ਕੌਮੀ

ਆਰਬੀਆਈ ਵੱਲੋਂ ਐਚਡੀਐਫਸੀ ਤੇ ਬੈਂਕ ਆਫ਼ ਅਮਰੀਕਾ ਸਣੇ ਹੋਰ ਬੈਂਕਾਂ ’ਤੇ ਜੁਰਮਾਨਾ

December 01, 2023

ਏਜੰਸੀਆਂ
ਨਵੀਂ ਦਿੱਲੀ/1 ਦਸੰਬਰ : ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਬੈਂਕਾਂ ਅਤੇ ਸਹਿਕਾਰੀ ਬੈਂਕਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਹੈ। ਆਰਬੀਆਈ ਨੇ ਐਚਡੀਐਫਸੀ ਬੈਂਕ, ਬੈਂਕ ਆਫ ਅਮਰੀਕਾ ਸਮੇਤ ਤਿੰਨ ਸਹਿਕਾਰੀ ਬੈਂਕਾਂ ’ਤੇ ਵਿੱਤੀ ਜੁਰਮਾਨਾ ਲਗਾਇਆ ਹੈ। ਕੇਂਦਰੀ ਬੈਂਕ ਆਰਬੀਆਈ ਨੇ ਵੀ ਇਨ੍ਹਾਂ ਸਾਰਿਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਇੱਕ ਹਫ਼ਤੇ ਵਿੱਚ ਬੈਂਕਾਂ ਅਤੇ ਸਹਿਕਾਰਤਾਵਾਂ ਉੱਤੇ ਆਰਬੀਆਈ ਦੀ ਇਹ ਦੂਜੀ ਕਾਰਵਾਈ ਹੈ।
ਐਚਡੀਐਫਸੀ ਬੈਂਕ ਅਤੇ ਬੈਂਕ ਆਫ ਅਮਰੀਕਾ ਨੂੰ 10-10,000 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਇਹ ਦੋਵੇਂ ਬੈਂਕ ਗ਼ੈਰ- ਨਿਵਾਸੀ ਭਾਰਤੀਆਂ (ਐਨਆਰਆਈਜ਼) ਤੋਂ ਪੈਸੇ ਜਮ੍ਹਾ ਕਰਵਾਉਣ ਦੇ ਨਿਯਮਾਂ ਦੀ ਉਲੰਘਣਾ ਕਰ ਰਹੇ ਸਨ। ਆਰਬੀਆਈ ਮੁਤਾਬਕ ਦੋਵੇਂ ਬੈਂਕ ਫੇਮਾ ਕਾਨੂੰਨ ਦਾ ਸਹੀ ਢੰਗ ਨਾਲ ਪਾਲਣ ਨਹੀਂ ਕਰ ਰਹੇ ਸਨ। ਨੋਟਿਸ ਦਾ ਉਚਿਤ ਜਵਾਬ ਨਾ ਮਿਲਣ ’ਤੇ ਇਨ੍ਹਾਂ ਤੋਂ ਜੁਰਮਾਨਾ ਵਸੂਲਿਆ ਜਾਵੇਗਾ।
ਤਿੰਨ ਸਹਿਕਾਰੀ ਬੈਂਕ ਵੀ ਆਰਬੀਆਈ ਦੀ ਕਾਰਵਾਈ ਦੇ ਦਾਇਰੇ ਵਿੱਚ ਆ ਗਏ ਹਨ। ਇਨ੍ਹਾਂ ਵਿਚ ਗੁਜਰਾਤ ਦੇ ਧਰਾਂਗਧਰਾ ਪੀਪਲਜ਼ ਕੋ-ਆਪਰੇਟਿਵ ਬੈਂਕ ’ਤੇ 1 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਬੈਂਕ ’ਤੇ ਡਿਪਾਜ਼ਿਟ ਨਾਲ ਜੁੜੇ ਨਿਯਮਾਂ ਦਾ ਸਹੀ ਤਰੀਕੇ ਨਾਲ ਪਾਲਣ ਨਾ ਕਰਨ ਦਾ ਦੋਸ਼ ਹੈ। ਇਸ ਤੋਂ ਇਲਾਵਾ ਅਹਿਮਦਾਬਾਦ ਦੇ ਮੰਡਲ ਨਾਗਰਿਕ ਕੋ-ਆਪਰੇਟਿਵ ਬੈਂਕ ’ਤੇ 1.5 ਲੱਖ ਰੁਪਏ ਅਤੇ ਬਿਹਾਰ ਦੇ ਪਾਟਲੀਪੁੱਤਰ ਕੇਂਦਰੀ ਸਹਿਕਾਰੀ ਬੈਂਕ ’ਤੇ 1.5 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਕੇਂਦਰੀ ਬੈਂਕ ਪਿਛਲੇ ਕੁਝ ਸਮੇਂ ਤੋਂ ਬੈਂਕਾਂ ਅਤੇ ਸਹਿਕਾਰੀ ਬੈਂਕਾਂ ’ਤੇ ਲਗਾਤਾਰ ਪਾਬੰਦੀਆਂ ਨੂੰ ਸਖ਼ਤ ਕਰ ਰਿਹਾ ਹੈ।
ਕਰੀਬ ਇੱਕ ਹਫ਼ਤਾ ਪਹਿਲਾਂ ਆਰਬੀਆਈ ਨੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਤਿੰਨ ਬੈਂਕਾਂ ’ਤੇ 10 ਕਰੋੜ ਰੁਪਏ ਤੋਂ ਵੱਧ ਦਾ ਜੁਰਮਾਨਾ ਲਗਾਇਆ ਸੀ। ਇਸ ਤੋਂ ਇਲਾਵਾ 5 ਸਹਿਕਾਰੀ ਬੈਂਕਾਂ ਖਿਲਾਫ ਵੀ ਕਾਰਵਾਈ ਕੀਤੀ ਗਈ। ਕੇਂਦਰੀ ਬੈਂਕ ਨੇ ਸਿਟੀ ਬੈਂਕ ’ਤੇ 5 ਕਰੋੜ ਰੁਪਏ, ਬੈਂਕ ਆਫ ਬੜੌਦਾ ’ਤੇ 4.34 ਕਰੋੜ ਰੁਪਏ ਅਤੇ ਇੰਡੀਅਨ ਓਵਰਸੀਜ਼ ਬੈਂਕ ’ਤੇ 1 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਸੀ। ਰਿਜ਼ਰਵ ਬੈਂਕ ਨੇ ਦਿਸ਼ਾ-ਨਿਰਦੇਸ਼ਾਂ ਦਾ ਸਹੀ ਢੰਗ ਨਾਲ ਪਾਲਣ ਨਾ ਕਰਨ ’ਤੇ ਜੁਰਮਾਨਾ ਲਗਾਇਆ ਸੀ।
ਆਰਬੀਆਈ ਨੇ ਵੱਖ-ਵੱਖ ਨਿਯਮਾਂ ਦੀ ਉਲੰਘਣਾ ਕਰਨ ਵਾਲੇ 5 ਸਹਿਕਾਰੀ ਬੈਂਕਾਂ ’ਤੇ ਜੁਰਮਾਨਾ ਵੀ ਲਗਾਇਆ ਸੀ। ਇਨ੍ਹਾਂ ਵਿੱਚ ਸ਼੍ਰੀ ਮਹਿਲਾ ਸੇਵਾ ਸਹਿਕਾਰੀ ਬੈਂਕ, ਪੋਰਬੰਦਰ ਵਿਭਾਗੀ ਨਾਗਰਿਕ ਸਹਿਕਾਰੀ ਬੈਂਕ, ਸਰਵੋਦਿਆ ਨਾਗਰਿਕ ਸਹਿਕਾਰੀ ਬੈਂਕ, ਖੰਭਾਟ ਨਾਗਰਿਕ ਸਹਿਕਾਰੀ ਬੈਂਕ ਅਤੇ ਵੇਜਲਪੁਰ ਸਿਟੀਜ਼ਨਜ਼ ਕੋਆਪਰੇਟਿਵ ਬੈਂਕ ਸ਼ਾਮਲ ਹਨ। ਉਨ੍ਹਾਂ ’ਤੇ 25 ਹਜ਼ਾਰ ਤੋਂ 2.5 ਲੱਖ ਰੁਪਏ ਤੱਕ ਦਾ ਜੁਰਮਾਨਾ ਲਗਾਇਆ ਗਿਆ ਹੈ। ਇਨ੍ਹਾਂ ਜੁਰਮਾਨਿਆਂ ਦਾ ਗਾਹਕਾਂ ’ਤੇ ਕੋਈ ਅਸਰ ਨਹੀਂ ਪੈਂਦਾ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ