30 ਲੱਖ ਖਰਚ ਕੇ ਕਨੇਡਾ ਭੇਜੀ ਪੋਤ ਨੂੰਹ ਵੱਲੋਂ ਪੋਤੇ ਨੂੰ ਕਨੇਡਾ ਨਾ ਸੱਦਣ ਤੋਂ ਤੰਗ ਆ ਕੇ ਖੁਦਕਸ਼ੀ ਕਰਨ ਦੇ ਦੋਸ਼
ਸ੍ਰੀ ਫ਼ਤਹਿਗੜ੍ਹ ਸਾਹਿਬ/ 2 ਅਪ੍ਰੈਲ (ਰਵਿੰਦਰ ਸਿੰਘ ਢੀਂਡਸਾ) : ਭਾਖੜਾ ਨਹਿਰ 'ਚ ਛਾਲ ਮਾਰ ਕੇ ਕਥਿਤ ਤੌਰ 'ਤੇ ਖੁਦਕਸ਼ੀ ਕਰ ਗਏ ਸੁੱਚਾ ਸਿੰਘ(72) ਵਾਸੀ ਪਿੰਡ ਮੰਢੌਰ ਦੀ ਮੌਤ ਦੇ ਮਾਮਲੇ 'ਚ ਪੁਲਿਸ ਵੱਲੋਂ ਮਿ੍ਰਤਕ ਦੀ ਕਨੇਡਾ ਗਈ ਪੋਤ ਨੂੰਹ ਸਣੇ ਛੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤੇ ਜਾਣ ਦਾ ਸਮਾਚਾਰ ਹੈ।ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮਿ੍ਰਤਕ ਸੁੱਚਾ ਸਿੰਘ ਦੇ ਲੜਕੇ ਦਵਿੰਦਰ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸਦੇ ਭਰਾ ਹਰਦੀਪ ਸਿੰਘ ਦੀ ਮੌਤ ਹੋ ਚੁੱਕੀ ਹੈ ਜਿਸ ਦੇ ਲੜਕੇ ਜਸ਼ਨਪ੍ਰੀਤ ਦਾ ਵਿਆਹ ਮਿਤੀ 14/7/23 ਨੂੰ ਤਰਲੋਚਨ ਸਿੰਘ ਵਾਸੀ ਪਿੰਡ ਖਿਜ਼ਰਾਬਾਦ(ਮੋਹਾਲੀ) ਦੀ ਲੜਕੀ ਹਰਸਿਮਰਨ ਕੌਰ ਨਾਲ ਹੋਇਆ ਸੀ ਜਿਨਾਂ ਦਾ ਰਿਸ਼ਤਾ ਪੱਕਾ ਕਰਨ ਸਮੇਂ ਲੜਕੀ ਵਾਲਿਆਂ ਨੇ ਕਿਹਾ ਸੀ ਕਿ ਉਨਾਂ ਦੀ ਲੜਕੀ ਹਰਸਿਮਰਨ ਕੌਰ ਆਈਲੈਟਸ ਪਾਸ ਹੈ ਤੇ ਜੇਕਰ ਜਸ਼ਨਪ੍ਰੀਤ ਦਾ ਪਰਿਵਾਰ ਹਰਸਿਮਰਨ ਕੌਰ ਨੂੰ ਕਨੇਡਾ ਭੇਜਣ ਦਾ ਖਰਚਾ ਕਰੇਗਾ ਤਾਂ ਉਨਾਂ ਦੀ ਲੜਕੀ ਜਸ਼ਨਪ੍ਰੀਤ ਸਿੰਘ ਨੂੰ ਕਨੇਡਾ ਲੈ ਜਾਵੇਗੀ।ਸ਼ਿਕਾਇਤਕਰਤਾ ਨੇ ਦੱਸਿਆ ਕਿ ਜਸ਼ਨਪ੍ਰੀਤ ਦੀ ਮਾਤਾ ਪ੍ਰੇਮਜੀਤ ਕੌਰ ਨੇ 30 ਲੱਖ ਰੁਪਏ ਖਰਚ ਕੇ ਹਰਸਿਮਰਨ ਕੌਰ ਨੂੰ ਕਨੇਡਾ ਭੇਜ ਦਿੱਤਾ ਪਰ ਕਨੇਡਾ ਜਾ ਕੇ ਹਰਸਿਮਰਨ ਕੌਰ ਨੇ ਉਨਾਂ ਦੇ ਪਰਿਵਾਰ ਨਾਲੋਂ ਸੰਪਰਕ ਤੋੜ ਲਿਆ ਤੇ ਜਦੋਂ ਉਸਦੇ ਪਰਿਵਾਰ ਨਾਲ ਸੰਪਰਕ ਕੀਤਾ ਗਿਆ ਤਾਂ ਉਨਾਂ ਕਿਹਾ ਕਿ ਸਾਡੀ ਲੜਕੀ ਤੁਹਾਡੇ ਮੁੰਡੇ ਨੂੰ ਕਨੇਡਾ ਨਹੀਂ ਲੈ ਕੇ ਜਾਵੇਗੀ ਤੇ ਨਾ ਹੀ ਅਸੀਂ ਤੁਹਾਡੇ ਪੈਸੇ ਵਾਪਸ ਕਰਨੇ ਹਨ ਜਿਸ ਨੂੰ ਸੁਣ ਕੇ ਉਸਦੇ ਬਜ਼ੁਰਗ ਪਿਤਾ ਸੁੱਚਾ ਸਿੰਘ ਟੈਨਸ਼ਨ 'ਚ ਰਹਿਣ ਲੱਗ ਪਏ ਜੋ ਕਿ ਅਕਸਰ ਹੀ ਕਹਿੰਦੇ ਸਨ ਕਿ ਹਰਸਿਮਰਨ ਕੌਰ ਅਤੇ ਉਸਦੇ ਪਰਿਵਾਰ ਨੇ ਸਾਡੇ ਨਾਲ ਧੋਖਾ ਕੀਤਾ ਹੈ ਤੇ ਮੇਰੀ ਮੌਤ ਲਈ ਉਕਤ ਸਾਰੇ ਵਿਅਕਤੀ ਹੀ ਜ਼ਿੰਮੇਵਾਰ ਹੋਣਗੇ।ਬੀਤੀ 26 ਮਾਰਚ ਨੂੰ ਉਸਦੇ ਪਿਤਾ ਸੁੱਚਾ ਸਿੰਘ ਜੋ ਕਿ ਲੱਤਾਂ ਤੋਂ ਅਪਾਹਜ ਸਨ ਆਪਣੀ ਹੈਂਡੀਕੈਪਡ ਸਕੂਟਰੀ ਤੇ ਘਰੋਂ ਚਲੇ ਗਏ ਤੇ ਮੁੜ ਵਾਪਸ ਨਹੀਂ ਆਏ ਜਿਨਾਂ ਦੀ ਲਾਸ਼ ਬੀਤੇ ਕੱਲ੍ਹ ਭਾਖੜਾ ਨਹਿਰ ਦੀ ਨਰਵਾਣਾ ਬ੍ਰਾਂਚ 'ਚ ਪਿੰਡ ਜੈਨਗਰ ਨੇੜਿਓਂ ਮਿਲੀ ਹੈ।ਸ਼ਿਕਾਇਕਰਤਾ ਦੇ ਬਿਆਨਾਂ 'ਤੇ ਥਾਣਾ ਸਰਹਿੰਦ ਦੀ ਪੁਲਿਸ ਨੇ ਹਰਸਿਮਰਨ ਕੌਰ,ਕਰਮਜੀਤ ਕੌਰ,ਤਰਲੋਚਨ ਸਿੰਘ,ਗੁਰਪ੍ਰੀਤ ਸਿੰਘ,ਪਿਆਰਾ ਸਿੰਘ ਅਤੇ ਕੁਲਵਿੰਦਰ ਸਿੰਘ ਵਿਰੁੱਧ ਅ/ਧ 306,120ਬੀ ਆਈ.ਪੀ.ਸੀ. ਤਹਿਤ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।