ਸ੍ਰੀ ਫ਼ਤਹਿਗੜ੍ਹ ਸਾਹਿਬ/1 ਅਪ੍ਰੈਲ:
(ਰਵਿੰਦਰ ਸਿੰਘ ਢੀਂਡਸਾ)
ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅਦਰਸ਼ ਚੋਣ ਜ਼ਾਬਤਾ ਯਕੀਨੀ ਬਣਾਉਣ ਹਿਤ ਜ਼ਿਲ੍ਹੇ ਵਿੱਚ 21 ਸੈਕਟਰ ਅਫ਼ਸਰ ਤਾਇਨਾਤ ਕੀਤੇ ਗਏ ਹਨ ਤੇ ਜ਼ਿਲ੍ਹੇ ਦੇ ਹਰ ਵਿਧਾਨ ਸਭਾ ਹਲਕੇ ਵਿੱਚ ਤਿੰਨ ਤਿੰਨ ਟੀਮਾਂ ਤਾਇਨਾਤ ਹਨ, ਜਿਹੜੀਆਂ ਕਿ 24 ਘੰਟੇ ਆਵਾਜਾਈ ਉੱਤੇ ਨਜ਼ਰ ਰੱਖ ਰਹੀਆਂ ਹਨ ਤੇ ਕਿਸੇ ਵੀ ਕਿਸਮ ਦੀ ਉਲੰਘਣਾ ਜਾਂ ਸ਼ਿਕਾਇਤ ਬਾਬਤ ਫੌਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਂਦੀ ਹੈ।ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜੇਕਰ ਕਿਤੇ ਵੀ ਅਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਹੁੰਦੀ ਹੈ ਤਾਂ ਉਸ ਸਬੰਧੀ ਸ਼ਿਕਾਇਤ ਜਾਂ ਚੋਣਾਂ ਸਬੰਧੀ ਕੋਈ ਹੋਰ ਸ਼ਿਕਾਇਤ ਸੀ.ਵਿਜਲ ਐਪ ਉੱਤੇ ਕੀਤੀ ਜਾ ਸਕਦੀ ਹੈ। ਚੋਣਾਂ ਸਬੰਧੀ ਜਾਣਕਾਰੀ ਨੰਬਰ 1950 ਉੱਤੇ ਲਈ ਜਾ ਸਕਦੀ ਹੈ।ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਇਸ ਵਾਰ ਵੋਟਿੰਗ 70 ਫ਼ੀਸਦ ਤੋਂ ਵੱਧ ਕਰਵਾਉਣ ਦਾ ਟੀਚਾ ਹੈ। ਇਹ ਤਾਂ ਹੀ ਸੰਭਵ ਹੈ ਜੇਕਰ ਲੋਕ ਵੱਧ ਚੜ੍ਹ ਕੇ ਵੋਟ ਪਾਉਣ ਦੇ ਅਪਣੇ ਹੱਕ ਦੀ ਵਰਤੋਂ ਕਰਨ। ਉਹਨਾਂ ਦੱਸਿਆ ਕਿ ਨਾਮਜ਼ਦਗੀਆਂ 07 ਮਈ ਤੋਂ 14 ਮਈ ਤਕ ਹੋਣੀਆਂ ਹਨ ਤੇ ਵੋਟਾਂ 01 ਜੂਨ ਨੂੰ ਪੈਣ ਉਪਰੰਤ ਨਤੀਜੇ 04 ਜੂਨ ਨੂੰ ਆਉਣੇ ਹਨ।ਜ਼ਿਲ੍ਹਾ ਚੋਣ ਅਫ਼ਸਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਚੋਣ ਕਮਿਸ਼ਨ ਵੱਲੋਂ ਸਮੇਂ-ਸਮੇਂ 'ਤੇ ਜਾਰੀ ਹੁੰਦੀਆਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ।