਜ਼ੁਰਮਾਨਾ ਤੇ ਜੇਲ੍ਹ ਵੀ ਹੋ ਸਕਦੀ ਹੈ। ਸਰਕਾਰ ਦੇ ਇਸ ਹੁਕਮ ਨੂੰ ਹਲਵਾਈ, ਵਪਾਰੀ ਜਾਂ ਇਸ ਧੰਦੇ ਨਾਲ ਜੁੜੇ ਲੋਕਾਂ ਨੇ ਕਿੰਨਾ ਕੁ ਮੰਨਿਆ ਤੇ ਸਰਕਾਰ ਦੇ ਇਸ ਹੁਕਮ ਦਾ ਦੋਸ਼ੀਆਂ ’ਤੇ ਕੀ ਅਸਰ ਹੋਇਆ।
ਸਿਹਤ ਮਹਿਕਮੇ ਨੇ ਸਰਕਾਰ ਦੇ ਇਸ ਹੁਕਮ ’ਤੇ ਕਿੰਨੀ ਕੁ ਇਮਾਨਦਾਰੀ ਨਾਲ ਪਹਿਰਾ ਦਿੱਤਾ ਹੈ। ਕਿੰਨੇ ਕੁ ਮੁਲਜ਼ਮ ਫੜੇ ਗਏ ਤੇ ਕਿੰਨਿਆਂ ਕੁ ਨੂੰ ਸਰਕਾਰ ਨੇ ਦਸ ਲੱਖ ਤੱਕ ਦੇ ਜ਼ੁਰਮਾਨੇ ਕੀਤੇ ਤੇ ਕਿੰਨਿਆਂ ਕੁ ਨੂੰ ਸਜ਼ਾ ਸੁਣਾਈ ਹੈ। ਇਹ ਤਾਂ ਸਭ ਦੇ ਸਾਹਮਣੇ ਹੈ। ਸਭ ਕੁਝ ਉਸੇ ਤਰ੍ਹਾਂ ਹੀ ਚੱਲ ਰਿਹਾ ਹੈ। ਸਿਹਤ ਮਹਿਕਮਾ ਤਿਉਹਾਰਾਂ ’ਤੇ ਗੋਂਗਲੂਆ ਤੋਂ ਮਿੱਟੀ ਝਾੜ ਛੱਡਦਾ ਹੈ। ਮਹਿਕਮਾ ਸੁਸਤ ਚਾਲੇ ਚੱਲਦਾ ਰਹਿੰਦਾ ਹੈ। ਸੋਸ਼ਲ ਮੀਡੀਆ ’ਤੇ ਮਹਿਕਮੇ ਵੱਲੋਂ ਛਾਪੇਮਾਰੀ ਦੀ ਵਿਖਾਵੇ ਦੇ ਤੌਰ ’ਤੇ ਵੀਡੀਓ ਪਾਈ ਜਾਂਦੀ ਹੈ। ਜਾਗੋ ਸਰਕਾਰ ਜੀ ਜਾਗੋ। ਸਿਹਤ ਮਹਿਕਮੇ ਨੂੰ ਜਲਦੀ ਹੁਕਮ ਜਾਰੀ ਕਰੋ ਤਾਂ ਜੋ ਮਹਿਕਮਾ ਕੁੰਭਕਰਨੀ ਨੀਂਦ ਤੋਂ ਜਾਗੇ ਤੇ ਇਮਾਨਦਾਰੀ ਨਾਲ ਛਾਪੇਮਾਰੀ ਕਰਕੇ ਆਪਣਾ ਫ਼ਰਜ਼ ਨਿਭਾਏ। ਇਸ ਨਾਲ ਸ਼ਾਇਦ ਜਨਤਾ ਦਾ ਕੋਈ ਥੋੜ੍ਹਾ ਜਿਹਾ ਭਲਾ ਹੋ ਜਾਵੇ।
ਜੇ ਪੰਜਾਬ ਵਿੱਚ ਸਿਹਤ ਮਹਿਕਮੇ ਵੱਲੋਂ ਇਮਾਨਦਾਰੀ ਨਾਲ ਛਾਪੇਮਾਰੀ ਕੀਤੀ ਜਾਵੇ ਤਾਂ ਇਸ ਦੌਰਾਨ ਮਿਲਾਵਟੀ ਚੀਜ਼ਾਂ ਦੇ ਜਦੋਂ ਸੈਂਪਲ ਭਰੇ ਜਾਣ ਤਾਂ ਤਕਰੀਬਨ-ਤਕਰੀਬਨ 50 ਫੀਸਦੀ ਦੇ ਨੇੜੇ- ਤੇੜੇ ਜਾਂ ਇਸ ਤੋਂ ਵੀ ਵੱਧ ਸੈਂਪਲ ਫੇਲ੍ਹ ਪਾਏ ਜਾਣਗੇ। ਦੁੱਧ, ਘਿਓ ਤੇ ਮੱਖਣ ਦੇ ਵੀ ਅੱਧੇ ਤੋਂ ਵੱਧ ਸੈਂਪਲ ਫੇਲ੍ਹ ਹੀ ਪਾਏ ਜਾਣਗੇ। ਦੁੱਧ ਤੋਂ ਬਣਨ ਵਾਲੀਆਂ ਮਠਿਆਈਆਂ ਤੇ ਹੋਰ ਪਦਾਰਥ ਵੀ ਕੁਆਲਟੀ ਪੱਖੋਂ ਸਹੀ ਨਹੀ ਪਾਏ ਜਾਂਦੇ। ਨਮਕੀਨ ਦੇ ਅੱਧੇ ਤੋਂ ਵੀ ਜ਼ਿਆਦਾ ਸੈਂਪਲ ਫੇਲ੍ਹ ਪਾਏ ਜਾਂਦੇ ਹਨ। ਹੋਰ ਤਾਂ ਹੋਰ ਬੋਤਲ ਬੰਦ ਪਾਣੀ ਵੀ ਇਹਨਾਂ ਦੀ ਮਾਰ ਤੋਂ ਨਹੀਂ ਬਚਿਆ। ਇਸ ਦੇ ਵੀ ਤਕਰੀਬਨ ਚਾਲੀ ਫ਼ੀਸਦੀ ਤੋਂ ਉੱਪਰ ਹੀ ਸੈਂਪਲ ਫੇਲ੍ਹ ਪਾਏ ਗਏ।
ਹੁਣ ਫਿਰ ਤਿਉਹਾਰੀ ਸੀਜ਼ਨ ਸ਼ੁਰੂ ਹੋ ਚੁੱਕਾ ਹੈ। ਥੋੜ੍ਹੇ ਦਿਨਾਂ ਬਾਅਦ ਦੀਵਾਲੀ ਹੈ, ਫਿਰ ਵਿਸ਼ਕਰਮਾ, ਟਿੱਕਾ ਤੇ ਇਸ ਮਹੀਨੇ ਹੋਰ ਵੀ ਕਈ ਤਿਉਹਾਰ ਤੁਹਾਡੇ ਬੂਹੇ ’ਤੇ ਦਸਤਕ ਦੇਣ ਜਾ ਰਹੇ ਹਨ। ਰੰਗ-ਬਿਰੰਗੀਆਂ ਮਠਿਆਈਆਂ ਜ਼ਹਿਰ ਦੇ ਰੂਪ ਵਿੱਚ ਦੁਕਾਨਾਂ ਤੇ ਸੱਜ ਕੇ ਤੁਹਾਡਾ ਇੰਤਜ਼ਾਰ ਕਰਦੀਆਂ ਦਿਖਾਈ ਦੇ ਰਹੀਆਂ ਹਨ। ਤਿਉਹਾਰਾਂ ਦੇ ਇਸ ਸੀਜ਼ਨ ’ਤੇ ਸਭ ਤੋਂ ਜ਼ਿਆਦਾ ਇੱਕ ਦੂਜੇ ਨੂੰ ਗਿਫਟ ਦੇ ਰੂਪ ’ਚ ਮਠਿਆਈਆਂ ਦਿੱਤੀਆਂ ਜਾਂਦੀਆਂ ਹਨ। ਇਸ ਲਈ ਮਠਿਆਈਆਂ ਦੀ ਖ਼ਰੀਦੋ ਫ਼ਰੋਖਤ ਤਿਉਹਾਰੀ ਸੀਜ਼ਨ ’ਤੇ ਕੁਝ ਜ਼ਿਆਦਾ ਹੀ ਕੀਤੀ ਜਾਂਦੀ ਹੈ, ਪਰ ਕੀ ਅਸੀਂ ਕਦੇ ਇਹ ਸੋਚਿਆ ਹੈ ਕਿ ਜਿਹੜੀਆਂ ਮਠਿਆਈਆਂ ਅਸੀਂ ਖ਼ਰੀਦ ਕੇ ਖਾਅ ਰਹੇ ਹਾਂ, ਇਹ ਸਾਡੀ ਸਿਹਤ ਲਈ ਕਿੰਨੀਆਂ ਕੁ ਫਾਇਦੇਮੰਦ ਹਨ ਅਤੇ ਕਿੰਨੀਆਂ ਕੁ ਨੁਕਸਾਨਦਾਇਕ ਹਨ। ਅੱਜ-ਕੱਲ੍ਹ ਤਾਂ ਦਿਖਾਈ ਦੇਂਦਾ ਹੈ ਕਿ ਨੁਕਸਾਨ ਹੀ ਨੁਕਸਾਨ ਹੈ। ਪਿ੍ਰੰਟ ਮੀਡੀਏ ਵਿੱਚ ਵੀ ਇਹ ਖ਼ਬਰਾਂ ਅਕਸਰ ਛਪਦੀਆਂ ਰਹਿੰਦੀਆਂ ਹਨ ਕਿ ਤਿਉਹਾਰੀ ਮੌਸਮ ’ਤੇ ਹਜ਼ਾਰਾਂ ਕੁਇੰਟਲ ਨਕਲੀ ਖੋਆ ਪਕੜਿਆ ਗਿਆ ਹੈ। ਉਸ ਦਾ ਵੀ ਇੱਕ ਕਾਰਨ ਹੈ, ਕਿਉਂਕਿ 80 ਫ਼ੀਸਦੀ ਮਠਿਆਈਆਂ ਖੋਏ ਤੋਂ ਤਿਆਰ ਹੁੰਦੀਆਂ ਹਨ। ਮਾਹਿਰ ਦੱਸਦੇ ਹਨ ਕਿ ਇਹ ਨਕਲੀ (ਸਿੰਥੈਟਿਕ) ਖੋਆ ਯੂਰੀਆ ਮਿਲਾ ਕੇ ਤਿਆਰ ਕੀਤਾ ਜਾਂਦਾ ਹੈ।
ਇਹ ਮਠਿਆਈਆਂ ਤਿਆਰ ਕਰਨ ਲਈ ਨਕਲੀ ਤੇਲ ਅਤੇ ਘਿਓ ਵਰਤੇ ਜਾਂਦੇ ਹਨ। ਫਿਰ ਇੰਨ੍ਹਾਂ ਮਠਿਆਈਆਂ ਵਿੱਚ ਵਰਤੇ ਜਾਣ ਵਾਲੇ ਰੰਗ ਵੀ ਹੱਦ ਦਰਜੇ ਦੇ ਮਾੜੇ ਹੁੰਦੇ ਹਨ, ਕਿਉੁਂਕਿ ਅਸਲੀ ਰੰਗ ਮਹਿੰਗੇ ਹੋਣ ਕਰਕੇ ਹਲਵਾਈ ਤਕਰੀਬਨ ਨਕਲੀ ਰੰਗ ਹੀ ਵਰਤਦੇ ਹਨ। ਇਹ ਨਕਲੀ ਰੰਗ ਲੱਡੂ, ਜਲੇਬੀ, ਵੇਸਣ, ਗੁਲਾਬ ਜਾਮਣ ਅਤੇ ਕੋਕੋਨਟ ਬਰਫੀ ਆਦਿ ਵਿੱਚ ਵਰਤੇ ਜਾਂਦੇ ਹਨ।
ਇਹ ਰੰਗ ਵਾਲੀਆਂ ਮਠਿਆਈਆਂ ਖਾਣ ਨਾਲ ਸਾਡੀ ਪਾਚਨ ਕਿਰਿਆ, ਦਿਲ ਜਿਗਰ ਅਤੇ ਗੁਰਦਿਆ ’ਤੇ ਮਾੜਾ ਅਸਰ ਕਰਦੀਆਂ ਹਨ। ਮਠਿਆਈਆਂ ਨੂੰ ਤਰੋਤਾਜ਼ਾ ਅਤੇ ਇਹਨਾਂ ਮਠਿਆਈਆਂ ਦਾ ਸਵਾਦ ਬਰਕਰਾਰ ਰੱਖਣ ਲਈ ਉੱਪਰ ਖੁਸ਼ਬੂਆਂ ਦਾ ਜੋ ਛਿੜਕਾਅ ਕੀਤਾ ਜਾਂਦਾ ਹੈ, ਉਹ ਸਾਡੀ ਸਿਹਤ ਲਈ ਹੱਦ ਦਰਜੇ ਦੀਆਂ ਮਾੜੀਆਂ ਅਤੇ ਖ਼ਤਰਨਾਕ ਹੁੰਦੀਆਂ ਹਨ।
ਵੇਖਣ ਵਾਲੀ ਗੱਲ ਤਾਂ ਇਹ ਹੈ ਕਿ, ਕੀ ਇਹ ਨਕਲੀ ਮਠਿਆਈਆਂ ਦਾ ਕਾਰੋਬਾਰ ਸਿਰਫ਼ ਤਿਉਹਾਰਾਂ ਦੇ ਦਿਨਾਂ ਵਿੱਚ ਹੀ ਹੁੰਦਾ ਹੈ। ਤਿਉਹਾਰੀ ਸੀਜ਼ਨ ਅਤੇ ਮਹਿਕਮੇ ਵੱਲੋਂ ਛੋਟੀਆਂ ਮੱਛੀਆਂ ਨੂੰ ਫੜ੍ਹ ਕੇ ਖਾਨਾਪੂਰਤੀ ਕੀਤੀ ਜਾਂਦੀ ਹੈ ਤੇ ਆਪਣੇ ਜਾਣ-ਪਛਾਣ ਵਾਲਿਆਂ ਅਤੇ ਚਹੇਤਿਆਂ ਨੂੰ ਬਚਾਅ ਲਿਆ ਜਾਂਦਾ ਹੈ। ਉਹ ਛੋਟੀਆਂ ਮੱਛੀਆਂ ਵੀ ਕੋਈ ਠੋਸ ਕਾਰਵਾਈ ਨਾ ਹੋਣ ਕਰਕੇ ਫਿਰ ਉਹੀ ਧੰਦੇ ਨੂੰ ਅੰਜ਼ਾਮ ਦੇਂਦੀਆਂ ਹਨ। ਸਿਹਤ ਮਹਿਕਮਾ ਇਸ ਪ੍ਰਤੀ ਆਪਣੀ ਪੂਰੀ ਇਮਾਨਦਾਰੀ ਦਿਖਾਵੇ ਤਾਂ ਜੋ ਇਹ ਹਲਵਾਈ ਚੰਦ ਰੁਪਿਆਂ ਦੀ ਖਾਤਿਰ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕਰ ਸਕਣ ਤੇ ਆਓ ਅਸੀ ਵੀ ਇਹ ਬਾਜ਼ਾਰੀ ਰੰਗ-ਬਿਰੰਗੇ ਜ਼ਹਿਰ ਖਾਣ ਤੋਂ ਪ੍ਰਹੇਜ਼ ਕਰੀਏ। ਕੁਝ ਮਠਿਆਈਆਂ ਅਸੀਂ ਖ਼ੁਦ ਵੀ ਘਰ ਵਿੱਚ ਬਣਾ ਸਕਦੇ ਹਾਂ। ਲੋੜ ਹੈ ਥੋੜ੍ਹੀ ਜਿਹੀ ਮਿਹਨਤ ਤੇ ਹਿੰਮਤ ਦੀ। ਆਓ ਖ਼ਾਸ ਕਰਕੇ ਤਿਉਹਾਰਾਂ ਦੇ ਦਿਨਾਂ ਵਿੱਚ ਰੰਗ-ਬਿਰੰਗੀਆਂ ਮਠਿਆਈਆਂ ਰੂਪੀ ਜ਼ਹਿਰ ਤੋਂ ਤੋਬਾ ਕਰਕੇ ਆਪਣੀ ਸਿਹਤ ਪ੍ਰਤੀ ਜਾਗਰੂਕ ਹੋਈਏ ਤੇ
ਇੱਕ ਤੰਦਰੁਸਤ ਜੀਵਨ ਜੀਵਏ।
ਧਰਮਿੰਦਰ ਸਿੰਘ ਚੱਬਾ

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ