Saturday, July 27, 2024  

ਲੇਖ

ਜ਼ਿੰਦਗੀ ਜਿੰਦਾ ਦਿਲੀ ਨਾਲ ਜਿਊਣੀ ਚਾਹੀਦੀ ਹੈ

February 29, 2024

ਮਨੁੱਖ, ਕੁਦਰਤ ਦੀ ਬਿਹਤਰੀਨ ਰਚਨਾ ਹੈ।ਬੋਲ ਸਕਦਾ ਹੈ, ਸੋਚਦਾ ਹੈ, ਮਹਿਸੂਸ ਕਰ ਸਕਦਾ ਹੈ, ਹੱਸ ਸਕਦਾ ਹੈ ਅਤੇ ਰਿਸ਼ਤਿਆਂ ਦੀ ਮਹੱਤਤਾ ਸਮਝ ਸਕਦਾ ਹੈ। ਜ਼ਿੰਦਗੀ ਨੂੰ ਕਿਵੇਂ ਜਿਊਣਾ ਹੈ, ਇਹ ਸਾਡੀ ਸੋਚ ਅਤੇ ਸਮਝ ਤੇ ਵੀ ਨਿਰਭਰ ਕਰਦਾ ਹੈ।ਜ਼ਿੰਦਗੀ ਜਿਊਣੀ ਚਾਹੀਦੀ ਹੈ ਨਾ ਕਿ ਕੱਟਣੀ ਚਾਹੀਦੀ ਹੈ।ਜਿਵੇਂ ਅਸੀਂ ਚਲਾਵਾਂਗੇ, ਉਵੇਂ ਚੱਲਦੀ ਰਹੇਗੀ।ਜਦੋਂ ਹਿੰਮਤ ਅਤੇ ਹੌਂਸਲਾ ਛੱਡ ਦੇਵਾਂਗੇ, ਉਦੋਂ ਅਸੀ ਉਦਾਸ ਅਤੇ ਢਹਿੰਦੇ ਕਲਾ ਵੱਲ ਚਲੇ ਜਾਵਾਂਗੇ।ਮੈਂ ਇਹ ਸਤਰ ਕਿੱਧਰੇ ਪੜ੍ਹੀ ਅਤੇ ਬਹੁਤ ਚੰਗੀ ਲੱਗੀ, ‘ਜ਼ਿੰਦਗੀ ਸਾਇਕਲ ਵਾਂਗ ਹੈ, ਜਦੋਂ ਤੱਕ ਪੈਡਲ ਮਾਰਦੇ ਰਹੋਗੇ, ਡਿੱਗੋਗੇ ਨਹੀਂ।’ ਬਿਲਕੁੱਲ, ਜ਼ਿੰਦਗੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹਿਕੇ ਜਿਊਣਾ ਚਾਹੀਦਾ। ਜ਼ਿੰਦਗੀ ਵਿੱਚ ਉਤਰਾਅ ਚੜ੍ਹਾਅ ਆਉਣੇ ਕੁਦਰਤੀ ਹਨ।ਜੇਕਰ ਦੁੱਖ ਨਾ ਆਏ ਤਾਂ ਸੁੱਖ ਦਾ ਪਤਾ ਹੀ ਨਹੀਂ ਲੱਗੇਗਾ। ਗੁਲਾਬ ਦੇ ਫੁੱਲ ਨਾਲ ਕੰਡੇ ਹੁੰਦੇ ਹਨ।ਕਿੱਧਰੇ ਵੀ ਸਿੱਧੇ ਰਾਹ ਨਹੀਂ ਹੁੰਦੇ।ਦੁੱਖ ਅਤੇ ਬੁਰਾ ਵਕਤ ਬਹੁਤ ਵੱਡੇ ਸਬਕ ਸਿਖਾਉੰਦਾ ਹੈ ਅਤੇ ਲੋਕਾਂ ਦੀ ਪਹਿਚਾਣ ਕਰਵਾਈ ਦਿੰਦਾ ਹੈ।ਚੰਗੇ ਵਕਤ ਵਿੱਚ ਸਾਡੇ ਆਸਪਾਸ ਬਹੁਤ ਲੋਕ ਹੁੰਦੇ ਹਨ।ਅਸਲ ਵਿੱਚ ਕੁਦਰਤ ਛਾਣਨਾ ਮਾਰਕੇ ਸਿਰਫ ਹਕੀਕਤ ਵਿੱਚ ਸਾਡੇ ਆਪਣਿਆਂ ਦੀ ਪਹਿਚਾਣ ਕਰਵਾਈ ਦਿੰਦੀ ਹੈ।
ਜੇਕਰ ਚੰਗਾ ਵਕਤ ਨਹੀਂ ਰਿਹਾ ਤਾਂ ਮਾੜਾ ਵੀ ਨਹੀਂ ਰਹੇਗਾ। ਜੇਕਰ ਅਸੀਂ ਢੇਰੀ ਢਾਹ ਲਵਾਂਗੇ ਤਾਂ ਦੂਸਰੇ ਹੋਰ ਦਬਾਉਣ ਲੱਗ ਜਾਣਗੇ। ਕੁਦਰਤ ਵੱਲੋਂ ਜਿੰਨਾਂ ਵਕਤ ਸਾਡੇ ਲਈ ਮਾੜਾ ਆਇਆ ਹੈ,ਉਹ ਉਵੇਂ ਹੀ ਰਹੇਗਾ। ਉਸਨੂੰ ਹਿੰਮਤ ਨਾਲ ਬਰਦਾਸ਼ਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।ਜਦੋਂ ਅਸੀਂ ਹਿੰਮਤ ਰੱਖਦੇ ਹਾਂ ਤਾਂ ਮਾਨਸਿਕ ਤੌਰ ਤੇ ਅਤੇ ਸਰੀਰਕ ਤੌਰ ਤੇ ਸਾਨੂੰ ਸੱਮਸਿਆਵਾਂ ਨਹੀਂ ਘੇਰਦੀਆਂ। ਬਹੁਤ ਵਾਰ ਬੁਰਾ ਵਕਤ ਆਉਂਦਾ ਹੈ ਤਾਂ ਅਸੀਂ ਫਿਕਰ ਕਰਕੇ ਅਤੇ ਪ੍ਰੇਸ਼ਾਨ ਰਹਿਣ ਕਰਕੇ ਮਾਨਸਿਕ ਰੋਗੀ ਹੋ ਜਾਂਦੇ ਹਾਂ। ਜਿਸ ਨਾਲ ਹੋਰ ਨੁਕਸਾਨ ਹੋਣੇ ਸ਼ੁਰੂ ਹੋ ਜਾਂਦੇ ਹਨ। ਮੈਨੂੰ ਯਾਦ ਹੈ ਇਕ ਵਾਰ ਸਾਡੇ ਘਰ ਮੇਰੇ ਪਾਪਾ ਦੇ ਦੋਸਤ ਆਏ। ਉਨ੍ਹਾਂ ਦੀ ਗੱਲ ਅੱਜ ਮੈਨੂੰ ਯਾਦ ਹੈ।ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਬੁਰਾ ਵਕਤ ਆਏ ਤਾਂ ਕਦੇ ਮਾੜਾ ਕੱਪੜਾ ਪਾਕੇ ਬਾਹਰ ਨਾ ਨਿਕਲੋ।ਲੋਕਾਂ ਵਿੱਚ ਉਵੇਂ ਹੀ ਜਾਉ, ਜਿਸ ਤਰ੍ਹਾਂ ਪਹਿਲਾਂ ਜਾਂਦੇ ਸੀ।
ਇੰਜ ਹੀ ਜੇਕਰ ਦੁੱਖ ਹੈ ਤਾਂ ਘਰਦੇ ਅੰਦਰ ਹੀ, ਇਕੱਲੇ ਬੈਠਕੇ ਰੋ ਲਵੋ ਤੇ ਦਿਲ ਹਲਕਾ ਕਰ ਲਵੋ।ਹਾਂ, ਜ਼ਿੰਦਗੀ ਵਿੱਚ ਇਕ ਅਜਿਹਾ ਬੰਦਾ ਜ਼ਰੂਰ ਹੋਵੇ ਜਿਸਦੇ ਮੋਢੇ ਤੇ ਸਿਰ ਰੱਖ ਕੇ ਰੋਇਆ ਜਾ ਸਕੇ। ਮਾਪਿਆਂ ਤੋਂ ਬਾਅਦ ਅਜਿਹੇ ਇਨਸਾਨ ਦੀ ਭਾਲ ਜ਼ਰੂਰੀ ਹੈ।ਇਸ ਵਾਸਤੇ ਆਪਣੇ-ਆਪ ਨੂੰ ਵੀ ਬਹੁਤ ਵਧੀਆ ਇਨਸਾਨ ਬਣਨ ਦੀ ਜ਼ਰੂਰਤ ਹੈ।ਜ਼ਿੰਦਗੀ ਦੇ ਹਰ ਮੋੜ ਤੇ ਨਵਾਂ ਮਸਲਾ ਹੋਏਗਾ, ਉਸਦਾ ਸਾਹਮਣਾ ਹੱਸਦੇ ਹੱਸਦੇ ਕਰੋ।ਰੋਣ ਨਾਲ ਕੁੱਝ ਵੀ ਸਹੀ ਨਹੀਂ ਹੋਣਾ।ਹਰ ਵੇਲੇ ਅਤੇ ਹਰ ਕਿਸੇ ਦੇ ਸਾਹਮਣੇ ਆਪਣਾ ਦੁੱਖ ਨਹੀਂ ਰੋਣਾ ਚਾਹੀਦਾ।ਇਸ ਨਾਲ ਲੋਕਾਂ ਵਿੱਚ ਕਦਰ ਨਹੀਂ ਰਹਿੰਦੀ।
ਜ਼ਿੰਦਗੀ ਜਿੰਦਾ ਦਿਲੀ ਨਾਲ ਜਿਊਣਾ ਬਹੁਤ ਜ਼ਰੂਰੀ ਹੈ।ਦੁਨੀਆ ਵਿੱਚ ਕੋਈ ਅਜਿਹਾ ਬੰਦਾ ਨਹੀਂ,ਜਿਹੜਾ ਦੁੱਖੀ ਨਾ ਹੋਵੇ।ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਇਹ ਹੀ ਸਮਝਾਇਆ ਹੈ ਕਿ ਹੇ ਨਾਨਕ ਸਾਰਾ ਸੰਸਾਰ ਹੀ ਦੁੱਖੀ ਹੈ।ਇੰਜ ਹੀ ਬਾਬਾ ਫਰੀਦ ਨੇ ਵੀ ਕਿਹਾ ਕਿ ਕੋਠੇ ਚੜ੍ਹ ਕੇ ਵੇਖਿਆ ਤਾਂ ਘਰ ਘਰ ਦੁੱਖ ਰੂਪੀ ਅੱਗ ਸੀ।ਜ਼ਿੰਦਗੀ ਵਿੱਚ ਉਤਰਾਅ ਚੜ੍ਹਾਅ ਆਉਣੇ ਹੀ ਹਨ।ਡੱਟ ਕੇ ਮੁਸੀਬਤਾਂ ਦਾ ਸਾਹਮਣਾ ਕਰਨਾ ਵੀ ਜ਼ਿੰਦਗੀ ਦੇ ਮਾਇਨੇ ਬਦਲ ਦਿੰਦਾ ਹੈ। ਕਦੇ ਠਹਾਕਿਆਂ ਵਿੱਚ ਦੁੱਖ ਨੂੰ ਉਡਾਕੇ ਵੇਖੀਏ।
ਲੋਕਾਂ ਤੋਂ ਡਰ ਡਰਕੇ ਜਿਊਣ ਦੀ ਥਾਂ ਮਸਤ ਹੋਕੇ ਜ਼ਿੰਦਗੀ ਜਿਊ। ਇਹ ਦੁਨੀਆ ਹੈ, ਹੱਸੋਗੇ ਤਾਂ ਵੀ ਗੱਲਾਂ ਕਰੇਗੀ ਅਤੇ ਰੋਵੋਗੇ ਤਾਂ ਵੀ ਬੋਲੇਗੀ। ਆਪਣੀ ਜ਼ਿੰਦਗੀ ਆਪਣੇ ਲਈ ਜਿਊਣ ਦੀ ਕੋਸ਼ਿਸ਼ ਕਰੋ। ਜੇਕਰ ਪੇਟ ਭਰਕੇ ਰੋਟੀ ਮਿਲ ਰਹੀ ਹੈ, ਤਨ ਢਕਣ ਲਈ ਕੱਪੜਾ ਹੈ ਅਤੇ ਸਿਰ ਤੇ ਛੱਤ ਹੈ ਤਾਂ ਜ਼ਿੰਦਗੀ ਬਹੁਤ ਵਧੀਆ ਹੈ।ਜੇਕਰ ਖੁਲ੍ਹੇ ਦਿਲ ਨਾਲ ਜ਼ਿੰਦਗੀ ਜਿਊ ਰਹੇ ਹੋ, ਚਿਹਰੇ ਤੇ ਮੁਸਕਰਾਹਟ ਹੈ ਅਤੇ ਦਿਲ ਵਿੱਚ ਜਿਊਣ ਦੀ ਖਾਹਿਸ਼ ਹੈ ਤਾਂ ਹੀ ਜ਼ਿੰਦਗੀ ਜਿਊਣ ਦਾ ਮਜ਼ਾਕ ਹੈ। ਖੁਲ੍ਹ ਕੇ ਹੱਸੋ ਅਤੇ ਲੋਕਾਂ ਨੂੰ ਵੀ ਹਾਸੇ ਵੰਡੋ।ਈਰਖਾ ਅਤੇ ਲਾਲਚ ਜ਼ਿੰਦਗੀ ਜਿਊਣ ਦਾ ਮਜ਼ਾ ਖਰਾਬ ਕਰ ਦਿੰਦੇ ਹਨ। ਕੁਦਰਤ ਨੇ ਸਾਨੂੰ ਬਿਹਤਰੀਨ ਬਣਾਕੇ ਧਰਤੀ ਤੇ ਭੇਜਿਆ ਹੈ। ਜਦੋਂ ਅਸੀਂ ਜਿੰਦਾ ਦਿਲੀ ਨਾਲ ਜਿਊਂਦੇ ਹਾਂ ਤਾਂ ਇਸਦਾ ਮਤਲਬ ਹੈ ਅਸੀਂ ਕੁਦਰਤ ਅਨੁਸਾਰ ਅਤੇ ਉਸਦੇ ਬਣਾਏ ਹਾਲਾਤ ਨੂੰ ਸਵੀਕਾਰ ਕਰ ਰਹੇ ਹਾਂ।
ਪ੍ਰਭਜੋਤ ਕੌਰ ਢਿੱਲੋਂ
-ਮੋਬਾ: 9815030221

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ