ਏਜੰਸੀਆਂ
ਨਵੀਂ ਦਿੱਲੀ/20 ਨਵੰਬਰ : ਕੌਮੀ ਜਾਂਚ ਏਜੰਸੀ ਨੇ ਏਅਰ ਇੰਡੀਆ ’ਤੇ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਧਮਕਾਉਣ ਲਈ ਦਹਿਸ਼ਤਗਰਦ ਐਲਾਨੇ ਗੁਰਪਤਵੰਤ ਪੰਨੂ ਅਤੇ ਉਸ ਦੀ ਪਾਬੰਦੀਸ਼ੁਦਾ ਜਥੇਬੰਦੀ ਐਸਐਫਜੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਇਹ ਜਾਣਕਾਰੀ ਐਨਆਈਏ ਨੇ ਸੋਮਵਾਰ ਨੂੰ ਦਿੱਤੀ । ਕੌਮੀ ਜਾਂਚ ਏਜੰਸੀ (ਐਨਆਈਏ) ਨੇ ਕਿਹਾ ਕਿ ਇਹ ਮਾਮਲਾ ਭਾਰਤੀ ਦੰਡਾਵਲੀ ਅਤੇ ਗ਼ੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂਏਪੀਏ ਤਹਿਤ ਦਰਜ ਕੀਤਾ ਗਿਆ ਹੈ ।
4 ਨਵੰਬਰ ਨੂੰ ਜਾਰੀ ਕੀਤੇ ਗਏ ਵੀਡੀਓ ਸੰਦੇਸ਼ਾਂ ’ਚ ਪੰਨੂ ਨੇ ਸਿੱਖਾਂ ਨੂੰ 19 ਨਵੰਬਰ ਅਤੇ ਉਸ ਤੋਂ ਬਾਅਦ ਏਅਰ ਇੰਡੀਆ ਦੀਆਂ ਉਡਾਣਾਂ ’ਚ ਸਫ਼ਰ ਨਾ ਕਰਨ ਲਈ ਕਿਹਾ ਸੀ । ਪੰਨੂ, ਜੋ ਕਿ ਗੈਰ-ਕਾਨੂੰਨੀ ਸੰਗਠਨ ‘ਸਿੱਖਸ ਫਾਰ ਜਸਟਿਸ’ (ਐਸਐਫ਼ਜੇ) ਨਾਲ ਸਬੰਧਤ ਹੈ, ਨੇ ਵੱਖ-ਵੱਖ ਸੋਸ਼ਲ ਮੀਡੀਆ ਮੰਚਾਂ ’ਤੇ ਵੀਡੀਓ ਸੰਦੇਸ਼ ਜਾਰੀ ਕੀਤੇ ਸਨ । ਇਸ ਤੋਂ ਬਾਅਦ ਹਾਈ ਅਲਰਟ ਜਾਰੀ ਕੀਤਾ ਗਿਆ ਅਤੇ ਕੈਨੇਡਾ, ਭਾਰਤ ਅਤੇ ਹੋਰ ਦੇਸ਼ਾਂ ਵਿਚ ਸੁਰੱਖਿਆ ਏਜੰਸੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ, ਜਿੱਥੇ ਏਅਰ ਇੰਡੀਆ ਆਪਣੇ ਜਹਾਜ਼ਾਂ ਦਾ ਸੰਚਾਲਨ ਕਰਦੀ ਹੈ ।
ਪੰਨੂ 2019 ਤੋਂ ਐਨਆਈਏ ਦੇ ਰਡਾਰ ਦੇ ਘੇਰੇ ’ਚ ਹੈ, ਜਦੋਂ ਅੱਤਵਾਦ ਵਿਰੋਧੀ ਏਜੰਸੀ ਨੇ ਸਭ ਤੋਂ ਪਹਿਲਾਂ ਉਸ ਵਿਰੁਧ ਮਾਮਲਾ ਦਰਜ ਕੀਤਾ ਸੀ । ਸਤੰਬਰ ’ਚ ਐਨਆਈਏ ਨੇ ਪੰਨੂ ਦਾ ਘਰ ਅਤੇ ਪੰਜਾਬ ’ਚ ਅੰਮ੍ਰਿਤਸਰ ਅਤੇ ਚੰਡੀਗੜ੍ਹ ’ਚ ਉਸ ਦੇ ਹਿੱਸੇ ਦੀ ਜ਼ਮੀਨ ਜ਼ਬਤ ਕਰ ਲਈ ਸੀ । ਐਨਆਈਏ ਦੀ ਵਿਸ਼ੇਸ਼ ਅਦਾਲਤ ਨੇ 3 ਫਰਵਰੀ, 2021 ਨੂੰ ਪੰਨੂ ਵਿਰੁਧ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਸਨ ਅਤੇ ਉਸ ਨੂੰ ਪਿਛਲੇ ਸਾਲ 29 ਨਵੰਬਰ ਨੂੰ ਭਗੌੜਾ ਐਲਾਨ ਦਿਤਾ ਗਿਆ ਸੀ ।