ਕਾਮਰੇਡ ਜਗੀਰ ਸਿੰਘ ਜਗਤਾਰ ਕਮਿਊਨਿਸਟ ਵਿਚਾਰਧਾਰਾ ਨੂੰ ਸਮੱਰਪਤ ਇੱਕ ਪ੍ਰਤੀਬੱਧ ਪੱਤਰਕਾਰ ਅਤੇ ਲੇਖਕ ਸਨ। ਉਨ੍ਹਾਂ ਦੀ ਇਸ ਪ੍ਰਤੀਬੱਧਤਾ ਦਾ ਸਭ ਤੋਂ ਵੱਡਾ ਪ੍ਰਮਾਣ ਇਹ ਹੈ ਕਿ ਤਿੰਨ ਚਾਰ ਸਾਲ ਪਹਿਲਾਂ ਉਨ੍ਹਾਂ ਨੇ ਇੱਕ ਆਰਟੀਕਲ ਲਿਖਕੇ ਅਖਬਾਰਾਂ ਵਿੱਚ ਛਪਵਾਇਆ -‘‘ਸੰਸਾਰ ਅਮਨ ਨੂੰ ਖਤਰਾ ਉੱਤਰੀ ਕੋਰੀਆ ਤੋਂ ਨਹੀਂ ਅਮਰੀਕਾ ਤੋਂ ਹੈ’’। ਇਸ ਵਿੱਚ ਕਾਮਰੇਡ ਜਗਤਾਰ ਨੇ ਕਮਿਊਨਿਸਟ ਦੇਸ਼ ਉੱਤਰੀ ਕੋਰੀਆ ਦੇ ਸਿਰਮੌਰ ਆਗੂ ਅਤੇ ਰਾਸ਼ਟਰਪਤੀ ਕਾਮਰੇਡ ਕਿੰਮ ਯੌਂਗ-ਉਨ ਦੀਆਂ ਆਪਣੇ ਦੇਸ਼ ਪ੍ਰਤੀ ਨੀਤੀਆਂ ਨੂੰ ਸਹੀ ਕਰਾਰ ਦਿੱਤਾ ਅਤੇ ਉਨ੍ਹਾਂ ਦੀ ਹਿਮਾਇਤ ਕੀਤੀ। ਅਜਿਹੇ ਸਮੇਂ ਵਿੱਚ ਜਦੋਂ ਸੰਸਾਰ ਦਾ ਸਾਰਾ ਸਾਮਰਾਜਵਾਦੀ ਕੈਂਪ ਅਤੇ ਮੀਡੀਆ ਕਿਮ ਯੌਂਗ -ਉਨ ਨੂੰ ਜੰਗਬਾਜ਼, ਤਾਨਾਸ਼ਾਹ ਅਤੇ ਹੋਰ ਪਤਾ ਨਹੀਂ ਕੀ ਕੀ ਕੁੱਝ ਕਰਾਰ ਦੇ ਰਿਹਾ ਹੋਵੇ, ਅਜਿਹੇ ਸਮੇਂ ਵਿੱਚ ਉਸਦੇ ਹੱਕ ਵਿੱਚ ਖੜ੍ਹਨਾ ਅਤੇ ਹਿਮਾਇਤ ਕਰਨਾ, ਅਜਿਹਾ ਕੁੱਝ ਇੱਕ ਪ੍ਰਤੀਬੱਧ ਕਮਿਊਨਿਸਟ ਪੱਤਰਕਾਰ ਅਤੇ ਲੇਖਕ ਹੀ ਕਰ ਸਕਦਾ ਹੈ।
ਕਾਮਰੇਡ ਜਗਤਾਰ ਨਾਲ ਮੇਰਾ ਵਾਹ 1970 ਵਿਆਂ ਦੇ ਆਰੰਭ ਵਿੱਚ ਹੀ ਪੈ ਗਿਆ ਸੀ ਜਦੋਂ ਮੈਂ ਉਸ ਸਮੇਂ ਦੇ ਸੀ.ਪੀ.ਆਈ.(ਐਮ) ਦੇ ਸੂਬਾ ਹੈੱਡ ਕੁਆਰਟਰ ਭਾਈ ਰਤਨ ਸਿੰਘ ਯਾਦਗਾਰੀ ਟਰੱਸਟ ਬਿਲਡਿੰਗ ਜਲੰਧਰ ਸ਼ਹਿਰ ਵਿਖੇ ਵਿਦਿਆਰਥੀ ਜਥੇਬੰਦੀ ਪੀ.ਐਸ.ਯੂ. (ਐਸ.ਐਫ.ਆਈ.) ਦੇ ਆਗੂ ਦੇ ਤੌਰ ’ਤੇ ਰਿਹਾਇਸ਼ ਕਰ ਲਈ ਸੀ। ਉਨ੍ਹਾਂ ਦਿਨਾਂ ਵਿੱਚ ਕਾਮਰੇਡ ਜਗਤਾਰ ਵੀ ‘ਲੋਕ ਲਹਿਰ’ ਅਖਬਾਰ ਵਿੱਚ ਕੰਮ ਕਰਨ ਲਈ ਉਸੇ ਦਫਤਰ ਵਿੱਚ ਹੀ ਰਹਿੰਦੇ ਸਨ। ਉਹ ਪੂਰੀ ਲਗਨ ਨਾਲ ਲੋਕ ਲਹਿਰ ਵਿੱਚ ਆਪਣਾ ਯੋਗਦਾਨ ਪਾਉਂਦੇ ਸਨ। ਉਸ ਸਮੇਂ ਦੇ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਸਤਵੰਤ ਸਿੰਘ ਜੀ ਦੇ ਉਹ ਵਿਸ਼ਵਾਸਪਾਤਰ ਕਾਰਕੁੰਨ ਸਨ।
ਕਾਮਰੇਡ ਜਗੀਰ ਸਿੰਘ ਜਗਤਾਰ ਸੰਗਰੂਰ ਜ਼ਿਲ੍ਹੇ ਦੇ ਮਹਾਨ ਕਮਿਊਨਿਸਟ ਆਗੂਆਂ ਕਾਮਰੇਡ ਹਰਨਾਮ ਸਿੰਘ ਚਮਕ, ਕਾਮਰੇਡ ਜਥੇਦਾਰ ਹਰਦਿੱਤ ਸਿੰਘ ਭੱਠਲ ਅਤੇ ਹੋਰਨਾਂ ਦੇ ਪ੍ਰਭਾਵ ਅਧੀਨ ਕਮਿਊਨਿਸਟ ਲਹਿਰ ਵਿੱਚ ਸ਼ਾਮਲ ਹੋ ਗਏ ਸਨ। ਸੰਨ 1955-56 ਵਿੱਚ ਜਦੋਂ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੀ ਅਗਵਾਈ ਵਿੱਚ ਪੰਜਾਬ ਦੀ ਕਮਿਊਨਿਸਟ ਪਾਰਟੀ ਦੀ ਪਹਿਲ ਕਦਮੀ ਨਾਲ ਪੰਜਾਬ ਦੇ ਸਿਰਮੌਰ ਲੇਖਕਾਂ ਦੀ ਜਥੇਬੰਦੀ ‘ਕੇਂਦਰੀ ਪੰਜਾਬੀ ਲਿਖਾਰੀ ਸਭਾ’ ਦਾ ਗਠਨ ਹੋਇਆ ਤਾਂ ਜਗੀਰ ਸਿੰਘ ਜਗਤਾਰ ਨੂੰ ਜਥੇਬੰਦੀ ਦੇ ਜਲੰਧਰ ਸਥਿਤ ਮੁੱਖ ਦਫਤਰ ਦਾ ਦਫਤਰ ਸਕੱਤਰ ਬਣਾਇਆ ਗਿਆ। ਪ੍ਰਸਿੱਧ ਪੰਜਾਬੀ ਲੇਖਕ ਗਿਆਨੀ ਹੀਰਾ ਸਿੰਘ ‘ਦਰਦ’ ਪ੍ਰਧਾਨ ਅਤੇ ਕਾਮਰੇਡ ਗੁਰਬਖਸ਼ ਸਿੰਘ ਬਨੂੰਆਣਾ ਜਨਰਲ ਸਕੱਤਰ ਬਣੇ। ਉਸ ਸਮੇਂ ਇਸ ਸਭਾ ਦਾ ਦਫਤਰ ਗਿਆਨੀ ਹੀਰਾ ਸਿੰਘ ‘ਦਰਦ’ ਜੀ ਵਲੋਂ ਜਲੰਧਰ ਵਿੱਚ ਚਲਾਏ ਜਾ ਰਹੇ ਫੁਲਵਾੜੀ ਗਿਆਨੀ ਕਾਲਜ ਦੇ ਕੰਪਲੈਕਸ ਵਿੱਚ ਹੀ ਸੀ।
1964 ਵਿੱਚ ਜਦੋਂ ਸੀ.ਪੀ.ਆਈ.(ਐਮ) ਵੱਲੋਂ ਸਪਤਾਹਿਕ ‘ਲੋਕ ਲਹਿਰ’ ਸ਼ੁਰੂ ਕੀਤੀ ਗਈ ਤਾਂ ਕਾਮਰੇਡ ਜਗਤਾਰ ਸ਼ੁਰੂ ਤੋਂ ਹੀ ਇਸ ਨਾਲ ਜੁੜ ਗਏ। ਲੋਕ ਲਹਿਰ ਦੇ ਰੋਜ਼ਾਨਾ ਹੋਣ ਸਮੇਂ ਕਾਮਰੇਡ ਜਗਤਾਰ ਨੂੰ ਨਿਊਜ਼ ਐਡੀਟਰ ਦੇ ਤੌਰ ’ਤੇ ਪਾਰਟੀ ਵੱਲੋਂ ਜਲੰਧਰ ਸੱਦ ਲਿਆ ਗਿਆ। ਉਹ ਲੱਗ ਪੱਗ ਇੱਕ ਦਹਾਕਾ ਪਾਰਟੀ ਦੇ ਜਲੰਧਰ ਮੁੱਖ ਦਫਤਰ ਵਿੱਚ ਰਹਿ ਕੇ ਲੋਕ ਲਹਿਰ ਵਿੱਚ ਕੰਮ ਕਰਦੇ ਰਹੇ। ਉਨ੍ਹਾਂ ਨੇ ਸੰਗਰੂਰ ਜ਼ਿਲ੍ਹੇ ਵਿੱਚ ਖਾਸ ਕਰਕੇ ਐਸ.ਡੀ.ਕਾਲਜ ਬਰਨਾਲਾ ਵਿੱਚ ਵਿਦਿਆਰਥੀ ਜਥੇਬੰਦੀ ਪੀ.ਐਸ.ਯੂ. (ਐਸ.ਐਫ.ਆਈ.) ਸਥਾਪਤ ਕਰਨ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾਇਆ। ਐਮਰਜੈਂਸੀ ਦੇ ਸਮੇਂ ਦੌਰਾਨ ‘ਲੋਕ ਲਹਿਰ’ ਦੇ ਮੁੜ ਹਫਤਾਵਾਰ ਹੋ ਜਾਣ ਤੇ ਉਹ ਵਾਪਸ ਬਰਨਾਲਾ ਚਲੇ ਗਏ।
ਬਾਅਦ ਵਿੱਚ ਸਮੇਂ ਦੇ ਬੀਤਣ ਨਾਲ ਭਾਵੇਂ ਉਹ ਦੂਸਰੀਆਂ ਪੰਜਾਬੀ ਅਖਬਾਰਾਂ ਲਈ ਵੀ ਪੱਤਰਕਾਰੀ ਕਰਦੇ ਰਹੇ ਪਰ ਉਹ ਅੰਤ ਤੱਕ ਕਮਿਊਨਿਸਟ ਵਿਚਾਰਧਾਰਾ ਪ੍ਰਤੀ ਵਫਾਦਾਰ ਰਹੇ। ਮੇਰੇ ਨਾਲ ਉਨ੍ਹਾਂ ਦੀ ਫੋਨ ਤੇ ਕਈ ਵਾਰ ਗਲਬਾਤ ਅਤੇ ਵਿਚਾਰ ਵਟਾਂਦਰਾ ਹੁੰਦਾ ਰਹਿੰਦਾ ਸੀ। ਮੇਰਾ ਕੋਈ ਆਰਟੀਕਲ ਪੜ੍ਹਕੇ ਉਹ ਮੈਨੂੰ ਫੋਨ ਕਰਦੇ ਸਨ। ਮੈਂ ਉਨ੍ਹਾਂ ਦੇ ਆਰਟੀਕਲਾਂ ਬਾਰੇ ਉਨ੍ਹਾਂ ਨਾਲ ਫੋਨ ਤੇ ਗੱਲ ਕਰ ਲੈਂਦਾ ਸਾਂ। ਪਿਛਲੇ ਸਮੇਂ ਤੋਂ ਮੈਂ ‘‘ਪੰਜਾਬ ਵਿੱਚ ਕਮਿਊਨਿਸਟ ਲਹਿਰ ਦੀ ਉਤਪਤੀ, ਵਿਕਾਸ ਅਤੇ ਉਤਰਾਵਾਂ ਚੜ੍ਹਾਵਾਂ ਦਾ ਸੰਖੇਪ ਇਤਿਹਾਸ’’ ਦੇ ਸਿਰਲੇਖ ਨਾਲ ਇੱਕ ਲੇਖ ਲੜੀ ਲਿਖ ਰਿਹਾ ਹਾਂ। ਇਸ ਸਬੰਧੀ ਕੋਈ ਪੁਰਾਣੀ ਜਾਣਕਾਰੀ ਲੈਣ ਲਈ ਵੀ ਮੈਂ ਉਨ੍ਹਾਂ ਨਾਲ ਗਲਬਾਤ ਕਰ ਲੈਂਦਾ ਸਾਂ। ਸਾਲ ਕੁ ਪਹਿਲਾਂ ਗੱਲਾਂ ਗੱਲਾਂ ਵਿੱਚ ਹੀ ਉਨ੍ਹਾਂ ਨੇ ਮੇਰੇ ਕੋਲ ਇਤਰਾਜ ਕੀਤਾ ਕਿ ਮੈਨੂੰ ਅੱਜ ਕਲ ‘ਲੋਕ ਲਹਿਰ’ ਨਹੀਂ ਮਿਲਦੀ। ਮੈਂ ਉਸੇ ਵੇਲੇ ਉਨ੍ਹਾਂ ਕੋਲੋਂ ਬਰਨਾਲੇ ਦਾ ਐਡਰੈਸ ਲਿਆ ਅਤੇ ਲੋਕ ਲਹਿਰ ਦੀ ਕੰਪਲੀਮੈਂਟਰੀ ਕਾਪੀ ‘‘ਰੈਡ ਸਟਾਰ ਟੇਲਰਜ਼’’ ਵਾਲੇ ਐਡਰੈਸ ਤੇ ਭੇਜਣੀ ਸ਼ੁਰੂ ਕਰ ਦਿੱਤੀ।
ਕਾਮਰੇਡ ਜਗੀਰ ਸਿੰਘ ਜਗਤਾਰ ਆਪਣੇ ਜੀਵਨ ਦੇ ਅੰਤ ਤੱਕ ਹੀ ਕਲਮ ਦੇ ਕਿੱਤਾਕਾਰ ਰਹੇ। ਉਨ੍ਹਾਂ ਦੀ ਮੌਤ ਤੋਂ 10-12 ਦਿਨ ਹੀ ਪਹਿਲਾਂ ਉਨਾਂ ਦਾ ਇੱਕ ਆਰਟੀਕਲ ਅਖਬਾਰਾਂ ਵਿੱਚ ਛਪਿਆ ਸੀ। ਕਾਮਰੇਡ ਜਗਤਾਰ ਦੇ ਵਿਛੋੜੇ ਨਾਲ ਪੰਜਾਬੀ ਪੱਤਰਕਾਰੀ ਨੂੰ ਖਾਸ ਕਰਕੇ ਅਗਾਂਹਵਧੂ, ਜਮਹੂਰੀ ਅਤੇ ਖੱਬੇ ਪੱਖੀ ਪ੍ਰਤੀਬੱਧਤਾ ਦੀ ਪੱਤਰਕਾਰੀ ਨੂੰ ਬਹੁਤ ਵੱਡਾ ਘਾਟਾ ਪਿਆ ਹੈ।
ਲਹਿੰਬਰ ਸਿੰਘ ਤੱਗੜ
-ਮੋਬਾ : 94635-42023