ਕੌਮੀ

ਪਰਾਲੀ ਦੀ ਸਾਂਭ-ਸੰਭਾਲ ਕਰਨ ਵਾਲੀਆਂ ਮਸ਼ੀਨਾਂ ਦਾਅਧਿਕਾਰੀਆਂ ਨੇ ਕੀਤਾ ਨਿਰੀਖਣ

December 01, 2023

ਮੋਰਿੰਡਾ, 1 ਦਸੰਬਰ (ਲਖਵੀਰ ਸਿੰਘ) :  ਮੋਰਿੰਡਾ ਬਲਾਕ ਦੇ ਕਿਸਾਨਾਂ ਨੂੰ ਭਾਰਤ ਸਰਕਾਰ ਵਲੋਂ ‘ਕਰਾਪ ਰੈਜੀਡਿਊ ਮੈਨੇਜਮੈਂਟ’ ਯੋਜਨਾ ਤਹਿਤ ਮੁਹੱਈਆ ਕਰਵਾਈਆਂ ਗਈਆਂ ਮਸ਼ੀਨਾਂ ਦੀ ਕਾਰਗੁਜਾਰੀ ਅਤੇ ਯੋਜਨਾ ਨੂੰ ਹੋਰ ਕਿਸਾਨ ਪੱਖੀ ਬਣਾਉਣ ਲਈ ਰਾਕੇਸ਼ ਰੰਜਨ ਆਈ.ਏ.ਐੱਸ. ਸਕੱਤਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਨਿਰੀਖਣ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਗਦੀਸ਼ ਸਿੰਘ ਸੰਯੁਕਤ ਨਿਰਦੇਸ਼ਕ ਖੇਤੀਬਾੜੀ (ਇੰਜ.) ਪੰਜਾਬ ਵਲੋਂ ਮੋਰਿੰਡਾ ਬਲਾਕ ਦੇ ਪਿੰਡ ਕਾਂਜਲਾ ਵਿਖੇ ਬੇਲਰ, ਰੇਕ ਅਤੇ ਕਟਰ ਦੀ ਵਰਤੋਂ ਨਾਲ ਇਕੱਠੀ ਕੀਤੀ ਗਈ ਪਰਾਲੀ ਦੀ ਡੰਪ ਸਾਈਟ ਦਾ ਨਿਰੀਖਣ ਕਰਵਾਇਆ ਗਿਆ। ਉਹਨਾਂ ਦੱਸਿਆ ਕਿ ਕਿਸਾਨ ਪ੍ਰੇਮ ਸਿੰਘ ਅਤੇ ਰਣਜੀਤ ਸਿੰਘ ਤੋਂ ਬੇਲਰ, ਰੇਕ ਅਤੇ ਕਟਰ ਦੀ ਵਰਤੋਂ ਬਾਰੇ ਪੂਰੀ ਜਾਣਕਾਰੀ ਲਈ ਗਈ ਅਤੇ ਪਰਾਲੀ ਨੂੰ ਇਕੱਠੀ ਕਰਨ ਵਿੱਚ ਆ ਰਹੀਆਂ ਮੁਸ਼ਕਿਲਾਂ ਬਾਰੇ ਵੀ ਪੁੱਛਿਆ ਗਿਆ। ਇਸ ਮੌਕੇ ਕਿਸਾਨਾਂ ਨੇ ਅਧਿਕਾਰੀਆਂ ਨੂੰ ਬੇਨਤੀ ਕੀਤੀ ਕਿ ਉਪਦਾਨ ਸਿਰਫ ਰੇਕ ਅਤੇ ਬੇਲਰ ਤੇ ਹੀ ਉਪਲੱਬਧ ਹਨ, ਪ੍ਰੰਤੂ ਪਰਾਲੀ ਦੀ ਸਾਂਭ-ਸੰਭਾਲ ਲਈ ਟਰੈਕਟਰ ਅਤੇ ਟਰਾਲੀ ਦੀ ਵੀ ਜਰੂਰਤ ਪੈਂਦੀ ਹੈ। ਜਿਸ ਤੇ ਕਿਸਾਨਾਂ ਦਾ ਕਾਫੀ ਖਰਚਾ ਆਉਂਦਾ ਹੈ। ਇਸ ਲਈ ਟਰੈਕਟਰ-ਟਰਾਲੀ ਤੇ ਵੀ ਉਪਦਾਨ ਦਾ ਪ੍ਰਬੰਧ ਕਰਨਾ ਜਰੂਰੀ ਹੈ। ਕਿਸਾਨਾਂ ਨੇ ਇਹ ਵੀ ਦੱਸਿਆ ਕਿ ਸੀ.ਆਰ.ਐੱਮ. ਯੋਜਨਾ ਤਹਿਤ ਜੋ ਉਪਦਾਨ ਦੀ ਰਾਸ਼ੀ ਸਰਕਾਰ ਵਲੋਂ ਦਿੱਤੀ ਜਾਂਦੀ ਹੈ, ਉਹ ਬਹੁਤ ਘੱਟ ਹੈ। ਜਦਕਿ ਮਸ਼ੀਨ ਦੀ ਕੀਮਤ ਬਜਾਰ ਵਿੱਚ ਜਿਆਦਾ ਪਾਈ ਜਾਂਦੀ ਹੈ। ਇਸ ਲਈ ਉਪਦਾਨ ਦੀ ਰਾਸ਼ੀ ਤੈਅ ਕਰਨ ਸਮੇਂ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਜੈਬ ਸਿੰਘ, ਮਹਿੰਦਰ ਸਿੰਘ, ਗੁਰਬਚਨ ਸਿੰਘ, ਨੇਤਰ ਸਿੰਘ, ਹਰਨੇਕ ਸਿੰਘ, ਰੁਲਦਾ ਸਿੰਘ, ਪਵਿੱਤਰ ਸਿੰਘ ਏ.ਐੱਸ.ਆਈ., ਦਲਜੀਤ ਸਿੰਘ, ਲਵਪ੍ਰੀਤ ਸਿੰਘ ਏ.ਟੀ.ਐੱਮ. ਆਦਿ ਹਾਜ਼ਰ ਸਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ