Saturday, April 13, 2024  

ਸੰਪਾਦਕੀ

ਅਸੁਰੱਖਿਅਤ ਬਣ ਰਹੇ ਸੰਸਾਰ ’ਚ ਆਮ ਲੋਕਾਂ ਦਾ ਘਾਣ ਨਿਸ਼ਚਿਤ

February 29, 2024

ਸੰਸਾਰ ਦੀ ਅਜੋਕੀ ਤਸਵੀਰ

ਸੰਸਾਰ ਦੀ ਵਰਤਮਾਨ ਤਸਵੀਰ ਪਰੇਸ਼ਾਨ ਕਰਨ ਵਾਲੀ ਹੈ। ਕਈ ਥਾਵਾਂ ’ਤੇ ਜੰਗਾਂ ਲੱਗੀਆਂ ਹੋਈਆਂ ਹਨ। ਇਨਸਾਨਾਂ ਦਾ ਘਾਣ ਹੋ ਰਿਹਾ ਹੈ। ਪਰ ਫਿਰ ਵੀ ਜੰਗ, ਜੰਗ ’ਚ ਫ਼ਰਕ ਕਰਨਾ ਵੀ ਬਣਦਾ ਹੈ। ਦੁਨੀਆ ਭਰ ਦੇ ਆਮ ਲੋਕਾਂ ਲਈ ਆਰਥਿਕ ਤੰਗੀਆਂ ਦੀ ਪਰੇਸ਼ਾਨੀ ਵਧ ਰਹੀ ਹੈ। ਸਰਕਾਰਾਂ ਨੇ ਜਨਤਕ ਭਲਾਈ ਦੀਆਂ ਸਕੀਮਾਂ ਤੋਂ ਹੱਥ ਖਿੱਚਿਆ ਹੋਇਆ ਹੈ, ਜਿਸ ਦੇ ਉਲਟ ਨਤੀਜੇ ਵੀ ਨਿਕਲ ਰਹੇ ਹਨ, ਜਿਵੇਂ ਕਿ ਭਾਰਤ ਵਿੱਚ ਹੋ ਰਿਹਾ ਹੈ, ਜਿੱਥੇ ਸਰਕਾਰੀ ਖ਼ਰਚ ਦੀ ਕਮੀ ਕਾਰਨ ਬੁਨਿਆਦੀ ਢਾਂਚੇ ਦੀ ਉਸਾਰੀ ਲੋੜੀਂਦੇ ਪੱਧਰ ’ਤੇ ਹੋ ਨਹੀਂ ਰਹੀ, ਜਿਸ ਕਰਕੇ ਪ੍ਰੇਰਨ ਦੇ ਬਾਵਜੂਦ ਵਿਦੇਸ਼ੀ ਨਿਵੇਸ਼ ਉਸ ਪੱਧਰ ’ਤੇ ਨਹੀਂ ਆ ਰਿਹਾ ਜਿਸ ਦੀ ਲੋੜ ਬਣੀ ਹੋਈ ਹੈ। ਦੁਨੀਆ ਭਰ ਦੀਆਂ ਸਰਕਾਰਾਂ ਦਾ ਰੁਖ਼ ਇਸ ਕਦਰ ਕਾਰਪੋਰੇਟ ਪੱਖੀ ਬਣਿਆ ਹੋਇਆ ਹੈ ਕਿ ਇਹ ਮੌਸਮੀ ਤਬਦੀਲੀ ਜਿਹੀ ਅੱਤ ਦੀ ਗੰਭੀਰ ਸਮੱਸਿਆ, ਜੋ ਧਰਤ ਉਪਰ ਜੀਵਨ ਲਈ ਹੀ ਖ਼ਤਰਾ ਖੜ੍ਹਾ ਕਰ ਸਕਦੀ ਹੈ, ਦੇ ਹੱਲ ਵੱਲ ਸਰੋਤ ਨਹੀਂ ਮੋੜ ਰਹੀਆਂ ਅਤੇ ਨਤੀਜੇ ਵਜੋਂ ਤਾਪਮਾਨ ਘਟਾਉਣ ਦੇ ਮਿੱਥੇ ਨਿਸ਼ਾਨੇ ਹਾਸਲ ਹੁੰਦੇ ਨਜ਼ਰ ਨਹੀਂ ਆ ਰਹੇ।
ਸਭ ਤੋਂ ਵੱਡੀ ਗੱਲ ਇਹ ਹੈ ਕਿ ਦੇਸ਼ਾਂ ਦਰਮਿਆਨ ਸਮੱਸਿਆਵਾਂ ਸੁਲਝਾਉਣ ਵਾਲੀਆਂ ਕੌਮਾਂਤਰੀ ਸੰਸਥਾਵਾਂ ਦਾ ਵੱਕਾਰ ਘਟਦਾ ਜਾ ਰਿਹਾ ਹੈ। ਦੁਨੀਆ ਦੀਆਂ ਅਸਲ ਤਾਕਤਾਂ ਇਨ੍ਹਾਂ ਤੋਂ ਬਾਹਰੀ ਹੋ ਕੇ ਆਪਣੇ ਆਪ ਮੁਤਾਬਿਕ ਕਾਰਵਾਈਆਂ ਕਰ ਰਹੀਆਂ ਹਨ। ਇਸ ਮਾਮਲੇ ਵਿੱਚ ਸੰਯੁਕਤ ਰਾਸ਼ਟਰ ਦਾ ਜ਼ਿਕਰ ਕਰਨਾ ਬਣਦਾ ਹੈ, ਜਿਸ ਦੀ ਕਮਜ਼ੋਰੀ ਇਜ਼ਰਾਇਲ-ਹਮਾਸ ਜੰਗ ਵਿੱਚ ਖ਼ਾਸ ਤੌਰ ’ਤੇ ਉਭਰ ਕੇ ਸਾਹਮਣੇ ਆਈ ਹੈ। ਇਸ ਜੰਗ ’ਚ ਅਮਰੀਕਾ ਸਰਗਰਮ ਅਤੇ ਵੱਡੀ ਭੁਮਿਕਾ ਨਿਭਾਅ ਰਿਹਾ ਹੈ। ਅਮਰੀਕਾ ਦੀ ਹਿਮਾਇਤ ਬਗ਼ੈਰ ਇਜ਼ਰਾਇਲ ਜੰਗ ਇੱਕ ਦਿਨ ਵੀ ਹੋਰ ਜਾਰੀ ਨਹੀਂ ਰੱਖ ਸਕਦਾ। ਅਮਰੀਕਾ ਨੇ ਹੀ ਸੰਯੁਕਤ ਰਾਸ਼ਟਰ ਨੂੰ ਵੀ ਨਕਾਰਾ ਬਣਾ ਰੱਖਿਆ ਹੈ। ਗਜ਼ਾ ’ਚ ਮਨੁੱਖੀ ਅਧਿਕਾਰਾਂ ਨੂੰ ਕੁਚਲਿਆ ਗਿਆ ਹੈ ਅਤੇ ਗਜ਼ਾ ਪੱਟੀ ਦੇ ਦੱਖਣੀ ਪਾਸੇ ਵੀ ਇਜ਼ਰਾਇਲ ਨੇ ਕਤਲਾਮ ਮਚਾਇਆ ਹੋਇਆ ਹੈ, ਜਿੱਥੇ ਹਾਲੇ ਤੱਕ ਕੋਈ 30 ਹਜ਼ਾਰ ਫ਼ਲਸਤੀਨੀ ਮਾਰੇ ਗਏ ਹਨ ਅਤੇ ਕੋਈ 70 ਹਜ਼ਾਰ ਹੋਰ ਜ਼ਖ਼ਮੀ ਹਨ ਅਤੇ ਮਾਰਿਆਂ ਗਿਆਂ ਅਤੇ ਜ਼ਖ਼ਮੀਆਂ ’ਚ ਵੱਡੀ ਗਿਣਤੀ ’ਚ ਔਰਤਾਂ ਤੇ ਬੱਚੇ ਸ਼ਾਮਿਲ ਹਨ, ਇਸ ਸਭ ਲਈ ਵੀ ਅਮਰੀਕਾ ਜ਼ਿੰਮੇਵਾਰ ਹੈ ਜੋ ਕਿ ਆਪਣਾ ਤੇ ਇਜ਼ਰਾਇਲ ਦਾ ਤਜਵੀਜ਼ ਕੀਤਾ ਸਮਝੌਤਾ ਲਾਗੂ ਕਰਵਾਉਣ ਲਈ ਸੰਯੁਕਤ ਰਾਸ਼ਟਰ ’ਚ ਜੰਗਬੰਦੀ ਦਾ ਮਤਾ ਪਾਸ ਨਹੀਂ ਹੋਣ ਦੇ ਰਿਹਾ।
ਦੁਨੀਆ ’ਚ ਜੰਗਾਂ ਕਾਰਨ ਹੋ ਰਹੇ ਮਨੁੱਖੀ ਨੁਕਸਾਨ ਨੂੰ ਦੇਖਦਿਆਂ ਮਨੁੱਖੀ ਅਧਿਕਾਰਾਂ ਦੇ ਵਧ ਰਹੇ ਨੁਕਸਾਨ ਬਾਰੇ ਸੰਯੁਕਤ ਰਾਸ਼ਟਰ ਨੇ ਪਿਛਲੇ ਸੋਮਵਾਰ ਤੋਂ ਵਿਸ਼ੇਸ਼ ਇਜਲਾਸ ਅਰੰਭਿਆ ਹੈ । ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਨਤੋਨੀਓ ਗੁਟੇਰੇਸ ਅਨੁਸਾਰ, ਕਾਗੋ, ਗਜ਼ਾ, ਮੀਆਂਮਾਰ, ਯੂਕਰੇਨ ਅਤੇ ਸੁਡਾਨ ’ਚ ਜੰਗਾਂ ਲੜ ਰਹੀਆਂ ਤਾਕਤਾਂ ਕੌਮਾਂਤਰੀ ਨਿਯਮਾਂ ਦੀ ਕੋਈ ਪਰਵਾਹ ਨਹੀਂ ਕਰ ਰਹੀਆਂ। ਗੁਟੇਰੇਸ ਨੇ ਮਨੁੱਖੀ ਅਧਿਕਾਰਾਂ ਦਾ ਆਦਰ ਕਰਨ ਅਤੇ ਸੰਸਾਰ ’ਚ ਅਮਨ ਕਾਇਮ ਕਰਨ ਦੀ ਅਪੀਲ ਵੀ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ‘‘ਸੰਸਾਰ ਬਹੁਤ ਤੇਜ਼ੀ ਨਾਲ ਬਦਲ ਰਿਹਾ ਹੈ ਅਤੇ ਦਿਨੋਂ ਦਿਨ ਘੱਟ ਸੁਰੱਖਿਅਤ ਹੁੰਦਾ ਜਾ ਰਿਹਾ ਹੈ।’’ ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰਾਂ ਦੀ ਕੌਂਸਲ ਨੂੰ ਮੁਖਾਤਿਬ ਹੁੰਦਿਆਂ ਉਨ੍ਹਾਂ ਕਿਹਾ ਕਿ ਮਨੁੱਖੀ ਅਧਿਕਾਰਾਂ ’ਤੇ ਹਮਲਾ ਕਈ ਤਰ੍ਹਾਂ ਨਾਲ ਹੋ ਰਿਹਾ ਹੈ। ਉਨ੍ਹਾਂ ਦੁਨੀਆਂ ਦੇ ਸਭ ਤੋਂ ਗ਼ਰੀਬ ਮੁਲਕਾਂ ਨੂੰ ਕਰਜ਼ ਦੀ ਰਾਹਤ ਦੇਣ ਦੀ ਲੋੜ ਵੀ ਦੁਹਰਾਈ ਅਤੇ ਮੌਸਮੀ ਤਬਦੀਲੀ ਨੂੰ ਰੋਕਣ ਲਈ ਵਧੇਰੇ ਖ਼ਰਚਾ ਕਰਨ ਦੀ ਵੀ ਮੰਗ ਕੀਤੀ।
ਇਸ ’ਚ ਸ਼ੱਕ ਨਹੀਂ ਕਿ ਅੱਜ ਸੰਸਾਰ ਦੀ ਹਾਲਤ ਬਹੁਤ ਗੰਭੀਰ ਬਣੀ ਹੋਈ ਹੈ ਅਤੇ ਇਸ ਦਾ ਹੋਰ ਖ਼ਰਾਬੀ ਵੱਲ ਜਾਣਾ ਬਹੁਤ ਖ਼ਤਰਨਾਕ ਸਾਬਤ ਹੋਵੇਗਾ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਦੇ ਇਸ ਕਥਨ ਕਿ ‘‘ਸੰਸਾਰ ਦਿਨੋਂ-ਦਿਨ ਘੱਟ ਸੁਰੱਖਿਅਤ ਹੁੰਦਾ ਜਾ ਰਿਹਾ ਹੈ’’ ਤੋਂ ਸਰਕਾਰਾਂ ਨੂੰ ਜਾਗ ਜਾਣਾ ਚਾਹੀਦਾ ਹੈ। ਘੱਟ ਸੁਰੱਖਿਅਤ ਬਣ ਰਹੇ ਸੰਸਾਰ ’ਚ ਆਮ ਲੋਕਾਂ ਦਾ ਹੋਰ ਘਾਣ ਹੋਣਾ ਲਾਜ਼ਮੀ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ