ਪੱਛਮੀ ਏਸ਼ੀਆ ’ਚ ਵੱਧ ਰਹੇ ਤਣਾਅ ਕਾਰਨ 4 ਹੋਰ ਦੇਸ਼ਾਂ ਨੇ ਵੀ ਕੀਤੀ ਐਡਵਾਇਜ਼ਰੀ ਜਾਰੀ
ਏਂਜਸੀ
ਨਵੀਂ ਦਿੱਲੀ, 12 ਅਪ੍ਰੈਲ : ਭਾਰਤ ਨੇ ਈਰਾਨ ਅਤੇ ਇਜ਼ਰਾਈਲ ਵਿਚਕਾਰ ਮੌਜੂਦਾ ਤਣਾਅ ਨੂੰ ਲੈ ਕੇ ਆਪਣੇ ਨਾਗਰਿਕਾਂ ਲਈ ਇੱਕ ਯਾਤਰਾ ਸਲਾਹ ਜਾਰੀ ਕੀਤੀ ਹੈ। ਈਰਾਨ ਅਤੇ ਇਜ਼ਰਾਈਲ ਵਿਚਾਲੇ ਵਧਦੇ ਤਣਾਅ ਦਰਮਿਆਨ ਭਾਰਤ ਸਮੇਤ 5 ਦੇਸ਼ਾਂ ਨੇ ਟਰੈਵਲ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਵਿੱਚ ਨਾਗਰਿਕਾਂ ਨੂੰ ਈਰਾਨ ਅਤੇ ਇਜ਼ਰਾਈਲ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਸਲਾਹ ਜਾਰੀ ਕਰਨ ਵਾਲੇ ਦੇਸ਼ਾਂ ’ਚ ਭਾਰਤ ਤੋਂ ਇਲਾਵਾ ਅਮਰੀਕਾ, ਬ੍ਰਿਟੇਨ, ਰੂਸ ਅਤੇ ਫਰਾਂਸ ਸ਼ਾਮਲ ਹਨ। ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਸਾਰੇ ਭਾਰਤੀਆਂ ਨੂੰ ਅਗਲੇ ਨੋਟਿਸ ਤੱਕ ਈਰਾਨ ਜਾਂ ਇਜ਼ਰਾਈਲ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਭਾਰਤੀਆਂ ਨੂੰ ਅਗਲੇ ਨੋਟਿਸ ਤੱਕ ਈਰਾਨ ਅਤੇ ਇਜ਼ਰਾਈਲ ਦੀ ਯਾਤਰਾ ਤੋਂ ਬਚਣ ਲਈ ਕਿਹਾ ਹੈ। ਇਹ ਐਡਵਾਈਜ਼ਰੀ ਇਨ੍ਹਾਂ ਰਿਪੋਰਟਾਂ ਦੇ ਵਿਚਕਾਰ ਜਾਰੀ ਕੀਤੀ ਗਈ ਹੈ ਕਿ ਈਰਾਨ ਅਗਲੇ 48 ਘੰਟਿਆਂ ਦੇ ਅੰਦਰ ਇਜ਼ਰਾਈਲ ’ਤੇ ਹਮਲਾ ਕਰ ਸਕਦਾ ਹੈ। ਦਰਅਸਲ 1 ਅਪ੍ਰੈਲ ਨੂੰ ਇਜ਼ਰਾਈਲ ਨੇ ਸੀਰੀਆ ’ਚ ਈਰਾਨੀ ਦੂਤਾਵਾਸ ਨੇੜੇ ਹਵਾਈ ਹਮਲਾ ਕੀਤਾ ਸੀ। ਇਸ ਵਿੱਚ ਈਰਾਨ ਦੇ ਦੋ ਚੋਟੀ ਦੇ ਸੈਨਾ ਕਮਾਂਡਰਾਂ ਸਮੇਤ 13 ਲੋਕ ਮਾਰੇ ਗਏ ਸਨ। ਇਸ ਤੋਂ ਬਾਅਦ ਈਰਾਨ ਨੇ ਇਜ਼ਰਾਈਲ ਨੂੰ ਬਦਲਾ ਲੈਣ ਦੀ ਧਮਕੀ ਦਿੱਤੀ। ਇਜ਼ਰਾਈਲ ’ਤੇ ਹਮਲਾ ਕਰਨ ਦੀ ਯੋਜਨਾ ਈਰਾਨ ਦੇ ਸੁਪਰੀਮ ਲੀਡਰ ਨੂੰ ਭੇਜੀ ਗਈ।
ਮੰਤਰਾਲੇ ਨੇ ਉਨ੍ਹਾਂ ਭਾਰਤੀਆਂ ਨੂੰ ਬੇਨਤੀ ਕੀਤੀ ਹੈ ਜੋ ਵਰਤਮਾਨ ਵਿੱਚ ਈਰਾਨ ਜਾਂ ਇਜ਼ਰਾਈਲ ਵਿੱਚ ਰਹਿ ਰਹੇ ਹਨ, ਭਾਰਤੀ ਦੂਤਾਵਾਸਾਂ ਨਾਲ ਸੰਪਰਕ ਕਰਨ ਅਤੇ ਆਪਣੇ ਆਪ ਨੂੰ ਰਜਿਸਟਰ ਕਰਾਉਣ। ਵਿਦੇਸ਼ ਮੰਤਰਾਲੇ ਨੇ ਕਿਹਾ, ‘ਉਨ੍ਹਾਂ ਨੂੰ ਇਹ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣੀ ਸੁਰੱਖਿਆ ਦਾ ਪੂਰਾ ਧਿਆਨ ਰੱਖਣ ਅਤੇ ਆਪਣੀਆਂ ਗਤੀਵਿਧੀਆਂ ਨੂੰ ਘੱਟ ਤੋਂ ਘੱਟ ਤੱਕ ਸੀਮਤ ਰੱਖਣ।’