Monday, April 22, 2024  

ਅਪਰਾਧ

ਖੇਤਾਂ ‘ਚ ਬੀਜੀ ਡੋਡਿਆਂ ਦੀ ਫਸਲ ‘ਤੇ ਪੁਲਿਸ ਦਾ ਛਾਪਾ, ਡੋਡੇ ਜ਼ਬਤ ਕਿਸਾਨ ਗ੍ਰਿਫਤਾਰ

April 03, 2024

ਡੇਰਾਬੱਸੀ, 3 ਅਪ੍ਰੈਲ (ਗੁਰਜੀਤ ਸਿੰਘ ਈਸਾਪੁਰ, ਰਾਜੀਵ ਗਾਂਧੀ) : ਸਥਾਨਕ ਪੁਲਸ ਨੇ ਡੇਰਾਬੱਸੀ ਵਿਖੇ ਖੇਤ ਵਿੱਚ ਬੀਜੀ ਡੋਡਿਆਂ ਦੀ ਭਾਰੀ ਮਾਤਰਾ ‘ਚ ਫਸਲ ਬਰਾਮਦ ਕੀਤੀ ਹੈ। ਏਐਸਪੀ ਵੈਭਵ ਚੌਧਰੀ ਦੀ ਅਗਵਾਈ ਹੇਠ ਪੁਲੀਸ ਨੇ ਇੰਡਸ ਵੈਲੀ ਗਰਾਊਂਡ ਦੇ ਪਿੱਛੇ ਸਥਿਤ ਖੇਤਾਂ ਵਿੱਚ ਛਾਪਾ ਮਾਰਕੇ ਸੈਂਕੜੇ ਭੁੱਕੀ (ਅਫੀਮ) ਦੇ ਪੌਦੇ ਡੋਡੇ ਅਤੇ ਲਾਲ ਫੁੱਲ ਬਰਾਮਦ ਕੀਤੇ । ਖ਼ਬਰ ਲਿਖੇ ਜਾਣ ਤੱਕ ਡੇਰਾਬੱਸੀ ਪੁਲੀਸ ਅਫੀਮ ਦੇ ਬੂਟਿਆਂ ਸਮੇਤ ਲਾਲ ਫੁੱਲਾਂ ਅਤੇ ਡੋਡਿਆਂ ਦੀ ਗਿਣਤੀ ਕਰਨ ਵਿੱਚ ਲੱਗੀ ਹੋਈ ਸੀ। ਪੁਲੀਸ ਨੇ ਮੌਕੇ ਤੋਂ ਖੇਤ ਮਾਲਕ ਹਰਵਿੰਦਰ ਸਿੰਘ ਪੁੱਤਰ ਸਰਵਣ ਸਿੰਘ ਵਾਸੀ ਡੇਰਾਬੱਸੀ ਨੂੰ ਵੀ ਗਿ੍ਫ਼ਤਾਰ ਕਰ ਲਿਆ ਹੈ। ਉਸ ਖ਼ਿਲਾਫ਼ ਐਨਡੀਪੀਐਸ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।


ਐਸਪੀ ਵੈਭਵ ਚੌਧਰੀ ਨੇ ਦੱਸਿਆ ਕਿ ਅਫੀਮ ਦੇ ਬੂਟਿਆਂ ਦੀ ਖੇਤੀ ਪਰਮਿਟ ਜਾਂ ਲਾਇਸੈਂਸ ਨਾਲ ਹੀ ਕੀਤੀ ਜਾ ਸਕਦੀ ਹੈ ਪਰ ਇੱਥੇ ਹਰਵਿੰਦਰ ਸਿੰਘ ਨੇ ਕਿਸੇ ਕਿਸਮ ਦਾ ਲਾਇਸੈਂਸ ਜਾਂ ਪਰਮਿਟ ਨਹੀਂ ਲਿਆ ਸੀ। ਉਨ੍ਹਾਂ ਗੁਪਤ ਸੂਚਨਾ ਦੇ ਆਧਾਰ 'ਤੇ ਡੇਰਾਬੱਸੀ ਥਾਣੇ ਦੇ ਇੰਚਾਰਜ ਅਜੀਤੇਸ਼ ਕੌਸ਼ਲ ਅਤੇ ਏਐਸਆਈ ਹਰੀਸ਼ ਸ਼ਰਮਾ ਸਮੇਤ ਦਰਜਨ ਭਰ ਪੁਲਿਸ ਮੁਲਾਜ਼ਮਾਂ ਦੇ ਨਾਲ ਦੁਪਹਿਰ ਸਮੇਂ ਉਕਤ ਸਥਾਨ 'ਤੇ ਛਾਪੇਮਾਰੀ ਕੀਤੀ । ਹਰਵਿੰਦਰ ਸਿੰਘ ਸੈਣੀ ਦੇ ਖੇਤਾਂ ਦੇ ਨਾਲ ਬਣੇ ਵੱਡੇ ਘਰ ਦੇ ਪਿੱਛੇ ਅਫੀਮ ਦੇ ਪੌਦੇ ਤਿਆਰ ਹਾਲਤ ਵਿੱਚ ਮਿਲੇ। ਇਹ ਪੌਦੇ ਕਰੀਬ 3 ਮਹੀਨੇ ਪੁਰਾਣੇ ਸਨ ਅਤੇ ਇਨ੍ਹਾਂ 'ਤੇ ਫੁੱਲਾਂ ਤੋਂ ਇਲਾਵਾ ਡੋਡੇ ਵੀ ਮੌਜੂਦ ਸਨ। ਭੁੱਕੀ ਦੀ ਫ਼ਸਲ ਪੱਕਣ 'ਚ ਸਿਰਫ਼ ਦੋ ਹਫ਼ਤੇ ਹੀ ਬਚੇ ਸਨ।ਪੁਲਿਸ ਨੇ ਇਨ੍ਹਾਂ ਪੌਦਿਆਂ ਨੂੰ ਜੜ੍ਹੋਂ ਪੁੱਟ ਦਿੱਤਾ ਅਤੇ ਫੁੱਲਾਂ ਸਮੇਤ ਬੂਟਿਆਂ ਦੀ ਗਿਣਤੀ ਕੀਤੀ। ਦੱਸਿਆ ਜਾ ਰਿਹਾ ਹੈ ਕਿ ਖੇਤ ਮਾਲਕ ਹਰਵਿੰਦਰ ਸਿੰਘ ਨੇ ਅਫੀਮ ਦੀ ਖੇਤੀ ਦਾ ਕੰਮ ਕੀਤਾ ਸੀ ਅਤੇ ਉਹ ਆਪਣੀ ਵਰਤੋਂ ਲਈ ਇਹ ਅਫੀਮ ਤਿਆਰ ਕਰ ਰਿਹਾ ਸੀ। ਏਐਸਪੀ ਵੈਭਵ ਚੌਧਰੀ ਦੇ ਦੱਸਣ ਅਨੁਸਾਰ ਉਕਤ ਵਿਅਕਤੀਆਂ ਖਿਲਾਫ ਐੱਨ.ਡੀ.ਪੀ.ਐੱਸ ਐਕਟ ਦੀ ਧਾਰਾ 18 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅਫੀਮ ਦੀ ਖੇਤੀ ਕਰਨ ਵਾਲੇ ਕਿਸਾਨ ਹਰਵਿੰਦਰ ਸਿੰਘ ਪੁੱਤਰ ਸਰਵਣ ਸਿੰਘ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ। ਮੁਲਜ਼ਮ ਨੂੰ ਵੀਰਵਾਰ ਨੂੰ ਡੇਰਾਬੱਸੀ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਪੁਲੀਸ ਰਿਮਾਂਡ ਵੀ ਲਿਆ ਜਾਵੇਗਾ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ