ਗਿੱਦੜਬਾਹਾ, 2 ਅਪ੍ਰੈਲ (ਸੁਰਿੰਦਰ ਸਿੰਘ ਚੱਠਾ) : ਪਿੰਡ ਦੋਦਾ ਦੀ ਦਾਣਾ ਮੰਡੀ ’ਚ ਖੜ੍ਹੇ ਅਣਪਛਾਤੇ ਟਰੱਕ ਦੀ ਸੂਚਨਾ ਮਿਲਣ ’ਤੇ ਪੁਲਿਸ ਵੱਲੋਂ ਤਰੁੰਤ ਹਰਕਤ ’ਚ ਆਉਦਿਆਂ ਖੜ੍ਹੇ ਸ਼ੱਕੀ ਟਰੱਕ ਨੂੰ ਆਪਣੇ ਕਬਜੇ ’ਚ ਲੈ ਕੇ ਮੁੱਢਲੀ ਜਾਂਚ ਕਰਨ ਉਪਰੰਤ ਅੱਜ ਸਵੇਰੇ ਜੇ.ਸੀ.ਬੀ. ਦੀ ਮੱਦਦ ਨਾਲ ਖਾਲੀ ਕਰਦਿਆਂ ਬਰੀਕੀ ਨਾਲ ਜਾਂਚ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਗਿਦੜਬਾਹਾ ਜਸਵੀਰ ਸਿੰਘ ਪੰਨੂੰ ਨੇ ਦੱਸਿਆ ਕਿ ਪੁਲਿਸ ਅਤੇ ਸਿਵਲ ਪ੍ਰਸ਼ਾਸ਼ਨ ਦੇ ਉੱਚ ਅਧਿਕਾਰੀਆਂ ਨੂੰ ਪਿਛਲੇ ਕਈ ਦਿਨਾਂ ਤੋਂ ਦੋਦਾ ਦਾਣਾ ਮੰਡੀ ’ਚ ਖੜ੍ਹੇ ਅਣਪਛਾਤੇ ਸ਼ੱਕੀ ਟਰੱਕ ਨੰਬਰ ਆਰ.ਜੇ. 07 ਜੀ.ਏ.9604ਦੀ ਸੂਚਨਾ ਦਿੱਤੀ ਗਈ ਸੀ। ਜਿਸ ’ਤੇ ਪੁਲਿਸ ਵੱਲੋਂ ਤਰੁੰਤ ਦਾਣਾ ਮੰਡੀ ਪਹੁੰਚ ਕੇ ਕਾਰਵਾਈ ਕਰਦਿਆਂ ਟਰੱਕ ਨੂੰ ਆਪਣੇ ਕਬਜੇ ਲਿਆ ਗਿਆ, ਜਿਸ ’ਚ ਕੋਈ ਗੈਰਕਾਨੂੰਨੀ ਸਮਾਨ ਹੋਣ ਦਾ ਸ਼ੱਕ ਸੀ। ਉਨਾਂ ਦੱਸਿਆ ਕਿ ਅੱਜ ਸਵੇਰੇ ਚੋਣ ਕਮਿਸ਼ਨ ਅਧਿਕਾਰੀਆਂ ਅਤੇ ਡਿਊਟੀ ਮਜਿਸਟੇਟ ਨਾਇਬ ਤਹਿਸੀਲਦਾਰ ਦੋਦਾ ਦੀ ਨਿਗਰਾਨੀ ਹੇਠ ਅਣਪਛਾਤੇ ਟਰੱਕ ਜਿਸ ’ਚ ਲੋਹੇ ਦੇ ਸਮਾਨ ਦਾ ਕਬਾੜ ਭਰਿਆ ਹੋਇਆ ਸੀ ਨੂੰ ਕਈ ਘੰਟਿਆਂ ਦੀ ਮਿਹਨਤ ਉਪਰੰਤ ਜੇ.ਸੀ.ਬੀ. ਦੀ ਮੱਦਦ ਨਾਲ ਖਾਲੀ ਕਰਵਾਇਆ ਗਿਆ ਅਤੇ ਬਰੀਕੀ ਨਾਲ ਜਾਂਚ ਕੀਤੀ ਗਈ। ਪਰ ਟਰੱਕ ਅੰਦਰੋਂ ਕੋਈ ਵੀ ਗੈਰਕਾਨੂੰਨੀ ਸਮਾਨ ਨਾ ਮਿਲਣ ਕਾਰਨ ਉਸ ਨੂੰ ਛੱਡ ਦਿੱਤਾ ਗਿਆ। ਇਸ ਸਮੇਂ ਡੀ.ਐਸ.ਪੀ. ਗਿਦੜਬਾਹਾ ਜਸਵੀਰ ਸਿੰਘ ਪੰਨੂੰ ਨੇ ਲੋਕਾਂ ਨੂੰ ਆਪਣੇ ਵਾਹਨ ਲਵਾਰਿਸ ਨਾ ਛੱਡਣ ਅਤੇ ਪੁਲਿਸ ਨੂੰ ਸਹੀ ਸਮੇਂ ਸਹੀ ਸੂਚਨਾ ਦੇਣ ਦੀ ਅਪੀਲ ਕੀਤੀ।