Thursday, May 30, 2024  

ਲੇਖ

ਮਹਾਨ ਕ੍ਰਾਂਤੀਕਾਰੀ ਆਗੂ ਕਾਮਰੇਡ ਤੇਜਾ ਸਿੰਘ ਸੁਤੰਤਰ ਨੂੰ ਯਾਦ ਕਰਦਿਆਂ...

April 11, 2024

ਮਹਾਨ ਕ੍ਰਾਂਤੀਕਾਰੀ ਦੇਸ਼ ਭਗਤ ਕਾਮਰੇਡ ਤੇਜਾ ਸਿੰਘ ਸੁੰਤਤਰ ਜੀ ਦਾ ਜਨਮ ਸ. ਕ੍ਰਿਪਾਲ ਸਿੰਘ ਉਰਫ ਦੇਸਾ ਸਿੰਘ ਦੇ ਗ੍ਰਹਿ ਵਿਖੇ 1901 ਵਿਚ ਪਿੰਡ ਅਲੂਣਾ ਜਿਲ੍ਹਾ ਗੁਰਦਾਸਪੁਰ ਵਿਖੇ ਹੋਇਆ। ਉਨ੍ਹਾਂ ਦੇ ਵੱਡੇ-ਵਡੇਰੇ ਕਿਸਾਨ ਘਰਾਣੇ ਨਾਲ ਸਬੰਧ ਰੱਖਦੇ ਸਨ। ਉਨ੍ਹਾਂ ਦੇ ਪਿਤਾ ਜੀ ਖੁਦ ਕ੍ਰਾਂਤੀਕਾਰੀ ਵਿਚਾਰਾਂ ਦੇ ਮਾਲਿਕ ਸਨ।
ਉਨ੍ਹਾਂ ਦੀ ਜੀਵਨ-ਸ਼ੈਲੀ ਉਚ-ਕੋਟੀ ਦੀ ਸੀ। ਉਨ੍ਹਾਂ ਦੇ ਆਪਣਾ ਸਵਾਸ-ਸਵਾਸ ਦੇਸ਼ ਸੇਵਾ ਦੇ ਲੇਖੇ ਲਾਇਆ। ਉਹ ਖ਼ਾਲਸਾ ਕਾਲਜ ਅੰਮ੍ਰਿਤਸਰ ਵਿਖੇ ਪੜ੍ਹੇ। ਜਲਿੱਆਂ ਵਾਲੇ ਬਾਗ਼ ਦੇ ਖ਼ੂਨੀ ਸਾਕੇ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ ਅੰਗਰੇਜ਼ਾਂ ਦੇ ਵਿਰੁੱਧ ਅਨੇਕਾਂ ਹੀ ਕ੍ਰਾਂਤੀਕਾਰੀ ਮੁਹਿੰਮਾਂ ਚਲਾਈਆਂ ਤੇ ਕਈ ਜਥੇਬੰਦੀਆਂ ਨੂੰ ਹੋਂਦ ਵਿਚ ਲਿਆਂਦਾ। ਭ੍ਰਿਸ਼ਟਾਚਾਰ, ਮਹੰਤਾਂ ਤੇ ਮਸੰਦਾਂ ਦੇ ਵਿਰੁੱਧ ਡੱਟ ਕੇ ਆਵਾਜ਼ ਉਠਾਈ। ਅਕਾਲੀ ਜਥੇ ਭਰਤੀ ਕੀਤੇ। ਉਹ ਦੇਸ਼ ਪ੍ਰਦੇਸ਼ ਦੇ ਪਰਪੰਕ ਭਾਸ਼ਾਈ ਗਿਆਤਾ ਪ੍ਰਚਾਰਕ ਸਨ। ਅਨੇਕਾਂ ਹੀ ਭਾਸ਼ਾਵਾਂ ਦੇ ਗਿਆਤਾ ਨੇ ਵਿਦੇਸ਼ੀ ਯੂਨੀਵਰਸਿਟੀਆਂ ਤੋਂ ਕਈ ਡਿਗਰੀਆਂ ਹਾਸਿਲ ਕੀਤੀਆਂ। ਉਨ੍ਹਾਂ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਵਿਦੇਸ਼ਾਂ ਵਿਚ ਰਹਿ ਕੇ ਜਹਾਜ਼ ਖ਼ਰੀਦੇ ਤੇ ਤੁਰਕੀ ਆਦਿ ਦੇਸ਼ਾਂ ਦੀ ਫ਼ੌਜ ਵਿਚ ਅਫ਼ਸਰ ਵੀ ਰਹੇ। ਖ਼ਾਸ ਕਰਕੇ ਈਸਟਰਨ ਯੂਨੀਵਰਸਿਟੀ ਮਾਸਕੋ ਤੋਂ ਫਲਸਫੇ ਤੇ ਤਕਨੀਕੀ ਸਿੱਖਿਆ ਦੇ ਕਈ ਕੋਰਸ ਪਾਸ ਕੀਤੇ। ਉਹ ਇਕ ਵਧੀਆ ਲੇਖਕ, ਆਲੋਚਕ ਤੇ ਸੰਪਾਦਕ ਵੀ ਸਨ। ਉਹ ਪੰਜਾਬ ਐਸੰਬਲੀ ਦੇ ਬਿਨਾਂ ਮੁਕਾਬਲਾ ਮੈਂਬਰ ਚੁਣੇ ਗਏ। ਇਸ ਤਰ੍ਹਾਂ ਦੀਆਂ ਅਨੇਕਾਂ ਹੀ ਪ੍ਰਾਪਤੀਆਂ ਦੇਸ਼ ਭਗਤੀ ਦਾ ਜਜ਼ਬਾ ਤੇ ਨਿਸ਼ਕਾਮ ਸੇਵਾ ਲਈ ਉਨ੍ਹਾਂ ਦੀਆਂ ਕੁਰਬਾਨੀਆਂ ਹਮੇਸ਼ਾਂ ਲਈ ਯਾਦ ਕੀਤੀਆਂ ਜਾਇਆ ਕਰਨਗੀਆਂ।
ਸੁਤੰਤਰ ਜੀ ਦੇ ਸਮੁਚੇ ਪਰਿਵਾਰ ਨੇ ਨਾਮਧਾਰੀ ਲਹਿਰ, ਗਦਰ ਲਹਿਰ, ਅਕਾਲੀ ਲਹਿਰ ਤੇ ਆਜ਼ਾਦੀ ਦੀ ਲਹਿਰ ਵਿਚ ਅਹਿਮ ਹਿੱਸਾ ਪਾਇਆ। ਉਨ੍ਹਾਂ ਦੇ ਗੁਪਤਵਾਸ ਸਮੇਂ ਉਨ੍ਹਾਂ ਦੇ ਦੋ ਛੋਟੇ ਭਾਈ, ਇਕ ਥਾਣਿਆਂ ਵਿਚ ਪੁਲਿਸ ਦੇ ਤਸੀਹੇ ਝੱਲ ਰਿਹਾ ਸੀ ਤੇ ਉਸ ਤੋਂ ਛੋਟਾ ਸ. ਮੇਦਨ ਸਿੰਘ ਮੇਦਨ ਬਰੇਲੀ ਸੈਂਟਰਲ ਜੇਲ੍ਹ ਵਿਚ ਉਮਰ ਕੈਦ ਸੀ। ਬਿਰੁਧ ਮਾਤਾ-ਪਿਤਾ, ਉਨ੍ਹਾਂ ਦੀ ਵਿਧਵਾ, ਛੋਟੀ ਭੈਣ, ਭਾਣਜਾ ਅਤੇ ਉਨ੍ਹਾਂ ਦੀ ਇਕਲੌਤੀ ਪੁੱਤਰੀ ਆਦਿ ਦੀਆਂ ਮੌਤਾ ਉਨ੍ਹਾਂ ਦੀ ਗੈਰ-ਹਾਜ਼ਰੀ ਵਿਚ ਹੀ ਹੋਈਆਂ। ਘਰ ਦੀ ਤਬਾਹੀ ਗਰੀਬੀ, ਤੰਗੀ, ਮਸੀਬਤਾਂ ਦੇ ਅਨੇਕਾਂ ਹੀ ਪਹਾੜ ਟੁੱਟੇ, ਉਮਰ ਕੈਦ ਕੱਟ ਰਹੇ ਮੇਦਨ ਜੀ ਦੀ ਧਰਮ ਪਤਨੀ ਦੀ ਚਿੱਠੀ ਵੀ ਉਨ੍ਹਾਂ ਨੂੰ ਜੇਲ੍ਹ ਵਿਚ ਹੀ ਮਿਲੀ, ਜਿਸ ਵਿਚ ਘਰ ਦੀ ਤਬਾਹੀ ਦਾ ਜ਼ਿਕਰ ਸੀ।
ਸੁਤੰਤਰ ਜੀ ਨੇ ਤੇਜਾ ਵਹੀਲਾ ਗੁਰਦੁਆਰਾ, ਜੋ ਕਿਲ੍ਹੇ ਨੁਮਾ ਬਣਿਆ ਹੋਇਆ ਸੀ ਅਤੇ ਉਠੀਆਂ ਦਾ ਗੁਰਦੁਆਰਾ ਫੌਜੀ ਵਿਉਂਤਬੰਦੀ ਨਾਲ ਮਹੰਤਾਂ ਪਾਸੋਂ ਆਜ਼ਾਦ ਕਰਵਾਏ। ਇਸ ਮੁਹਿੰਮ ਵਿਚ ਕਿਸੇ ਨੂੰ ਚੁਪੇੜ ਵੀ ਨਾ ਮਾਰਨੀ ਪਈ। ਜਦਕਿ ਹੋਰਨਾਂ ਗੁਰਦੁਆਰਿਆਂ ਨੂੰ ਆਜ਼ਾਦ ਕਰਵਾਉਣ ਲਈ ਮਹੀਨੇ-ਮਹੀਨੇ ਤੇ ਸਾਲਾਂ ਬੱਧੀ ਲਗਦੇ ਰਹੇ। ਮੋਰਚੇ ਲੰਬੇ ਹੋ ਜਾਂਦੇ ਰਹੇ। ਗੁਰੂ ਕੇ ਬਾਗ਼ ਦਾ ਮੋਰਚਾ ਲੰਬਾ ਸਮਾਂ ਲੈਂਦਾ ਵੇਖ ਕੇ ਸੁਤੰਤਰ ਜੀ ਨੇ ਉਸ ਵੇਲੇ ਦੀ ਲੀਡਰਸ਼ਿਪ ਨੂੰ ਰਾਏ ਦਿੱਤੀ ਕਿ ਸ਼ਾਂਤਮਈ ਵਤੀਰਾ ਛੱਡ ਕੇ ਡੁਰਲੀ ਜਥੇ ਰਾਹੀਂ ਇਹ ਮੋਰਚਾ ਲੜਿਆ ਜਾਵੇ, ਆਖ਼ਿਰ ਉਸ ਜਥੇ ਵਿਚ ਆਪਣਾ ਸੁਤੰਤਰ ਸ਼ਹੀਦ ਜਥਾ ਮੋਹਰੇ ਲਿਆਂਦਾ ਤੇ ਗੁਰੂ ਦੇ ਬਾਗ਼ ਦਾ ਮੋਰਚਾ ਸਰ ਕਰ ਲਿਆ।
ਇਨ੍ਹਾਂ ਘਟਨਾਵਾਂ ਨੇ ਸੁਤੰਤਰ ਜੀ ਨੂੰ ਉਸ ਵਕਤ ਲੀਡਰਸ਼ਿਪ ਦੀ ਮੋਹਰਲੀ ਕਤਾਰ ਵਿਚ ਲਿਆ ਖੜ੍ਹੇ ਕੀਤਾ। ਉਹ ਉਸ ਸਮੇਂ ਦੇ ਲੀਡਰਾਂ ਨਾਲੋਂ ਸਭ ਤੋਂ ਛੋਟੇ ਸਨ। ਪਰ ਵਿੱਦਿਆ ਵਿਚ ਸਭ ਤੋਂ ਅੱਗੇ ਸਨ, ਤਾਂ ਹੀ ਸ਼?ਰੋਮਣੀ ਅਕਾਲੀ ਦਲ ਦੇ ਸਿੱਖ ਧਰਮ ਦੇ ਪ੍ਰਚਾਰ ਲਈ ਉਨ੍ਹਾਂ ਨੂੰ ਅਫਗਾਨਿਸਤਾਨ ਭੇਜਿਆ, ਕਿਉਂਕਿ ਸੁਤੰਤਰ ਜੀ ਦੇ ਪਿਤਾ ਬਾਬਾ ਕ੍ਰਿਪਾਲ ਸਿੰਘ ਜੀ ਦੇ ਗਦਰੀਆਂ ਨਾਲ ਸਬੰਧ ਸਨ। ਇਸ ਲਈ ਕਾਬਲ ਵਿਚ ਉਹ ਗਦਰੀਆਂ ਦੇ ਸੰਪਰਕ ਵਿਚ ਆਏ, ਭਾਈ ਰਤਨ ਸਿੰਘ, ਮਾਸਟਰ ਊਧਮ ਸਿੰਘ, ਬਾਬਾ ਗੁਰਮੁੱਖ ਸਿੰਘ ਆਦਿ ਉਸ ਸਮੇਂ ਦੇ ਭਗੋੜੇ ਗਦਰੀਆਂ ਨਾਲ ਉਨ੍ਹਾਂ ਦਾ ਪੂਰਾ ਤਾਲ-ਮੇਲ ਹੋ ਗਿਆ।
ਤੁਰਕੀ ਤੇ ਅਫਗਾਨਿਸਤਾਨ ਦੀਆਂ ਹਕੂਮਤਾਂ ਅੰਗਰੇਜ਼ ਵਿਰੋਧੀ ਸਨ। ਇਨ੍ਹਾਂ ਹਕੂਮਤਾਂ ਦੀ ਪ੍ਰੇਰਣਾ ਲੈ ਸੁਤੰਤਰ ਜੀ ਨੂੰ ਤੁਰਕੀ ਫੌਜੀ ਦੀਆਂ ਵਿਦਿਆ ਲੈਣ ਲਈ ਤੁਰਕੀ ਭੇਜਿਆ, ਜਿਥੇ ਉਨ੍ਹਾਂ ਕੂਸਤੁਨਤਨੀਆਂ ਫੌਜੀ ਕਾਲਜ ਤੋਂ ਉਚ ਵਿਦਿਆ ਪ੍ਰਾਪਤ ਕੀਤੀ।
1929 ਵਿਚ ਅਮਰੀਕਾ ਦੀ ਗਦਰ ਪਾਰਟੀ ਟੁੱਟ-ਭੱਜ ਗਈ, ਅੰਗਰੇਜ਼ਾਂ ਦੀ ਸਾਜਿਸ਼ ਕਾਰਨ, ਉਨ੍ਹਾਂ ਦੇ ਖ਼ਰੀਦੇ ਗਦਾਰਾਂ ਨੇ ਭਾਈ ਸਿੰਘ ਵਰਗੇ ਗਦਰੀ ਮਰਵਾ ਦਿੱਤੇ, ਗਦਰ ਪਾਰਟੀ ਦੇ ਹੁਕਮ ਮੁਤਾਬਿਕ ਉਹ ਨੌਕਰੀ ਛੱਡ ਕੇ ਅਮਰੀਕਾ ਗਏ, ਉਥੇ ਜਾ ਕੇ ਉਨ੍ਹਾਂ ਗਦਰ ਅਖ਼ਬਾਰ ਕੱਢਿਆ ਤੇ ਉਹ ਵਿਚ ਲੰਬੇ-ਲੰਬੇ ਲੇਖ ਲਿਖ ਕੇ ਲੋਕਾਂ ਨੂੰ ਦੇਸ਼ ਦੀ ਆਜ਼ਾਦੀ ਲਈ ਲਾਮਬੰਦ ਕੀਤਾ ਅਤੇ ਇਸ ਦੇ ਨਾਲ ਹੀ ਗੁਰੀਲੇ ਜਥਾਬੰਦ ਕਰਕੇ 30 ਦੇ ਕਰੀਬ ਅੰਗਰੇਜ਼ਾਂ ਦੇ ਖ਼ਰੀਦੇ ਗਦਾਰਾਂ ਨੂੰ ਸੋਧਿਆ। ਅਮਰੀਕਾ ਵਿਚ ਉਸ ਸਮੇਂ ਤਹਿਲਕਾ ਮਚ ਗਿਆ, ਅੰਗਰੇਜ਼ਾਂ ਅਮਰੀਕਾ ਸਰਕਾਰ ਨੂੰ ਮਜਬੂਰ ਕੀਤਾ, ਕਿ ਉਹ ਸੁਤੰਤਰ ਨੂੰ ਅਮਰੀਕਾ ’ਚੋਂ ਕੱਢ ਦੇਵੇ।
ਸੁਤੰਤਰ ਜੀ ਸ਼ਾਂਤ ਵਿਵਸਥਾ ਦੇ ਉਥੋਂ ਤਕ ਹਾਮੀ ਸਨ ਜਿੱਥੋਂ ਤਕ ਲੋਕਾਂ ਨੂੰ ਜਾਗ੍ਰਿਤ ਤੇ ਲਾਮਬੰਦ ਕਰਨਾ ਹੁੰਦਾ ਹੈ ਪਰ ਇਸਦੇ ਨਾਲ-ਨਾਲ ਉਹ ਹਥਿਆਰਬੰਦੀ ਨੂੰ ਬਹੁਤ ਲਾਜ਼ਮੀ ਸਮਝਦੇ ਸਨ, ਉਹ ਕਿਹਾ ਕਰਦੇ ਸਨ, ਕਿ ਕਿਸੇ ਇੰਨਕਲਾਬੀ ਲਹਿਰ ਲਈ ਤਕਰੀਰ ਤੇ ਸ਼ਮਸ਼ੀਰ ਦੋਵੇਂ ਹੋਣੀਆਂ ਲਾਜ਼ਮੀ ਨੇ ਅਤੇ ਇਨ੍ਹਾਂ ਦੀ ਵਰਤੋ ਲੋਕ ਸਮੇਂ ਕਰਨੀ ਚਾਹੀਦੀ ਹੈ।
ਸੁਤੰਤਰ ਜੀ ਨੇ ਹਿੰਦੁਸਤਾਨ ਦੀ ਅੱਸੀ ਫੀਸਦੀ ਕਿਸਾਨੀ ਨੂੰ ਜਥਾਬੰਦ ਕਰਨ ਵਿਚ ਮਹੱਤਵਪੂਰਨ ਰੋਲ ਅਦਾ ਕੀਤਾ ਅਤੇ ਉਹ ਕੁਲ ਹਿੰਦ ਕਿਸਾਨ ਦੇ ਪ੍ਰਧਾਨ ਵੀ ਰਹੇ, ਪੈਪਸੂ ਦੀ ਮੁਜ?ਹਾਰਾ ਲਹਿਰ ਨੂੰ ਜਥਾਬੰਦ ਕਰਕੇ ਗੁਰੀਲਾ ਜਥੇ ਬਣਾਕੇ 171/2 ਏਕੜ ਜਮੀਨ ਮੁਜ਼ਾਰਿਆਂ ਨੂੰ ਬੇਜ਼ਮੀਨੇ ਲੋਕਾਂ ਵਿਚ ਵੰਡੀ। ਉਹ ਇਸ ਲਹਿਰ ਦੇ ਜਨਮ ਦਾਤਾ ਸਨ, ਉਹ ਭਰਤੀ ਜ਼ੁਬਾਨਾਂ ਤੋਂ ਇਲਾਵਾ 14 ਵਿਦੇਸ਼ੀ ਜ਼ੁਬਾਨਾਂ ਦੇ ਮਾਹਿਰ ਸਨ। ਉਹ ਇਕ ਮਹਾਨ ਜਰਨੈਲ, ਮਹਾਨ ਸਿਆਸਤਦਾਨ, ਲੇਖਕ, ਕੀਲ ਲੈਣ ਵਾਲੇ ਬੁਲਾਰੇ, ਆਗੂ, ਤਿਆਗੀ, ਤਪਸਵੀ ਤੇ ਸੂਰਮੇ ਦੇਸ਼ ਭਗਤ ਸਨ। ਉਨ੍ਹਾਂ ਦੀਆਂ ਅੱਖਾਂ ਵਿਚ ਮਿਕਨਾਤੀਸੀ ਖਿੱਚ ਹੁੰਦੀ ਸੀ। ਉਨ੍ਹਾਂ ਦੀ ਲਗਨ, ਲੋਕ ਸੇਵਾ, ਸਾਦਗੀ, ਨਿਸ਼ਕਾਮਤਾ ਆਪਣੇ ਆਪ ਵਿਚ ਇਕ ਮਿਸ਼ਾਲ ਹੈ। ਸਰਕਾਰ ਨੇ ਇਸ ਪਰਿਵਾਰ ਵੱਲ ਕਦੇ ਧਿਆਨ ਨਹੀਂ ਦਿੱਤਾ ਅਤੇ ਨਾ ਹੀ ਸਰਕਾਰ ਨੇ ਉਨ੍ਹਾਂ ਦੀ ਕੋਈ ਉਚੇਚੇ ਵੱਡੀ ਯਾਦਗਾਰ ਹੀ ਬਣਾਈ ਹੈ ਤੇ ਨਾ ਹੀ ਉਨ੍ਹਾਂ ਦੇ ਪਿੰਡ ਨੂੰ ਇਤਿਹਾਸਕ ਕਰਾਰ ਦਿੱਤਾ ਹੈ, ਉਨ੍ਹਾਂ ਦੇ ਪਿੰਡ ਦੇ ਮਕਾਨ ਦੇ ਨਜ਼ਦੀਕ ਉਨ੍ਹਾਂ ਦੀ ਇਕ ਛੋਟੀ ਜਿਹੀ ਸਮਾਧ ਜ਼ਰੂਰ ਬਣਾਈ ਗਈ ਹੈ। ਜਦਕਿ ਸਰਕਾਰ ਨੂੰ ਉਨ੍ਹਾਂ ਦੇ ਪਿੰਡ ਅਲੂਣਾ (ਹਰਦੋਛੰਨੀ) ਨੂੰ ਜਾਂਦੀ ਸੜਕ ਦਾ ਨਾਂ ਤੇਜਾ ਸਿੰਘ ‘ਸੁਤੰਤਰ ਮਾਰਗ’ ਰੱਖਣਾ ਚਾਹੀਦਾ ਹੈ। ਹਰ ਸਾਲ ਉਨ੍ਹਾਂ ਦੀ ਬਰਸੀ 12 ਅਪ੍ਰੈਲ ਨੂੰ ਮਨਾਈ ਜਾਂਦੀ ਹੈ।
ਬਲਵਿੰਦਰ ‘ਬਾਲਮ’
-ਮੋਬਾ: 98156-25409

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ