ਰੈਲੀ ਦਾ ਨਿਸ਼ਾਨਾ ਜਮਹੂਰੀਅਤ ਤੇ ਸੰਵਿਧਾਨ ਦੀ ਰਾਖੀ : ਕਾਂਗਰਸ
ਏਜੰਸੀਆਂ
ਨਵੀਂ ਦਿੱਲੀ/30 ਮਾਰਚ : ‘ਇੰਡੀਆ’ ਗੱਠਜੋੜ ਵੱਲੋਂ 31 ਮਾਰਚ ਨੂੰ ਨਵੀਂ ਦਿੱਲੀ ਵਿਖੇ ਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ ਵਿੱਚ ਇੰਡੀਆ ਗੱਠਜੋੜ ’ਚ ਸ਼ਾਮਲ ਪਾਰਟੀਆਂ ਦੇ ਪ੍ਰਮੁੱਖ ਆਗੂ ਹਿੱਸਾ ਲੈਣਗੇ।
ਅੱਜ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ‘ਇੰਡੀਆ’ ਗੱਠਜੋੜ ਦੀ ‘ਲੋਕਤੰਤਰ ਬਚਾਓ ਰੈਲੀ’ ਦਾ ਮਕਸਦ ਕਿਸੇ ਵਿਅਕਤੀ ਨੂੰ ਬਚਾਉਣਾ ਨਹੀਂ, ਸਗੋਂ ਸੰਵਿਧਾਨ ਅਤੇ ਲੋਕਤੰਤਰ ਨੂੰ ਬਚਾਉਣਾ ਹੈ । ਐਤਵਾਰ ਨੂੰ ਹੋਣ ਵਾਲੀ ਰੈਲੀ ਲੋਕ ਕਲਿਆਣ ਮਾਰਗ (ਜਿੱਥੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ਸਥਿਤ ਹੈ) ਨੂੰ ‘ਮਜ਼ਬੂਤ ਸੰਦੇਸ਼’ ਦੇਵੇਗੀ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਸਰਕਾਰ ਦਾ ਸਮਾਂ ਪੂਰਾ ਹੋ ਗਿਆ ਹੈ ।
ਪ੍ਰੈਸ ਕਾਨਫਰੰਸ ਦੌਰਾਨ ਜੈਰਾਮ ਰਮੇਸ਼ ਨੇ ਕਿਹਾ ਕਿ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਹੋਰ ਸੀਨੀਅਰ ਨੇਤਾ ਇਸ ਰੈਲੀ ਨੂੰ ਸੰਬੋਧਨ ਕਰਨਗੇ ।
ਰਮੇਸ਼ ਨੇ ਕਿਹਾ, ‘ਇਹ ਕਿਸੇ ਵਿਅਕਤੀ ਵਿਸ਼ੇਸ਼ ਦੀ ਰੈਲੀ ਨਹੀਂ ਹੈ । ਇਸ ਲਈ ਇਸ ਨੂੰ ਲੋਕਤੰਤਰ ਬਚਾਓ ਰੈਲੀ ਕਿਹਾ ਜਾ ਰਿਹਾ ਹੈ । ਇਹ ਕਿਸੇ ਇੱਕ ਪਾਰਟੀ ਦੀ ਰੈਲੀ ਨਹੀਂ ਹੈ, ਇਸ ਵਿੱਚ ਕਰੀਬ 27-28 ਪਾਰਟੀਆਂ ਸ਼ਾਮਲ ਹਨ । ਇਸ ਰੈਲੀ ਵਿੱਚ ‘ਇੰਡੀਆ’ ਗਠਜੋੜ ਦੇ ਸਾਰੇ ਆਗੂ ਹਿੱਸਾ ਲੈਣਗੇ।
ਜੈਰਾਮ ਰਮੇਸ਼ ਨੇ ਕਿਹਾ ਕਿ ਇੰਡੀਆ ਗੱਠਜੋੜ ਨੇ 17 ਮਾਰਚ ਨੂੰ ਮੁੰਬਈ ਵਿੱਚ ਆਪਣਾ ਲੋਕ ਸਭਾ ਚੋਣਾਂ ਦਾ ਬਿਗੁਲ ਵਜਾਇਆ ਸੀ ਅਤੇ ਇਹ ਰੈਲੀ ਉਸ ਦਾ ਦੂਸਰਾ ਚੁਣਾਵੀ ਬਿਗੁਲ ਹੈ। ਉਨ੍ਹਾਂ ਕਿਹਾ ਕਿ ਇਸ ਰੈਲੀ ਨਾਲ ਗੱਠਜੋੜ ’ਚ ਇੱਕਜੁਟਤਾ ਤੇ ਏਕਤਾ ਦਾ ਸੁਨੇਹਾ ਵੀ ਜਾਵੇਗਾ। ਉਨ੍ਹਾਂ ਕਿਹਾ ਕਿ ਰੈਲੀ ਵਿੱਚ ਵਿਰੋਧੀ ਨੇਤਾ ਆਮ ਚੀਜ਼ਾਂ ਦੀਆਂ ਵਧ ਰਹੀਆਂ ਕੀਮਤਾਂ, 45 ਸਾਲ ’ਚ ਸਭ ਤੋਂ ਉਪਰ ਪਹੁੰਚੀ ਬੇਰੁਜ਼ਗਾਰੀ ਦਰ, ਆਰਥਿਕ ਨਾ ਬਰਾਬਰੀ, ਸਮਾਜਿਕ ਧਰੁਵੀਕਰਨ ਤੇ ਕਿਸਾਨਾਂ ਖ਼ਿਲਾਫ਼ ਹੋ ਰਹੇ ਅਨਿਆ ਦੇ ਮੁੱਦੇ ਉਠਾਏ ਜਾਣਗੇ।
ਉਨ੍ਹਾਂ ਕਿਹਾ ਕਿ ਇੱਕ ਹੋਰ ਪ੍ਰਮੁੱਖ ਮੁੱਦਾ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰ ਕੇ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ ਦਾ ਵੀ ਹੋਵੇਗਾ।
ਰਮੇਸ਼ ਨੇ ਦੋਸ਼ ਲਾਇਆ ਕਿ ਵਿਰੋਧੀ ਦਲਾਂ ਨੂੰ ਰਾਜਨੀਤਿਕ ਰੂਪ ਵਿੱਚ ਨਿਸ਼ਾਨਾ ਬਣਾਉਣ ਦੀਆਂ ਕੋਸ਼ਿਸ਼ਾਂ ਵਿੱਚ ਦੋ ਮੁੱਖ ਮੰਤਰੀਆਂ ਅਤੇ ਕਈ ਮੰਤਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।