Saturday, April 13, 2024  

ਲੇਖ

ਕਵੀਸ਼ਰ ਕਰਨੈਲ ਸਿੰਘ ਪਾਰਸ ਨੂੰ ਯਾਦ ਕਰਦਿਆਂ...

February 29, 2024

ਮਾਂ ਧਰਤੀ ਭਾਗਾਂ ਵਾਲੀ ਨੇ ਗੁਰੂਆਂ, ਪੀਰਾਂ, ਪਗੰਬਰਾਂ, ਸਾਧਾ, ਸੰਤਾਂ, ਸੂਰਮਿਆਂ, ਯੋਧਿਆਂ, ਰਿਸ਼ੀਆਂ, ਮੁਨੀਆਂ ਨੂੰ ਜਨਮ ਦਿੱਤਾ ਉੱਥੇ ਇਸ ਮਾਂ ਧਰਤੀ ਤੇ ਵਿਗਿਆਨੀ, ਸਾਇੰਸਦਾਨੀ, ਸਾਹਿਤਕਾਰ, ਗੀਤਕਾਰ, ਨਾਟਕਕਾਰ, ਨਿਬੰਦਕਾਰ, ਗ਼ਜ਼ਲਗੋ, ਕਿੱਸਾਕਾਰ, ਕਵੀਸ਼ਰ, ਢਾਡੀ ਆਦਿ ਵੀ ਪੈਦਾ ਹੋਏ। ਅੱਜ ਗੱਲ ਕਵੀਸ਼ਰੀ ਖੇਤਰ ਦੀ ਕਰਨ ਲੱਗੇ ਹਾਂ, ਜਿੱਥੇ ਬਹੁਤ ਸਾਰੇ ਕਵੀਸ਼ਰੀ ਦੇ ਖੇਤਰ ਵਿੱਚ ਮਕਬੂਲ ਹੋਏ ਜਿਵੇਂ ਮਾਘੀ ਸਿੰਘ ਗਿੱਲ, ਬਾਬੂ ਰਜਵਬਲੀ, ਕਰਨੈਲ ਸਿੰਘ ਪਾਰਸ ਆਦਿ ਇਹ ਸ਼੍ਰੋਮਣੀ ਕਵੀਸ਼ਰ ਹੋਏ ਹਨ ਪਰ ਕਵੀਸ਼ਰਾਂ ਵਿੱਚ ਤਕਰਸ਼ੀਲ ਹੋਣਾ, ਇਹ ਬਹੁਤ ਵੱਡੀ ਗੱਲ ਹੈ। ਇੰਨ੍ਹਾਂ ਕਵੀਸ਼ਰਾਂ ’ਚੋ ਤਰਕਸ਼ੀਲ ਹੋਣਾ, ਵਹਿਮਾਂ- ਭਰਮਾਂ ਤੋਂ ਦੂਰ ਰਹਿਣਾ ਸਿਰਫ ਕਰਨੈਲ ਸਿੰਘ ਪਾਰਸ ਦੇ ਹਿੱਸੇ ਹੀ ਆਇਆ ਹੈ।
ਕਰਨੈਲ ਸਿੰਘ ਪਾਰਸ ਦਾ ਜਨਮ 28 ਜੂਨ, 1916 ਈ: ਨੂੰ ਦਿਨ ਬੁੱਧਵਾਰ, ਪੁੰਨਿਆਂ ਦੀ ਰਾਤ ਨੂੰ ਨਾਨਕੇ ਪਿੰਡ ਮਹਿਰਾਜ, ਮਾਤਾ ਰਾਮ ਕੌਰ ਦੀ ਕੁੱਖੋਂ, ਪਿਤਾ ਤਾਰਾ ਸਿੰਘ ਦੇ ਘਰ, ਦਾਦੀ ਭੋਲੀ ਤੇ ਦਾਦਾ ਹਰਨਾਮ ਸਿੰਘ ਗਿੱਲ ਦੇ ਵਿਹੜੇ ਇੱਕ ਫੁੱਲ ਖਿੜਿਆ, ਜਿਸ ਦੀ ਸੁਗੰਧ ਦੁਨੀਆਂ ਦੇ ਕੋਨੇ-ਕੋਨੇ ਤੱਕ ਫੈਲ ਗਈ। ਕਰਨੈਲ ਸਿੰਘ ਦਾ ਪਹਿਲਾ ਨਾਂ ਗਮਦੂਰ ਸਿੰਘ ਸੀ ਤੇ ਬਾਅਦ ’ਚ ਕਰਨੈਲ ਸਿੰਘ ਪਾਰਸ ਬਣ ਗਿਆ। ਪਾਰਸ 14 ਕੁ ਵਰਿ੍ਹਆਂ ਦੀ ਉਮਰ ’ਚ ਅਨਾਥ ਹੋ ਗਿਆ, ਮਾਂ ਪਿਓ ਦੋਵੇਂ ਤੁਰ ਗਏ ਪਰ ਚਾਚਾ ਕਰਤਾਰ ਸਿੰਘ ਨੇ ਸਿਰ ’ਤੇ ਹੱਥ ਰੱਖਿਆ।
ਪਾਰਸ ਸਾਹਿਬ ਦਾ ਵਿਆਹ ਸ਼੍ਰੀਮਤੀ ਦਲਜੀਤ ਕੌਰ ਨਾਲ ਹੋਇਆ। ਉਨ੍ਹਾਂ ਦੇ ਘਰ ਛੇ ਬੱਚਿਆਂ ਨੇ ਜਨਮ ਲਿਆ, ਚਾਰ ਪੁੱਤਰ ਤੇ ਦੋ ਧੀਆਂ। ਹਰਚਰਨ ਸਿੰਘ (ਸਾਬਕਾ ਅਧਿਆਪਕ), ਬਲਵੰਤ ਸਿੰਘ (ਜੋ ਬਲਵੰਤ ਸਿੰਘ ਰਾਮੂੰਵਾਲੀਆਂ ਦੇ ਨਾਂ ਨਾਲ ਜਾਣੇ ਜਾਂਦੇ ਅਤੇ ਸਿਆਸਤ ਵਿੱਚ ਸਰਗਰਮ ਹਨ), ਇਕਬਾਲ ਸਿੰਘ (ਪੰਜਾਬੀ ਸਾਹਿਤਕਾਰ) ਅਤੇ ਰਛਪਾਲ ਸਿੰਘ ਉਨ੍ਹਾਂ ਦੇ ਪੁੱਤਰ ਹਨ ਅਤੇ ਚਰਨਜੀਤ ਕੌਰ ਤੇ ਕਰਮਜੀਤ ਕੌਰ ਦੋ ਧੀਆਂ ਹਨ। ਪ੍ਰਸਿੱਧ ਗਾਇਕ ਤੇ ਅਦਾਕਾਰ ਹਰਭਜਨ ਮਾਨ ਤੇ ਗੁਰਸੇਵਕ ਮਾਨ ਦਾ ਨਾਤਾ ਵੀ ਇਸ ਪਰਿਵਾਰ ਨਾਲ ਜੁੜਿਆ ਹੋਇਆ ਹੈ।
ਮਹੰਤ ਕ੍ਰਿਸ਼ਨਾਂ ਨੰਦ ਤੋਂ ਪੰਜ ਪੌੜੀਆਂ ਪਾਠ ਲੈ ਕੇ ਪਾਰਸ ਨੇ ਤਿੰਨ-ਚਾਰ ਘੰਟਿਆਂ ’ਚ ਹੀ ਯਾਦ ਕਰਕੇ ਉਨ੍ਹਾਂ ਨੂੰ ਸੁਣਾ ਦਿੱਤੀਆਂ ਤਾਂ ਉਨ੍ਹਾਂ ਨੇ ਕਿਹਾ ‘ਕਰਨੈਲ ਸਿਆਂ ਤੂੰ ਤਾਂ ਪਾਰਸ ਏ ਪਾਰਸ...।’ ਉਥੋਂ ਹੀ ਨਾਂ ਪਿਆ ਕਰਨੈਲ ਸਿੰਘ ਪਾਰਸ । ਪਾਰਸ ਨੂੰ ਤੂੜੀ ਵਾਲੇ ਕੋਠੇ ਵਿੱਚੋਂ ਬੋਰੀ ਕਿੱਸਿਆਂ ਦੀ ਥਿਆਈ ਸੀ, ਜਿੰਨਾਂ ਨੂੰ ਪੜ੍ਹਕੇ ਉਹ ਤੁਕ ਬੰਦੀ ਕਰਨ ਲੱਗ ਪਏ ਸਨ। ‘ਪ੍ਰੀਤਲੜੀ’ ਦਾ ਪ੍ਰਭਾਵ ਉਨ੍ਹਾਂ ਤੇ ਬਹੁਤ ਪਿਆ, ਉਹ ਪ੍ਰੀਤਲੜੀ ਨੂੰ ਬਹੁਤ ਪੜ੍ਹਦੇ ਸਨ। ਕਵੀਸ਼ਰ ਮੋਹਨ ਸਿੰਘ ਰੋਡਿਆਂ ਵਾਲੇ ਨੂੰ ਉਨ੍ਹਾਂ ਨੇ ਚਲਦੀਆਂ ਰਵਾਇਤਾਂ ਅਨੁਸਾਰ ਉਸਤਾਦ ਧਾਰਿਆ ਸੀ।
ਕਰਨੈਲ ਸਿੰਘ ਪਾਰਸ ਨੇ ਰਣਜੀਤ ਸਿੰਘ ਸਿੱਧਵਾਂ ਤੇ ਚੰਦ ਸਿੰਘ ਜੰਡੀ ਨੂੰ ਨਾਲ ਲੈ ਕੇ ਖੂਬ ਗਾਇਆ। ਓਦੋਂ ਹੀ ਪਾਰਸ ਦੇ ਕਵੀਸ਼ਰੀ ਜੱਥੇ ਦੇ ਚੜ੍ਹਤ ਦੇ ਦਿਨ ਸ਼ੁਰੂ ਹੋਏ ਸਨ ਤੇ ਦਿਨੋ-ਦਿਨ ਗੁੱਡੀ ਚੜ੍ਹਦੀ ਹੀ ਗਈ, ਇੰਨ੍ਹਾਂ ਨੇ ਪੂਰੀ ਦੁਨੀਆਂ ’ਚ ਪ੍ਰਸਿੱਧਤਾ ਖੱਟੀ। ਪਾਰਸ ਦੀ ਭਾਸ਼ਨ ਦੀ ਵਿਧੀ ਪ੍ਰਭਾਵਸਾਲੀ ਤੇ ਮਾਖਿਓ ਮਿੱਠੀ ਸੀ ਜੋ ਸਰੋਤਿਆਂ ਨੂੰ ਕੀਲ ਸੁਸ਼ਰੀ ਵਾਂਗ ਸਮਾ ਦਿੰਦੀ ਸੀ। ਦੂਜਾ ਕਾਰਨ ਮਿਸ਼ਰੀ ਤੋਂ ਮਿੱਠੀਆਂ ਬੁਲੰਦ ਆਵਾਜ਼ਾਂ ਵਾਲਿਆਂ ਦੀ ਜੋੜੀ ਇੰਨ੍ਹਾਂ ਦੇ ਨਾਲ ਹੁੰਦੀ ਸੀ।
ਕਵੀਸ਼ਰ ਕਰਨੈਲ ਸਿੰਘ ਪਾਰਸ ਦੇ 22 ਰਿਕਾਰਡ ਐਚ. ਐਮ. ਵੀ. ਕੰਪਨੀ ਵਿੱਚ ਹੋਏ ਜੋ ਸਾਰੇ ਦੇ ਸਾਰੇ ਹੀ ਬਹੁਤ ਮਕਬੂਲ ਹੋਏ। ਇੰਨ੍ਹਾਂ ਸਾਰਿਆਂ ਦੇ ਰਚਨਹਾਰੇ ਵੀ ਪਾਰਸ ਸਾਹਿਬ ਖੁਦ ਹੀ ਹਨ। ਪਾਰਸ ਦੇ 18 ਕਿੱਸੇ ਛਪੇ ਜਿੰਨ੍ਹਾਂ ਦੀਆਂ ਕਈ ਕਈ ਐਡੀਸ਼ਨਾ ਛਪ ਚੁੱਕੀਆਂ ਹਨ ਅਤੇ ਲੋਕੀਂ ਬਹੁਤ ਸ਼ੌਕ ਨਾਲ ਪੜ੍ਹਦੇ ਹਨ। ਇੰਨ੍ਹਾਂ ਦੀ ਲਿਖਤ ਵਿੱਚ ਅਥਾਹ ਮਿਠਾਸ ਤੇ ਵਜ਼ਨਦਾਰ ਹੈ ਜੋ ਪਾਠਕਾਂ ਨੂੰ ਆਪਣੇ ਵੱਲ ਖਿੱਚਦੀ ਹੈ। ‘ਕਿਉਂ ਫੜ੍ਹੀ ਸਿਪਾਹੀਆਂ ਨੇ ਭੈਣੋਂ ਇਹ ਹੰਸਾਂ ਦੀ ਜੋੜੀ’, ‘ਕੀਮਤੀ ਅਮਾਨਤ ਸੀ ਤੇਰੀ ਤੈਨੂੰ ਸੌਂਪਤੀ’, ‘ਲੱਥਾ ਸਿਰੋਂ ਪਰਬਤਾਂ ਦਾ ਭਾਰ’, ‘ਆਪਣਾ ਖੂਨ ਪਰਾਇਆ ਹੁੰਦਾ ਜਦ ਆਉਂਦੇ ਦਿਨ ਮਾੜੇ’, ’ਜੱਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ’ ਅਤੇ ‘ਦਹੂਦ ਬਾਦਸ਼ਾਹ’ ਆਦਿ ਬਹੁਤ ਪ੍ਰਸਿੱਧ ਹੋਏ।
ਬਾਪੂ ਪਾਰਸ ਸਾਹਿਬ ਜੀ ਦੇ ਚੇਲਿਆਂ ਦੀ ਗਿਣਤੀ ਵੀ ਬਹੁਤ ਹੈ: ਅਜੀਤ ਸਿੰਘ ਸੇਖੋਂ (ਮੂੰਮਾਂ ਵਾਲਾ), ਕਰਤਾਰ ਸਿੰਘ (ਮੰਡੀ ਕਲਾਂ ਵਾਲਾ), ਗੁਰਦਿਆਲ ਸਿੰਘ ਤੇ ਜੁਗਿੰਦਰ ਸਿੰਘ (ਦੋਵੇਂ ਭਰਾ), ਜਰਨੈਲ ਸਿੰਘ, ਤਲਵਿੰਦਰ ਸਿੰਘ, ਮੱਖਣ ਸਿੰਘ, ਬੂਟਾ ਸਿੰਘ, ਚਮਕੌਰ ਸਿੰਘ, ਬੋਹੜ ਸਿੰਘ ਮੱਲਣ, ਗੁਰਦੇਵ ਸਿੰਘ ਮੱਲਣ, ਗੁਰਚਰਨ ਸਿੰਘ, ਮਲਕੀਤ ਸਿੰਘ, ਨਿਰਮਲ ਸਿੰਘ, ਗੁਰਦੇਵ ਸਿੰਘ, ਤਰਲੋਕ ਸਿੰਘ, ਦਰਸ਼ਨ ਸਿੰਘ, ਯੁੱਧਵੀਰ ਸਿੰਘ, ਸੁਖਦੇਵ ਸਿੰਘ, ਮੁਖਤਿਆਰ ਸਿੰਘ, ਮੁਖਤਿਆਰ ਸਿੰਘ ਜਫਰ, ਹਰਭਜਨ ਮਾਨ ਤੇ ਗੁਰਸੇਵਕ ਮਾਨ ਆਦਿ ਹਨ।
ਦੇਸ਼-ਪ੍ਰਦੇਸ਼ ਦਾ ਲੰਬਾ ਪੈਂਡਾ ਤਹਿ ਕਰਨ ਵਾਲੇ ਪਾਰਸ ਨੂੰ ਭਾਸ਼ਾ ਵਿਭਾਗ ਪੰਜਾਬ ਨੇ 1985 ਈ: ਨੂੰ ਸ਼੍ਰੋਮਣੀ ਕਵੀਸ਼ਰ ਐਵਾਰਡ ਨਾਲ ਸਨਮਾਨਿਤ ਕੀਤਾ। ਹੋਰ ਇਨਾਮਾਂ ਸਨਮਾਨਾਂ ਦੀ ਤਾਂ ਕੋਈ ਗਿਣਤੀ ਹੀ ਨਹੀਂ। ਉਹ ਕਵੀਸ਼ਰੀ ਅਤੇ ਲਿਖਣ ਵਿੱਚ ਭਰ ਵਗਦਾ ਦਰਿਆ ਸੀ। ਜਿੱਥੇ ਪਾਰਸ ਦਾ ਛੋਟੇ ਹੁੰਦੇ ਦਾ ਜੀਵਨ ਅਨੇਕ ਪ੍ਰਕਾਰ ਦੀਆਂ ਮੁਸੀਬਤਾਂ ਵਿੱਚੋਂ ਲੰਘਿਆ, ਉੱਥੇ ਉਨ੍ਹਾਂ ਨੇ ਬਾਕੀ ਸਾਰੀ ਜ਼ਿੰਦਗੀ ਦਾ ਆਨੰਦ ਵੀ ਖੂਬ ਮਾਣਿਆ। ਪਾਰਸ ਦੇ ਕਵੀਸ਼ਰ ਜੱਥੇ ਨੇ ਹਜ਼ਾਰਾਂ ਪ੍ਰੋਗਰਾਮ ਕੀਤੇ, ਉਨ੍ਹਾਂ ਸਮਿਆਂ ਵਿੱਚ ਉਨ੍ਹਾਂ ਕੋਲ ਇੱਕ ਵੀ ਦਿਨ ਵਿਹਲਾ ਨਹੀਂ ਰਹਿੰਦਾ ਸੀ ਜਿਸ ਦਿਨ ਪ੍ਰੋਗਰਾਮ ਨਾ ਹੋਵੇ ਕਈ ਵਾਰ ਤਾਂ ਰਾਤ ਦਿਨ ਵਿੱਚ 2-2, 3-3 ਪ੍ਰੋਗਰਾਮ ਵੀ ਬੁੱਕ ਹੁੰਦੇ ਸਨ। ਐਨੀ ਚੜ੍ਹਤ ਸੀ ਪਾਰਸ ਦੇ ਕਵੀਸ਼ਰੀ ਜੱਥੇ ਦੀ।
ਮੈਂ ਕਰਨੈਲ ਸਿੰਘ ਪਾਰਸ ਦੇ ਸਿਰਫ ਤਿੰਨ ਵਾਰੀ ਦਰਸ਼ਨ ਕੀਤੇ ਹਨ। ਪਹਿਲੀ ਵਾਰ ਰਾਏਕੋਟ ਇੱਕ ਸਾਹਿਤਕ ਸਮਾਗਮ ਵਿੱਚ ਜਿੱਥੇ ਮੈਂ, ਉਨ੍ਹਾਂ ਨੂੰ ਉਨ੍ਹਾਂ ਬਾਰੇ ਲਿਖਿਆ ਕਾਵਿ-ਰੇਖਾ ਚਿੱਤਰ ਭੇਂਟ ਕੀਤਾ ਸੀ। ਦੂਜੀ ਵਾਰ ਜਦ ਜਗਦੇਵ ਸਿੰਘ ਜੱਸੋਵਾਲ ਦੀ ਕਿਤਾਬ ਜੋ ਪੰਜਾਬੀ ਦੇ ਪ੍ਰਸਿੱਧ ਲੇਖਕ ਨਿੰਦਰ ਘੁਗਿਆਣਵੀ ਨੇ ਲਿਖੀ ਸੀ ਤੇ ਉਸਦਾ ਅਨੁਵਾਦ ਅੰਗਰੇਜ਼ੀ ਵਿੱਚ ਕੀਤਾ ਉਹ ਰਿਲੀਜ਼ ਹੋਣ ਸਮੇਂ ਮਿਲੇ ਸੀ। ਬਾਪੂ ਪਾਰਸ ਤੀਜੀ ਵਾਰ ਮੇਰੀ ਭਾਣਜੀ ਸਤਵੀਰ ਕੌਰ ਸੇਖੋਂ ਦੇ ਵਿਆਹ ਤੇ ਜੋ ਪ੍ਰਸਿੱਧ ਕਵੀਸਰ ਬਾਪੂ ਜੀ ਦੇ ਬਹੁਤ ਹੀ ਪਿਆਰੇ ਸੁਗਿਰਦ ਅਜੀਤ ਸਿੰਘ ਸੇਖੋਂ ਮੋਮਾਂ ਵਾਲੀ ਦੀ ਲੜਕੀ ਹੈ, ਪਿੰਡ ਮੋਮੀ ਮਿਲੇ ਸਾਂ। ਉਦੋਂ ਬਾਪੂ ਪਾਰਸ ਦੀ ਸਿਹਤ ਕਾਫੀ ਕਮਜ਼ੋਰ ਹੋ ਚੁੱਕੀ ਸੀ ਤੇ ਕੰਨਾਂ ਵਿੱਚ ਮਸ਼ੀਨ ਲੱਗੀ ਹੋਈ ਸੀ ਸੁਣਨ ਲਈ।
1 ਮਾਰਚ, 2009 ਈ: ਰਾਤ ਦੇ ਸਵਾ ਨੌ ਵਜੇ, ਦਿਨ ਸ਼ਨੀਵਾਰ ਨੂੰ ਸਾਡੇ ਕੋਲੋ ਸਦਾ ਲਈ ਵਿਛੜ ਗਏ ਸਨ। ਭਾਵੇਂ ਕਵੀਸ਼ਰ ਕਰਨੈਲ ਸਿੰਘ ਪਾਰਸ ਸਰੀਰਕ ਤੌਰ ’ਤੇ ਸਾਡੇ ਵਿਚਕਾਰ ਨਹੀਂ ਰਹੇ ਪਰ ਉਨ੍ਹਾਂ ਵੱਲੋਂ ਲਿਖੀ ਗਈ ਵਜ਼ਨਦਾਰ ਰਚਨਾ, ਉਨ੍ਹਾਂ ਵੱਲੋਂ ਰਿਕਾਰਡ ਹੋ ਚੁੱਕੀ ਕਵੀਸ਼ਰੀ ਦੇ ਬੋਲ ਸਦਾ ਸਾਡੇ ਕੰਨੀ ਗੂੰਜਦੇ ਰਹਿਣਗੇ। ਬਾਪੂ ਪਾਰਸ ਦੀਆਂ ਲਿਖਤਾਂ ਨੂੰ ਸਲਾਮ!
ਦਰਸ਼ਨ ਸਿੰਘ ਪ੍ਰੀਤੀਮਾਨ
- ਮੋਬਾ: 98786-06963

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ