ਅਪਰਾਧ

ਵੱਖ-ਵੱਖ ਸੜਕ ਹਾਦਸਿਆਂ ’ਚ ਔਰਤ ਸਣੇ 3 ਜਣਿਆਂ ਦੀ ਮੌਤ

December 01, 2023

ਰਵਿੰਦਰ ਸਿੰਘ ਢੀਂਡਸਾ
ਸ੍ਰੀ ਫ਼ਤਹਿਗੜ੍ਹ ਸਾਹਿਬ/1 ਦਸੰਬਰ : ਬਸੀ ਪਠਾਣਾਂ, ਪਿੰਡ ਭਮਾਰਸੀ ਬੁਲੰਦ ਅਤੇ ਜੀਟੀ ਰੋਡ ’ਤੇ ਪਿੰਡ ਹਰਬੰਸਪੁਰਾ ਨਜ਼ਦੀਕ ਵਾਪਰੇ ਵੱਖ-ਵੱਖ ਸੜਕ ਹਾਦਸਿਆਂ ’ਚ ਇੱਕ ਔਰਤ ਸਣੇ ਤਿੰਨ ਵਿਅਕਤੀਆਂ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ । ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪਲੰਬਰ ਦਾ ਕੰਮ ਕਰਨ ਵਾਲਾ ਮਨਦੀਪ ਸਿੰਘ (21) ਵਾਸੀ ਪਿੰਡ ਰੰਘੇੜੀ ਕਲਾਂ ਡਿਸਕਵਰ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਪਣੇ ਪਿੰਡ ਨੂੰ ਜਾ ਰਿਹਾ ਸੀ ਤਾਂ ਪਿੰਡ ਭਮਾਰਸੀ ਬੁਲੰਦ ਦੇ ਬੱਸ ਅੱਡੇ ਨਜ਼ਦੀਕ ਪੁਹੰਚਣ ’ਤੇ ਭਾਦਸੋਂ ਸਾਈਡ ਤੋਂ ਆ ਰਹੀ ਸਕਾਰਪੀਓ ਗੱਡੀ ਨੰਬਰ ਐਚਆਰ-08-ਸੀ-6737 ਦੇ ਚਾਲਕ ਨੇ ਉਸਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਮਨਦੀਪ ਸਿੰਘ ਗੰਭੀਰ ਜ਼ਖਮੀ ਹੋ ਗਿਆ, ਜਿਸ ਦੀ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਇਲਾਜ਼ ਦੌਰਾਨ ਮੌਤ ਹੋ ਗਈ । ਥਾਣਾ ਸਰਹਿੰਦ ਦੀ ਪੁਲਿਸ ਵੱਲੋਂ ਸਕਾਰਪੀਓ ਦੇ ਚਾਲਕ ਵਿਰੁੱਧ ਅ/ਧ 279,427,304-ਏ ਆਈਪੀਸੀ ਤਹਿਤ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ । ਇੱਕ ਵੱਖਰੇ ਮਾਮਲੇ ’ਚ ਇੱਕ ਨਾਮਾਲੂਮ ਵਿਅਕਤੀ ਜੀਟੀ ਰੋਡ ’ਤੇ ਮੰਡੀ ਗੋਬਿੰਦਗੜ੍ਹ ਸਾਈਡ ਤੋਂ ਸਰਹਿੰਦ ਵੱਲ ਤੁਰਿਆ ਆ ਰਿਹਾ ਸੀ ਤਾਂ ਪਿੰਡ ਹਰਬੰਸਪੁਰਾ ਨਜ਼ਦੀਕ ਨਾਮਾਲੂਮ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਕਤ ਨਾਮਾਲੂਮ ਵਿਅਕਤੀ ਦੀ ਮੌਤ ਹੋ ਗਈ । ਸਰਹਿੰਦ ਪੁਲਿਸ ਵੱਲੋਂ ਅਣਪਛਾਤੇ ਵਾਹਨ ਚਾਲਕ ਵਿਰੁੱਧ ਅ/ਧ 279, 304ਏ ਆਈ.ਪੀ.ਸੀ. ਤਹਿਤ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ । ਇੱਕ ਵੱਖਰੇ ਮਾਮਲੇ ’ਚ ਬਲਵਿੰਦਰ ਸਿੰਘ ਵਾਸੀ ਪਿੰਡ ਕੋਟਲਾ ਗੋਪਾਲੋਂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਅਤੇ ਉਸਦੀ ਪਤਨੀ ਇੰਦਰਜੀਤ ਕੌਰ 27 ਨਵੰਬਰ ਨੂੰ ਮੋਟਰਸਾਈਕਲ ’ਤੇ ਸਵਾਰ ਹੋ ਕੇ ਜਦੋਂ ਬਸੀ ਪਠਾਣਾਂ ਦੇ ਰਾਧਾ ਸੁਆਮੀ ਸਤਿਸੰਗ ਘਰ ਕੋਲੋਂ ਲੰਘ ਰਹੇ ਸੀ ਤਾਂ ਇੱਕ ਤੇਜ਼ ਰਫ਼ਤਾਰ ਮੋਟਰਸਾਈਕਲ ਚਾਲਕ ਨੇ ਪਿੱਛੋਂ ਉਨਾਂ ਨੂੰ ਫੇਟ ਮਾਰ ਦਿੱਤੀ, ਜਿਸ ਕਾਰਨ ਉਸਦੀ ਪਤਨੀ ਇੰਦਰਜੀਤ ਕੌਰ ਦੇ ਗੰਭੀਰ ਸੱਟਾਂ ਲੱਗੀਆਂ, ਜਿਸ ਦੀ ਇਲਾਜ਼ ਦੌਰਾਨ ਮੌਤ ਹੋ ਗਈ ਹੈ । ਥਾਣਾ ਬਸੀ ਪਠਾਣਾਂ ਦੀ ਪੁਲਿਸ ਵੱਲੋਂ ਮੋਟਰਸਾਈਕਲ ਚਾਲਕ ਹੀਰਾ ਸਿੰਘ ਵਾਸੀ ਪਿੰਡ ਲੋਹਾਰੀ ਕਲਾਂ ਵਿਰੁੱਧ ਅ/ਧ 279,304ਏ ਆਈ.ਪੀ.ਸੀ. ਤਹਿਤ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ