ਹਰਜਿੰਦਰ ਸਿੰਘ ਗੋਲਣ
ਭਿੱਖੀਵਿੰਡ/20 ਨਵੰਬਰ : ਗੁਆਂਡੀ ਮੁਲਕ ਪਾਕਿਸਤਾਨ ਵੱਲੋਂ ਭਾਰਤੀ ਖੇਤਰ ’ਚ ਆਏ ਦਿਨ ਡਰੋਨ ਰਾਹੀਂਂ ਹੈਰੋਇਨ ਦੀਆਂ ਖੇਪਾਂ ਅਤੇ ਹੋਰ ਸਮਾਨ ਭੇਜਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਜੋ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ । ਇਸ ਦੀ ਇੱਕ ਹੋਰ ਤਾਜ਼ਾ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਸੈਕਟਰ ਖੇਮਕਰਨ ਅਧੀਨ ਆਉਂਦੇ ਇਲਾਕੇ ਵਿੱਚੋਂ ਚਾਈਨਾ ਦੇ ਬਣੇ ਇਕ ਹੋਰ ਡਰੋਨ ਨੂੰ ਪੁਲਸ ਅਤੇ ਬੀਐਸਐਫ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਬਰਾਮਦ ਕਰ ਲਿਆ ਗਿਆ । ਜਾਣਕਾਰੀ ਦਿੰਦਿਆਂ ਡੀਐਸਪੀ ਭਿੱਖੀਵਿੰਡ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਐਸਐਸਪੀ ਅਸ਼ਵਨੀ ਕਪੂਰ ਵੱਲੋਂ ਮਿਲੇ ਸਖਤ ਹੁਕਮਾਂ ਤਹਿਤ ਸਰਹੱਦੀ ਇਲਾਕੇ ਵਿਚ ਸਖਤੀ ਨਾਲ ਗਸ਼ਤ ਕੀਤੀ ਜਾ ਰਹੀ ਹੈ । ਉਨ੍ਹਾਂ ਦੱਸਿਆ ਕਿ ਬੀਤੀ 22 ਅਕਤੂਬਰ ਦੀ ਰਾਤ ਸੈਕਟਰ ਖੇਮਕਰਨ ਅਧੀਨ ਆਉਂਦੇ ਬੀਓਪੀ ਮੀਆਂਵਾਲਾ ਰਾਹੀਂ ਪਾਕਿਸਤਾਨੀ ਡਰੋਨ ਵੱਲੋਂ ਦਸਤਕ ਦਿੱਤੀ ਗਈ ਸੀ, ਜਿਸ ਸਬੰਧੀ ਥਾਣਾ ਖੇਮਕਰਨ ਵਿਖੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ । ਡੀਐਸਪੀ ਨੇ ਦੱਸਿਆ ਕਿ ਇਸ ਦੌਰਾਨ ਥਾਣਾ ਖੇਮਕਰਨ ਅਤੇ ਬੀਐਸਐਫ ਦੀ 101 ਬਟਾਲੀਅਨ ਵੱਲੋਂ ਸਾਂਝੇ ਤੌਰ ’ਤੇ ਪਿੰਡ ਕਲਸ ਵਿਖੇ ਚਲਾਈ ਤਲਾਸ਼ੀ ਮੁਹਿੰਮ ਦੌਰਾਨ ਹਰਭਜਨ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਮਹਿੰਦੀਪੁਰ ਦੇ ਖੇਤਾਂ ਵਿਚੋਂ ਇਕ ਚਾਈਨਾ ਦੇ ਬਣੇ ਡਰੋਨ ਨੂੰ ਬਰਾਮਦ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਡਰੋਨ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।