Tuesday, April 30, 2024  

ਲੇਖ

ਕਣਕਾਂ ਦਾ ਹੋ ਗਿਆ ਸੁਨਹਿਰੀ ਰੰਗ ਵੇ...

April 12, 2024

ਚੇਤ ਮਹੀਨਾ ਚੜ੍ਹਨ ਨਾਲ਼ ਗਰਮ ਰੁੱਤ ਦਾ ਆਗ਼ਾਜ਼ ਹੋ ਜਾਂਦਾ ਹੈ। ਸਵੇਰ ਵੇਲ਼ੇ ਹਲਕੀ ਹਲਕੀ ਠੰਢ ਤੇ ਦਿਨ ਸਮੇਂ ਗਰਮੀ ਦਾ ਅਹਿਸਾਸ ਹੋਣ ਲੱਗਦਾ ਹੈ। ਸਰਦੀ ਵਾਲ਼ੇ ਕੱਪੜਿਆਂ ਨੂੰ ਧੋ-ਸੰਵਾਰਕੇ ਅਲਮਾਰੀਆਂ ਜਾਂ ਪੇਟੀਆਂ ਵਿੱਚ ਸੰਭਾਲੇ ਜਾਂਦੇ ਹਨ ਅਤੇ ਗਰਮ ਰੁੱਤ ਦੇ ਕੱਪੜਿਆਂ ਦੀਆਂ ਬੰਨ੍ਹੀਆਂ ਗੱਠੜੀਆਂ ਖੁੱਲ੍ਹਣ ਲੱਗਦੀਆਂ ਹਨ। ਇਹ ਵਧੀਆ ਸੁਹਾਵਨਾ ਮੌਸਮ ਹੁੰਦਾ ਹੈ ਨਾ ਜ਼ਿਆਦਾ ਠੰਢ ਤੇ ਨਾ ਹੀ ਜ਼ਿਆਦਾ ਗਰਮੀ, ਮਿੱਠੀ ਮਿੱਠੀ ਜਿਹੀ ਇਸ ਮੌਸਮ ਦੀ ਆਨੰਦ ਦੇਣ ਵਾਲ਼ੀ ਛੋਹ ਮਨ ਵਿੱਚ ਇੱਕ ਵੱਖਰਾ ਹੀ ਉਲਾਸ ਪੈਦਾ ਕਰਦੀ ਹੈ। ਚਾਰੇ ਪਾਸੇ ਰੁੱਖ-ਬੂਟਿਆਂ ’ਤੇ ਉਮੜੀ ਫੁੱਲਾਂ ਦੀ ਬਹਾਰ ਤੇ ਉਨ੍ਹਾਂ ਵਿੱਚੋਂ ਆ ਰਹੀ ਭਿੰਨੀ-ਭਿੰਨੀ ਖ਼ੁਸ਼ਬੂ ਜਿਵੇਂ ਬਾਬੇ ਨਾਨਕ ਦੀ ਉਚਾਰੀ ਆਰਤੀ ਦੀ ਗਵਾਹੀ ਭਰ ਰਹੀ ਹੋਵੇ। ਉੱਧਰ ਖੇਤਾਂ ਵਿੱਚ ਫਸਲਾਂ ਆਪਣੇ ਲੋਹੜੇ ਦੇ ਜੋਬਨ ਵਿੱਚ ਲਹਿ-ਲਹਾਉਂਦੀਆਂ ਜਿਵੇਂ ਆਉਂਦੇ-ਜਾਂਦੇ ਰਾਹੀਆਂ ਨਾਲ਼ ਅਠਖੇਲੀਆਂ ਕਰ ਰਹੀਆਂ ਹੋਣ। ਫਸਲਾਂ ’ਤੇ ਪੈ ਰਹੀ ਖਿੜੀ-ਖਿੜੀ ਧੁੱਪ ਜਿਵੇਂ ਦੁਲਹਨ ਦੇ ਕੀਤੇ ਸ਼ਿੰਗਾਰ ਨੂੰ ਹੋਰ ਚਮਕਾ ਰਹੀ ਹੋਵੇ। ਪੁੱਤਾਂ-ਧੀਆਂ ਵਾਂਗ ਦਿਨ ਰਾਤ ਇੱਕ ਕਰਕੇ ਪਾਲ਼ੀਆਂ ਇਹ ਫ਼ਸਲਾਂ ਨੂੰ ਜਦੋਂ ਕਿਸਾਨ ਖੁਸ਼ੀ ਭਰੇ ਰੌਂਅ ਵਿੱਚ ਨਿਹਾਰਦਾ ਹੈ ਤਾਂ ਉਸ ਨੂੰ ਆਪਣੇ ਸੁਪਨੇ ਪੂਰੇ ਹੁੰਦੇ ਦਿਖਾਈ ਦਿੰਦੇ ਹਨ। ਜਿੱਥੇ ਤੱਕ ਨਜ਼ਰ ਪੈਂਦੀ ਹੈ ਸਭ ਪਾਸੇ ਸੋਨੇ ਦੀਆਂ ਝੰਬਰ ਸੂਈਆਂ (ਸਿਰ ’ਤੇ ਲਾਉਣ ਵਾਲ਼ਾ ਗਹਿਣਾ) ਹੀ ਨਜ਼ਰ ਆਉਂਦੀਆਂ ਹਨ। ਤਾ ਹੀਂ ਕਿਸੇ ਕਵੀ ਦੀਆਂ ਇਹ ਸਤਰਾਂ ਚੇਤਿਆਂ ਵਿੱਚ ਘੁੰਮ ਜਾਂਦੀਆਂ ਹਨ:
ਆ ਗਿਆ ਵਿਸਾਖ,
ਚੇਤ ਗਿਆ ਲੰਘ ਵੇ।
ਕਣਕਾਂ ਦਾ ਹੋ ਗਿਆ,
ਸੁਨਿਹਰੀ ਰੰਗ ਵੇ।
ਸੱਚਮੁੱਚ ਹਰ ਪਾਸੇ ਸੁਨਿਹਰੀ ਭਾਅ ਮਾਰਦੀ ਕਣਕ ਦੀ ਫ਼ਸਲ ਇਸ ਤਰ੍ਹਾਂ ਲੱਗਦੀ ਹੈ ਜਿਵੇਂ ਦੂਰ-ਦੂਰ ਤੱਕ ਸੋਨਾ ਹੀ ਸੋਨਾ ਖਿਲਰਿਆ ਹੋਵੇ। ਦੇਖਦਿਆਂ ਇੱਕ ਵਾਰ ਇੰਝ ਲੱਗਦਾ ਹੈ ਕਿ ਐਨਾ ਸੋਨਾ ਜਿਸ ਨਾਲ਼ ਗ਼ਰੀਬੀ ਹਮੇਸ਼ਾ ਲਈ ਚੱਕੀ ਜਾਵੇਗੀ। ਕਾਸ਼! ਇਹ ਅਸਲ ਵਿੱਚ ਐਨਾ ਹੀ ਸੋਨਾ ਹੁੰਦਾ ਜੋ ਕਿਰਤੀ ਦੀਆਂ ਰੀਝਾਂ ਪੂਰੀਆਂ ਕਰ ਸਕਦਾ। ਇਹ ਬਾਹਰ ਪਹਿਨਿਆ ਜਾਣ ਵਾਲ਼ਾ ਸੋਨਾ ਨਾ ਹੋ ਕੇ ਪੇਟ ਦੀ ਅਗਨ ਠੰਢੀ ਕਰਨ ਵਾਲ਼ਾ ਅਸਲੀ ਸੋਨਾ ਹੁੰਦਾ ਹੈ ਜਿਸ ਦੇ ਸਾਹਮਣੇ ਮਣਾਂ-ਮੂੰਹੀ ਰੱਖੇ ਸੋਨੇ ਦੀ ਚਮਕ ਹਮੇਸ਼ਾ ਸਿਫ਼ਰ ਦੇ ਤੁੱਲ ਹੁੰਦੀ ਹੈ ਤੇ ਰਹੇਗੀ। ਫਿਰ ਕਦੇ ਅਚਾਨਕ ਮੌਸਮ ਦੇ ਬਦਲਦੇ ਮਿਜਾਜ਼ ਨਾਲ਼ ਫਿਕਰਾਂ ਦੇ ਪਹਾੜ ਆ ਘੇਰਦੇ ਹਨ ਕਿ ਕੁੱਝ ਪੱਲੇ ਪਵੇਗਾ ਜਾਂ...? ਇਹ ਸਭ ਕੁੱਝ ਝੱਲਦਾ ਹੋਇਆ ਇਹ ਕਿਰਤੀ ਹੌਸਲਾ ਇਕੱਠਾ ਕਰਕੇ ਇਸ ਮਾਰ ’ਚੋਂ ਨਿਕਲਣ ਦਾ ਜੇਰਾ ਕਰ ਲੈਂਦਾ ਹੈ ਤੇ ਨਿਰੰਤਰ ਆਪਣੀ ਮਿਹਨਤ ਜਾਰੀ ਰੱਖਦਾ ਹੈ। ਫ਼ਸਲ ਵੀ ਆਪਣੇ ਪਿਓ ਰੂਪੀ ਕਿਰਤੀ ਨੂੰ ਜਿਵੇਂ ਇਹ ਕਹਿ ਕੇ ਦਿਲਾਸਾ ਦਿੰਦੀ ਹੋਵੇ ਕਿ ਧਰਤ ਮਾਂ ਦੀ ਗੋਦ ਨੇ ਸਾਡੇ ਵਿੱਚੋਂ ਬਹੁਤਿਆਂ ਦੀ ਰੱਖਿਆ ਕੀਤੀ ਹੈ ਤੇ ਤੇਰੇ ਕੁੱਝ ਸੁਪਨੇ ਤਾਂ ਜ਼ਰੂਰ ਪੂਰੇ ਕਰਾਂਗੀ।
ਇਹ ਸੋਨਾ ਪੈਦਾ ਕਰਕੇ ਦੂਜਿਆਂ ਦੀ ਭੁੱਖ ਸ਼ਾਂਤ ਕਰਨ ਵਾਲ਼ਾ, ਅੱਜ ਕਿਹੜੇ ਹਾਲਾਤਾਂ ਦਾ ਸ਼ਿਕਾਰ ਹੈ ਇਸ ਬਾਰੇ ਕਿਸੇ ਨੂੰ ਕੋਈ ਫ਼ਿਕਰ ਨਹੀਂ। ਸਭ ਆਪਣੀ ਝੋਲ਼ੀਆਂ ਭਰਨ ’ਤੇ ਲੱਗੇ ਹੋਏ ਹਨ।ਇਹ ਕਦੇ ਨਹੀਂ ਜਾਣਿਆ ਕਿ ਸਾਡੇ ਪੇਟ ਦੀ ਅਗਨ ਸ਼ਾਂਤ ਕਰਨ ਵਾਲ਼ਾ ਅੱਜ ਫਾਹੇ ਕਿਉਂ ਲੈ ਰਿਹਾ ਹੈ ? ਉਹ ਕਿਹੜੀਆਂ ਮਜਬੂਰੀਆਂ ਨੇ ਜਿਨ੍ਹਾਂ ਕਰਕੇ ਉਸ ਨੂੰ ਆਪਣੀ ਜ਼ਮੀਨ ਜਾਇਦਾਦ ਵੇਚਣ ਲਈ ਮਜਬੂਰ ਹੋਣਾ ਪਿਆ। ਇਹਦਾ ਕੋਈ ਸ਼ੌਂਕ ਨਹੀਂ ਕਿ ਦਾਦੇ-ਪੜਦਾਦਿਆਂ ਦੀ ਮਿੱਟੀ ਨਾਲ਼ ਮਿੱਟੀ ਹੋ ਕੇ ਤੇ ਮਿਹਨਤ ਨਾਲ ਬਣਾਈ ਜਾਇਦਾਦ ਨੂੰ ਵੇਚੇ। ਘਰਾਂ ਵਿਚਲੀਆਂ ਕਬੀਲਦਾਰੀਆਂ ਕਈ ਵਾਰ ਇਨਸਾਨ ਨੂੰ ਇਹ ਕਰਨ ਲਈ ਮਜਬੂਰ ਕਰ ਦਿੰਦੀਆਂ ਹਨ। ਇਨਸਾਨ ਮਰਦਾ ਕੀ ਨਹੀਂ ਕਰਦਾ। ਉਸਨੂੰ ਉਲਟ ਹਾਲਾਤਾਂ ਵਿੱਚ ਕਈ ਵਾਰ ਅਜਿਹਾ ਕੌੜਾ ਘੁੱਟ ਭਰਣਾ ਪੈਂਦਾ ਹੈ। ਸਾਰੇ ਕਿਸਾਨ ਘਰਾਂ ਪਰਿਵਾਰਾਂ ਦੀ ਸਥਿਤੀ ਇੱਕੋ ਜਿਹੀ ਨਹੀਂ ਹੁੰਦੀ । ਆਮ ਕਰਕੇ ਛੋਟੇ ਅਤੇ ਘੱਟ ਜ਼ਮੀਨ ਵਾਲ਼ੇ ਕਿਸਾਨਾਂ ਦੀ ਅਜਿਹੀ ਦਸ਼ਾ ਕਿਸੇ ਤੋਂ ਲੁਕੀ ਨਹੀਂ। ਫਿਰ ਵੀ ਉਹ ਆਪਣੇ ਸਾਰੇ ਦੁੱਖਾਂ, ਗ਼ਮਾਂ ਨੂੰ ਭੁਲਾ ਕੇ ਆਪਣੀ ਫ਼ਸਲ ਨੂੰ ਮੰਡੀ ਲੈ ਕੇ ਆਉਂਦਾ ਹੈ।
ਖੇਤਾਂ ਵਿਚਲਾ ਇਹ ਸੋਨਾ ਜਦੋਂ ਖ਼ਰੀਦਦਾਰ ਦੇ ਹੱਥ ਵਿੱਚ ਪਹੁੰਚਦਾ ਹੈ ਤਾਂ ਕਈ ਵਾਰ ਉਸ ਨੂੰ ਇਸ ਦੀ ਪੂਰੀ ਕੀਮਤ ਨਹੀਂ ਮਿਲ਼ਦੀ। ਧਰਤੀ ਦੇ ਇਸ ਕਮਾਊ ਪੁੱਤ ਦੀ ਇਸ ਵਿੱਚ ਕੋਈ ਵਾਹ ਨਹੀਂ ਚਲਦੀ, ਉਸ ਨੂੰ ਇਸ ਮੁੱਲ ’ਤੇ ਹੀ ਸਬਰ ਕਰਨਾ ਪੈਂਦਾ ਹੈ।
ਅਸਲ ਵਿੱਚ ਹਕੂਮਤਾਂ ਦੀ ਨੀਅਤ ਵਿੱਚ ਕਿਤੇ ਨਾ ਕਿਤੇ ਖੋਟ ਛੁਪਿਆ ਹੁੰਦਾ ਹੈ। ਉਹ ਚਾਹੁੰਦੀਆਂ ਹੀ ਨਹੀਂ ਕਿ ਇਸਦੀ ਹਾਲਤ ਸੁਧਰੇ ਤੇ ਨੀਤੀਆਂ ਹੀ ਇਸ ਤਰ੍ਹਾਂ ਦੀਆਂ ਬਣਾਈਆਂ ਜਾਂਦੀਆਂ ਹਨ ਕਿ ਇਸਦੀ ਦਸ਼ਾ ਇਸੇ ਤਰ੍ਹਾਂ ਦੀ ਹੀ ਰਹੇ ਜੇ ਇਸ ਦੀ ਆਰਥਿਕ ਹਾਲਤ ਸੁਧਰੇਗੀ ਤਾਂ ਵੋਟ ਬੈਂਕ ਨੂੰ ਖ਼ਤਰਾ ਖੜ੍ਹਾ ਹੋ ਜਾਵੇਗਾ। ਇਨ੍ਹਾਂ ਨੂੰ ਜੇ ਕੋਈ ਪੁੱਛਣ ਵਾਲ਼ਾ ਹੋਵੇ ਬਈ ਇਨ੍ਹਾਂ ਕਿਰਤੀਆਂ, ਕਿਸਾਨਾਂ ਦੇ ਵਜੂਦ ਨਾਲ਼ ਹੀ ਥੋਡਾ ਵਜੂਦ ਹੈ।ਅਨਾਜ ਦਾ ਇੱਕ ਇੱਕ ਦਾਣਾ ਇਨ੍ਹਾਂ ਦੇ ਖੂਨ ਪਸੀਨੇ ਦੀ ਸਿੰਜਾਈ ਨਾਲ਼ ਤਿਆਰ ਹੁੰਦਾ ਹੈ ਜੋ ਥੋਡੇ, ਸਾਡੇ ਤਨ ਮਨ ਨੂੰ ਤਿ੍ਰਪਤ ਕਰਦਾ ਹੈ। ਅੱਜ ਇਹ ਸੋਚਣ ਤੇ ਵਿਚਾਰਣ ਦੀ ਲੋੜ ਹੈ ਕਿ ਸਰਕਾਰਾਂ ਦੇ ਲਾਰਿਆਂ ’ਤੇ ਟਿਕੇ ਨਾ ਰਹਿ ਕੇ ਕਿਰਤ ਤੇ ਕਿਸਾਨੀ ਨੂੰ ਬਚਾਉਣ ਲਈ ਖੁਦ ਸਾਨੂੰ ਇਕੱਠੇ ਹੋ ਕੇ ਹੰਭਲਾ ਮਾਰਨਾ ਪਵੇਗਾ ਕਿਉਂਕਿ ਜੇ ਅੰਨਦਾਤਾ ਹੈ ਤਾਂ ਹੀ ਥਾਲ਼ੀ ਵਿੱਚ ਰੋਟੀ ਹੈ ਜਿਸ ਤੋਂ ਸਾਨੂੰ ਚੱਲਣ ਫਿਰਨ ਤੇ ਕੰਮ ਕਰਨ ਲਈ ਊਰਜਾ ਮਿਲਦੀ ਹੈ।
ਲਾਭ ਸਿੰਘ ਸ਼ੇਰਗਿੱਲ
-ਮੋਬਾ: 86995 35708

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ