Saturday, July 27, 2024  

ਸੰਪਾਦਕੀ

ਸ਼ਾਹਜਹਾਨ ਸ਼ੇਖ ਦੀ ਗ੍ਰਿਫ਼ਤਾਰੀ

March 01, 2024

ਸੰਦੇਸ਼ਖਾਲੀ ’ਚ ਵਾਪਰੀਆਂ ਘਟਨਾਵਾਂ ਦੇ ਸਿਆਸੀ ਆਯਾਮ

ਪਿਛਲੇ ਲਗਭਗ 2 ਮਹੀਨੇ ਤੋਂ ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲ੍ਹੇ ’ਚ ਪੈਂਦੇ ਸੁੰਦਰਬਨ ਡੈਲਟਾ ਦਾ ਇੱਕ ਛੋਟਾ ਜਿਹਾ ਪਿੰਡ ਸੰਦੇਸ਼ਖਾਲੀ ਸੁਰਖ਼ੀਆਂ ’ਚ ਬਣਿਆ ਰਿਹਾ ਹੈ ਅਤੇ ਇਸ ਨਾਲ ਜੁੜੇ ਪ੍ਰਭਾਵਸ਼ਾਲੀ ਵਿਅਕਤੀ ਸ਼ਾਹਜਹਾਨ ਸ਼ੇਖ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਹੁੰਦਾ ਰਿਹਾ ਹੈ, ਜਿਨ੍ਹਾਂ ਨੂੰ ਹੁਣ 55 ਦਿਨ ਬਾਅਦ ਪਿਛਲੇ ਵੀਰਵਾਰ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰੀ ਬਾਅਦ ਤ੍ਰਿਣਮੂਲ ਕਾਂਗਰਸ ਨੇ ਸ਼ਾਹਜਹਾਨ ਸ਼ੇਖ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਹੈ। ਇਸ ਵਿੱਚ ਕੇਂਦਰ ਦੀ ਏਜੰਸੀ, ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ), ਦੀ ਵੀ ਵਿਸ਼ੇਸ਼ ਭੁਮਿਕਾ ਰਹੀ ਹੈ। ਈਡੀ ਦੁਆਰਾ ਸੰਦੇਸ਼ਖਾਲੀ ਵਿੱਚ ਸ਼ਾਹਜਹਾਨ ਸ਼ੇਖ ਦੇ ਘਰ ’ਤੇ ਮਾਰੇ ਗਏ ਛਾਪੇ ਕਰਕੇ ਹੀ ਇਹ ਇਲਾਕਾ ਸੁਰਖੀਆਂ ’ਚ ਆਇਆ ਸੀ। ਤ੍ਰਿਣਮੂਲ ਕਾਂਗਰਸ ਦੇ ਸਥਾਨਕ ਪ੍ਰਭਾਵਸ਼ਾਲੀ ਆਗੂ ਸ਼ਾਹਜਹਾਨ ਸ਼ੇਖ ਦੇ ਘਰ ’ਤੇ ਈਡੀ ਨੇ ਰਾਜ ਦੀ ਜਨਤਕ ਵੰਡ ਪ੍ਰਣਾਲੀ ’ਚ ਹੋਈਆਂ ਅਖੌਤੀ ਬੇਕਾਇਦਗੀਆਂ ਲਈ ਚੱਲ ਰਹੀ ਜਾਂਚ ਦੇ ਸੰਬੰਧ ’ਚ ਛਾਪਾ ਮਾਰਿਆ ਸੀ। 5 ਜਨਵਰੀ ਨੂੰ ਮਾਰੇ ਗਏ ਇਸ ਛਾਪੇ ਦੌਰਾਨ ਸ਼ਾਹਜਹਾਨ ਸ਼ੇਖ ਦੇ ਸਮਰਥਕਾਂ ਨੇ ਈਡੀ ਦੀ ਟੀਮ ’ਤੇ ਹਮਲਾ ਬੋਲਿਆ ਅਤੇ ਤਿੰਨ ਅਧਿਕਾਰੀਆਂ ਨੂੰ ਜ਼ਖ਼ਮੀ ਕਰ ਦਿੱਤਾ। ਕਿਹਾ ਜਾਂਦਾ ਹੈ ਕਿ ਇਸ ਹਮਲੇ ਦੌਰਾਨ ਹੀ ਸ਼ਹਾਜਹਾਨ ਸ਼ੇਖ ਬਚ ਨਿਕਲਣ ’ਚ ਕਾਮਯਾਬ ਰਿਹਾ ਸੀ। ਸ਼ਾਹਜਹਾਨ ਸ਼ੇਖ ’ਤੇ ਪਏ ਛਾਪੇ ਕਾਰਨ ਉਸ ਦੀ ਸਾਖ਼ ਨੂੰ ਧੱਕਾ ਲੱਗਾ ਸੀ ਪਰ ਇਸ ਨਾਲ ਹੀ ਸਿਆਸਤ ਵੀ ਸ਼ੁਰੂ ਹੋ ਗਈ । 8 ਫਰਵਰੀ ਨੂੰ ਹੀ ਕੁੱਛ ਸਥਾਨਕ ਔਰਤਾਂ ਨੇ ਝਾੜੂ ਅਤੇ ਡੰਡੇ ਲੈ ਕੇ ਸੰਦੇਸ਼ਖਾਲੀ ਦੀ ਮੁੱਖ ਸੜਕ ਨੂੰ ਜਾਮ ਕਰ ਦਿੱਤਾ ਅਤੇ ਸ਼ੇਖ ਸ਼ਾਹਜਹਾਨ ਅਤੇ ਉਸ ਦੇ ਦੋ ਖ਼ਾਸ ਸਹਿਯੋਗੀਆਂ, ਸ਼ਿਬੂ ਹਾਜਰਾ ਅਤੇ ਉੱਤਮ ਸਰਦਾਰ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ। ਔਰਤਾਂ ਨੇ ਉਨ੍ਹਾਂ ’ਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਵੀ ਲਾਏ। ਅਗਲੇ ਹੀ ਦਿਨ ਮੁਜ਼ਹਾਰਾਕਾਰੀ ਔਰਤਾਂ ਨੇ ਹਾਜਰਾ ਦੀ ਮਲਕੀਅਤ ’ਤੇ ਹਮਲਾ ਕਰਕੇ ਉਸ ਦੇ ਪੋਲਟਰੀ ਫਾਰਮ ਨੂੰ ਅੱਗ ਲਗਾ ਦਿੱਤੀ। ਉਨ੍ਹਾਂ ਦਾ ਕਹਿਣਾ ਸੀ ਕਿ ਪੋਲਟਰੀ ਫਾਰਮ ਧੱਕੇ ਨਾਲ ਹਥਿਆਈ ਜ਼ਮੀਨ ’ਤੇ ਸਥਾਪਤ ਕੀਤਾ ਗਿਆ ਹੈ।
ਸੰਦੇਸ਼ਖਾਲੀ ਸੁੰਦਰਬਨ ਡੈਲਟਾ ਦੇ ਸੈਂਕੜਿਆਂ ਟਾਪੂਆਂ ’ਚੋਂ ਇੱਕ ਹੈ ਜੋ ਕਿ ਦਰਿਆਵਾਂ, ਨਦੀਆਂ ਅਤੇ ਜਲਮਾਰਗਾਂ ਨਾਲ ਘਿਰਿਆ ਹੋਇਆ ਹੈ। ਇਹ ਮੱਛੀ ਪਾਲਣ ਲਈ ਬਹੁਤ ਅਨੁਕੂਲ ਥਾਂ ਹੈ। ਇਸ ਦੀ ਆਬਾਦੀ ’ਚ ਮਾਛੀਆਂ, ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀਆਂ ਦਾ ਵੱਡਾ ਹਿੱਸਾ ਹੈ। ਕਿਸੇ ਸਮੇਂ ਇਹ ਤਿਭਾਗਾ ਲਹਿਰ ਦਾ ਕੇਂਦਰ ਰਿਹਾ ਹੈ। ਇਸ ਲਹਿਰ ਰਾਹੀਂ ਕਿਸਾਨਾਂ ਨੇ ਖੇਤੀ ਉਪਜ ’ਚ ਆਪਣਾ ਹਿੱਸਾ ਵਧਾਉਣ ਦੀ ਮੰਗ ਕੀਤੀ ਸੀ। ਖੱਬੇ-ਪੱਖੀ ਮਹਾਜ਼ ਦੀ ਸਰਕਾਰ ਦੇ ਸਮੇਂ ’ਚ ਇੱਥੋਂ ਦੀ ਆਬਾਦੀ ਨੂੰ ਜ਼ਮੀਨੀ ਮਾਲਕੀਆਂ ਦਿੱਤੀਆਂ ਗਈਆਂ ਸਨ, ਜਿਸ ਲਈ ਉਨ੍ਹਾਂ ਨੇ ਖੱਬੇ ਮਹਾਜ਼ ਦੀ ਡਟ ਕੇ ਹਿਮਾਇਤ ਕੀਤੀ ਸੀ। 2016 ’ਚ ਇਸ ਇਲਾਕੇ ’ਚ ਤ੍ਰਿਣਮੂਲ ਕਾਂਗਰਸ ਦਾ ਦਬਦਬਾ ਬਣਿਆ ਅਤੇ ਇੱਥੋਂ ਮੁਸਲਿਮ ਆਬਾਦੀ ਨੇ ਖੁੱਲ੍ਹ ਕੇ ਵੋਟਾਂ ਪਾਈਆਂ। 2013 ’ਚ ਸ਼ੇਖ ਸ਼ਾਹਜਹਾਨ ਤ੍ਰਿਣਮੂਲ ਕਾਂਗਰਸ ਦਾ ਮੈਂਬਰ ਬਣ ਗਿਆ ਸੀ। ਜ਼ਿਲ੍ਹੇ ਦੇ ਮਛਲੀ ਵਿਕਾਸ ਵਿਭਾਗ ਦੇ ਮੁਖੀ ਵਜੋਂ ਉਸ ਨੇ ਅਖੌਤੀ ਤੌਰ ’ਤੇ ਕਿਸਾਨਾਂ ਦੀਆਂ ਜ਼ਮੀਨਾਂ ਮੱਲਣੀਆਂ ਸ਼ੁਰੂ ਕੀਤੀਆਂ ਅਤੇ ਉਨ੍ਹਾਂ ਨੂੰ ਲਾਭਕਾਰੀ ਮੱਛੀ ਫਾਰਮਾਂ ’ਚ ਬਦਲਣਾ ਸ਼ੁਰੂ ਕੀਤਾ ਅਤੇ ਜਿਨ੍ਹਾਂ ਨੇ ਵਿਰੋਧ ਕੀਤਾ, ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ। ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤਹਿਤ ਸ਼ਾਹਜਹਾਨ ਸ਼ੇਖ ਦੇ ਖ਼ਾਸ ਸਹਿਯੋਗੀਆਂ, ਸ਼ਿਬੂ ਹਾਜਰਾ ਅਤੇ ਉੱਤਮ ਸਰਦਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਦੋਂ ਕਿ ਸ਼ਾਹਜਹਾਨ ਫ਼ਰਾਰ ਰਿਹਾ । ਔਰਤਾਂ ਦੁਆਰਾ ਲਾਏ ਗਏ ਦੋਸ਼ਾਂ ਦੀ ਬੰਗਾਲ ਪੁਲਿਸ ਨੇ ਖ਼ਾਸ ਸੁਣਵਾਈ ਨਹੀਂ ਕੀਤੀ। ਇਸ ਤਰ੍ਹਾਂ ਇੱਕ ਅਜਿਹੀ ਸਥਿਤੀ ਉੱਭਰ ਆਈ, ਜਿਸ ’ਚ ਭਾਰਤੀ ਜਨਤਾ ਪਾਰਟੀ ਨੂੰ ਸਿਆਸੀ ਲਾਹਾ ਹਾਸਲ ਕਰਨ ਦੀ ਸੰਭਾਵਨਾ ਨਜ਼ਰ ਆਈ। ਭਾਰਤੀ ਜਨਤਾ ਪਾਰਟੀ ਨੇ ਆਪਣੇ ਮਾਅਰਕੇ ਦੀ ਸਿਆਸਤ ਚਲਾਈ ਅਤੇ ਮੌਕੇ ’ਤੇ ਸਿੱਖ ਆਈਪੀਐਸ ਅਫ਼ਸਰ ਨੂੰ ਖ਼ਾਲਿਸਤਾਨੀ ਵੀ ਕਿਹਾ ਗਿਆ। 2011 ਦੀ ਮਰਦਮਸ਼ੁਮਾਰੀ ਅਨੁਸਾਰ ਸੰਦੇਸ਼ਖਾਲੀ ਦੀ ਆਬਾਦੀ ’ਚ 49 ਪ੍ਰਤੀਸ਼ਤ ਹਿੰਦੂ, 30 ਪ੍ਰਤੀਸ਼ਤ ਮੁਸਲਿਮ ਅਤੇ 15 ਪ੍ਰਤੀਸ਼ਤ ਇਸਾਈ ਹਨ। ਭਾਰਤੀ ਜਨਤਾ ਪਾਰਟੀ ਨੂੰ ਆਸ ਹੈ ਕਿ ਉਹ ਆਪਣੀ ਧਰੁਵੀਕਰਨ ਦੀ ਰਾਜਨੀਤੀ ਨੂੰ ਸੰਦੇਸ਼ਖਾਲੀ ਰਾਹੀਂ ਸਮੁੱਚੇ ਬੰਗਾਲ ’ਚ ਹਾਵੀ ਕਰ ਸਕੇਗੀ ਅਤੇ ਲੋਕ ਸਭਾ ਦੀਆਂ ਆਗਾਮੀ ਚੋਣਾਂ ’ਚ ਇਸ ਦਾ ਪੂਰਾ ਸਿਆਸੀ ਲਾਹਾ ਲੈ ਸਕੇਗੀ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ