Monday, April 22, 2024  

ਲੇਖ

ਪਤਾਸਿਆਂ ਵਾਲਾ ਲਿਫ਼ਾਫ਼ਾ

April 03, 2024

ਪਹਿਲਾਂ ਨਾਲ਼ੋਂ ਦੇਖਦੇ ਦੇਖਦੇ ਸਮੇਂ ਵਿੱਚ ਬਹੁਤ ਤਬਦੀਲੀ ਆ ਗਈ ਹੈ। ਲੋਕਾਂ ਦਾ ਖਾਣ-ਪੀਣ, ਰਹਿਣ-ਸਹਿਣ, ਪਹਿਰਾਵਾ, ਬੋਲ਼-ਚਾਲ, ਵਰਤ-ਵਰਤਾਰਾ, ਖ਼ੁਸ਼ੀ-ਗ਼ਮੀ ਦੀਆਂ ਰਸਮਾਂ ਆਦਿ ਕਹਿਣ ਦਾ ਭਾਵ ਪੂਰੇ ਸਭਿਆਚਾਰ ਵਿੱਚ ਬਦਲਾਅ ਪ੍ਰਤੱਖ ਰੂਪ ਵਿੱਚ ਦੇਖਣ ਨੂੰ ਮਿਲਦਾ ਹੈ। ਸਾਦਗੀ ਕਿਤੇ ਵੀ ਨਜ਼ਰੀਂ ਨਹੀਂ ਪੈਂਦੀ। ਹੁਣ ਤਾਂ ਜਿਵੇਂ ’ਸਾਦੇ’ ਸ਼ਬਦ ਦੀ ਅਹਿਮੀਅਤ ਘਟ ਗਈ ਹੈ। ਇਸ ਦੀ ਥਾਂ ‘ਮਹਿੰਗੇ’ ਤੇ ‘ਵਿਖਾਵੇ’ ਸ਼ਬਦਾਂ ਨੇ ਮੱਲ ਲਈ ਹੈ। ਆਲ਼ੇ-ਦੁਆਲ਼ੇ ਨਜ਼ਰ ਮਾਰਿਆਂ ਸਭ ਪਾਸੇ ਖ਼ਰਚੀਲੇ ਸਮਾਗਮਾਂ ਦਾ ਬੋਲਬਾਲਾ ਹੈ। ਇਨ੍ਹਾਂ ਵਿੱਚੋਂ ਬਹੁਤ ਸਾਰੇ ਆਪਣੇ ਵਿੱਤ ਤੋਂ ਬਾਹਰ ਹੋ ਕੇ ਵੇਖਾ-ਵੇਖੀ ਵਾਲ਼ੀ ਸ਼੍ਰੇਣੀ ਵਿੱਚ ਆਉਂਦੇ ਹਨ ਜਿਸ ਨਾਲ਼ ਪਰਿਵਾਰਾਂ ਦੀ ਆਰਥਿਕ ਦਸ਼ਾ ਨਿੱਤ ਗਿਰਾਵਟ ਵੱਲ ਜਾ ਰਹੀ ਹੈ। ਬਹੁਤੀ ਵਾਰ ਪਰਿਵਾਰਾਂ ਵਿੱਚ ਲੜਾਈ-ਝਗੜੇ ਅਤੇ ਖੁਦਕੁਸ਼ੀਆਂ ਇਸੇ ਵਜ੍ਹਾ ਕਰਕੇ ਹੁੰਦੇ ਹਨ ਜੋ ਹੱਸਦੇ ਵਸਦੇ ਘਰਾਂ ਦੀਆਂ ਖ਼ੁਸ਼ੀਆਂ ਨੂੰ ਸਦਾ ਲਈ ਗ਼ਮੀਆਂ ਵਾਲ਼ੇ ਪਾਸੇ ਧੱਕ ਦਿੰਦੇ ਹਨ।
ਪਰਿਵਾਰਾਂ ਵਿਚਲਾ ਸੋਥਾ (ਸਾਥ) ਖ਼ਤਮ ਹੋ ਰਿਹਾ ਹੈ । ਇਕਹਿਰੇ ਪਰਿਵਾਰਾਂ ਦੀ ਭਰਮਾਰ ਹੈ । ਇਕ ਸਮਾਂ ਸੀ ਜਦੋਂ ਪੂਰਾ ਪਰਿਵਾਰ ਤੇ ਪੂਰਾ ਸ਼ਰੀਕਾ ਖ਼ੁਸ਼ੀ-ਗ਼ਮੀ ਵਿੱਚ ਨਾਲ਼ ਖੜ੍ਹਦਾ ਸੀ ਅਤੇ ਸਾਰੇ ਮਿਲ ਕੇ ਇਹਨਾਂ ਰਸਮਾਂ ਨੂੰ ਨਿਭਾਉਂਦੇ ਸਨ। ਜਦੋਂ ਕਿਸੇ ਪਰਿਵਾਰ ਵਿੱਚ ਕੋਈ ਖ਼ੁਸ਼ੀ ਦਾ ਮੌਕਾ ਹੁੰਦਾ ਤਾਂ ਸ਼ਰੀਕੇ ਤੇ ਆਂਢ-ਗੁਆਂਢ ਦੇ ਪਰਿਵਾਰਾਂ ਵਿੱਚ ਪੂਰੇ ਚਾਅ ਤੇ ਖੇੜੇ ਦੇਖਣ ਨੂੰ ਮਿਲਦੇ ਸਨ। ਵੱਡੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਨਹੀਂ ਸੀ ਥੱਕਦੇ। ਪਰਿਵਾਰ ਦੇ ਜੁਆਕਾਂ ਨੂੰ ਤਾਂ ਅਜਿਹੇ ਖ਼ੁਸ਼ੀ ਦੇ ਮੌਕਿਆਂ ’ਤੇ ਖੁਸ਼ੀ ਹੁੰਦੀ ਹੀ ਸੀ, ਗਲ਼ੀ ਗੁਆਂਢ ਦੇ ਬੱਚਿਆਂ ਨੂੰ ਵੀ ਬੜੀ ਖ਼ੁਸ਼ੀ ਹੁੰਦੀ ਸੀ। ਮੈਨੂੰ ਯਾਦ ਹੈ ਜਦੋਂ ਅਸੀਂ ਛੋਟੇ ਹੁੰਦੇ ਸੀ ਜੇ ਪਿੰਡ ਵਿੱਚ ਕਿਸੇ ਦੇ ਘਰ ਉਨ੍ਹਾਂ ਦੇ ਮੁੰਡੇ ਨੂੰ ਸਾਕ ਹੁੰਦਾ ਸੀ। ਸਾਡੇ ਵਾਲ਼ੇ ਇਲਾਕੇ ’ਚ ਸਾਕ ਹੀ ਕਹਿੰਦੇ ਹਨ, ਕਈ ਥਾਈਂ ਇਸ ਨੂੰ ਮੰਗਣਾ, ਰੋਕਾ, ਠਾਕਾ ਆਦਿ ਵੀ ਕਿਹਾ ਜਾਂਦਾ ਹੈ। ਸਾਕ ਵਾਲ਼ੇ ਘਰ ਦੇ ਕੋਠੇ ’ਤੇ ਦੋ ਮੰਜੇ ਜੋੜ ਕੇ ਉੱਤੇ ਸਪੀਕਰ ਲਾਇਆ ਜਾਂਦਾ। ਸਪੀਕਰ ਵਿੱਚ ਭਾਂਤ-ਭਾਂਤ ਦੇ ਗਾਇਕਾਂ ਦੇ ਰਿਕਾਰਡ ਵੱਜਦੇ ਜਿਨ੍ਹਾਂ ਦੇ ਬੋਲ ਨਾ ਚਾਹੁੰਦਿਆਂ ਵੀ ਕੰਨਾਂ ਵਿੱਚ ਪਈ ਜਾਂਦੇ। ਉਸ ਘਰੋਂ ਸਪੀਕਰ ਵਿੱਚ ਬੋਲਿਆ ਜਾਂਦਾ ਕਿ ਫਲਾਣੇ ਦੇ ਮੁੰਡੇ ਨੂੰ ਸ਼ਗਨ ਪੈ ਰਿਹਾ ਹੈ, ਸਾਰੇ ਸ਼ਗਨ ’ਤੇ ਪਹੁੰਚਣ ਦੀ ਕਿਰਪਾਲਤਾ ਕਰੋ। ਜਿਉਂ ਹੀ ਅਸੀਂ ਇਹ ਆਵਾਜ਼ ਸੁਣਦੇ , ਆਪਣੇ-ਆਪਣੇ ਆੜੀਆਂ ਨਾਲ਼ ਪਤਾਸੇ ਖਾਣ ਲਈ ਉਸ ਘਰ ਪਹੁੰਚ ਜਾਂਦੇ।
ਜਦੋਂ ਮੁੰਡੇ ਨੂੰ ਸ਼ਗਨ ਪੈ ਹਟਦਾ ਤਾਂ ਪਿੰਡ ਦੇ ਗਲ਼ੀ ਗੁਆਂਢ ਚੋਂ ਤੇ ਵਰਤ ਵਰਤਾਵੇ ਵਾਲ਼ੇ ਸਾਰਿਆਂ ਨੂੰ ਜੋ ਸ਼ਗਨ ’ਤੇ ਪਹੁੰਚਦੇ ਪਤਾਸੇ ਵੰਡੇ ਜਾਂਦੇ। ਪਤਾਸੇ ਵੰਡਣ ਦਾ ਕੰਮ ਤਿੰਨ-ਚਾਰ ਨੌਜਵਾਨਾਂ ਦਾ ਹੁੰਦਾ। ਉਹ ਟੋਕਰਿਆਂ ਵਿੱਚ ਖਾਖੀ ਕਾਗਜ਼ ਦੇ ਛੋਟੇ-ਛੋਟੇ ਲਿਫਾਫ਼ਿਆਂ ’ਚ ਪਤਾਸੇ ਪਾ ਕੇ ਸ਼ਗਨ ’ਤੇ ਪਹੁੰਚਣ ਵਾਲ਼ੇ ਵੱਡੇ ਬੰਦਿਆਂ ਨੂੰ ਇਹ ਲਿਫਾਫੇ ਵੰਡਦੇ। ਜੁਆਕਾਂ ਨੂੰ ਪਰਾਂਤਾਂ ਵਿੱਚ ਪਾਏ ਖੁੱਲ੍ਹੇ ਪਤਾਸੇ ਮੁੱਠੀ ਮੁੱਠੀ ਵੰਡੇ ਜਾਂਦੇ। ਸਾਨੂੰ ਬੜਾ ਇਹ ਹੁੰਦਾ ਕਿ ਪਤਾਸਿਆਂ ਵਾਲ਼ਾ ਲਿਫਾਫਾ ਮਿਲੇ ਪਰ ਇਹ ਘੱਟ ਹੀ ਮਿਲਦਾ ਜੇ ਕਦੇ ਮਿਲ ਜਾਂਦਾ ਤਾਂ ਬਾਹਲਾ ਚਾਅ ਚੜਣਾ ਕਿ ਪਤਾ ਨਹੀਂ ਕੀ ਮਿਲ ਗਿਆ ।
ਲਿਫਾਫ਼ਾ ਚੁੱਕੀਂ ਫਿਰਨਾ ਤੇ ਆਪਣੇ ਆੜੀਆਂ ਨੂੰ ਦਿਖਾਉਣਾ, ਵਿੱਚੋਂ ਇੱਕ ਇੱਕ ਕੱਢ ਕੇ ਖਾਈ ਜਾਣਾ। ਪਤਾਸੇ ਖਾ ਕੇ ਬੜਾ ਆਨੰਦ ਆਉਂਦਾ, ਜਿਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਉਹ ਪਤਾਸਿਆਂ ਦੀ ਮਿਠਾਸ ਅੱਜ ਦੀਆਂ ਛੱਤੀ ਪ੍ਰਕਾਰ ਦੀਆਂ, ਛੱਤੀ ਪ੍ਰਕਾਰ ਤਾਂ ਮੈਥੋਂ ਘੱਟ ਕਿਹਾ ਗਿਆ, ਬਹੱਤਰ ਕਹਿਣਾ ਚਾਹੀਦਾ ਹੈ, ਦੀਆਂ ਮਠਿਆਈਆਂ ਵਿੱਚ ਵੀ ਨਹੀਂ , ਉਸ ਸਮੇਂ ਦੀਆਂ ਗਿਣਵੀਆਂ ਪੰਜ-ਸੱਤ ਕਿਸਮ ਦੀਆਂ ਮਠਿਆਈਆਂ ਦਾ ਸੁਆਦ ਵੱਖਰਾ ਹੀ ਹੁੰਦਾ ਸੀ ਕਿਉਂਕਿ ਸਾਰਾ ਕੁੱਝ ਘਰ ਵਿੱਚ ਹੀ ਬਣਦਾ, ਦੁੱਧ ਆਮ ਹੁੰਦਾ ਸੀ ਬਹੁਤੀਆਂ ਦੁੱਧ ਤੋਂ ਹੀ ਬਣਾਈਆਂ ਜਾਂਦੀਆਂ ਸਨ ਜੋ ਕਿਸੇ ਵੀ ਪੱਖੋਂ ਨੁਕਸਾਨਦਾਇਕ ਨਹੀਂ ਸਨ ਹੁੰਦੀਆਂ। ਸਮੇਂ ਦੇ ਗੇੜ ਨੇ ਸਾਰਾ ਕੁੱਝ ਹੀ ਬਦਲ ਕੇ ਰੱਖ ਦਿੱਤਾ ਹੈ। ਹੁਣ ਤਾਂ ਮੰਗਣੇ ’ਤੇ ਵਿਆਹ ਜਿੰਨਾ ਇੱਕਠ ਤੇ ਭਾਂਤ-ਭਾਂਤ ਦੀਆਂ ਮਠਿਆਈਆਂ ਬਣਾਈਆਂ ਜਾਂਦੀਆਂ ਹਨ, ਬਹੁਤੇ ਪ੍ਰੋਗਰਾਮਾਂ ’ਤੇ ਸ਼ਹਿਰ ਤੋਂ ਬਣੀ ਬਣਾਈ ਮਠਿਆਈ ਹੀ ਖਰੀਦ ਲਈ ਜਾਂਦੀ ਹੈ। ਜਿਸ ਦੀ ਗੁਣਵੱਤਾ ਬਾਰੇ ਵੀ ਨਹੀਂ ਸੋਚਿਆ ਜਾਂਦਾ ਕਿ ਇਹ ਸਾਡੇ ਖਾਣ ਲਾਇਕ ਹੈ ਵੀ ਜਾਂ ਨਹੀਂ। ਉਦੋਂ ਪਤਾਸਿਆਂ ਨਾਲ਼ ਹੀ ਸਾਕ ਦਾ ਪ੍ਰੋਗਰਾਮ ਨੇਪਰੇ ਚੜ੍ਹ ਜਾਂਦਾ ਸੀ । ਕੁੜੀ ਵਾਲ਼ਿਆਂ ਵੱਲੋਂ ਰੁਪਇਆ ਫੜਾਉਣ (ਰਿਸ਼ਤਾ ਕਰਨ) ਆਏ ਅੱਠ ਦਸ ਬੰਦਿਆਂ ਲਈ ਮਠਿਆਈ, ਪਿੰਡ ਦਾ ਨਾਈ ਜੋ ਹਲਵਾਈ ਦਾ ਕੰਮ ਵੀ ਕਰ ਲੈਂਦਾ ਸੀ ਉਹ ਹੀ ਬਣਾ ਦਿੰਦਾ।
ਕਿੰਨੇ ਸਾਦਗੀ ਭਰੇ ਤੇ ਘੱਟ ਖ਼ਰਚੀਲੇ ਹੁੰਦੇ ਸੀ ਉਹ ਵਿਆਹ ਸ਼ਾਦੀ, ਸਾਕ , ਮੁਕਲਾਵੇ ਦੇ ਮੌਕੇ। ਅੱਜ ਅਸੀਂ ਦੋ ਤਰ੍ਹਾਂ ਨਾਲ਼ ਆਪਣਾ ਨੁਕਸਾਨ ਕਰ ਰਹੇ ਹਾਂ। ਇੱਕ ਦੇਖਾ-ਦੇਖੀ ਆਪਣੀ ਆਰਥਿਕ ਸਥਿਤੀ ਦੇਖੇ ਬਿਨਾਂ ਆਪਣੀ ਹੈਸੀਅਤ ਤੋਂ ਬਾਹਰ ਹੋ ਕੇ ਇਹੋ ਜਿਹੇ ਪ੍ਰੋਗਰਾਮਾਂ ’ਤੇ ਹੱਦੋਂ ਵੱਧ ਖਰਚਾ ਕਰਨਾ ਅਤੇ ਦੂਜਾ ਜੋ ਇਸ ਪਹਿਲੇ ਨਾਲ਼ੋਂ ਕਿਤੇ ਵੱਡਾ ਤੇ ਘਾਤਕ ਹੈ, ਉਹ ਇਸ ਵਾਤਾਵਰਨ ਦਾ। ਅੱਜ ਅਸੀਂ ਖੇਚਲ ਦੇ ਮਾਰੇ ਸੌਖੇ ਢੰਗ ਤਰੀਕੇ ਲੱਭ ਲਏ ਨੇ, ਸਾਰੇ ਖ਼ੁਸ਼ੀ-ਗ਼ਮੀ ਦੇ ਮੌਕਿਆਂ ’ਤੇ ਸਿੰਗਲ ਯੂਜ਼ ਪਲਾਸਟਿਕ ਦਾ ਇਸਤੇਮਾਲ ਕਰਨ ਲੱਗੇ ਹਾਂ ਜੋ ਕਿ ਵਾਤਾਵਰਨ ਹਿਤੈਸ਼ੀ ਨਹੀਂ ਬਲਕਿ ਇਹ ਪਲਾਸਟਿਕ ਤਾਂ ਸਾਲਾਂ ਬੱਧੀਂ ਗਲ਼ਦੀ ਵੀ ਨਹੀਂ, ਐਵੇਂ ਹੀ ਗਲੀਆਂ, ਨਾਲੀਆਂ ਖ਼ਾਲੀ ਥਾਵਾਂ, ਨਦੀ-ਨਾਲਿਆਂ ’ਚ ਘੁੰਮਦੀ ਰਹਿੰਦੀ ਹੈ, ਅੱਗ ਲਗਾਉਣ ’ਤੇ ਭੈੜੀ ਗੰਧ ਛੱਡਦੀ ਹੈ ਜੋ ਹਵਾ ਨੂੰ ਦੂਸ਼ਿਤ ਕਰਦੀ ਹੈ। ਇੱਕ ਗੱਲ ਇੱਥੇ ਕਹਿਣੀ ਵਾਜਿਬ ਬਣਦੀ ਹੈ ਕਿ ਤਰੱਕੀ ਨੇ, ਵਿਕਾਸ ਨੇ ਮਨੁੱਖ ਨੂੰ ਵਾਤਾਵਰਨ ਦਾ ਬਹੁਤ ਵੱਡਾ ਦੋਸ਼ੀ ਬਣਾ ਦਿੱਤਾ ਹੈ। ਆਪਣੇ-ਆਪ ਨੂੰ ਦੋਸ਼ ਮੁਕਤ ਕਰਨ ਲਈ ਸਾਮਾਨ ਪਾਉਣ ਲਈ ਕੱਪੜੇ ਦੇ ਬਣੇ ਝੋਲ਼ੇ ਤੇ ਪਹਿਲਾਂ ਵਾਲ਼ੇ ਕਾਗਜ਼ ਦੇ ਲਿਫਾਫ਼ਿਆਂ ਦੀ ਵਰਤੋਂ ਵੱਲ ਮੁੜਨ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ।
ਲਾਭ ਸਿੰਘ ਸ਼ੇਰਗਿੱਲ
-ਮੋਬਾ: 86995 35708

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ