Monday, April 22, 2024  

ਲੇਖ

ਕਾਮਰੇਡ ਰਤਨ ਸਿੰਘ ਨੂੰ ਯਾਦ ਕਰਦਿਆਂ...

March 01, 2024

(ਕਾਮਰੇਡ ਰਤਨ ਸਿੰਘ ਦੀ ਮ੍ਰਿਤੂ ਬਾਅਦ ਰੱਖੇ ਗਏ ਸ਼ਰਧਾਂਜਲੀ ਸਮਾਗਮ ਸਮੇਂ ਮਰਹੂਮ ਡਾਕਟਰ ਸ਼ੇਰ ਸਿੰਘ ਦੁਆਰਾ ਲਿਖਿਆ ਲੇਖ 5 ਜਨਵਰੀ 2016 ਨੂੰ ਦੇਸ਼ ਸੇਵਕ ’ਚ ਛਾਪਿਆ ਗਿਆ ਸੀ। ਇਸੇ ਲੇਖ ਨੂੰ ਮੁੜ ਪ੍ਰਕਾਸ਼ਿਤ ਕੀਤਾ ਗਿਆ ਹੈ)

ਗ਼ਰੀਬ ਕਿਸਾਨ ਦੇ ਪੁੱਤਰ, ਸਕੂਲੀ ਵਿੱਦਿਆ ਤੋਂ ਵਾਂਝੇ ਕਾਮਰੇਡ ਰਤਨ ਸਿੰਘ ਕਰੀਬ 9-10 ਕਰੋੜ ਰੁਪਏ ਦੀ ਸੰਪਤੀ ਦਾ ਟਰੱਸਟ ਕਮਿਊਨਿਸਟ ਪਾਰਟੀ ਮਾਰਕਸਵਾਦੀ ਨੂੰ ਭੇਟ ਕਰਕੇ 16 ਦਸੰਬਰ, 2015 ਦੀ ਰਾਤ ਨੂੰ 85 ਸਾਲ ਦੀ ਉਮਰ ਭੋਗ ਕੇ ਆਪਣੇ ਸਾਥੀਆਂ ਨੂੰ ਲਾਲ ਸਲਾਮ ਕਰਕੇ ਸਦਾ ਲਈ ਤੁਰ ਗਏ । ਉਨ੍ਹਾਂ ਦੁਆਰਾ ਸਥਾਪਤ ਕੀਤਾ ਗਿਆ ਟਰੱਸਟ ਹੁਣ ‘ਕਾਮਰੇਡ ਰਤਨ ਸਿੰਘ ਯਾਦਗਾਰੀ ਮਾਰਕਸਵਾਦੀ ਚੇਤਨਾ ਕੇਂਦਰ ਟਰੱਸਟ’ ਵਜੋਂ ਜਾਣਿਆਂ ਜਾਂਦਾ ਹੈ।
ਕਾਮਰੇਡ ਰਤਨ ਸਿੰਘ ਦਾ ਜੀਵਨ ਇਕ ਮਿਸਾਲੀ, ਵਧੀਆ ਇਨਸਾਨ ਤੇ ਪ੍ਰਤੀਬਧ ਕਮਿਊਨਿਸਟ ਦਾ ਸਹੀ ਸੁਮੇਲ ਸੀ। ਉਨ੍ਹਾਂ ਬਚਪਨ ਵਿਚ ਰੁਜ਼ਗਾਰ ਦੀ ਭਾਲ ਵਿਚ ਕਿਸੇ ਸੇਠ ਦੇ ਘਰ ਨੌਕਰੀ ਵੀ ਕੀਤੀ ਤੇ ਚਾਹ ਦੀ ਦੁਕਾਨ ਵੀ ਚਲਾਈ। ਇਸ ਦੌਰਾਨ ਉਹ ਜਿਸ ਭਾਅ ਦੁੱਧ ਉਨ੍ਹਾਂ ਨੂੰ ਪੈਂਦਾ ਉਹੀ ਭਾਅ ਅੱਗੇ ਵੇਚ ਦਿੰਦੇ ਤੇ ਜੇ ਕੁਝ ਉਨ੍ਹਾਂ ਨੂੰ ਬਚਦਾ ਹੋਵੇਗਾ ਤੇ ਉਹ ਉਸ ਦੁੱਧ ਦੀ ਮਲਾਈ। ਉਨ੍ਹਾਂ ਅੰਬਾਲਾ ਰੇਲਵੇ ਸਟੇਸ਼ਨ ’ਤੇ ਹਾਕਰ ਦਾ ਕੰਮ ਵੀ ਕੀਤਾ । ਉਹ ਸੱਚ ਦੀ ਭਾਲ ਵਿਚ ਹਰਿਆਣਾ ਦੇ ਕਿਸੇ ਮੱਠ ਵਿਚ ਸਾਧ ਬਣਨ ਚਲੇ ਗਏ ਪਰ ਉਥੇ ਮੱਠ ਦੇ ਮੁਖੀ ਦੀਆਂ ਕਰਤੂਤਾਂ ਸੁਣ ਕੇ ਬਾਹਰੋਂ ਹੀ ਵਾਪਸ ਮੁੜ ਆਏ। ਕਾਮਰੇਡ ਰਤਨ ਦੀ ਜਗਾਧਰੀ ਸ਼ੂਗਰ ਮਿੱਲ ਵਿਚ ਕੰਮ ਕਰਦਿਆਂ ਸੋਸ਼ਲਿਸਟ ਵਿਚਾਰਾਂ ਨਾਲ ਜਾਣ-ਪਛਾਣ ਹੋਈ। ਉਨ੍ਹਾਂ ਹਿੰਦੀ ਵਿਚ ਰਾਹੁਲ ਸੰਕਰਤਾਇਨ ਦੀਆਂ ਸਮਾਜ ਸਬੰਧੀ ਪੁਸਤਕਾਂ ਪੜ੍ਹੀਆਂ ਅਤੇ ਕਮਿਊਨਿਸਟ ਧਾਰਾ ਨਾਲ ਜੁੜ ਗਏ। ਉਨ੍ਹਾਂ ਸਿੰਚਾਈ ਮਹਿਕਮੇ ਵਿਚ ਨੌਕਰੀ ਕਰਦਿਆਂ ਬਿਜਲੀ ਦੀ ਫਿਟਿੰਗ ਦਾ ਕੰਮ ਸਿਖ ਲਿਆ। ਉਪਰੰਤ ਬਿਜਲੀ ਫਿਟਿੰਗ ਦਾ ਆਪਣਾ ਕੰਮ ਸ਼ੁਰੂ ਕਰ ਲਿਆ। ਬਿਜਲੀ ਦਾ ਕੰਮ ਕਰਦਿਆਂ ਉਹ ਡਾਕਟਰਾਂ, ਵਕੀਲਾਂ ਤੇ ਕਾਰੋਬਾਰੀ ਲੋਕਾਂ ਨਾਲ ਆਪਣੀ ਇਮਾਨਦਾਰੀ ਤੇ ਕੰਮ ਦੀ ਜੁਗਤ ਸਦਕਾ ਸਦੀਵੀ ਰਿਸ਼ਤੇ ਕਾਇਮ ਕਰ ਲੈਂਦੇ ।
ਉਨ੍ਹਾਂ ਆਪਣੀ ਮਰਜ਼ੀ ਨਾਲ ਜੀਵਨ ਸਾਥੀ ਤਾਂ ਲੱਭ ਲਿਆ ਸੀ ਪਰ ਸਾਥੀ ਦੇ ਮਾਪਿਆਂ ਦੇ ਵਿਰੋਧ ਮਗਰੋਂ ਸਾਰੀ ਉਮਰ ਸ਼ਾਦੀ ਨਾ ਕਰਨ ਦਾ ਫੈਸਲਾ ਕਰ ਲਿਆ। ਉਹ ਸਮਾਜਿਕ ਰਿਸ਼ਤਿਆਂ ਵਿਚ ਇੰਨੇ ਨਿੱਘੇ ਸਨ ਕਿ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਆਪਣੀ ਦੋਸਤੀ ਕਾਇਮ ਕਰ ਲੈਂਦੇ। ਕਾਮਰੇਡ ਰਤਨ ਸਿਗਰਟਨੋਸ਼ੀ ਬਹੁਤ ਕਰਦੇ ਸਨ। ਇਕ ਦਿਨ ਕਾਮਰੇਡ ਪਿਆਰਾ ਸਿੰਘ ਦੇ ਪੋਤਰੇ ਨੇ ਉਨ੍ਹਾਂ ਤੋਂ ਸਿਗਰਟ ਮੰਗ ਲਈ, ਜਿਸ ਤੋਂ ਬਾਅਦ ਉਨ੍ਹਾਂ ਨੇ ਸਿਗਰਟ ਪੀਣੀ ਬੰਦ ਕਰ ਦਿੱਤੀ ।
ਉਨ੍ਹਾਂ ਆਪਣੇ ਪਿੰਡ ਹੈਬਤਪੁਰ ਵਿਚ ਨੇੜਲੇ ਸਾਥੀਆਂ ਨਾਲ ਰਲ ਕੇ ਇਕ ਕੋਆਪਰੇਟਿਵ ਸੁਸਾਇਟੀ ਬਣਾ ਕੇ ਟਰੱਕ, ਟਰੈਕਟਰ-ਟਰਾਲੀ ਆਦਿ ਦਾ ਪ੍ਰਬੰਧ ਕੀਤਾ । ਜਿਸ ਨਾਲ ਪਿੰਡ ਦੇ ਸਾਂਝੇ ਕੰਮਾਂ ਨੂੰ ਨੇਪਰੇ ਚਾੜਿ੍ਹਆ ਜਾਂਦਾ ਰਿਹਾ । ਇਸ ਤਰ੍ਹਾਂ ਕਾਮਰੇਡ ਰਤਨ ਨੇ ਪਿੰਡ ਵਿਚ ਕਮਿਊਨਿਸਟ ਪਾਰਟੀ ਦਾ ਪੱਕਾ ਆਧਾਰ ਬਣਾ ਲਿਆ। ਨੇੜਲੇ ਸਾਥੀਆਂ ਬਨਾਰਸੀ ਦਾਸ ਅਤੇ ਮਹਿਮਾ ਸਿੰਘ ਨਾਲ ਜੁੜ ਕੇ ਪਿੰਡ ਪਾਰਟੀ ਦਾ ਮੁੱਢ ਬੰਨਿ੍ਹਆ ਜੋ ਅੱਜ ਵੀ ਕਾਮਰੇਡ ਸ਼ਾਮ ਲਾਲ ਦੀ ਅਗਵਾਈ ’ਚ ਚੜ੍ਹਦੀ ਕਲਾ ਵਿਚ ਹੈ । ਉਹ 10 ਸਾਲ ਪਿੰਡ ਦੇ ਸਰਪੰਚ ਰਹੇ ਤੇ ਪਿੰਡ ਹੈਬਤਪੁਰ ਦੀ ਪੱਕੀ ਸੜਕ ਬਣਵਾਈ । ਉਨ੍ਹਾਂ ਪਿੰਡ ਦੇ ਹਰ ਤਰ੍ਹਾਂ ਦੇ ਵਿਕਾਸ ਕਾਰਜਾਂ ਨੂੰ ਵਿਰੋਧੀਆਂ ਨੂੰ ਨਾਲ ਲੈ ਕੇ ਸਿਰੇ ਚੜ੍ਹਾਇਆ। ਉਨ੍ਹਾਂ ਚੀਮਾ ਭਵਨ ਚੰਡੀਗੜ੍ਹ ਵਿਖੇ ਕਣਕ ਤੇ ਫਰੂਟ ਪਹੁੰਚਾਉਣ ਤੇ ਦੇ ਮਕਸਦ ਨਾਲ ਜ਼ਮੀਨ ਖ਼ਰੀਦੀ ਤੇ ਉਸ ਵਿਚ ਬਾਗ਼ ਲਗਵਾਇਆ। ਉਨ੍ਹਾਂ ਇਸ ਸਥਾਨ (ਡੇਰਾਬੱਸੀ) ’ਤੇ 10 ਸਾਥੀਆਂ ਨੂੰ ਨਾਲ ਲੈ ਕੇ ਇਹ ਥਾਂ ਬਣਾਈ ਤੇ 11ਵਾਂ ਪਲਾਟ ਪਾਰਟੀ ਦੇ ਨਾਂ ਕਰ ਦਿੱਤਾ ਤਾਂ ਜੋ ਇਥੇ ਵੱਡੀਆਂ ਕਾਨਫਰੰਸਾਂ ਹੋ ਸਕਣ। ਇਸੇ ਤਰ੍ਹਾਂ ਉਨ੍ਹਾਂ ਕਲੋਨੀ ਵਿਚ ਮਕਾਨ ਬਣਾ ਕੇ . ਮਾਰਕਸਵਾਦ ਤੇ ਕਮਿਊਨਿਸਟ ਪਾਰਟੀ ਦੇ ਪਸਾਰ ਅਤੇ ਉੱਨਤੀ ਲਈ ਟਰੱਸਟ ਬਣਾ ਕੇ ਆਖ਼ਰੀ ਡਿਊਟੀ ਨਿਭਾਈ। ਸਾਦਾ ਜੀਵਨ ਸ਼ੈਲੀ ਜਾਤ-ਪਾਤ ਤੇ ਗੋਤ ਆਦਿ ਤੋਂ ਨਿਰਲੇਪ ਕਾਮਰੇਡ ਰਤਨ ਸਿੰਘ ਨੇ ਜ਼ਿਲ੍ਹਾ ਪਟਿਆਲਾ ਵਿਚ ਪੰਡਿਤ ਭਾਰਦਵਾਜ, ਬਾਬਾ ਸੁੰਦਰ ਸਿੰਘ, ਗਿਆਨੀ ਮਿਲਖਾ ਸਿੰਘ, ਪ੍ਰੋ. ਬਲਵੰਤ ਸਿੰਘ ਨਾਲ ਰਲ਼ ਕੇ ਪਾਰਟੀ ਦੀਆਂ ਜ਼ਿੰਮੇਵਾਰੀਆਂ ਨਿਭਾਈਆਂ। ਉਹ ਸਦਾ ਜਥੇਬੰਦੀਆਂ ਨੂੰ ਮਜ਼ਬੂਤ ਕਰਨ ’ਤੇ ਜ਼ੋਰ ਦਿੰਦੇ ਤੇ ਇਸੇ ਕਾਰਜ ਨੂੰ ਵਿਅਕਤੀਵਾਦ ’ਤੇ ਧੜੇਬੰਦੀ ਵਰਗੀਆਂ ਬਿਮਾਰੀਆਂ ਦਾ ਇਲਾਜ ਦੱਸਦੇ। ਉਨ੍ਹਾਂ ਐਮਰਜੈਂਸੀ ਦੌਰਾਨ ਮੋਟਰਸਾਈਕਲ ’ਤੇ ਦਿਨ-ਰਾਤ ਪਿੰਡਾਂ ਵਿਚ ਮੀਟਿੰਗਾਂ ਕਰਕੇ ਪਾਰਟੀ ਦੇ ਹੁਕਮ ਨੂੰ ਪਾਲਿਆ ਤੇ ਇਸ ਦੌਰਾਨ ਖਰਚਾ ਵੀ ਆਪਣੀ ਜੇਬ ’ਚੋਂ ਕਰਦੇ ਰਹੇ। ਕਾਮਰੇਡ ਰਤਨ ਸਿੰਘ ਪਾਰਟੀ ਦੇ ਸਟੇਟ ਕੰਟਰੋਲ ਕਮਿਸ਼ਨ ਦੇ ਪ੍ਰਧਾਨ ਰਹੇ । ਇਸੇ ਤਰ੍ਹਾਂ ਉਹ ਜ਼ਿਲ੍ਹਾ ਕਮੇਟੀ ਦੇ ਮਹੱਤਵਪੂਰਨ ਮੈਂਬਰ ਦੇ ਤੌਰ ’ਤੇ ਸੇਵਾ ਨਿਭਾਉਂਦੇ ਰਹੇ। ਕਾਮਰੇਡ ਰਤਨ ਸਿੰਘ ਨੇ 80ਵਿਆਂ ਤੋਂ ਲੈ ਕੇ ਦੋ ਦਹਾਕੇ ਤੱਕ ਕਿਸਾਨੀ ਮਸਲਿਆਂ ਦੇ ਘੋਲਾਂ ’ਚ ਜ਼ਿਲ੍ਹਾ ਪੱਧਰ ’ਤੇ ਅਗਵਾਈ ਕੀਤੀ ਤੇ ਜ਼ਿਲ੍ਹਾ ਪਟਿਆਲਾ ਦੀ ਪੰਜਾਬ ਪੱਧਰ ’ਤੇ ਕਿਸਾਨ ਸਭਾ ਦੀ ਹਿੱਸੇਦਾਰੀ ਨੂੰ ਵੱਡੇ ਪੱਧਰ ’ਤੇ ਵਧਾਇਆ। ਉਨ੍ਹਾਂ ਡੇਰਾਬੱਸੀ ’ਚ ਸੀਆਈਟੀਯੂ ਦੇ ਘੋਲਾਂ ’ਚ ਅਹਿਮ ਯੋਗਦਾਨ ਪਾਇਆ। ਇਸੇ ਤਰ੍ਹਾਂ ਜਦੋਂ ਜਲੰਧਰ ਵਿਖੇ ਸੀਪੀਆਈ (ਐਮ) ਦੀ 10ਵੀਂ ਪਾਰਟੀ ਕਾਂਗਰਸ ਹੋਈ ਤਾਂ ਡੇਰਾਬੱਸੀ ਹਲਕੇ ਦੇ ਵਲੰਟੀਅਰਾਂ ਦੇ ਟਰੱਕਾਂ ਸਮੇਤ ਇਸ ’ਚ ਸ਼ਮੂਲੀਅਤ ਕੀਤੀ। ਕਾਮਰੇਡ ਰਤਨ ਸਿੰਘ ਨੇ ਚੀਮਾ ਭਵਨ ਤੇ ਬਾਬਾ ਸੋਹਣ ਸਿੰਘ ਭਕਨਾ ਭਵਨ ਦੀ ਉਸਾਰੀ ਦੀ ਜ਼ਿੰਮੇਵਾਰੀ ਬਾਖ਼ੂਬੀ ਨਿਭਾਈ। ਡੇਰਾਬਸੀ ਇਲਾਕੇ ’ਚ 1947 ਤੋਂ ਪਹਿਲਾਂ ਰਿਆਸਤ ਕਲਸੀਆ, ਅੰਗਰੇਜ਼ੀ ਇਲਾਕੇ ਦੇ ਵਿਚ ਆਜ਼ਾਦੀ ਦੇ ਘੋਲਾਂ ਦਾ ਸੁਮੇਲ ਸੀ ਤੇ ਪੁਰਾਣੇ ਆਜ਼ਾਦੀ ਘੁਲਾਟੀਏ ਪੰਡਤ ਭਾਰਦਵਾਜ, ਬਾਬਾ ਪਿ੍ਰਥਵੀ ਸਿੰਘ ਆਜ਼ਾਦ, ਬਾਬਾ ਸੁੰਦਰ ਸਿੰਘ ਤੇ ਗਿਆਨੀ ਮਿਲਖਾ ਸਿੰਘ ਦੇ ਨਾਲ ਕੰਮ ਕਰਕੇ ਕਾਮਰੇਡ ਰਤਨ ਸਿੰਘ ਨੇ ਨਵੀਂ ਪੀੜ੍ਹੀ ’ਚ ਪਿਛਲੇ ਆਜ਼ਾਦੀ ਇਤਿਹਾਸ ਦੀ ਲਗਾਤਾਰਤਾ ਨੂੰ ਕਾਇਮ ਕੀਤਾ। ਜਿਸ ਕਰਕੇ ਅੱਜ ਵੀ ਇਸ ਹਲਕੇ ’ਚ ਉਨ੍ਹਾਂ ਘੋਲਾਂ ਤੇ ਪ੍ਰਾਪਤੀਆਂ ਦੇ ਵਾਰਸ ਵਜੋਂ ਪਾਰਟੀ ਦਾ ਆਧਾਰ ਕਾਇਮ ਹੈ।
ਅਸੀਂ ਇਸ ਇਤਿਹਾਸ ਦੇ ਵਾਰਸ ਵਜੋਂ ਕਾਮਰੇਡ ਰਤਨ ਸਿੰਘ ਤੋਂ ਪ੍ਰੇਰਣਾ ਲੈ ਕੇ ਪਾਰਟੀ ਤੇ ਸਮਾਜ ਨੂੰ ਉਸਾਰੂ ਅਤੇ ਨਵੀਆਂ ਉਚਾਈਆਂ ’ਤੇ ਲੈ ਜਾਣ ਦਾ ਪ੍ਰਣ ਕਰਦੇ ਹਾਂ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ